ਮਿੰਨੀ ਕਹਾਣੀ
(ਸਮਾਜ ਵੀਕਲੀ)- ਚਾਰ ਵਜੇ ਆਲੀ ਗੱਡੀ ‘ਤੇ ਦੋ ਬਾਜੀਗਰ ਮੰਡੀ ਦੇ ਸਟੇਸ਼ਨ ਤੇ ਉੱਤਰੇ। ਦੋਹਾਂ ਦੇ ਹੱਥਾਂ ‘ਚ ਦੋ ਕੜੇ ਫੜੇ ਹੋਏ। ਸਟੇਸ਼ਨੋ ਬਾਹਰ ਚਾਹ ਦੇ ਖੋਖੇ ਵੱਲ ਚਾਹ ਪੀਣ ਅਹੁਲੇ। ਲਾਗਲੇ ਪਿੰਡ ਪੈਣ ਵਾਲੀ ਬਾਜੀ ‘ਚ ਆਪਣੇ ਕਰਤਵ ਦਿਖਾਉਣ ਆਏ ਸੀ ਦੋਵੇਂ ਖੋਖੇ ‘ਤੇ ਆਕੇ ਮਾਲਕ ਨੂੰ ਚਾਹ ਦੇ ਦੋ ਗਿਲਾਸ ਬਣਾਉਣ ਲਈ ਕਿਹਾ (ਕੱਪਾਂ ਦਾ ਰਿਵਾਜ਼ ਹਾਲੇ ਬਹੁਤਾ ਨਹੀਂ ਸੀ ਚੱਲਿਆ ਉਦੋਂ)। ਖੋਖੇ ਵਾਲਾ ਹੇਤ ਰਾਮ ਵੀ ਖੁਸ਼ ਹੋਗਿਆ ਗਾਹਕਾਂ ਨੂੰ ਦੇਖ ਕੇ । ਚਾਹ ਵਾਲਾ ਟੋਪੀਆ ਸਾਫ ਕਰਦਾ ਉਨ੍ਹਾਂ ਨਾਲ ਗੱਲੀਂ ਪੈ ਗਿਆ। ਐਂ ਲੱਗਦਾ ਜਿਵੇਂ ਬਾਜ਼ੀਗਰ ਹੁੰਨੇ ਹੋ ਬਾਈ। ਜ਼ਵਾਬ ‘ਚ ਬਾਜੀਗਰਾਂ ਨੇ ਹਾਂ ਕਿਹਾ ਤੇ ਹੇਤ ਰਾਮ ਨੇ ਅਗਲਾ ਸੁਆਲ ਕਰਤਾ ਆਹ ਕੜਿਆਂ ਦੇ ਵਿਚੋਂ ਦੀ ਲੰਘਦੇ ਹੁੰਨੇ ਹੋਂ ਤੁਸੀਂ।
ਬਾਜੀਗਰ ਕਹਿੰਦੇ ਹਾਂ ਭਰਾਵਾ ਢਿੱਡ ਵਾਸਤੇ ਕਰਨਾ ਪੈਂਦਾ ਸਾਰਾ ਕੁੱਛ ਫੁਰਤੀ ਨਾਲ ਚਾਹ ਬਣਾਕੇ ਹੇਤ ਰਾਮ ਨੇ ਬਿਨਾਂ ਠੰਡੇ ਕਰੇ ਹੀ ਗਲਾਸਾਂ ‘ਚ ਪਾਕੇ ਦੋਵਾਂ ਨੂੰ ਫੜਾਤੀ ਅਤੇ ਨਾਲ ਹੀ ਅੱਖ ਬਚਾ ਕੇ ਇਕ ਕੜਾ ਚੱਕ ਕੇ ਖੋਖੇ ਦੇ ਅੰਦਰ ਵੜ ਗਿਆ।
ਬਾਜੀਗਰਾਂ ਦੀ ਨਕਲ ਕਰਦੇ ਪਹਿਲਾਂ ਲੱਤਾਂ ਬਾਹਾਂ ਕੜੇ ‘ਚ ਪਾ ਲਈਆਂ।ਧੱਕ ਧੱਕ ਕੇ ਜਦੋਂ ਸਿਰ ਵੀ ਫਸਾ ਲਿਆ ਕੜੇ ‘ਚ ਤਾਂ ਸਿਰ ਜੋੜ ਕੇ ਬੰਨੀ ਗੰਢੜੀ ਵਾਗੂ ਰੁੜ ਗਿਆ ਫੱਟਿਆਂ ‘ਤੇ। ਚਾਹੀ ਪੀਦੇਂ ਬਾਜੀਗਰਾਂ ਨੇ ਜਦੋਂ ਖੜਕਾ ਸੁਣਿਆ ਉਹ ਚਾਹ ਵਿੱਚੇ ਛੱਡ ਕੇ ਉੱਧਰ ਭੱਜੇ। ਦੇਖਾ ਦੇਖੀ ਉਥੇ ਖਾਸੀ ਭੀੜ ਕੱਠੀ ਹੋਗੀ ਤੇ ਰੌਲਾ ਪੈਣ ਲੱਗਿਆ। ਹੇਤ ਰਾਮ ਦੀ ਹਾਲਤ ਵੇਖਕੇ । ਕੜਾ ਵੱਢੋ ਛੇਤੀ ਨਹੀਂ ਤਾਂ ਬੰਦਾ ਮਰਜ਼ੂ। ਬਾਜੀਗਰ ਅੱਗੇ ਹੋਕੇ ਬੋਲਿਆ ਭਰਾਵਾ ਸਾਰੀ ਉਮਰ ‘ਚ ਇਹ ਕੜਾ ਹੀ ਕਮਾਇਐ ਵਢਣ ਤਾਂ ਨੀ ਮੈਂ ਦਿੰਦਾ ਹਾਂ ਕੱਢਣਾ ਮੇਰੀ ਜਿੰਮੇਦਾਰੀ , ਇਕ ਤੇਲ ਦੀ ਬੋਤਲ ਸਾਰੇ ਪਿੰਡੇ ‘ਤੇ ਡੋਲ੍ਹ ਕੇ ਸੂਤ ਸੂਤ ਰਿਸਕਾ ਕੇ ਕਾਲ ਰੂਪੀ ਕੜੇ ਤੋਂ ਹੇਤ ਰਾਮ ਦੀ ਖਲਾਸੀ ਕਰਾਈ ਉਹਨੇ।
ਕੱਠੇ ਹੋਏ ਲੋਕ ਕਈ ਉਹਦੀ ਦਸ਼ਾ ਤੇ ਤਰਸ ਕਰ ਰਹੇ ਸੀ ਅਤੇ ਕਈ ਹੱਸ ਵੀ ਰਹੇ ਸਨ। ਭੀੜ ‘ਚੋਂ ਇਕ ਸਿਆਣਾ ਜਾ ਬੰਦਾ ਬੋਲਿਆ। ਭਾਈ ਜਿਹੜਾ ਉਹ ਕੰਮ ਕਰੂ ਜੋ ਉਹਦਾ ਨਾ ਹੋਵੇ ਤਾਂ ਉਹਦਾ ਹਾਲ ਇਹੀ ਹੋਊ, ਚਲੋ ਗਹਾਂ ਨੂੰ ਸਿਆਣਾ ਹੋਜੂ।
ਬੀ.ਡੀ. ਸ਼ਰਮਾ
ਡਿਪਟੀ ਡਾਇਰੈਕਟਰ (ਕੈਰੀਅਰ ਗਾਈਡੈਂਸ ਅਤੇ ਕਾਉਂਸਲਿਂਗ)
ਬਾਬਾ ਫਰੀਦ ਗੁਰੱਪ ਆਫ ਇੰਸਟੀਚਿਊਸ਼ਨਜ਼, ਬਠਿੰਡਾ।
ਮੋ: 9501115015
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly