(ਸਮਾਜ ਵੀਕਲੀ)
ਮੇਰੀ ਜ਼ਿੰਦਗੀ ਦਾ ਚੈਨ, ਮੇਰੇ ਦਿਲ ਦਾ ‘ਕਰਾਰ.
ਮੇਰਾ ਪਹਿਲਾ ਇਸ਼ਕ, ਮੇਰਾ ਆਖ਼ਰੀ ਪਿਆਰ.
ਮੇਰੀ ਜਿੰਦ ਉਮਰਾਂ ਹੀ ਉਹਦੇ ਲਈ ਰੋਵੇਗੀ.
ਉਹ ਕਿੱਥੇ ਹੋਵੇਗੀ, ਖ਼ੌਰੇ ਕਿੱਦਾਂ ਹੋਵੇਗੀ.
ਪਹਿਲਾਂ ਕਦੀ ਕਦੀ ਫ਼ੋਨ ਉਹਦਾ ਆ ਜਾਂਦਾ ਸੀ,
ਉਹ ਵੀ ਬੰਦ ਹੋ ਗਿਆ.
ਹੁਣ ਸ਼ਾਇਦ ਮਜ਼ਬੂਰੀਆਂ ਨਾ’ ਦਿਲ ਓਸਦਾ,
ਰਜ਼ਾਮੰਦ ਹੋ ਗਿਆ.
ਕਿਵੇਂ ਹੰਝੂਆਂ ‘ਨਾ ਹਾਸਿਆਂ ਦੇ ਦਾਗ਼ ਧੋਵੇਗੀ.
ਉਹ ਕਿੱਥੇ ਹੋਵੇਗੀ, ਖ਼ੌਰੇ ਕਿੱਦਾਂ ਹੋਵੇਗੀ.
ਉਹੋ ਉੱਚੀ ਲੰਮੀ ਹੁਸਨ ਖ਼ਜ਼ਾਨੇ ਦੀ ਧਨੀ,
ਬੜਾ ਯਾਦ ਆਉਂਦੀ ਏ.
ਕਦੇ ਖ਼ਿਆਲਾਂ ‘ਚ ਹਸਾਵੇ ਉਹ ਰੁਆਵੇ ਕਦੇ ਮੈਂਨੂੰ,
ਬੜਾ ਤੜ੍ਹਫਾਉਂਦੀ ਏ.
ਨਹੀਂ ਸੋਚਿਆ ਸੀ ਪਾ ਕੇ ਉਹਨੂੰ ਜਿੰਦ ਖੋਵੇਗੀ.
ਉਹ ਕਿੱਥੇ ਹੋਵੇਗੀ, ਖ਼ੌਰੇ ਕਿੱਦਾਂ ਹੋਵੇਗੀ.
ਇੱਕ ਫ਼ੋਟੋ ਕੁਝ ਖ਼ਤ ਨਾਲ਼ੇ ਗ਼ਮ ਓਸਦਾ,
ਮੇਰਾ ਏਹੀ ਸਰਮਾਇਆ.
ਉਹਦੀ ਯਾਦ ਵਿੱਚ ਖ਼ੁਦ ਨੂੰ ਵੀ ਭੁੱਲਿਆ ਫਿਰਾਂ,
ਉਹਨੂੰ ਜਾਵੇ ਨਾ ਭੁਲਾਇਆ.
ਜਿੰਦ ਦਰਦਾਂ ਦੀ ਪੰਡ ਮੋਢਿਆਂ ਤੇ ਢੋਵੇਗੀ.
ਉਹ ਕਿੱਥੇ ਹੋਵੇਗੀ, ਖ਼ੌਰੇ ਕਿੱਦਾਂ ਹੋਵੇਗੀ.
ਓਹੋ ਕਿੱਥੇ ‘ਰਾਣਾ’ ਕਿੱਥੇ,’ਸੋਫ਼ੀ ਪਿੰਡ ‘ ਵਾਲਿਓ,
ਇਹ ਮੁਕੱਦਰਾਂ ਦਾ ਖੇਲ.
ਰੱਬ ਜਾਣੇ ਓਸ ਤੂੁਤ ਦੀ ਲਗਰ ਜਿਹੀ ਨਾਲ਼,
ਹੋਣਾਂ ਕਿ ਨਹੀਂ ਹੋਣਾਂ ਮੇਲ.
ਕਦੋਂ ਪਤਾ ਸੀ ਜੁਦਾਈ ਬੂਹੇ ਤੇਲ ਚੋਵੇਗੀ.
ਉਹੋ ਕਿੱਥੇ ਹੋਵੇਗੀ, ਖ਼ੌਰੇ ਕਿੱਦਾਂ ਹੋਵੇਗੀ.
ਜਗਦੀਸ ਰਾਣਾ
09872630635
08872630635.
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly