(ਸਮਾਜ ਵੀਕਲੀ)
ਕੀ ਹੈ ਨਾਂ ਤੇਰਾ ਦੱਸ ਬਈ ਕਿੱਥੋਂ ਤੂੰ ਆਇਆ ਏਂ,
ਏਨਾ ਦਲੇਰ ਕਿਓਂ ਹੈਂ ਤੂੰ ਕਿਸਦਾ ਤੂੰ ਜਾਇਆ ਏਂ,
ਸ਼ੇਰਾਂ ਵਰਗਾ ਜ਼ੇਰਾ ਤੇਰਾ ਸ਼ੇਰਾਂ ਵਰਗੀ ਤੋਰ ਏ,
ਲਗਦਾ ਹੈ ਤੇਰਾ ਇਹ ਦੇਸ਼ ਨਹੀਂ ਕੋਈ ਹੋਰ ਏ,
ਦਿਲ ਵਿੱਚ ਰਹਿਮ ਤੇਰੇ ਨਾ ਕੋਈ ਤੈਨੂੰ ਵਹਿਮ ਏ,
ਨਾ ਤੂੰ ਡਰੇਂ ਕਿਸੇ ਤੋਂ ਸੂਰਮਾ ਨਾ ਤੈਨੂੰ ਕੋਈ ਸਹਿਮ ਏ,
ਦੂਜਿਆਂ ਲਈ ਮਰ ਮਿਟ ਜਾਣ ਵਾਲਾ ਤੂੰ ਕੌਣ ਏਂ,
ਛੇਤੀ ਦੱਸ ਇਹ ਗੱਲ ਲੱਗ ਪਈ ਮੈਨੂੰ ਸਤਾਉਣ ਏ,
ਆਪ ਭੁੱਖਾ ਰਹਿ ਕੇ ਦੂਜਿਆਂ ਨੂੰ ਖਵਾਈ ਜਾਨਾ ਏਂ,
ਆਪ ਔਖਾ ਹੋ ਕੇ ਦੂਜਿਆਂ ਦੇ ਦੁੱਖ ਘਟਾਈ ਜਾਨਾ ਏਂ,
ਜਦੋਂ ਕੋਈ ਹਮਲਾ ਹੋਵੇ ਤੂੰ ਸਭ ਤੋਂ ਅੱਗੇ ਆਉਂਦਾ ਏਂ,
ਕੋਈ ਕੁਦਰਤ ਦੀ ਮਾਰ ਪਵੇ ਭੱਜਾ ਅੱਗੇ ਅਉਨਾ ਏਂ,
ਹੋਵੇ ਚਾਹੇ ਵੱਡੀ ਬਿਮਾਰੀ ਆਪਣੇ ਸਿਰ ਉੱਤੇ ਲੈਨਾ ਏਂ,
ਦੇਸ਼ ਖਾਤਰ ਮਰ ਮਿਟਣ ਦਾ ਜਜ਼ਬਾ ਦਿਖਾਉਨਾਂ ਏਂ,
ਹੁਣ ਨਹੀਂ ਰਹਿ ਹੁੰਦਾ ਛੇਤੀ ਕਰ ਦੱਸ ਮੈਨੂੰ ਤੂੰ ਕੌਣ ਏਂ,
ਲੋਕਾਂ ਲਈ ਮਰ ਮਿਟਣ ਵਾਲਾ ਫਰਿਸ਼ਤਾ ਤੂੰ ਕੌਣ ਏਂ,
ਲੈ ਸੁਣ ਜੇ ਏਨਾ ਤੂੰ ਪੁੱਛੀ ਜਾਂਦਾ ਏਂ ਦੱਸਦਾਂ ਮੈਂ ਕੌਣ ਹਾਂ,
ਤੇਰੇ ਦੇਸ਼ ਦਾ ਹਾਂ ਮੈਂ ਵੀ ਪੰਜਾਬ ਤੇਰਾ ਵੱਡਾ ਭਰਾ ਹਾਂ,
ਜਦੋਂ ਕਦੇ ਲੋੜ ਪਵੇ ਕਦੇ ਪੰਜਾਬੀ ਮੇਰਾ ਪਿੱਛੇ ਨਾ ਹਟੇ,
ਜੇ ਕਿਤੇ ਲੋੜ ਪਵੇ ਅੱਗੇ ਹੋ ਹੋ ਕੇ ਸ਼ਹੀਦੀ ਪਾ ਕੇ ਰਹੇ,
ਸਾਰੇ ਦੇਸ਼ ਦਾ ਅੰਨਦਾਤਾ ਲੋਕਾਂ ਮੈਨੂੰ ਦਿੱਤਾ ਖਿਤਾਬ ਹੈ,
ਪਰ ਮੈਨੂੰ ਮਾਰਨ ਵਾਲਾ ਬੈਠਾ ਕੋਈ ਭਰਾ ਮੇਰਾ ਸ਼ੈਤਾਨ ਏ,
ਹਰ ਸਮੇਂ ਮੈਨੂੰ ਹੇਠਾਂ ਸੁੱਟਣ ਦੀਆਂ ਕੋਸ਼ਿਸ਼ਾਂ ਨੇ ਚੱਲਦੀਆਂ,
ਮੇਰੀਆਂ ਕੁਰਬਾਨੀਆਂ ਦੀਆਂ ਸਜਾਵਾਂ ਮੈਨੂੰ ਮਿਲਦੀਆਂ,
ਦੇਖੀਂ ਇਹ ਪੰਜਾਬ ਮੇਰਾ ਇਹ ਛੇਤੀ ਨਹੀਂਓ ਮਰਦਾ,
ਲੋਕਾਂ ਲਈ ਮਰਨ ਵਾਲਾ ਪੰਜਾਬ ਸਭ ਕੁਝ ਹੈ ਜਰਦਾ,
ਨਾਲੇ ਇਹਦੇ ਉੱਤੇ ਗੁਰੂਆਂ ਦੀਆਂ ਰਹਿਮਤਾਂ ਬਥੇਰੀਆਂ,
ਗੁਰੂਆਂ ਦੇ ਅਸ਼ੀਰਵਾਦ ਨਾਲ ਬਰਕਤਾਂ ਨੇ ਬਥੇਰੀਆਂ,
ਧਰਮਿੰਦਰ ਪੰਜਾਬ ਦੂਜਿਆਂ ਦੇ ਲਈ ਅੱਗੇ ਹੋ ਖੜ ਜਾਵੇ ,
ਮੈਨੂੰ ਹਰਾਉਣ ਵਾਲਾ ਕੋਈ ਨਹੀਂ ਜੇ ਪੰਜਾਬੀ ਅੜ ਜਾਵੇ।
ਧਰਮਿੰਦਰ ਸਿੰਘ ਮੁੱਲਾਂਪੁਰੀ
9872000461
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly