(ਸਮਾਜ ਵੀਕਲੀ)-ਸਵੇਰੇ ਉਠਦਿਆਂ ਹੀ ਗੁਵਾਂਢ ਵਿਚ ਕਿਸੇ ਦੇ ਰੋਣ ਕੁਰਲਾਉਣ ਦੀ ਅਵਾਜ਼ ਨੇ ਪੈਰਾਂ ਥੱਲਿਓਂ ਜ਼ਮੀਨ ਖਿਸਕਾ ਦਿੱਤੀ ਸੀ। ਤੇਜ਼ ਹੋਈ ਧੜਕਣ ਦੀ ਅਵਾਜ਼ ਮੈਨੂੰ ਸਾਫ਼ ਸੁਣਾਈ ਦੇ ਰਹੀ ਸੀ । ਹੇ ਵਾਹਿਗੁਰੂ ਭਲਾ ਕਰੀ। ਕੋਈ ਭਾਣਾ ਵਾਪਰ ਗਿਆ ਲਗਦਾ। ਸੁਖ ਹੋਵੇ, ਮੈਂ ਵਾਹੋਦਾਹੀ ਬਾਹਲਾ ਗੇਟ ਖੋਲ੍ਹ ਸੜਕ ਤੇ ਆ ਗਿਆ ਸੀ। ਸਾਹਮਣੇ ਨਾਜ਼ਰ ਆਉਂਦਾ ਦਿਖਾਈ ਦਿੱਤਾ। ਨਾਜ਼ਰ ਬਰਾਬਰ ਆਇਆ ਤਾਂ ਮੈਂ ਪੁੱਛਿਆ, ਨਾਜ਼ਰਾ ਕੀ ਗੱਲ ਹੋਈ? ਨਾਜ਼ਰ ਨੇ ਹੈਰਾਨ ਹੁੰਦਿਆਂ ਪੁਛਿਆ ਤੈਨੂੰ ਨਹੀਂ ਪਤਾ। ਮੈਂ ਬੇ ਵਸੀ ਵਿਚ ਨਾਂਹ ਕਹਿੰਦਿਆਂ ਸਿਰ ਹਿਲਾਇਆ। ਆਪਣੇ ਕਿਸ਼ਨ ਸਿਉਂ ਦਾ ਬੂਟਾ ਨਹੀਂ ਰਿਹਾ। ਮੈਂ ਖੁਦ ਨੂੰ ਸੰਭਾਲਿਆ, ਤੇ ਠੰਡਾ ਹਾਉਕਾ ਭਰਦਿਆਂ ਪੁਛਿਆ। ਕਦੋਂ? ਤੜਕੇ ਤਿੰਨ ਕੁ ਵੱਜੇ ਪ੍ਰਾਣ ਛੱਡ ਗਿਆ ਕਹਿੰਦੇ। ਮੈਂ ਨਾਜ਼ਰ ਦੇ ਨਾਲ ਹੀ ਕਿਸ਼ਨ ਸਿਉਂ ਦੇ ਘਰ ਨੂੰ ਹੋ ਤੁਰਿਆ। ਅਜੇ ਕਿਸ਼ਨ ਸਿਉਂ ਦੇ ਵਿਹੜੇ ਪੈਰ ਹੀ ਪਾਇਆ ਸੀ ਕਿ ਕਿਸ਼ਨ ਸਿਉਂ ਦੀ ਵੱਡੀ ਕੁੜੀ ਛਿੰਦੋ ਮੇਰੇ ਗਲ ਚੁੰਬੜ ਗਈ , ਚਾਚਾ ਅਸੀਂ ਉਜੜ ਗਏ ਸਾਡਾ ਤਿੰਨ ਭੈਣਾਂ ਦਾ ਇਕ ਵੀਰ ਜੀ, ਚਾਚਾ ਦਸ ਅਸੀਂ ਕੀ ਪਾਪ ਕੀਤੇ, ਕਿਹੜੇ ਮਾੜੇ ਕਰਮ ਹੋ ਗਏ ਸਾਡੇ ਕੋਲੋਂ, ਰੱਬ ਨੇ ਸਾਡੀ ਬਾਂਹ ਭੰਨ ਦਿੱਤੀ, ਚਾਚਾ ਮੈਨੂੰ ਮੇਰਾ ਵੀਰ, ਹਾਏ ਉਏ ਬੂਟਿਆਂ ਤੂੰ ਉਠਦਾ ਕਿਓਂ ਨਹੀਂ ਵੇ । ਛਿੰਦੋ ਦੇ ਦਰਦ ਭਰੇ ਵੈਣ ਸੁਣ ਮੇਰੀ ਧਾਹ ਨਿਕਲ ਗਈ। ਮੈਂ ਛਿੰਦੋ ਨੂੰ ਛੱਡ ਬੂਟੇ ਦੀ ਲਾਸ਼ ਕੋਲ ਖੜਾ ਸੁੰਨ ਹੋ ਗਿਆ ਸੀ। ਤਾਂ ਮੀਤੇ ਨੇ ਮੇਰੇ ਮੌਢੇ ਤੇ ਹੱਥ ਰੱਖਦਿਆਂ ਕਿਹਾ। ਕੀ ਦੇਖਦਾ ਵੀਰ? ਮੇਰੇ ਮੂੰਹੋਂ ਨਿਕਲਿਆ ਬੂਟਾ, ਹਾਂ ਬੂਟਾ ,ਨਹੀਂ ਰਿਹਾ ਛੱਡ ਗਿਆ ਕਿਸ਼ਨ ਸਿਉਂ ਨੂੰ ਬੁਢਾਪੇ ਵਿਚ ਜਵਾਨ ਪੁੱਤ ਦੀ ਅਰਥੀ ਚੁੱਕਣੀ ਬਹੁਤ ਔਖੀ ਆ ਵੀਰੇ। ਮਾਂ ਤਾਂ ਅੱਗੇ ਹੀ ਅੱਖਾਂ ਦੀ ਰੌਸ਼ਨੀ ਗਵਾਈ ਬੈਠੀ ਸੀ ਤੇ ਹੁਣ ਬੂਟੇ ਦੇ ਘਰ ਵਾਲੀ ਤੇ ਬੱਚਿਆਂ ਦਾ ਬੋਝ ਵੀ ਕਿਸ਼ਨ ਸਿਉਂ ਤੇ ਆ ਪਿਆ। ਪਤਾ ਕਿਸ਼ਨ ਸਿਉਂ? ਕਿਸ਼ਨ ਸਿਉਂ ਨੂੰ ਹਸਪਤਾਲ ਦਾਖਲ ਕਰਵਾਇਆ ਪੁਤ ਦਾ ਸਦਮਾਂ ਬਰਦਾਸ਼ਤ ਨਹੀਂ ਹੋਇਆ ਉਸ ਤੋਂ ਚਾਚਾ ਜੀ ਨਰਿੰਦਰ ਬੋਲਿਆ। ਅਸੀਂ ਘਰ ਆ ਰਹੇ ਲੋਕਾਂ ਨੂੰ ਸੰਭਾਲਣ ਵਿਚ ਲਗ ਗਏ ਸੀ । ਦੇਹ ਦੀ ਸੰਭਾਲ ਲਈ ਸਿਵਿਆਂ ਵਿੱਚ ਬਾਲਣ ਧਰਮ ਸਿਓ ਗੱਡੇ ਉੱਤੇ ਛੱਡ ਆਇਆ ਸੀ। ਸਰਪੰਚ ਦੀ ਅਵਾਜ਼ ਆਈ , ਰਿਸ਼ਤੇਦਾਰ ਆ ਗਏ ਆ , ਹੁਣ ਬੂਟੇ ਨੂੰ ਇਸ਼ਨਾਨ ਕਰਵਾਓ , ਘਰ ਦੇ ਵਿਹੜੇ ਵਿੱਚ ਫੱਟੇ ਤੇ ਲਾਸ਼ ਬਣੇ ਹੋਏ ਬੂਟੇ ਦੇ ਚਿਹਰੇ ਵੱਲ ਮੈਂ ਗਹੁ ਨਾਲ ਦੇਖਿਆ। ਸੱਚ ਮੁੱਚ ਪੜ੍ਹਾਈ ਵਿਚ ਬਹੁਤ ਹੁਸ਼ਿਆਰ ਸੀ ਬੂਟਾ, ਇਹ ਤਾਂ ਕਬੱਡੀ ਦਾ ਇੱਕ ਨੰਬਰ ਦਾ ਖਿੜਾਈ ਸੀ। ਇਕ ਵਾਰ ਬੂਟੇ ਨੇ ਥਾਣੇਦਾਰ ਦਾ ਗੁੱਟ ਫੜ ਲਿਆ ਸੀ ਤੇ ਉਸ ਤੋਂ ਛੁਡਵਾਇਆ ਨਾ ਗਿਆ। ਮੈਂ ਝਿੜਕਿਆ ਤਾਂ ਸ਼ਰਮ ਮਹਿਸੂਸ ਕਰਦਿਆਂ ਛੱਡ ਦਿੱਤਾ। ਹੋਰ ਤਾਂ ਹੋਰ ਲਿਖਦਾ ਬਹੁਤ ਸੋਹਣਾ ਸੀ। ਧਾਰਮਿਕ ਸਮਾਗਮਾਂ ਤੇ ਵਿਆਹ ਸ਼ਾਦੀਆਂ ਵਿਚ ਸਭ ਤੋਂ ਮੋਹਰੇ ਹੋ ਕੇ ਕੰਮ ਸੰਭਾਲਦਾ। ਸੱਚਮੁੱਚ ਅੱਜ ਕਿਸ਼ਨ ਸਿਉਂ ਦੇ ਘਰ ਵਿਚੋਂ ਬੂਟਾ ਪੁਟਿਆ ਗਿਆ। ਮੇਰੀਆਂ ਅੱਖਾਂ ਭਰ ਆਈਆਂ। ਅਰਦਾਸ ਤੋਂ ਬਾਅਦ ਬੂਟੇ ਦੀ ਅਰਥੀ ਚੁੱਕੀ ਪਿੰਡ ਵਾਲੇ ਸ਼ਮਸ਼ਾਨ ਘਾਟ ਵੱਲ ਹੋ ਤੁਰੇ। ਸਾਮਣੇ ਧੂੜ ਉਡਾਉਂਦੀ ਮੰਤਰੀ ਦੀ ਗੱਡੀ ਵੀ ਆ ਰੁਕੀ ਸੀ। ਇਹ ਉਹੀ ਮੰਤਰੀ ਸੀ ਜਿਸ ਨੂੰ ਬੂਟਾ ਜਾਂਦੀ ਵਾਰ ਦੀ ਵੋਟ ਪਾ ਗਿਆ ਸੀ। ਮੈਂ ਗਰਮੀਤ ਨੂੰ ਪੁੱਛਿਆ ਯਾਰ ਨਾਲੇ ਨਸ਼ਾ ਛੁਡਾਊ ਕੈਂਪ ਵਿਚ ਦਾਖਲ ਕਰਵਾਇਆ ਸੀ ਫਿਰ ਕੀ ਹੋਇਆ। ਗਰਮੀਤ ਬੋਲਿਆ, ਕਰਵਾਇਆ ਸੀ ਥੋੜਾ ਸੁਧਾਰ ਵੀ ਹੋ ਗਿਆ ਸੀ। ਡਾਕਟਰ ਕਹਿੰਦਾ ਚਿੱਟੇ ਦਾ ਇਲਾਜ ਹੈ ਨਹੀਂ। ਬੂਟਾ ਸਿਵਲ ਹਸਪਤਾਲ ਖੁੱਲੇ ਨਸ਼ ਛੁਡਾਊ ਕੇਂਦਰ ਤੋਂ ਜੀਬ ਥੱਲੇ ਰੱਖਣ ਵਾਲੀਆਂ ਗੋਲੀਆਂ ਖਾਣ ਲਗ ਪਿਆ ਸੀ। ਸਿਹਤ ਵੀ ਕੁਝ ਠੀਕ ਸੀ। ਪਰ ਫਿਰ ਕੀ ਹੋਇਆ ਮੈਂ ਉਤਸੁਕਤਾ ਨਾਲ ਪੁੱਛਿਆ? ਗਰਮੀਤ ਬੋਲਿਆ ਚਾਚਾ ਤੈਨੂੰ ਤਾਂ ਪਤਾ ਈ ਆ ਆਪਣੇ ਹਸਪਤਾਲ ਦੀ ਹਾਲਤ ਦਾ । ਸਾਰਾ ਖੰਡਰ ਬਣਿਆ ਹੋਇਆ ਆ , ਨਾ ਗੇਟ ਨਾ ਚਾਰ ਦਿਵਾਰੀ ਇਧਰ ਨਸ਼ਾ ਛੁਡਾਊ ਕੇਂਦਰ ਤੇ ਅਮਲੀਆਂ ਦਾ ਤਾਂਤਾ ਲੱਗਿਆ ਰਹਿੰਦਾ ਤੇ ਉਧਰ ਹਸਪਤਾਲ ਦੀ ਖੰਡਰ ਹੋਈ ਪਾਣੀ ਵਾਲੀ ਟੈਂਕੀ ਕੋਲ ਸ਼ਰੇਆਮ ਝਾੜੀਆਂ ਵਿਚ ਚਿੱਟਾ ਵਿਕਦਾ ਤੇ ਭਰ ਭਰ ਕੇ ਟੀਕੇ ਸਰਿੰਜਾਂ ਨਾਲ ਲਾਉਂਦੇ ਆ। ਕਿਹਨੂੰ ਨੀ ਪਤਾ , ਪਰ ਚਾਚਾ ਬੋਲਦਾ ਕੋਈ ਨੀ, ਬੂਟਾ ਵੀ ਉਨ੍ਹਾਂ ਦੀ ਜੁੰਡਲੀ ਵਿਚ ਬੈਠਦਾ ਸੀ ਰਾਤ ਜ਼ਿਆਦਾ ਲਾ ਲਿਆ। ਚਾਚਾ ਰੱਬ ਰਾਖਾ ਹੁਣ ਕੀ ਬਣੂੰ। ਪਰਿਵਾਰ ਨੂੰ ਮੂੰਹ ਦਿਖਾਉਣ ਤੋਂ ਬਾਅਦ ਬੂਟੇ ਦੀ ਲਾਸ਼ ਚਿਖ਼ਾ ਤੇ ਰੱਖ ਦਿੱਤੀ ਸੀ ਮੰਤਰੀ ਵੱਲੋਂ ਅਫਸੋਸ ਜ਼ਾਹਰ ਕੀਤਾ ਗਿਆ। ਪੁਲਿਸ ਮੂਕ ਦਰਸ਼ਕ ਬਣੀ ਦੇਖਦੀ ਰਹੀ ਤੇ ਕਿਸ਼ਨ ਸਿਉਂ ਨੇ ਇਕਲੋਤੇ ਪੁੱਤਰ ਦੀ ਲਾਸ਼ ਨੂੰ ਲਾਭੂ ਲਗਾ ਦਿੱਤਾ ਸੀ। ਪਾਠੀ ਵੱਲੋਂ ਅਲਾਣੀਆ ਦਾ ਪਾਠ ਕੀਤਾ ਜਾ ਰਿਹਾ ਸੀ। ਪਰ ਅਚਨਚੇਤ ਮੇਰਾ ਧਿਆਨ ਸ਼ਮਸ਼ਾਨ ਘਾਟ ਤੋਂ ਉਠੇ ਧੂਏਂ ਵੱਲ ਚਲਾ ਗਿਆ ਜਿਸਦਾ ਰੰਗ ਵੀ ਪਿਉਰ ਚਿੱਟਾ ਸੀ। ਮੈਨੂੰ ਨਾਜ਼ਰ ਨੇ ਪੁੱਛਿਆ ਕੀ ਦੇਖ ਰਿਹਾ? ਮੈਂ ਕਿਹਾ ਕੁਝ ਨਹੀਂ ਬਸ ਚਿੰਟਾ ਧੂਆਂ ਦੇਖ ਰਿਹਾ ਸੀ।
ਲੇਖਕ:- ਪੱਤਰਕਾਰ ਹਰਜਿੰਦਰ ਸਿੰਘ ਚੰਦੀ
ਵਾਸੀ ਮਹਿਤਪੁਰ ਨਕੋਦਰ ਜਲੰਧਰ ਮੋਬਾਈਲ 9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly