ਕੋਰੜਾ

ਅਮਰ ਸੂਫ਼ੀ

(ਸਮਾਜ ਵੀਕਲੀ)

ਅੱਜ ਕੱਲ੍ਹ ਮੀਤ ਪੋਤੜੇ ਫਰੋਲਦਾ।
ਪੜ੍ਹ, ਖ਼ੌਰੇ ਕੌਣ ਕੌਣ ਵਿਸ ਘੋਲਦਾ।

ਚੁੱਕਿਆ ਜੋ ਉਸ, ਮੁੱਦਾ ਹੈ ਕਮਾਲ ਦਾ।
ਖ਼ੌਰੇ ਸਾਰੀ ਸੂਚਨਾ ਉਹ ਕਿੰਞ ਭਾਲਦਾ।
ਸੱਚ ਕਹਿਣੋ ਚੰਦਰਾ ਕਦੇ ਨਾ ਡੋਲਦਾ।
ਅੱਜ ਕੱਲ੍ਹ ਮੀਤ ਪੋਤੜੇ ਫਰੋਲਦਾ।
ਪੜ੍ਹ, ਖ਼ੌਰੇ ਕੌਣ ਕੌਣ ਵਿਸ ਘੋਲਦਾ।

ਲਿਖਤੀ ਸਬੂਤ, ਕਰੇ ਤੱਥ ਪੇਸ਼ ਉਹ।
ਸੱਚ ਉੱਤੇ ਪਹਿਰਾ ਦਿੰਦਾ ਹੈ ਹਮੇਸ਼ ਉਹ।
ਭੁੱਬਲ ਗਰਮ, ਹੱਥ ਨਾਲ ਫ਼ੋਲਦਾ।
ਅੱਜ ਕੱਲ੍ਹ ਮੀਤ ਪੋਤੜੇ ਫਰੋਲਦਾ।
ਪੜ੍ਹ, ਖ਼ੌਰੇ ਕੌਣ ਕੌਣ ਵਿਸ ਘੋਲਦਾ।

ਪੁਖਤਾ ਸਬੂਤ ਉਹਦੇ ਕੋਲੇ ਖ਼ੂਬ ਨੇ।
ਪਤਾ ਲੱਗੇ, ਕਿਹੜੇ ਕਿਹੜੇ ਮਨਸੂਬ ਨੇ।
ਵੇਰਵਾ ਹੈ ਪੱਕਾ, ਸਭ ਪੋਲ ਖੋਲ੍ਹ ਦਾ।
ਅੱਜ ਕੱਲ੍ਹ ਮੀਤ ਪੋਤੜੇ ਫਰੋਲਦਾ।
ਪੜ੍ਹ, ਖ਼ੌਰੇ ਕੌਣ ਕੌਣ ਵਿਸ ਘੋਲਦਾ।

ਡੋਲ ਗਿਆ ਜ਼ੁੰਮੇਵਾਰਾਂ ਦਾ ਇਮਾਨ ਜੀ।
ਤਨ, ਧਨ ਵਿਚ ਰੱਖਦੇ ਧਿਆਨ ਜੀ।
ਚੰਗੀ ਰਚਨਾ ਨੂੰ ਪੱਖ-ਪਾਤ ਰੋਲਦਾ।
ਅੱਜ ਕੱਲ੍ਹ ਮੀਤ ਪੋਤੜੇ ਫਰੋਲਦਾ।
ਪੜ੍ਹ, ਖ਼ੌਰੇ ਕੌਣ ਕੌਣ ਵਿਸ ਘੋਲਦਾ।

ਸਾਹਿਤਕਾਰਾਂ ਵਿਚਲਾ ਰੁਝਾਨ ਚੰਦਰਾ।
ਕਰੀ ਜਾਂਦਾ ਡਾਢਾ ਨੁਕਸਾਨ ਚੰਦਰਾ।
ਰੇੜ੍ਹੀ ਵਾਲਾ ਫਿਰਦਾ ਇਨਾਮ ਟੋਲ਼ਦਾ।
ਅੱਜ ਕੱਲ੍ਹ ਮੀਤ ਪੋਤੜੇ ਫਰੋਲਦਾ।
ਪੜ੍ਹ, ਖ਼ੌਰੇ ਕੌਣ ਕੌਣ ਵਿਸ ਘੋਲਦਾ।

ਕਹਿੰਦੇ ਚਿਹਰੇ ਵੇਖ ਕੇ ਹੀ ਹੋਣ ਫ਼ੈਸਲੇ।
ਮਾੜੇ ਫ਼ੈਸਲੇ ‘ਤੇ ਫਿਰ ਰੋਣ ਫ਼ੈਸਲੇ।
ਖੋਟਾ ਜੌਹਰੀ ਹੀਰੇ ਤਾਈਂ ਪੈਰੀਂ ਰੋਲਦਾ।
ਅੱਜ ਕੱਲ੍ਹ ਮੀਤ ਪੋਤੜੇ ਫਰੋਲਦਾ।
ਪੜ੍ਹ, ਖ਼ੌਰੇ ਕੌਣ ਕੌਣ ਵਿਸ ਘੋਲਦਾ।

ਹੁਣ ਤਕ ਸਾਹਮਣੇ ਜੋ ਆਏ ਤੱਥ ਨੇ।
ਦੱਸੋ, ਕੀਤਾ ਕੀ ਹੈ ਲੇਖਕਾਂ ਦੀ ਸੱਥ ਨੇ।
ਯਾਰੋ,ਇਹ ਵਿਸ਼ਾ ਹੈ ਡੂੰਘੀ ਪੜਚੋਲ ਦਾ।
ਅੱਜ ਕੱਲ੍ਹ ਮੀਤ ਪੋਤੜੇ ਫਰੋਲਦਾ।
ਪੜ੍ਹ, ਖ਼ੌਰੇ ਕੌਣ ਕੌਣ ਵਿਸ ਘੋਲਦਾ।

ਪਤਾ ਹੁੰਦੈ, ਕਿਹੜੇ ਨੇ ਇਨਾਮ ਡੁੱਕਣਾ।
ਕਿਹੜਾ ਜੁੰਡੀਦਾਰ ਹੈ ਉਤਾਂਹ ਚੁੱਕਣਾ।
ਦੇਣਾ ਹੈ ਖਿਤਾਬ ਕੀਹਨੂੰ ‘ਅਨਮੋਲ’ ਦਾ।
ਅੱਜ ਕੱਲ੍ਹ ਮੀਤ ਪੋਤੜੇ ਫਰੋਲਦਾ।
ਪੜ੍ਹ, ਖ਼ੌਰੇ ਕੌਣ ਕੌਣ ਵਿਸ ਘੋਲਦਾ।

ਹੋਰ ਆਖਾਂ ਕੀ ਮੈਂ, ਇੱਥੇ ਗੱਲ ਮੁੱਕਦੀ।
ਹੁਣ ਇੱਥੇ ਪੁੱਛ ਗਿੱਛ ਝੋਲੀ ਚੁੱਕ ਦੀ।
ਝੂਠ ਰਤਾ ਵੀ ਨਾ, ‘ਸੂਫ਼ੀ’ ਸੱਚ ਬੋਲਦਾ।
ਅੱਜ ਕੱਲ੍ਹ ਮੀਤ ਪੋਤੜੇ ਫਰੋਲਦਾ।
ਪੜ੍ਹ, ਖ਼ੌਰੇ ਕੌਣ ਕੌਣ ਵਿਸ ਘੋਲਦਾ।

ਅਮਰ ‘ਸੂਫ਼ੀ’

ਸੰਪਰਕ: 98555-43660″

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤਰਕਸ਼ੀਲਾਂ ਵੱਲੋਂ ‘ਖੇਤੀ ਸੰਕਟ ਤੇ ਵਿਗਿਆਨਕ ਪਹੁੰਚ, ਪੁਸਤਕ ਕਿਸਾਨਾਂ ਵਿੱਚ ਵੰਡੀ
Next articleਕਿਸਾਨਾਂ ਵੱਲੋਂ ਸ਼ੰਭੂ, ਜ਼ੀਰਕਪੁਰ-ਕਾਲਕਾ ਅਤੇ ਨੱਗਲ ਟੌਲ ਪਲਾਜ਼ਾ ਜਾਮ; ਹਰਿਆਣਾ ਰੋਡਵੇਜ਼ ਵੱਲੋਂ ਬੱਸ ਸੇਵਾਵਾਂ ਠੱਪ