ਕਿੱਧਰ ਜਾਵੇ ਕਿਸਾਨ

ਹਰਪ੍ਰੀਤ ਕੌਰ ਸੰਧੂ

(ਸਮਾਜ ਵੀਕਲੀ)-ਅੱਜ ਹਰ ਪਾਸੇ ਅਦਾਨੀ ਦੇ ਸਾਈਲੋ ਵਿਚ ਟਰੈਕਟਰਾਂ ਦੀ ਕਤਾਰ ਦੀ ਗੱਲ ਹੋ ਰਹੀ ਹੈ।ਕਹਿੰਦੇ ਅਦਾਨੀ ਦੇ ਸਾਈਲੋ ਵਿਚ ਟਰੈਕਟਰ ਟਰਾਲੀਆਂ ਦੇ ਕਤਾਰਾਂ ਲੱਗੀਆਂ ਹੋਈਆਂ ਹਨ ।ਕਿਸਾਨਾਂ ਨੂੰ ਗੱਦਾਰ ਕਿਹਾ ਜਾ ਰਿਹਾ ਹੈ।ਪੁੱਤਾਂ ਵਾਂਗ ਪਾਲੀ ਆਪਣੀ ਫ਼ਸਲ ਨੂੰ ਵੇਚਣ ਲਈ ਜੇ ਕਿਸਾਨ ਸਾਇਲੋ ਦੇ ਬਾਹਰ ਕਤਾਰ ਲਾ ਕੇ ਖੜ੍ਹਾ ਹੈ ਤਾਂ ਇਸ ਦੇ ਕਈ ਕਾਰਨ ਹੋਣਗੇ।ਮੰਡੀ ਵਿੱਚ ਸੱਤ ਸੱਤ ਦਿਨ ਰੁਲਣਾ ਸੌਖਾ ਨਹੀਂ।ਤੁਰੰਤ ਅਦਾਇਗੀ ਕਿਸਾਨ ਦੀ ਜ਼ਰੂਰਤ ਹੁੰਦੀ ਹੈ।ਕਿਸਾਨ ਮੋਰਚੇ ਵਿੱਚ ਕਿਸਾਨਾਂ ਨੇ ਸੰਯੁਕਤ ਕਿਸਾਨ ਮੋਰਚਾ ਦਾ ਪੂਰਾ ਸਾਥ ਦਿੱਤਾ।ਘਰ ਬਾਰ ਛੱਡ ਕੇ ਦਿੱਲੀ ਦੀਆਂ ਬਰੂਹਾਂ ਤੇ ਜਾ ਬੈਠੇ।ਗਰਮੀ ਸਰਦੀ ਬਰਸਾਤਾਂ ਸਭ ਨੰਗੇ ਪਿੰਡੇ ਸਹਾਰਿਆ।ਫਿਰ ਅੱਜ ਉਹ ਗੱਦਾਰ ਕਿਵੇਂ ਹੋ ਗਏ।ਜੇ ਮੋਰਚਾ ਫਤਿਹ ਹੋਇਆ ਤਾਂ ਸਿਰਫ਼ ਕਿਸਾਨਾਂ ਦੀ ਬਦੌਲਤ।ਲੀਡਰਸ਼ਿਪ ਤਾਂ ਹੀ ਕਾਮਯਾਬ ਹੁੰਦੀ ਹੈ ਜੇ ਪਿੱਛੇ ਲੱਗਣ ਵਾਲੇ ਹੋਣ।ਜੇ ਕਿਸਾਨ ਉਨ੍ਹਾਂ ਮੋਰਚਿਆਂ ਤੇ ਨਾ ਬੈਠ ਦੇ ਤਾਂ ਇਕੱਲੀ ਲੀਡਰਸ਼ਿਪ ਕੀ ਕਰ ਲੈਂਦੀ।ਜਿਨ੍ਹਾਂ ਨੇ ਸਿਰਫ ਫੇਸਬੁੱਕ ਤੇ ਬੈਠ ਕੇ ਬਿਆਨ ਦਾਗੇ ਉਹੀ ਅੱਜ ਫੇਸਬੁੱਕ ਤੇ ਬੈਠੇ ਫਿਰ ਕਿਸਾਨਾਂ ਨੂੰ ਗੱਦਾਰ ਕਹਿ ਰਹੇ ਹਨ।ਤਰ੍ਹਾਂ ਤਰ੍ਹਾਂ ਦੀਆਂ ਲਾਹਨਤਾਂ ਪਾ ਰਹੇ ਹਨ ।ਇਕ ਕਿਸਾਨ ਦੀ ਹੋਣੀ ਕਿਸਾਨ ਹੀ ਸਮਝ ਸਕਦਾ ਹੈ।ਜਦੋਂ ਫ਼ਸਲ ਦੇ ਦਾਣੇ ਵਿੱਚ ਦਸ ਤਰ੍ਹਾਂ ਦੇ ਨੁਕਸ ਕੱਢੇ ਜਾਂਦੇ ਹਨ ਤਾਂ ਕਿਸਾਨ ਦੇ ਦਿਲ ਤੇ ਕੀ ਬੀਤਦੀ ਹੈ ਦੂਜਾ ਨਹੀਂ ਸਮਝ ਸਕਦਾ।ਫ਼ਿਕਰ ਇਸ ਗੱਲ ਤਾਂ ਕਰੋ ਕਿ ਜੇ ਦਾਣੇ ਸਾਈਲੋ ਵਿੱਚ ਪਹੁੰਚ ਰਹੇ ਹਨ ਤਾਂ ਉਹ ਤੁਹਾਨੂੰ ਕਿਸ ਕੀਮਤ ਤੇ ਮਿਲਣਗੇ।ਇਸ ਦੇ ਪਿੱਛੇ ਜੋ ਨੀਤੀ ਘਾਡ਼ੇ ਹਨ ਉਨ੍ਹਾਂ ਦੀ ਗੱਲ ਕਰੋ।ਕੋਈ ਇੱਕ ਛੋਟਾ ਜਿਹਾ ਟੇਬਲ ਬਣਾ ਲਵੇ ਤਾਂ ਉਸ ਦੀ ਮਰਜ਼ੀ ਹੁੰਦੀ ਹੈ ਕਿ ਉਹ ਕਿੰਨੇ ਦਾ ਵੇਚਦਾ ਹੈ।ਉਹ ਕਿਸੇ ਵੀ ਗਾਹਕ ਨੂੰ ਵੇਚ ਸਕਦਾ ਹੈ।ਕੱਪੜਿਆਂ ਦੇ ਮਾਮਲੇ ਵਿਚ ਵੀ ਇਹੋ ਗੱਲ ਹੈ।ਹਰ ਥਾਂ ਵੇਚਣ ਵਾਲੇ ਦੀ ਮਰਜ਼ੀ ਹੈ।ਫਿਰ ਕਿਸਾਨ ਦੀ ਮਰਜ਼ੀ ਤੇ ਕੋਈ ਇਤਰਾਜ਼ ਕਿਉਂ?ਕੀ ਪੰਜਾਬ ਵਿੱਚ ਸਾਰੇ ਜਿਓ ਸਿਮ ਬੰਦ ਹੋ ਗਏ?ਕੀ ਸਾਰੇ ਪੰਜਾਬੀਆਂ ਦੇ ਮੋਰਚੇ ਵਿੱਚ ਭਾਗ ਲਿਆ?ਨਹੀਂ ਉਨ੍ਹਾਂ ਨੇ ਤਾਂ ਪਹਿਲਾਂ ਰਜਾਈਆਂ ਵਿੱਚ ਹੁਣ ਏਸੀ ਕਮਰਿਆਂ ਵਿੱਚ ਬੈਠ ਕੇ ਗਿਆਨ ਵੰਡਿਆ ਉਹ ਵੀ ਫੇਸਬੁੱਕ ਤੇ।ਆਪਣੇ ਠੰਢੇ ਕਮਰੇ ਚੋਂ ਬਾਹਰ ਨਿਕਲ ਕੇ ਦੇਖੋ ਅਜਿਹੇ ਮੌਸਮ ਵਿਚ ਟਰੈਕਟਰ ਟਰਾਲੀ ਲੈ ਕੇ ਕਣਕ ਵੇਚਣ ਜਾਣਾ ਸੌਖਾ ਨਹੀਂ।ਸੰਯੁਕਤ ਕਿਸਾਨ ਮੋਰਚੇ ਦੀ ਲੀਡਰਸ਼ਿਪ ਹੁਣ ਕਿੱਥੇ ਹੈ?ਉਨ੍ਹਾਂ ਨੂੰ ਇਕ ਪ੍ਰੈਸ਼ਰ ਗਰੁੱਪ ਦੀ ਤਰ੍ਹਾਂ ਕੰਮ ਕਰਨਾ ਚਾਹੀਦਾ ਸੀ ਪਰ ਉਹ ਤਾਂ ਚੋਣਾਂ ਦੇ ਅਮਲ ਵਿੱਚ ਜਾ ਉਲਝੇ।ਇਸ ਤਰ੍ਹਾਂ ਲੀਡਰਸ਼ਿਪ ਨੇ ਆਪਣਾ ਵੱਕਾਰ ਵੀ ਗੁਆ ਲਿਆ ਤੇ ਪ੍ਰੈਸ਼ਰ ਗਰੁੱਪ ਵੀ ਨਾ ਬਣ ਪਾਈ।ਕਿਸਾਨਾਂ ਕੋਲ ਕੋਈ ਬਦਲ ਨਹੀਂ ਰੱਖਿਆ ਕੋਈ ਜਥੇਬੰਦਕ ਫ਼ੈਸਲਾ ਨਹੀਂ ਲਿਆ।ਹੁਣ ਕਿਸਾਨ ਨੂੰ ਜੇ ਠੀਕ ਲੱਗ ਰਿਹਾ ਉਹ ਕਰ ਰਿਹਾ ਹੈ।ਇਤਰਾਜ਼ ਕਰਨ ਵਾਲੇ ਦੱਸਣ ਹੋਰ ਉਹ ਕਰੇ ਵੀ ਕੀ?ਆਪਣੀ ਪੁੱਤਾਂ ਵਾਂਗ ਪਾਲੀ ਫ਼ਸਲ ਨੂੰ ਕਿਸੇ ਬੰਨੇ ਤਾਂ ਲਾਉਣਾ ਹੈ।ਫੇਸਬੁੱਕ ਨੂੰ ਚਾਹੀਦਾ ਹੈ ਕਿ ਫਤਵੇ ਦੇਣ ਤੋਂ ਪਹਿਲਾਂ ਜ਼ਰਾ ਸੋਚ ਲਿਆ ਕਰਨ।ਕਿਸਾਨ ਨੂੰ ਗੱਦਾਰ ਕਹਿਣ ਵਾਲਾ ਅਸਲ ਵਿੱਚ ਆਪ ਗੱਦਾਰ ਹੈ।

ਹਰਪ੍ਰੀਤ ਕੌਰ ਸੰਧੂ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪੰਜਾਬ ਲੈਂਡ
Next articleਜਗਤ ਤਮਾਸ਼ਾ