(ਸਮਾਜ ਵੀਕਲੀ)
ਦੁੱਖ-ਸੁੱਖ ਜ਼ਿੰਦਗੀ ਦੇ ਜਾਂਦੇ ਜਰ ਨੇ
ਦੂਜਿਆਂ ਦੇ ਗਮਾਂ ਨੂੰ ਵੀ ਜਾਂਦੇ ਹਰ ਨੇ
ਦਿੰਦੇ ਨਾ ਮੁਕੱਦਰਾਂ ਨੂੰ ਦੋਸ਼ ਦੋਸਤੋ
ਰੱਖਣ ਇਰਾਦੇ ਜਿਹੜੇ ਠੋਸ ਦੋਸਤੋ
ਗੱਲ ਗੱਲ ਉੱਤੇ ਨਾ ਉਹ ਗੁੱਸਾ ਕਰਦੇ
ਹਰ ਵੇਲੇ ਖੁਸ਼ੀਆਂ ਦੇ ਦਮ ਭਰਦੇ
ਕਰਦੇ ਨਾ ਕਿਸੇ ਨਾਲ਼ ਰੋਸ ਦੋਸਤੋ
ਰੱਖਣ ਇਰਾਦੇ ਜਿਹੜੇ ਠੋਸ ਦੋਸਤੋ
ਹਿੰਮਤ ਦਲੇਰੀ ਉਹ ਖ਼ਾਸ ਰੱਖਦੇ
ਜਿੱਥੇ ਕਿਤੇ ਚਾਹੇ ਉਹ ਰਹਿਣ ਵੱਸਦੇ
ਖੋਹਣ ਨਹੀਂ ਆਪਣੀ ਉਹ ਹੋਸ਼ ਦੋਸਤੋ
ਰੱਖਣ ਇਰਾਦੇ ਜਿਹੜੇ ਠੋਸ ਦੋਸਤੋ
ਪਿਆਰ ਮੁਹੱਬਤ ਦਾ ਗਹਿਣਾ ਪਾਉਂਦੇ
ਹਰ ਦਮ ਖੁਸ਼ੀ ਵਿੱਚ ਰਹਿਣ ਗਾਉਂਦੇ
ਹਾਸੇ ਵਿਚ ਰਹਿਣ ਮਦਹੋਸ਼ ਦੋਸਤੋ
ਰੱਖਣ ਇਰਾਦੇ ਜਿਹੜੇ ਠੋਸ ਦੋਸਤੋ
ਕਦਰਾਂ ਤੇ ਕੀਮਤਾਂ ਕਦੇ ਨਾ ਭੁੱਲਦੇ
ਮਾੜੀ ਚੀਜ਼ ਉੱਤੇ ਵੀ ਕਦੇ ਨਾ ਡੁੱਲਦੇ
ਕਰਨ ਨਾ ਕਿਸੇ ਨੂੰ ਨਿਮੋਸ਼ ਦੋਸਤੋ
ਰੱਖਣ ਇਰਾਦੇ ਜਿਹੜੇ ਠੋਸ ਦੋਸਤੋ
ਕਿਰਦਾਰ ਆਪਣੇ ਨੂੰ ਉੱਚਾ ਰੱਖਦੇ
ਖਾਣ-ਪੀਣ ਆਪਣੇ ਨੂੰ ਸੁੱਚਾ ਰੱਖਦੇ
ਹੁੰਦੇ ਨਹੀਂ ਕਦੇ ਵੀ ਬੇਹੋਸ਼ ਦੋਸਤੋ
ਰੱਖਣ ਇਰਾਦੇ ਜਿਹੜੇ ਠੋਸ ਦੋਸਤੋ
ਆਸ-ਪਾਸ ਕਦੀ ਨਾ ਉਹ ਗੰਦ ਪਾਂਵਦੇ
ਛੱਡਣ ਨਿਸ਼ਾਨ ਜਿੱਥੋਂ ਲੰਘ ਜਾਂਵਦੇ
ਰਾਹਾਂ ਵਿੱਚ ਭਰ ਦੇਣ ਜੋਸ਼ ਦੋਸਤੋ
ਰੱਖਣ ਇਰਾਦੇ ਜਿਹੜੇ ਠੋਸ ਦੋਸਤੋ
ਮੰਜ਼ਿਲਾਂ ਨੂੰ ਸਦਾ ਉਹ ਸਰ ਕਰਦੇ
ਜਣੇ-ਖਣੇ ਉੱਤੇ ਨਾ ਕਦੇ ਵੀ ਮਰਦੇ
ਵਿੱਦਿਆ ਦਾ ਬਣ ਜਾਣ ਕੋਸ਼ ਦੋਸਤੋ
ਰੱਖਣ ਇਰਾਦੇ ਜਿਹੜੇ ਠੋਸ ਦੋਸਤੋ
ਵੀਨਾ ਬਟਾਲਵੀ ( ਪੰਜਾਬੀ ਅਧਿਆਪਕਾ )
ਸ ਸ ਸ ਸਕੂਲ ਕਿਲ੍ਹਾ ਟੇਕ ਸਿੰਘ-ਬਟਾਲਾ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly