(ਸਮਾਜ ਵੀਕਲੀ)
ਮੰਦਰ ਮਸਜਿਦ ਤੋੜ ਫੋੜ ਕੇ,ਕੀ ਇਹ ਧਰਮ ਨਿਭਾਉਂਦਾ ਬੰਦਾ।
ਖ਼ੂਨ ਨਾਲ ਤਲਵਾਰਾਂ ਰੰਗ ਕੇ, ਕਿਹੜਾ ਰੱਬ ਮਨਾਉਂਦਾ ਬੰਦਾ ?
ਰੱਬ ਦਾ ਘੜਿਆ ਬੁੱਤ ਫੂਕਣਾ,ਗੀਤਾ ਦੇ ਵਿੱਚ ਕਿੱਥੇ ਲਿਖਿਆ।
ਨਫ਼ਰਤ ਵਾਲੇ ਬੀਜ਼ ਉਗਾਉਣੇ,ਵਿੱਚ ਕੁਰਆਨ ਕਿਤੇ ਨਹੀਂ ਦਿਸਿਆ।
ਆਖਿਰ ਕਿੱਥੇ ਪੜਿਆ ਇਹਨੇ, ਜਿਹੜੇ ਫਰਜ਼ ਨਿਭਾਉਂਦਾ ਬੰਦਾ।
ਵਿੱਚ ਫਿਜ਼ਾਵਾਂ ਜ਼ਹਿਰ ਘੋਲ ਕੇ , ਕਿਹੜਾ ਰੱਬ ਮਨਾਉਂਦਾ ਬੰਦਾ?
ਵੰਡ ਦੇ ਵੇਖ ਫ਼ਰੋਲ ਕੇ ਵਰਕੇ,ਹੋ ਜਾਣੇ ਸਭ ਦੂਰ ਭੁਲੇਖੇ।
ਬੈਠੀ ਕੋਲ ਸਿਆਣਿਆਂ ਦੇ ਜਾ,ਜਿਸਨੇਂ ਖ਼ੂਨੀ ਮੰਜ਼ਰ ਦੇਖੇ।
ਅੱਜ ਵੀ ਉਹ ਸੰਤਾਪ ਭੋਗਦੀ,ਰੂਹਾਂ ਜਿਹੜੀ ਸਤਾਉਂਦਾ ਬੰਦਾ।
ਭਾਈਚਾਰੇ ਦਾ ਕਤਲ ਕਰਾਕੇ, ਕਿਹੜਾ ਰੱਬ ਮਨਾਉਂਦਾ ਬੰਦਾ?
ਸੂਰਜ ਚੰਦ ਆਕਾਸ਼ ਲਈ ਤੂੰ,ਦੱਸ ਬਗਾਵਤ ਕਿੰਝ ਕਰੇਂਗਾ।
ਮਿੱਟੀ ਹਵਾ ਤੇ ਪਾਣੀ ਵੀ ਹੈ,ਕੀਹਦੇ- ਕੀਹਦੇ ਨਾਲ ਲੜੇਂਗਾ।
ਸ਼ਭ ਸੰਸਾਰ ਹੈ ਉਸਨੇ ਘੜਿਆ,ਮਨ ਕਿਉਂ ਨਹੀਂ ਟਿਕਾਉਂਦਾ ਬੰਦਾਂ।
ਸੜਕਾਂ ਤੇ ਬਦਮਾਸ਼ੀ ਕਰਕੇ, ਕਿਹੜਾ ਰੱਬ ਮਨਾਉਂਦਾ ਬੰਦਾ?
ਸੰਨ ਸੰਤਾਲੀ ਚੇਤੇ ਕਰ ਕੇ, ਅੱਜ ਵੀ ਮਾਵਾਂ ਰੋਵਣ ਯਾਰੋ।
ਜਾਂ ਫਿਰ ਸੰਨ ਚੁਰਾਸੀ ਦੱਸ ਦੂ,ਕਿੰਝ ਉਜਾੜੇ ਹੋਵਣ ਯਾਰੋ।
ਜਿਸ ਦੇ ਵਕ਼ਤ ਉਹ ਚੇਤੇ “ਖਾਨਾਂ”,ਨਾਂਹੀ ਗੱਲ ਦੁਹਰਾਉਂਦਾ ਬੰਦਾ।
ਘਾਂਣ ਮਨੁੱਖਤਾ ਵਾਲਾ ਕਰਕੇ, ਕਿਹੜਾ ਰੱਬ ਮਨਾਉਂਦਾ ਬੰਦਾ?
ਸੁਕਰ ਦੀਨ ਕਾਮੀਂ ਖੁਰਦ
9592384393
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly