*ਸਾਡੇ ਵਤਨ ਭਾਰਤ ਦੀ ਸੁਰੱਖਿਆ ਨੂੰ ਕੀਹਦੇ ਤੋਂ ਖਤਰਾ ਹੈ?*

(ਸਮਾਜ ਵੀਕਲੀ)

“ਦੇਸ਼ ਦੀ ਸੁਰੱਖਿਆ”, ਮੋਦੀ ਸਮੇਤ ਸਾਰੇ ਰਾਸ਼ਟਰੀ ਸਵੈਸੇਵਕ ਸੰਘ (ਰ.ਸ.ਸ.), ਭਾਜਪਾ ਲਾਣੇ ਵੱਲੋਂ ਸਭ ਤੋਂ ਵੱਧ ਵਰਤਿਆ ਜਾਂਦਾ ਵਾਕੰਸ਼ ਹੈ। ਕਾਂਗਰਸ ਵੀ ਕਦੇ ਇਸ ਮਾਮਲੇ ’ਚ ਪਿੱਛੇ ਨਹੀਂ ਰਹੀ। ਭਾਜਪਾ ਦੇ ਸਿਆਸਤਦਾਨ, ਸੰਘ ਦੇ ਹੱਥਠੋਕੇ ਪੱਤਰਕਾਰ, ਬੁੱਧੀਜੀਵੀ ਆਦਿ ਆਪਣੇ ਲਗਭਗ ਹਰ ਭਾਸ਼ਣ, ਲੇਖ ਵਿੱਚ ‘‘ਦੇਸ਼ ਦੀ ਸੁਰੱਖਿਆ”‘ ਦਾ ਜ਼ਿਕਰ ਜਰੂਰ ਕਰਦੇ ਹਨ। ਭਾਜਪਾ ਖੁਦ ਨੂੰ 2014 ਤੋਂ ਹੀ ‘ਦੇਸ਼ ਦੀ ਸੁਰੱਖਿਆ’ ਲਈ ਸਭ ਤੋਂ ਚੰਗੀ ਪਾਰਟੀ ਵਜੋਂ ਪੇਸ਼ ਕਰਦੀ ਆਈ ਹੈ। ਰੁਜ਼ਗਾਰ, ਸਿੱਖਿਆ, ਸਿਹਤ ਸਹੂਲਤਾਂ, ਮਹਿੰਗਾਈ ਵਰਗੇ ਮੁੱਦਿਆਂ ਉੱਤੇ ਨਾਕਾਮ ਹੋਈ ਭਾਜਪਾ ਸਰਕਾਰ ਲੋਕਾਂ ਨੂੰ ਇਹ ਜਚਾਉਣ ਵਿੱਚ ਅੱਡੀ-ਚੋਟੀ ਦਾ ਜੋਰ ਲਾ ਦਿੰਦੀ ਹੈ ਕਿ ਇਹ ਸਭ ਮੁੱਦੇ ‘ਦੇਸ਼ ਦੀ ਸੁਰੱਖਿਆ’ ਅੱਗੇ ਨਿਗੂਣੇ ਮੁੱਦੇ ਹਨ। ਲਗਾਤਾਰ ਪ੍ਰਚਾਰ ਦਾ ਅਸਰ ਆਮ ਲੋਕਾਈ ਦੇ ਇੱਕ ਹਿੱਸੇ ਵਿੱਚ ਘਰ ਕਰ ਚੁੱਕਿਆ ਹੈ, ਇੱਥੋਂ ਤੱਕ ਕਿ ਬਾਕੀ ਸਭ ਮੁੱਦਿਆਂ ਉੱਤੇ ਮਾੜੀ ਕਾਰਗੁਜ਼ਾਰੀ ਦੇ ਬਾਵਜੂਦ ਉਹਨਾਂ ਦਾ ਤਰਕ ਹੁੰਦਾ ਹੈ ਕਿ ਮੋਦੀ ਚੰਗਾ ਪ੍ਰਧਾਨ ਮੰਤਰੀ ਹੈ ਕਿਉਂ ਕਿ ਇਹ ਸਰਹੱਦ ਉੱਤੇ ਦੁਸ਼ਮਣਾਂ (ਖਾਸ ਕਰ ਪਾਕਿਸਤਾਨ) ਨੂੰ ਕਾਬੂ ਕਰਕੇ ਰੱਖਦਾ ਹੈ।

‘ਦੇਸ਼ ਦੀ ਸੁਰੱਖਿਆ’ ਬਾਰੇ ਮੋਦੀ ਦੇ ਪ੍ਰਚਾਰ ਦੀ ਕਾਟ ਕਰਨ ਸਬੰਧੀ ਕੁੱਝ ਉੱਘੇ ਬੁੱਧੀਜੀਵੀਆਂ, ਸਮਾਜ ਚਿੰਤਕਾਂ ਨੂੰ ਲੱਗਦਾ ਹੈ ਕਿ ਅਜਿਹੇ ਪ੍ਰਚਾਰ ਦੀ ਕਾਟ ਕਰਨ ਥਾਵੇਂ ਲੋਕਾਂ ਨੂੰ ਉਹਨਾਂ ਦੇ ‘ਅਸਲੀ’ ਮੁੱਦਿਆਂ ਬਾਰੇ ਸਮਝਾਉਣ ਤੱਕ ਸੀਮਤ ਰਹਿਣਾ ਚਾਹੀਦਾ ਹੈ। ਅਸਲ ਵਿੱਚ ਇਹ ਲੋਕਾਈ ਦੀ ਬੁੱਧੀ ਦੀ ਤੌਹੀਨ ਹੈ। ਸਿਆਸੀ ਮੁੱਦੇ ਉੱਤੇ ਪ੍ਰਚਾਰ ਵਿਸ਼ਾਲ ਲੋਕਾਈ ਨੂੰ ਆਪਣੀ ਜਕੜ ਵਿੱਚ ਲੈਂਦਾ ਹੈ ਕਿਉਂਕਿ ਇਹ ਵੀ ਲੋਕਾਂ ਦੇ ਅਸਲ ਮੁੱਦੇ ਹੀ ਹੁੰਦੇ ਹਨ ਤੇ ਕਈ ਵਾਰੀ ਲੋਕਾਂ ਨੂੰ ਇਹਨਾਂ ਦੀ ਚੋਭ ਆਪਣੇ ਅਖੌਤੀ ਅਸਲ ਮੁੱਦਿਆਂ (ਬੇਰੁਜ਼ਗਾਰੀ, ਤਨਖਾਹ, ਭੱਤੇ, ਮਹਿੰਗਾਈ) ਨਾਲ਼ੋਂ ਕਿਤੇ ਵੱਧ ਲੱਗਦੀ ਹੈ। ਲੋਕ-ਪੱਖੀ ਤਾਕਤਾਂ ਪੱਖੋਂ ‘ਦੇਸ਼ ਦੀ ਸੁਰੱਖਿਆ’ ਵਰਗੇ ਸਿਆਸੀ-ਵਿਚਾਰਧਾਰਕ ਪ੍ਰਚਾਰਾਂ ਦਾ ਕਾਟ ਨਾ ਕਰਨਾਂ, ਰ.ਸ.ਸ. ਜਹੀਆਂ ਪਿਛਾਖੜੀ ਤਾਕਤਾਂ ਨੂੰ ਲੋਕਾਂ ਦੇ ਦਿਮਾਗਾਂ ਵਿੱਚ ਜ਼ਹਿਰ ਭਰਨ ਦਾ ਖੁੱਲ੍ਹਾ ਮੌਕਾ ਦੇਣਾ ਹੈ। ਇਸ ਲਈ ਜਰੂਰੀ ਹੈ ਕਿ ਮੋਦੀ ਹਕੂਮਤ ਦੇ ਅਜਿਹੇ ਪ੍ਰਚਾਰ ਪਿੱਛੇ ਅਸਲ ਮਨਸੂਬੇ ਲੋਕਾਂ ਸਾਹਮਣੇ ਉਜਾਗਰ ਕੀਤੇ ਜਾਣ।

ਮੋਦੀ ਹਕੂਮਤ ਅਨੁਸਾਰ ਦੇਸ਼ ਦੀ ਸੁਰੱਖਿਆ ਨੂੰ ਸਭ ਤੋਂ ਵੱਡਾ ਖਤਰਾ ਦਹਿਸਤਗਰਦੀ ਤੋਂ ਹੈ। ਭਾਵੇਂ ਖੱਬੇ ਪੱਖੀ ਤੇ ਹੋਰ ਲੋਕ ਪੱਖੀ ਸਮਾਜਕ ਕਾਰਕੁੰਨ ਵੀ ਸੰਘੀ ਲਾਣੇ ਅਨੁਸਾਰ ਦੇਸ਼ ਦੀ ਸੁਰੱਖਿਆ ਲਈ ਖਤਰਾ ਬਣਦੇ ਹਨ ਪਰ ਸਭ ਤੋਂ ਵੱਡਾ ਖਤਰਾ ਮੁਲਕ ਦੇ ਲੋਕਾਂ ਨੂੰ ਦਹਿਸ਼ਤਗਰਦੀ ਤੋਂ ਹੀ ਹੈ। ਭਾਸ਼ਣਾਂ, ਬਿਆਨਾਂ ਆਦਿ ਵਿੱਚ ਮੋਦੀ ਸਰਕਾਰ ਦਾਅਵੇ ਕਰਦੀ ਹੈ ਕਿ ਦੇਸ਼ ਦੇ ਇਤਿਹਾਸ ਵਿੱਚ ਉਹ ਪਹਿਲੀ ਤੇ ਇਕੱਲੀ ਸਰਕਾਰ ਹੈ ਜੋ ਦਹਿਸ਼ਤਗਰਦੀ ਨਾਲ਼ ਸਖਤੀ ਨਾਲ਼ ਨਿੱਬੜ ਸਕਦੀ ਹੈ ਤੇ ਨਿੱਬੜ ਰਹੀ ਹੈ। ਅਸਲ ਵਿੱਚ ਮੋਦੀ ਸਰਕਾਰ ਦਹਿਸ਼ਤਗਰਦੀ ਵਜੋਂ ਮੁੱਖ ਰੂਪ ਇਸਲਾਮਿਕ ਕੱਟੜਪੰਥੀਆਂ ਵੱਲੋਂ ਕੀਤੀ ਗਈ ਦਹਿਸ਼ਤਗਰਦੀ, ਨੂੰ ਲੈਂਦੀ ਹੈ, ਜਿਹਨਾਂ ਨੂੰ ਕਿ ਪਾਕਿਸਤਾਨ ਤੋਂ ਹਮਾਇਤ, ਸਿਖਲਾਈ ਆਦਿ ਮਿਲ਼ਦੀ ਹੈ। ਰ.ਸ.ਸ.-ਭਾਜਪਾ ਨੇ ਆਪਣੇ ਪ੍ਰਚਾਰ ਤੰਤਰ ਰਾਹੀਂ ਕਾਫੀ ਲੋਕਾਂ ਨੂੰ ਇਹ ਗੱਲ ਜਚਾ ਦਿੱਤੀ ਹੈ ਕਿ ਦਹਿਸ਼ਤਗਰਦ ਦਾ ਇੱਕੋ ਧਰਮ ਹੁੰਦਾ ਹੈ – ਮੁਸਲਮਾਨ ਤੇ ਹਰ ਮੁਸਲਮਾਨ ਹੀ ਦਹਿਸ਼ਤਗਰਦ ਹੈ। ਮੋਦੀ ਲਾਣੇ ਅਨੁਸਾਰ ਪੂਰੇ ਸੰਸਾਰ ਵਿੱਚ ਅਮਨ ਸ਼ਾਂਤੀ ਭੰਗ ਕਰਨ ਵਾਲ਼ੇ ਸੰਯੁਕਤ ਰਾਜ ਅਮਰੀਕਾ ਵਰਗੇ ਸਾਮਰਾਜੀ ਮੁਲਕ ਨਹੀਂ ਸਗੋਂ ਮੁਸਲਮਾਨ ਧਰਮ ਦੇ ਪੈਰੋਕਾਰ ਹਨ। ਰ.ਸ.ਸ. ਲਈ ਅਜਮੇਰ ਸ਼ਰੀਫ ਕਾਂਡ, ਸਮਝੌਤਾ ਐਕਸਪ੍ਰੈਸ ਬੰਬ ਧਮਾਕਾ ਆਦਿ ਤਾਂ ਦੇਸ਼ ਭਗਤੀ ਹੈ ਪਰ ਸਿਰਫ ਮੁਸਲਮਾਨ ਹੋਣਾ ਦਹਿਸ਼ਤਗਰਦ ਹੋਣ ਦੇ, ‘ਦੇਸ਼ ਦੀ ਸੁਰੱਖਿਆ’ ਲਈ ਖਤਰੇ ਦੇ ਬਰਾਬਰ ਹੈ।

ਮੋਦੀ ਸਰਕਾਰ ਆਪਣੇ ਇਸ ਬੁਨਿਆਦੀ ਤਰਕ ਨੂੰ ਕਈ ਨਿਸ਼ਾਨੇ ਵਿੰਨਣ ਲਈ ਵਰਤਦੀ ਹੈ। ਪਹਿਲੀ ਗੱਲ ਤਾਂ ਪਾਕਿਸਤਾਨ ਤੋਂ ਸਿੱਖਿਅਤ ਦਹਿਸ਼ਤਗਰਦਾਂ ਤੇ ਪਾਕਿਸਤਾਨ ਵਿਰੁੱਧ ਪ੍ਰਚਾਰ ਕਰਕੇ ਲੋਕਾਂ ਵਿੱਚ ਅੰਨ੍ਹਾ ਕੌਮਵਾਦ ਭਰਿਆ ਜਾਂਦਾ ਹੈ। ਇੱਕ ਦੂਜੇ ਦੇਸ਼ ਵੱਲ ਨਫਰਤ ਦਾ ਵਤੀਰਾ ਭਰਦੇ ਹੋਏ ਉਸਨੂੰ ਲੋਕਾਂ ਦੀਆਂ ਦੁੱਖਾਂ-ਤਕਲੀਫਾਂ ਦੇ ਕਾਰਨ ਵਜੋਂ ਪੇਸ਼ ਕੀਤਾ ਜਾਂਦਾ ਹੈ। ਤੇ ਹੱਲ? ਰ.ਸ.ਸ. -ਭਾਜਪਾ ਅਨੁਸਾਰ ‘ਦੇਸ਼ ਦੀ ਸੁਰੱਖਿਆ’ ਲਈ ਜਰੂਰੀ ਹੈ ਪਾਕਿਸਤਾਨ ਉੱਤੇ ਭਾਰਤ ਦਾ ਕਬਜਾ, ਪਾਕਿਸਤਾਨ ਦੇ ਲੋਕਾਂ, ਖਾਸਕਰ ਮੁਸਲਮਾਨਾਂ ਦਾ ਖਾਤਮਾਂ। ਇਹ ਪਾਕਿਸਤਾਨ ਵਿਰੋਧੀ ਪ੍ਰਚਾਰ ਦਿਨ ਰਾਤ ਮੀਡੀਆ ਚੈਨਲਾਂ ਉੱਤੇ ਵੱਜਦਾ ਰਹਿੰਦਾ ਹੈ ਤੇ ਭਾਰਤ ਦੇ ਲੋਕਾਂ ਦੇ ਮਨਾਂ ਵਿੱਚ ਦੂਜੇ ਦੇਸ਼ ਪ੍ਰਤੀ ਨਫਰਤ ਭਰਦਾ ਹੈ, ਉਹਨਾਂ ਨੂੰ ਪਾਕਿਸਤਾਨ ਦੇ ਲੋਕਾਂ ਦੇ ਖੂਨ ਦੇ ਪਿਆਸੇ ਬਣਾਉਂਦਾ ਹੈ। ‘ਦੇਸ਼ ਦੀ ਸੁਰੱਖਿਆ’ ਦੇ ਨਾਮ ਉੱਤੇ ਇੰਝ ਨਫਰਤ ਭੜਕਾਕੇ ਵਰਤਣਾ ਵੀ ਭਾਜਪਾ ਨੂੰ ਬਹੁਤ ਚੰਗੀ ਤਰ੍ਹਾਂ ਆਉਂਦਾ ਹੈ। 2016 ਵੇਲੇ 4 ਸੂਬਿਆਂ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਤੇ 2019 ’ਚ ਲੋਕ ਸਭਾ ਚੋਣਾਂ ਤੋਂ ਪਹਿਲਾਂ ਪਠਾਨਕੋਟ ਤੇ ਪੁਲਵਾਮਾ ਜਹੀਆਂ ਘਟਨਾਵਾਂ ਨੂੰ ਵਰਤਕੇ ਕਿੰਝ ਮੋਦੀ ਸਰਕਾਰ ਨੇ ਆਪਣੀ ਮਾੜੀ ਕਾਰਗੁਜਾਰੀ ਨੂੰ ਅੰਨ੍ਹੇ ਕੌਮਵਾਦ ਦੀ ਹਨ੍ਹੇਰੀ ਥੱਲੇ ਦਬਾ ਦਿੱਤਾ ਸੀ ਇਹ ਗੱਲ ਹੁਣ ਜੱਗਜਾਹਿਰ ਹੈ। ਵੋਟਾਂ ਦੇ ਨੇੜੇ ਇੰਝ ਛੋਟੀਆਂ, ਵੱਡੀਆਂ ਘਟਨਾਵਾਂ ਜਿੰਨੀਂ ਲਗਾਤਾਰਤਾ ਨਾਲ਼ ਵਾਪਰਦੀਆਂ ਹਨ ਉਸ ਘਟਨਾਕ੍ਰਮ ਨੂੰ ਸਮਝਣ ਦੀ ਲੋੜ ਹੈ। ਭਾਜਪਾ ਜਦੋਂ ਵੀ ਆਪਣੀ ਮਾੜੀ ਕਾਰਗੁਜ਼ਾਰੀ ਕਰਕੇ ਲੋਕਾਂ ਦੀ ਅਦਾਲਤ ਵਿੱਚ ਘਸੀਟੀ ਜਾਂਦੀ ਹੈ ਜਾਂ ਵੋਟਾਂ ਸਿਰ ਉੱਤੇ ਹੁੰਦੀਆਂ ਹਨ ਤਾਂ ਅਜਿਹੀਆਂ ਘਟਨਾਵਾਂ ਦਾ ਲਾਹਾ ਲੈਂਦੇ ਹੋਏ (ਤੇ ਕਈ ਵਾਰ ਅਜਿਹੀਆਂ ਘਟਨਾਵਾਂ ਲਈ ਖੁਦ ਜ਼ਮੀਨ ਤਿਆਰ ਕਰਦੇ ਹੋਏ) ਸਭ ਅਵਾਜਾਂ ਨੂੰ ਅੰਨ੍ਹੇ ਕੌਮਵਾਦ ਦੇ ਝੱਲ ਹੇਠ ਦਬਾਉਣ ਨੂੰ ਕਾਹਲੀ ਰਹਿੰਦੀ ਹੈ। ਇੰਝ ‘ਦੇਸ਼ ਦੀ ਸੁਰੱਖਿਆ’ ਦੇ ਨਾਮ ਉੱਤੇ ਭਾਜਪਾ ਆਪਣੀ ਹਕੂਮਤ ਨੂੰ ਸੁਰੱਖਿਅਤ ਕਰਦੀ ਹੈ।

ਸਿਰਫ ਵੋਟਾਂ ਲਈ ਹੀ ਨਹੀਂ ਸਗੋਂ ਆਪਣੇ ਵਿਰੋਧੀ ਹਰ ਤਰ੍ਹਾਂ ਦੀਆਂ ਅਵਾਜਾਂ ਨੂੰ ਦੱਬਣ ਲਈ ਵੀ ਮੋਦੀ ਹਕੂਮਤ ਦਹਿਸ਼ਤਗਰਦੀ ਉੱਤੇ ਨਿਯੰਤਰਣ ਪਾਉਣ ਦਾ ਤਰਕ ਵਰਤਦੀ ਹੈ। ਦਹਿਸ਼ਤਗਰਦੀ ਨੂੰ ‘ਠੱਲਣ’ ਵਾਸਤੇ ਭਾਜਪਾ ਹਕੂਮਤ ਤਰ੍ਹਾਂ-ਤਰ੍ਹਾਂ ਦੇ ਕਾਲ਼ੇ ਕਨੂੰਨ ਦਾ ਸ਼ਕੰਜਾ ਲੋਕਾਂ ਉੱਤੇ ਕਸਦੀ ਹੈ, ਚਾਹੇ ਉਹ ਅਫਸਪਾ, ਯੂਏਪੀਏ ਜਹੇ ਕਨੂੰਨ ਹੋਣ ਜਾਂ ਫੇਰ ਪਿੱਤੇ ਜਿਹੇ ਲਿਆਂਦਾ ਜਰੂਰੀ ਸੁਰੱਖਿਆ ਸੇਵਾਵਾਂ ਬਿੱਲ। ਇਹ ਕਨੂੰਨ ਮੁੜਕੇ ਕਸ਼ਮੀਰ, ਉੱਤਰ-ਪੂਰਬ ਤੇ ਹੋਰ ਹੱਕ ਮੰਗਦੇ ਲੋਕਾਂ ਉੱਤੇ ਬੇਤਹਾਸ਼ਾ ਤਸ਼ੱਦਦ ਢਾਉਣ ਲਈ ਅੰਨ੍ਹੇਵਾਹ ਵਰਤੇ ਜਾਂਦੇ ਹਨ। ਦਹਿਸ਼ਤਗਰਦੀ ਤੋਂ ਦੇਸ਼ ਨੂੰ ‘ਸੁਰੱਖਿਅਤ’ ਰੱਖਣ ਲਈ ਅਜਿਹੇ ਕਨੂੰਨਾਂ ਦੀ ਵਰਤੋਂ ਨੂੰ ਆਮ ਲੋਕਾਂ ਦੇ ਮਨਾਂ ਵਿੱਚ ਜਾਇਜ ਠਹਿਰਾਇਆ ਜਾਂਦਾ ਹੈ।

ਦੂਜਾ, ਰ.ਸ.ਸ.-ਭਾਜਪਾ ਇਸਲਾਮ ਤੇ ਮੁਸਲਮਾਨਾਂ ਨੂੰ ਸਭ ਤਰ੍ਹਾਂ ਦੀ ਦਹਿਸ਼ਤਗਰਦੀ ਦੀ ਜੜ੍ਹ ਦੱਸਕੇ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਫਿਰਕੂ ਜਹਿਰ ਘੋਲ਼ਦੀ ਹੈ। ਸਾਰੇ ਮੁਸਲਮਾਨਾਂ ਨੂੰ ਹੀ ਦਹਿਸ਼ਤਗਰਦ ਐਲਾਨਦੇ ਹੋਏ ਨਾ ਸਿਰਫ ਉਹਨਾਂ ਨੂੰ ‘ਦੇਸ਼ ਦੀ ਸੁਰੱਖਿਆ’ ਦੇ ਸਭ ਤੋਂ ਵੱਡੇ ਦੁਸ਼ਮਣ ਗਰਦਾਨਦੀ ਹੈ ਸਗੋਂ ਉਹਨਾਂ ਨੂੰ ਦੇਸ਼ ਦੀਆਂ ਸਭ ਸਮੱਸਿਆਵਾਂ ਦੀ ਜੜ੍ਹ ਵੀ ਦੱਸਦੀ ਹੈ। ਸੰਘ ਅਨੁਸਾਰ ਭਾਰਤ ਵਿੱਚ ਗਰੀਬੀ, ਬੇਰੁਜ਼ਗਾਰੀ, ਭੁੱਖਮਰੀ ਆਦਿ ਜਹੀਆਂ ਸਭ ਅਲਾਮਤਾਂ ਦਾ ਸਭ ਤੋਂ ਵੱਡਾ ਕਾਰਨ ਹੈ ਮੁਸਲਮਾਨ। ਦੇਸ਼ ਵਿੱਚ ਗਰੀਬੀ ਕਿਉਂ ਹੈ? ਮੁਸਲਮਾਨਾਂ ਕਰਕੇ। ਦੇਸ਼ ਵਿੱਚ ਬੇਰੁਜ਼ਗਾਰੀ ਦਾ ਕੀ ਕਾਰਨ ਹੈ? ਮੁਸਲਮਾਨ, ਕਿਉਂ ਕਿ ਉਹ ਨੌਕਰੀਆਂ ਲੈ ਜਾਂਦੇ ਹਨ ਜਿਸ ਕਰਕੇ ਹਿੰਦੂ ਬੇਰੁਜ਼ਗਾਰ ਰਹਿੰਦੇ ਹਨ। ਤੇ ਭੁੱਖਮਰੀ ਦਾ ਕਾਰਨ? ਮੁਸਲਮਾਨ ਤੇ ਉਹਨਾਂ ਦੀ ਵਧਦੀ ਅਬਾਦੀ। ਇਸ ਪ੍ਰਚਾਰ ਦੇ ਅਸਰ ਹੇਠ ਦੂਜੇ ਫਿਰਕੇ ਖਾਸਕਰ ਹਿੰਦੂ ਫਿਰਕੇ ਦੇ ਕਈ ਲੋਕ ਸੱਚੀਂ ਆਪਣੇ ਸਭ ਦੁੱਖਾਂ ਦਾ ਕਾਰਨ ਮੁਸਲਮਾਨਾਂ ਨੂੰ ਹੀ ਮੰਨਣ ਲੱਗ ਪੈਂਦੇ ਹਨ ਜਿਸਦਾ ਪ੍ਰਗਟਾਵਾ ਮੁਸਲਮਾਨਾਂ ਦੇ ਗਊ ਰੱਖਿਆ ਆਦਿ ਦੇ ਨਾਮ ਉੱਤੇ ਹਜੂਮੀ ਕਤਲ, ਮੁਸਲਮਾਨ-ਵਿਰੋਧੀ ਦੰਗਿਆਂ, ਮੁਸਲਮਾਨ ਔਰਤਾਂ ਵਿਰੁੱਧ ਵਧਦੇ ਜੁਰਮਾਂ ਵਿੱਚ ਲਗਾਤਾਰ ਹੁੰਦਾ ਰਹਿੰਦਾ ਹੈ। ਦੂਜੇ ਹੱਥ ਮੋਦੀ ਲਾਣਾ ਆਪਣੇ ਹਾਕਮਾਂ, ਅੰਬਾਨੀ, ਅਡਾਨੀ ਜਿਹੇ ਸਰਮਾਏਦਾਰਾਂ ਨੂੰ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਲੁਟਾਉਣ ਵਿੱਚ ਰੁੱਝਿਆ ਰਹਿੰਦਾ ਹੈ ਪਰ ਮੁਸਲਮਾਨਾਂ ਦੇ ਖੂਨ ਦੇ ਤਿਹਾਏ ਲੋਕਾਂ ਨੂੰ ਆਪਣੇ ਅਸਲ ਦੁਸ਼ਮਣ ਦਿਖਣ ਦੀ ਥਾਵੇਂ ਉਹੀ ਦਿਖਦਾ ਹੈ ਜੋ ਸੰਘ ਉਹਨਾਂ ਨੂੰ ਦਿਖਾਉਣਾ ਚਾਹੁੰਦਾ ਹੈ। ਇਹ ਫਿਰਕੂ ਪਾੜੇ ਕਿਰਤੀ ਲੋਕਾਂ ਨੂੰ ਇੱਕ ਦੂਜੇ ਨਾਲ਼ ਲੜਾਕੇ ਉਹਨਾਂ ਦੀ ਸਰਮਾਏਦਾਰਾਂ ਵਿਰੁੱਧ ਹੱਕੀ ਲੜਾਈ ਵਿੱਚ ਰੋੜਾ ਬਣਦੇ ਹਨ।

ਲੋਕਾਂ ਦੀ ਸੁਰੱਖਿਆ ਨੂੰ ਕਿਸ ਤੋਂ ਖਤਰਾ ਹੈ

ਤਾਂ ਅਸਲ ਵਿੱਚ ‘ਦੇਸ਼’ ਦੀ ਜਾਂ ਲੋਕਾਂ ਦੀ ਸੁਰੱਖਿਆ ਨੂੰ ਕਿਸ ਤੋਂ ਖਤਰਾ ਹੈ? ਭਾਰਤ ਦੇ ਲੋਕਾਂ ਦੇ ਮਨਾਂ ਨੂੰ ਸੰਘ ਵੱਲੋਂ ਫੈਲਾਏ ਜਾਂਦੇ ਫਿਰਕੂ ਜਹਿਰ ਤੋਂ ਖਤਰਾ ਹੈ। ਦੇਸ਼ ਵਿੱਚ ਲੋਕਾਂ ਦੇ ਬਚੇ ਖੁਚੇ ਜਮਹੂਰੀ ਹੱਕਾਂ ਨੂੰ ਮੋਦੀ ਹਕੂਮਤ ਤੋਂ ਖਤਰਾ ਹੈ। ਲੋਕਾਈ ਦੇ ਬੱਚਿਆਂ ਦੀ ਸਿੱਖਿਆ ਨੂੰ ਸਿੱਖਿਆ ਦੇ ਵਪਾਰੀਆਂ ਤੋਂ ਖਤਰਾ ਹੈ। ਔਰਤਾਂ ਨੂੰ ਮਨੁਸਮਿ੍ਰਤੀ ਦੇ ਅਜੋਕੇ ਪੈਰੋਕਾਰਾਂ ਤੋਂ ਖਤਰਾ ਹੈ। ਲੋਕਾਂ ਦੀ ਜੇਬਾਂ ਨੂੰ ਖਤਰਾ ਹੈ ਅੰਬਾਨੀ ਅਡਾਨੀ ਜਹੇ ਸਰਮਾਏਦਾਰਾਂ ਤੋਂ। ਇਸ ਸਮੇਂ ਭਾਰਤ ਦੇ ਕਿਰਤੀ ਲੋਕਾਂ ਦੇ ਸਭ ਤੋਂ ਵੱਡੇ ਦੁਸ਼ਮਣ ਭਾਰਤੀ ਰਾਜਸੱਤ੍ਹਾ ਉੱਤੇ ਕਾਬਜ ਰ.ਸ.ਸ.-ਭਾਜਪਾ ਤੇ ਉਹਨਾਂ ਦੇ ਹਾਕਮ ਭਾਰਤ ਦੀ ਵੱਡੀ ਸਰਮਾਏਦਾਰੀ ਤੋਂ ਹੈ। ਖੁਦ ਰ.ਸ.ਸ.-ਭਾਜਪਾ ਤੇ ਉਹਦੇ ਹਾਕਮਾਂ ਨੂੰ ਸਭ ਤੋਂ ਵੱਧ ਖਤਰਾ ਭਾਰਤ ਦੇ ਕਿਰਤੀ ਲੋਕਾਂ ਦੀ ਇਕਮੁੱਠਤਾ ਤੇ ਜਥੇਬੰਦੀ ਤੋਂ ਹੈ। ਇਸੇ ਕਰਕੇ ਇਹਨਾਂ ਦੀ ਪੂਰੀ ਵਾਹ ਲੋਕਾਂ ਵਿੱਚ ਪਾੜੇ ਪਾਉਣ ਤੇ ਵਧਾਉਣ ਉੱਤੇ ਲੱਗੀ ਹੋਈ ਹੈ। ਪਰ ਲੋਕਾਂ ਉੱਤੇ ਬੇਤਹਾਸ਼ਾ ਜਬਰ ਢਾਕੇ ਉਹਨਾਂ ਨੂੰ ਭਰਾਮਾਰ ਜੰਗ ਵਿੱਚ ਉਲਝਾਕੇ ਇਹ ਸੰਘੀ ਲਾਣਾ ਉਸ ਸਮੇਂ ਨੂੰ ਸਦਾ ਲਈ ਟਾਲ ਨਹੀਂ ਸਕਦਾ ਜਦ ਭਾਰਤ ਦੇ ਕਿਰਤੀ ਲੋਕ ਭਰਾਮਾਰ ਖਹਿਬੜਬਾਜੀ ਤੋਂ ਉੱਪਰ ਉੱਠਕੇ ਆਪਣੇ ਅਸਲ ਦੁਸ਼ਮਣਾਂ ਦੀ ਨਿਸ਼ਾਨਦੇਹੀ ਕਰਨਗੇ ਤੇ ਆਪਣੇ ਸੀਨੇ ਉੱਤੇ ਚਿੰਬੜੀਆਂ ਜੋਕਾਂ ਨੂੰ ਲਾਹ ਸੁੱਟਣਗੇ।

ਨਵਜੋਤ ਪਟਿਆਲਾ
“ਪੰਜਾਬੀ ਲਹਿਰ”
ਵਿੱਚ ਪ੍ਰਕਾਸ਼ਿਤ ਸੁਲੇਖ ਦਾ ਸਾਰਅੰਸ਼

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖਾਮੋਸ਼ ਫ਼ਿਜ਼ਾ
Next articleਭਾਰਤ ਜਾ ਸਕਦੇ ਹਨ ਅਫਗਾਨੀ ਸਿੱਖ ਤੇ ਹਿੰਦੂ: ਤਾਲਿਬਾਨ