ਬਰਗਾੜੀ ਕਾਂਡ ਲਈ ਬਾਦਲ ਜ਼ਿੰਮੇਵਾਰ ਕਿਉਂ ਨਹੀਂ: ਚੰਨੀ

ਸਰਦੂਲਗੜ੍ਹ/ਸੁਨਾਮ ਊਧਮ ਸਿੰਘ ਵਾਲਾ (ਸਮਾਜ ਵੀਕਲੀ):  ਸੁਨਾਮ ’ਚ ਅਨਾਜ ਮੰਡੀ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਬਰਗਾੜੀ ਕਾਂਡ ਲਈ ਸ਼੍ਰੋਮਣੀ ਅਕਾਲੀ ਦਲ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਪੰਜਾਬੀਆਂ ਨੂੰ ਅਰਵਿੰਦ ਕੇਜਰੀਵਾਲ ਤੋਂ ਬਚਣ ਅਤੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸੁਨਾਮ ਤੋਂ ਸੀਨੀਅਰ ਕਾਂਗਰਸੀ ਆਗੂ ਦਾਮਨ ਥਿੰਦ ਬਾਜਵਾ ਦੇ ਹੱਕ ਵਿੱਚ ਡਟਣ ਦਾ ਸੱਦਾ ਦਿੱਤਾ।

ਸ੍ਰੀ ਚੰਨੀ ਨੇ ਕਿਹਾ ਕਿ ਜੇ ਜੱਲ੍ਹਿਆਂਵਾਲਾ ਕਤਲੇਆਮ ਲਈ ਜਨਰਲ ਡਾਇਰ ਜ਼ਿੰਮੇਵਾਰ ਸੀ ਤਾਂ ਬਰਗਾੜੀ ਮਾਮਲੇ ਵਿੱਚ ਬੇਕਸੂਰ ਅਤੇ ਸ਼ਾਂਤਮਈ ਮੁਜ਼ਾਹਰਾਕਾਰੀਆਂ ’ਤੇ ਗੋਲੀ ਚਲਾਉਣ ਲਈ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਹੀ ਜ਼ਿੰਮੇਵਾਰ ਹਨ। ਇੱਥੇ ਕਾਂਗਰਸੀ ਆਗੂ ਦਾਮਨ ਬਾਜਵਾ ਅਤੇ ਹਰਮਨਦੇਵ ਬਾਜਵਾ ਦੀ ਦੇਖ-ਰੇਖ ਹੇਠ ਹੋਏ ਸਿਆਸੀ ਸਾਮਗਮ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਕੇਜਰੀਵਾਲ ਨੇ ਨਸ਼ਿਆਂ ਦੇ ਮਾਮਲੇ ਵਿੱਚ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਤੋਂ ਬਿਨਾਂ ਸ਼ਰਤ ਮੁਆਫ਼ੀ ਮੰਗੀ ਸੀ ਪਰ ਉਨ੍ਹਾਂ ਦੀ ਸਰਕਾਰ ਨੇ ਮਜੀਠੀਆ ਖ਼ਿਲਾਫ਼ ਐੱਫਆਈਆਰ ਦਰਜ ਕਰ ਕੇ ਅਕਾਲੀ ਆਗੂ ਦੀ ਨੀਂਦ ਉਡਾ ਦਿੱਤੀ ਹੈ।

ਇਸੇ ਦੌਰਾਨ ਅਨਾਜ ਮੰਡੀ ਸਰਦੂਲਗੜ੍ਹ ਵਿੱਚ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ  ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਹਨ ਕਿ ਚਰਨਜੀਤ ਚੰਨੀ ਸਿਰਫ਼ ਐਲਾਨ ਹੀ ਕਰਦੇ ਹਨ, ਪਰ ਉਹ ਦੱਸਣਾ ਚਾਹੁੰਦੇ ਹਨ ਕਿ ਜੋ ਵੀ ਐਲਾਨ ਕੀਤੇ ਗਏ ਹਨ, ਉਨ੍ਹਾਂ ਨੂੰ ਅਮਲੀ ਰੂਪ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਨਸ਼ਾ ਤਸਕਰਾਂ ਅਤੇ ਪੰਜਾਬ ਨੂੰ ਲੁੱਟਣ ਵਾਲਿਆਂ ਨੂੰ ਫੜ ਕੇ ਅੰਦਰ ਕਰਨ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਉਨ੍ਹਾਂ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਨੂੰ ਕਾਲਾ ਅੰਗਰੇਜ਼ ਦੱਸਿਆ ਜੋ ਪੰਜਾਬ ਨੂੰ ਲੁੱਟਣ ਲਈ ਸੂਬੇ ਵਿੱਚ ਰੈਲੀਆਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਅਰਵਿੰਦ ਕੇਜਰੀਵਾਲ ਜਾਂ ਉਨ੍ਹਾਂ ਦੀ ਟੀਮ ਏਨੀ ਹੀ ਚੰਗੀ ਹੁੰਦੀ ਤਾਂ 10 ਵਿਧਾਇਕ ਅਤੇ ਤਿੰਨ ਐੱਮਪੀ ਆਮ ਆਦਮੀ ਪਾਰਟੀ ਨੂੰ ਨਾ ਛੱਡਦੇ।

ਉਨ੍ਹਾਂ ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਅਤੇ ਸੰਭਾਵੀ ਉਮੀਦਵਾਰ ਬਿਕਰਮ ਮੋਫਰ ਵੱਲੋਂ ਰੱਖੀਆਂ ਮੰਗਾਂ ਮੰਨਦਿਆਂ ਕਿਹਾ ਕਿ  ਸਰਦੂਲਗੜ੍ਹ ਦੇ ਸਰਕਾਰੀ ਹਸਪਤਾਲ ਨੂੰ ਅਪਗ੍ਰੇਡ ਕੀਤਾ ਜਾਵੇਗਾ ਅਤੇ ਇੱਥੇ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਗੁਲਾਬੀ ਸੁੰਡੀ ਦੀ ਮਾਰ ਕਾਰਨ  ਹੋਏ ਨੁਕਸਾਨ ਦਾ ਮੁਆਵਜ਼ਾ ਜਲਦੀ ਹੀ  ਕਿਸਾਨਾਂ ਦੇ ਖਾਤਿਆਂ ਵਿੱਚ ਪਾ ਦਿੱਤਾ ਜਾਵੇਗਾ ਤੇ ਸਰਕਾਰੀ ਸਕੂਲ ਲੜਕੀਆਂ ਝੁਨੀਰ ਨੂੰ ਅਪਗ੍ਰੇਡ ਕਰ ਕੇ ਬਾਰ੍ਹਵੀਂ ਕਲਾਸ ਤੱਕ ਕਰਨ ਦਾ ਨੋਟੀਫਿਕੇਸ਼ਨ ਜਲਦੀ ਹੀ ਕਰ ਦਿੱਤਾ ਜਾਵੇਗਾ। ਸਰਦੂਲਗੜ੍ਹ ਹਲਕੇ ਦੇ ਪਿੰਡ ਬਹਿਣੀਵਾਲ ਨੂੰ ਸਬ-ਤਹਿਸੀਲ ਦਾ ਦਰਜਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜ ਏਕੜ ਵਾਲੇ  ਕਿਸਾਨਾਂ ਦਾ ਦੋ ਲੱਖ

ਰੁਪਏ ਤੱਕ ਦਾ ਸਾਰਾ ਕਰਜ਼ਾ ਮੁਆਫ਼ ਕੀਤਾ ਗਿਆ ਹੈ ਅਤੇ ਪੱਲੇਦਾਰ ਯੂਨੀਅਨ ਦੀ ਲੰਮੇ ਸਮੇਂ ਤੋਂ ਲਟਕਦੀ ਆ ਰਹੀ ਮੰਗ ਪੂਰੀ ਕਰਦਿਆਂ ਹੁਣ ਸਿੱਧੀ ਪੇਮੈਂਟ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਜਾਵੇਗੀ। ਉਨ੍ਹਾਂ ਕਿਹਾ ਕਿ ਨੰਬਰਦਾਰਾਂ ਦੀ ਲੰਮੇ ਸਮੇਂ ਤੋਂ ਪੁਸ਼ਤੀ ਨੰਬਰਦਾਰ ਦੀ ਮੰਗ ਚੱਲੀ ਆ ਰਹੀ ਸੀ ਜਿਸ ਦਾ ਹੱਲ ਕਰਦਿਆਂ ਸੂਬਾ ਸਰਕਾਰ ਨੇ ਮੈਰਿਟ ਦੇ ਆਧਾਰ ’ਤੇ ਪੁਸ਼ਤੀ ਨੰਬਰਦਾਰੀ ਦਿੱਤੀ ਜਾਵੇਗੀ। ਇਸ ਮੌਕੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਿਰਫ਼ ਐਲਾਨ ਹੀ ਨਹੀਂ ਕਰਦੇ ਸਗੋਂ ਇਨ੍ਹਾਂ ਨੂੰ ਅਮਲੀਜਾਮਾ ਵੀ ਪਹਿਨਾਉਂਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਲੋਕ ਨਵਾਂ ਪੰਜਾਬ ਚਾਹੁੰਦੇ ਹਨ ਤਾਂ ਕਾਂਗਰਸ ਨੂੰ ਸੱਤਾ ’ਚ ਦੁਬਾਰਾ ਲਿਆਉਣਾ ਜ਼ਰੂਰੀ ਹੈ। ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਅਜੀਤਇੰਦਰ ਸਿੰਘ ਮੋਫਰ ਨੇ ਵੀ ਆਪਣੇ ਵਿਚਾਰ ਰੱਖੇ। ਮੁੱਖ ਮੰਤਰੀ ਚੰਨੀ ਨੇ ਸੁਨਾਮ ਅਤੇ ਲੌਂਗੋਵਾਲ ਵਿੱਚ ਸਰਕਾਰੀ ਸਿਹਤ ਸੰਸਥਾਵਾਂ ਨੂੰ ਅਪਗ੍ਰੇਡ ਕਰਨ ਅਤੇ ਸੁਨਾਮ ਹਲਕੇ ਦੀਆਂ ਸੜਕਾਂ ਦੇ ਨਵੀਨੀਕਰਨ ਲਈ 7 ਕਰੋੜ ਰੁਪਏ ਦੇਣ ਦਾ ਵੀ ਐਲਾਨ ਕੀਤਾ। ਪ੍ਰਸ਼ਾਸਨ ਵੱਲੋਂ ਦਿੱਤੇ ਸਮੇਂ ਤੋਂ ਮੁੱਖ ਮੰਤਰੀ ਕਰੀਬ ਪੌਣੇ ਦੋ ਘੰਟੇ ਦੇਰੀ ਨਾਲ ਪਹੁੰਚੇ। ਉਦੋਂ ਤੱਕ ਗਾਇਕ ਲਾਭ ਹੀਰਾ ਨੇ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਇੰਗਲੈਂਡ ਵਿੱਚ 2022 ਤੋਂ ਪਹਿਲਾਂ ਨਵੀਆਂ ਕਰੋਨਾ ਪਾਬੰਦੀਆਂ ਨਹੀਂ
Next articleਈਟੀਟੀ ਟੈੱਟ ਪਾਸ ਯੂਨੀਅਨ ਮੈਂਬਰਾਂ ਦੀ ਮੁੱਖ ਮੰਤਰੀ ਨਾਲ ਮੀਟਿੰਗ