ਪਿੰਡ ਭਲੂਰ ਦੇ 35 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਫੌਜੀ ਦੀ ਹੋਈ ਚਿੱਟੇ ਨਾਲ ਮੌਤ
ਮੋਗਾ/ ਭਲੂਰ (ਬੇਅੰਤ ਗਿੱਲ ਭਲੂਰ) ਪੰਜਾਬ ਵਿੱਚ ਦੁੱਖਾਂ ਦੀ ਕੁਲਹਿਣੀ ਰੁੱਤ ਨੇ ਪੈਰ ਪਸਾਰ ਲਏ ਹਨ। ਨਿੱਤ ਮਾਂਵਾਂ ਵੈਣ ਪਾਉਂਦੀਆਂ ਤੇ ਸੁਹਾਗਣਾਂ ਨਿੱਤ ਅਭਾਗਣਾਂ ਹੋ ਕੇ ਕੀਰਨੇ ਪਾਉਣ ਜੋਗੀਆਂ ਰਹਿ ਗਈਆਂ ਹਨ। ਚਿੱਟੇ ਦਾ ਅੱਤਵਾਦ ਪੰਜਾਬ ਦੇ ਘਰ ਘਰ ਵੜਦਾ ਜਾ ਰਿਹਾ ਹੈ।ਹਰ ਰੋਜ਼ ਪਿੰਡਾਂ ਵਿਚ ਸੱਥਰ ਵਿਛ ਰਹੇ ਹਨ। ਅੱਜ ਪਿੰਡ ਭਲੂਰ ਵਿਖੇ ਚਿੱਟੇ ਦੇ ਨਸ਼ੇ ਨੇ ਇਕ ਹੋਰ ਨੌਜਵਾਨ ਦੀ ਜਾਨ ਲੈ ਲਈ ਹੈ। ਮੌਕੇ ‘ਤੇ ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮੋਗਾ ਜ਼ਿਲ੍ਹੇ ਦੇ ਪਿੰਡ ਭਲੂਰ ਦੇ 37 ਸਾਲਾ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਫੌਜੀ ਸਪੁੱਤਰ ਜ਼ੋਰਾ ਸਿੰਘ ਨੂੰ ਪਿਛਲੇ ਸਮੇਂ ਤੋਂ ਲਗਾਤਾਰ ਚਿੱਟੇ ਦੇ ਨਸ਼ੇ ਦਾ ਰੋਗ ਲੱਗ ਚੁੱਕਾ ਸੀ। ਇਸ ਆਦਤ ਨੇ ਉਸਨੂੰ ਸਦਾ ਦੀ ਨੀਂਦ ਸੁਲਾ ਦਿੱਤਾ। ਅੱਜ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਉਸਦੀ ਮੌਤ ਹੋਣ ਦੀ ਦਿਲ ਕੰਬਾਊ ਖ਼ਬਰ ਨੇ ਇਲਾਕੇ ਅੰਦਰ ਸਹਿਮ ਦਾ ਮਾਹੌਲ ਬਣਾ ਦਿੱਤਾ। ਮਨਪ੍ਰੀਤ ਸਿੰਘ ਜਿਸਦਾ ਛੋਟਾ ਨਾਂਅ ਫ਼ੌਜੀ ਸੀ, ਆਪਣੇ ਪਿਤਾ ਨਾਲ ਖੇਤੀਬਾੜੀ ਦਾ ਧੰਦਾ ਕਰਦਾ ਸੀ। ਉਹ ਚਿੱਟੇ ਦੇ ਜਾਲ਼ ਵਿੱਚ ਅਜਿਹਾ ਫਸਿਆ ਕਿ ਅੱਜ ਜ਼ਿੰਦਗੀ ਤੋਂ ਹੱਥ ਧੋ ਬੈਠਾ ਹੈ। ਇਸ ਮੌਕੇ ਉਹ ਆਪਣੇ ਪਿੱਛੇ ਛੇ ਸਾਲ ਦਾ ਮਾਸੂਮ ਬੇਟਾ ਤੇ ਮਾਪਿਆਂ ਨੂੰ ਵਿਲਕਦੇ ਛੱਡ ਗਿਆ ਹੈ। ਇਸ ਮੌਕੇ ਹਾਜ਼ਰ ਲੋਕਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਪਹਿਲਾ ਵਾਅਦਾ ਇਹੀ ਕੀਤਾ ਸੀ ਕਿ ਚਿੱਟੇ ਦੇ ਨਸ਼ੇ ਨੂੰ ਜੜ੍ਹ ਤੋਂ ਖਤਮ ਕਰ ਦਿਆਂਗੇ ਪਰ ਇਹ ਧੰਦਾ ਜੋਰ ਸੋ਼ਰ ਨਾਲ ਸ਼ਰੇਆਮ ਚੱਲ ਰਿਹਾ ਹੈ। ਲੋਕਾਂ ਨੇ ਰੋਸ ਵਜੋਂ ਸਰਕਾਰ ਨੂੰ ਕੋਸਦਿਆਂ ਮੰਗ ਕੀਤੀ ਹੈ ਕਿ ਸਰਕਾਰ ਇਸ ਪਾਸੇ ਜਲਦ ਧਿਆਨ ਦੇਵੇ। ਪਿੰਡ ਭਲੂਰ ਦੇ ਹਾਲਾਤ ਇਹ ਬਣ ਚੁੱਕੇ ਹਨ ਕਿ ਨੌਜਵਾਨ ਬੁਰੀ ਤਰ੍ਹਾਂ ਇਸ ਚਿੱਟੇ ਦੇ ਅੱਤਵਾਦ ਦੀ ਲਪੇਟ ਵਿਚ ਫਸ ਰਹੇ ਹਨ । ਇਸ ਪਰਿਵਾਰ ਵਿੱਚ ਚਿੱਟੇ ਨੇ ਦੋ ਨੌਜਵਾਨਾਂ ਨੂੰ ਖਤਮ ਕਰ ਦਿੱਤਾ ਹੈ।ਸਾਲ ਪਹਿਲਾਂ ਜ਼ੋਰਾ ਸਿੰਘ ਦੇ ਭਰਾ ਦਾ ਬੇਟਾ ਵੀ ਚਿੱਟੇ ਦੀ ਵੱਧ ਮਾਤਰਾ ਲੈਣ ਕਾਰਨ ਮੌਤ ਦੇ ਮੂੰਹ ਵਿੱਚ ਚਲਾ ਗਿਆ। ਇਸ ਪਰਿਵਾਰ ਉੱਪਰ ਨਸ਼ਾ ਕਹਿਰ ਬਣਕੇ ਆਇਆ ਹੈ। ਜ਼ੋਰਾ ਸਿੰਘ ਦਾ ਵੱਡਾ ਬੇਟਾ ਸ਼ਰਾਬ ਦੇ ਸੇਵਨ ਕਰਨ ਨਾਲ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਿਆ ਸੀ ਅਤੇ ਹੁਣ ਛੋਟਾ ਬੇਟਾ ਚਿੱਟੇ ਨੇ ਖਾ ਲਿਆ। ਇਸ ਦੁੱਖ ਦੀ ਘੜੀ ਵਿਚ ਸਮੂਹ ਪਿੰਡ ਵਾਸੀਆਂ ਨੇ ਪਰਿਵਾਰ ਨਾਲ ਹਮਦਰਦੀ ਦਾ ਇਜ਼ਹਾਰ ਕੀਤਾ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly