ਉਹ ਕੌਣ ਸੀ

ਸ਼ਿੰਦਾ ਬਾਈ
         (ਸਮਾਜ ਵੀਕਲੀ)
ਓਦੋਂ ਉਹ ੯-੧੦ ਸਾਲਾਂ ਦਾ ਹੀ ਸੀ ਜਦੋਂ ਉਸ ਨੂੰ ਆਪਣੇ ਬਾਪ ਦੇ ਨਾਲ਼ ਉਹਨਾਂ ਦੇ ਇੱਕ ਦੋਸਤ ਦੇ ਅੰਤਮ ਸੰਸਕਾਰ ‘ਤੇ ਜਾਣਾ ਪੈ ਗਿਆ । ਆਮ ਤੌਰ ਉੱਤੇ ਆਪਣੇ ਲੋਕ ਏਨੇ ਛੋਟੇ ਬੱਚੇ ਨੂੰ ਸ਼ਮਸ਼ਾਨ-ਸਿਵਿਆਂ ਆਦਿਕ ਥਾਂਵਾਂ ਉੱਤੇ ਨਹੀਂ ਲਿਜਾਂਦੇ,ਪਰ ਪਤਾ ਨਹੀਂ ਉਸ ਦਾ ਪਿਉ ਕੀ ਸੋਚ ਕੇ ਉਸ ਨੂੰ ਆਪਣੇ ਨਾਲ਼ ਲੈ ਗਿਆ ਸੀ। ਉਹ ਤਾਂ ਆਪਣੇ ਬਾਪ ਦੇ ਉਸ ਦੋਸਤ ਨੂੰ ਪਹਿਲਾਂ ਕਦੇ ਮਿਲ਼ਿਆ ਵੀ ਨਹੀਂ ਸੀ।
ਜਦੋਂ ਉਹ ਪਿਉ ਪੁੱਤ ਸ਼ਮਸ਼ਾਨ ਘਾਟ ਪਹੁੰਚੇ ਤਾਂ ਉਸਦਾ ਬਾਪ ਉਸਨੂੰ ਇੱਕ ਪਾਸੇ ਦੀ ਬੈਂਚ ਉੱਤੇ ਬਿਠਾ ਕੇ,ਆਪ ਆਪਣੇ ਜਾਣਕਾਰ ਲੋਕਾਂ ਦੀ ਭੀੜ ਵਿੱਚ ਸ਼ਾਮਲ ਹੋ ਗਿਆ । ਬੈਂਚ ਤੇ ਬੈਠਾ ਉਹ ਉਸ ਸਮੇਂ ਦੇ ਬੀਤਣ ਦੀ ਉਡੀਕ ਕਰ ਰਿਹਾ ਸੀ ਜਿਹੜਾ ਕਿ ਉਸਦੇ ਪਿਉ ਨੂੰ ਸੰਸਕਾਰ ਕਰਮ ਤੋਂ ਫ਼ਾਰਗ਼ ਹੋਣ ਵਿੱਚ ਲੱਗਣਾ ਸੀ।
ਉਹ ਬੈਠਾ ਬੋਰ ਹੋ ਰਿਹਾ ਸੀ ਕਿ ਇੱਕ ਅਣਜਾਣ ਆਦਮੀ ਉਸ ਦੇ ਕੋਲ਼ ਆਇਆ ਤੇ ਉਸਨੂੰ ਉਦਾਸ ਬੈਠਾ ਵੇਖ ਕੇ ਬੋਲਿਆ ” ਖੁਸ਼ ਰਿਹਾ ਕਰ ਪੁੱਤਰ ! ਜੀਵਨ ਦਾ ਅਨੰਦ ਲੈਣਾ ਚਾਹੀਦੈ ਕਿਉਂਕਿ ਜ਼ਿੰਦਗ਼ੀ ਦਾ ਸਮਾਂ ਪਲਕ ਝਪਕਦਿਆਂ ਹੀ ਖੰਭ ਲਾ ਕੇ ਉੱਡ ਜਾਂਦਾ ਹੈ। ਹੁਣ ਮੈਨੂੰ ਹੀ ਵੇਖ ਲੈ ! ਮੈਂ ਇਸਦਾ ਅਨੰਦ ਨਹੀਂ ਮਾਣ ਸਕਿਆ!!”
ਐਨਾ ਕਹਿ ਕੇ ਉਹ ਬੰਦਾ ਉਸਦੇ ਮੋਢੇ ਤੇ ਥਾਪੀ ਦੇ ਕੇ ਸ਼ਮਸ਼ਾਨ ਘਾਟ ਦੇ ਮੰਦਰ ਵੱਲ ਨੂੰ ਚਲਾ ਗਿਆ।
ਅਚਾਨਕ ਭੀੜ ਵਿੱਚੋਂ ਨਿੱਕਲ਼ ਕੇ ਉਸਦਾ ਪਿਉ ਉਸਦੇ ਕੋਲ਼ ਆਇਆ ਅਤੇ ਉਸਦਾ ਹੱਥ ਫੜ੍ਹਕੇ ਉਸਨੂੰ ਉਸ ਟੇਬਲ ਕੋਲ਼ ਲੈ ਗਿਆ ਜਿੱਥੇ ਉਸਦੇ ਮਿੱਤਰ ਦੀ ਮ੍ਰਿਤਕ ਦੇਹ ਨੂੰ ਅੰਤਮ ਦਰਸ਼ਨਾਂ ਲਈ ਰੱਖਿਆ ਗਿਆ ਸੀ ਅਤੇ ਉਸਦੇ ਪਰਿਵਾਰ ਦੇ ਸਭ ਮੈਂਬਰ ਉਸਦੇ ਅੰਤਮ ਦਰਸ਼ਨ ਕਰ ਰਹੇ ਸਨ। ਉਸਦੇ ਪਿਤਾ ਨੇ ਉਸਨੂੰ ਕਿਹਾ ” ਘਬਰਾਅ ਨਾ ! ਮੈਂ ਚਾਹੁੰਦਾ ਹਾਂ ਕਿ ਤੂੰ ਜ਼ਿੰਦਗ਼ੀ ਵਿੱਚ ਇੱਕ ਬਹਾਦਰ ਇਨਸਾਨ ਬਣੇਂ ਅਤੇ ਤੇਰੇ ਅੰਦਰ ਹਰ ਤਰ੍ਹਾਂ ਦੇ ਹਾਲਾਤ ਦਾ ਸਾਹਮਣਾ ਕਰਨ ਦੀ ਹਿੰਮਤ ਆਵੇ। ਏਸੇ ਲਈ ਮੈਂ ਤੈਨੂੰ ਇਸ ਜਗ੍ਹਾ ਤੇ ਲਿਆਇਆ ਹਾਂ ਅਤੇ ਮੈਂ ਚਾਹੁੰਦਾ ਹਾਂ ਕਿ ਤੂੰ ਵੀ ਇਸ ਮ੍ਰਿਤਕ ਬੰਦੇ ਦੇ ਅੰਤਮ ਦਰਸ਼ਨ ਕਰ ਲਵੇਂ। ਇਸ ਨਾਲ਼ ਤੇਰਾ ਮਨ ਮਜ਼ਬੂਤ ਹੀ ਹੋਵੇਗਾ। ਜਾਹ ਵੇਖ ਲੈ ! ਕੋਈ ਹਰਜ਼ ਨਹੀਂ ਹੈ !!”
ਜਦੋਂ ਉਸਨੇ ਅੰਤਮ ਦਰਸ਼ਨਾਂ ਲਈ ਰੱਖੇ ਉਸ ਬੰਦੇ ਦਾ ਚਿਹਰਾ ਵੇਖਿਆ ਤਾਂ ਉਹ ਇੱਕਦਮ ਘਬਰਾਅ ਕੇ ਪਿੱਛੇ ਹਟ ਗਿਆ।ਉਸਨੇ ਵੇਖਿਆ ਕਿ ਇਹ ਤਾਂ ਓਹੀ ਆਦਮੀ ਸੀ ਜਿਹੜਾ ਕਿ ਹੁਣੇ ਹੀ ਥੋੜ੍ਹੀ ਦੇਰ ਪਹਿਲਾਂ ਉਸ ਨਾਲ਼ ਦੋ ਗੱਲਾਂ ਕਰ ਕੇ ਅਤੇ ਮੋਢੇ ਤੇ ਥਾਪੀ ਦੇ ਕੇ ਗਿਆ ਸੀ।
ਉਸਨੇ ਕਿਸੇ ਤਰ੍ਹਾਂ ਆਪਣੇ ਆਪ ਨੂੰ ਸੰਭਾਲਿਆ ਅਤੇ ਡਰ ਨਾਲ਼ ਖ਼ੁਸ਼ਕ ਹੋਏ ਆਪਣੇ ਸੰਘ ਦੇ ਨਾਲ਼ ਵਾਪਸ ਆ ਕੇ ਓਸੇ ਬੈਂਚ ਤੇ ਢਾਸ੍ਹਣਾ ਲਾ ਕੇ ਬੈਠ ਗਿਆ। ਉਹ ਕਿਸੇ ਡੂੰਘੀ ਸੋਚ ਅਤੇ ਸਦਮੇ ਵਿੱਚ ਗੁੰਮ ਸੁੰਮ ਹੋ ਗਿਆ ਸੀ। ਸੰਸਕਾਰ ਤੋਂ ਬਾਅਦ ਘਰੇ ਆ ਕੇ ਵੀ ਉਹ ਆਪਣੀਆਂ ਸੋਚਾਂ ਵਿੱਚ ਹੀ ਗੜੁੰਦ ਰਿਹਾ। ਉਸ ਰਾਤ ਉਹ ਠੀਕ ਤਰ੍ਹਾਂ ਸੌਂ ਵੀ ਨਹੀਂ ਸਕਿਆ।
ਅਗਲੇ ਕਈ ਦਿਨ – ਮਹੀਨੇ ਉਸ ਉੱਪਰ ਇਸ ਵਾਕਏ ਦਾ ਅਸਰ ਰਿਹਾ। ਦਿਨੇ ਉਹ ਕੁੱਝ ਨਾਰਮਲ ਰਹਿੰਦਾ ਪਰ ਰਾਤ ਪੈਂਦਿਆਂ ਹੀ ਉਹ ਗੁੰਮ ਸੁੰਮ ਜਿਹਾ ਹੋ ਜਾਂਦਾ। ਕਈ ਵਾਰ ਉਸ ਨੂੰ ਬੜੇ ਡਰਾਉਣੇ ਸੁਫ਼ਨੇ ਆਉਂਦੇ। ਉਸ ਨੂੰ ਇਕੱਲਿਆਂ ਰਹਿਣ ਵਿੱਚ ਡਰ ਆਉਂਦਾ।
 ਉਸਦੀ ਟੀਨ-ਏਜ਼ ਬਹੁਤੀ ਸ਼ਾਨਦਾਰ ਨਹੀਂ ਸੀ। ਉਸਦੇ ਮਾਂ-ਬਾਪ ਕਈ ਵਾਰ ਉਸ ਨੂੰ ਸਿਆਣਿਆਂ ਕੋਲ਼ ਅਤੇ ਕਈ ਵਾਰ ਉਸ ਨੂੰ ਮਨੋਵਿਗਿਆਨਕ ਡਾਕਟਰਾਂ ਕੋਲ਼ ਵੀ ਲੈ ਕੇ ਜਾਂਦੇ ਸਨ। ਕਾਉਂਸਲਰਾਂ ਦਾ ਕਹਿਣਾ ਸੀ ਕਿ ਬੱਚੇ ਨੂੰ ਵੱਧ ਤੋਂ ਵੱਧ ਖੁਸ਼ ਰੱਖਿਆ ਜਾਵੇ। ਖੁਸ਼ ਰਹਿਣ ਨਾਲ਼ ਇਸਦੀਆਂ ਸੋਚਾਂ ਅਤੇ ਚਿੰਤਾਵਾਂ ਹੌਲ਼ੀ ਹੌਲ਼ੀ ਇਸਦਾ ਖਹਿੜਾ ਛੱਡ ਜਾਣਗੀਆਂ। ਉਸਨੂੰ ਇਕੱਲਿਆਂ ਰਹਿਣ ਵਿੱਚ ਡਰ ਲੱਗਦਾ ਸੀ ਇਸ ਲਈ ਉਸਦੀ ਮਾਂ ਉਸਨੂੰ ਕਦੇ ਇਕੱਲਾ ਨਾ ਛੱਡਦੀ। ਰਾਤ ਨੂੰ ਵੀ ਉਸਦੇ ਕੋਲ਼ ਪੈਣ ਲਈ ਇੱਕ ਸੇਵਕ ਦਾ ਪ੍ਰਬੰਧ ਕੀਤਾ ਗਿਆ। ਐਨੇ ਬੰਦੋਬਸਤ ਕਰਨ ਤੋਂ ਬਾਅਦ ਵੀ ਇੱਕ ਅਣਜਾਣ ਡਰ ਹਰ ਵੇਲ਼ੇ ਉਸਨੂੰ ਸਤਾਉਂਦਾ ਰਹਿੰਦਾ ਸੀ। ਅਗਲੇ ਕਈ ਸਾਲਾਂ ਤੱਕ ਹਨੇਰਾ ਉਸਨੂੰ ਡਰਾਉਂਦਾ ਰਿਹਾ। ਰਾਤ ਨੂੰ ਵੀ ਬਿਨਾਂ ਲਾਈਟ ਜਗਾਇਆਂ ਉਸ ਨੂੰ ਨੀਂਦਰ ਨਾ ਪੈਂਦੀ।
ਉਸਦੀ ਸਿਹਤ ਹਮੇਸ਼ਾਂ ਹੀ ਉਤਰਾਅ -ਚੜ੍ਹਾਅ ਵਾਲ਼ੀ ਰਹੀ। ਜਿਉਂ ਜਿਉਂ ਉਸਦੀ ਟੀਨ-ਏਜ਼ ਆਪਣੇ ਅੰਤਮ ਪੜਾਅ ਵੱਲ ਵਧ ਰਹੀ ਸੀ, ਉਸਦੀ ਸਿਹਤ ਵਿੱਚ ਹਲਕਾ ਸੁਧਾਰ ਤਾਂ ਹੋ ਰਿਹਾ ਸੀ, ਪਰ ਫਿਰ ਵੀ ਕਦੇ ਕਦੇ ਉਹ ਸੁੱਤਾ ਪਿਆ ਵੀ ਕਿਸੇ ਡਰ ਨਾਲ਼ ਚੀਕ ਮਾਰ ਕੇ ਉੱਠ ਖੜ੍ਹਦਾ ਸੀ।
ਉਸਦਾ ਵੀਹਵਾਂ ਜਨਮਦਿਨ ਸੀ ਜਦੋਂ ਉਸਨੂੰ ਉਸਦੀ ਜ਼ਿੰਦਗ਼ੀ ਦੇ ਇੱਕ ਅਣਸੁਲਝੇ ਰਹੱਸ ਦਾ ਪਤਾ ਲੱਗਿਆ।ਏਸ ਉਲਝਣ ਦੇ ਸੁਲਝ ਜਾਣ ਨਾਲ਼ ਉਸਦਾ ਜੀਵਨ ਇੱਕਦੰਮ ਬਦਲ ਗਿਆ। ਓਹੀ ਸ਼ਖ਼ਸ ਜੀਹਨੇ ਉਸ ਦਿਨ ਸ਼ਮਸ਼ਾਨ ਘਾਟ ਦੇ ਬੈਂਚ ਕੋਲ਼ ਖੜ੍ਹੇ ਹੋ ਕੇ ਉਸਨੂੰ ‘ਜ਼ਿੰਦਗ਼ੀ ਦੇ ਅਨੰਦ’ ਦੀ ਨਸੀਹਤ ਕੀਤੀ ਸੀ,,ਹੱਥ ਵਿੱਚ ਅਨੇਕਾਂ ਤਰ੍ਹਾਂ ਦੇ ਤੋਹਫ਼ੇ ਫੜ੍ਹੀ ਉਸਦੇ ਬਾਪ ਨਾਲ਼ ਉਹਨਾਂ ਦੇ ਘਰੇ ਆਇਆ। ਪਿਤਾ ਨੇ ਪੁੱਤਰ ਨਾਲ਼ ਉਸ ਸੱਜਣ ਦੀ ਜਾਣ-ਪਛਾਣ ਕਰਵਾਉਂਦੇ ਹੋਏ ਕਿਹਾ ” ਪੁੱਤਰ ! ਤੇਰਾ ਇਹ ਅੰਕਲ ਓਸੇ ਮ੍ਰਿਤਕ ਬੰਦੇ ਦਾ ਜੁੜਵਾਂ ਭਰਾ ਹੈ ਜਿਸਦਾ ਕਿ ਅੰਤਮ ਸੰਸਕਾਰ ਵਾਲ਼ੇ ਦਿਨ ਤੈਂ ਮੂੰਹ ਵੇਖਿਆ ਸੀ!!”***
ਸ਼ਿੰਦਾ ਬਾਈ —
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੁੱਧ ਚਿੰਤਨ / ਅਮਲਾ ਬਾਂਝੋ…!
Next articleਕਾਸ਼ !