ਕਿੱਧਰ ਗਈਆਂ ਲੋਰੀਆਂ ?

ਮਾਸਟਰ ਸੰਜੀਵ ਧਰਮਾਣੀ

(ਸਮਾਜ ਵੀਕਲੀ)

ਲੋਰੀ ਦਾ ਨਾਂ ਸੁਣਦੇ ਸਾਰ ਹੀ ਸਭ ਨੂੰ ਮਾਂ , ਮਾਂ ਦੀ ਗੋਦ , ਪੰਘੂੜੇ , ਨੀਂਦ , ਰੋਣਾ , ਰਾਤ , ਚੰਨ – ਤਾਰਿਆਂ ਤੇ ਮਾਂ ਦੀ ਛੋਹ ਦੀ ਕਲਪਨਾ ਜਿਹੀ ਆ ਜਾਂਦੀ ਹੈ। ਲੋਰੀ ਮਾਂ ਦੇ ਸ਼ਾਂਤ , ਸਹਿਜ , ਮੁਲਾਇਮ , ਪਿਆਰ ਭਰੇ , ਦਿਆਲੂ , ਸਮਰਪਣ ਅਤੇ ਕੋਮਲ ਹਿਰਦੇ ਵਿੱਚੋਂ ਮਿਲਿਆ ਵਰਦਾਨ ਹੈ। ਹਰ ਯੁੱਗ ਦੇ ਸਮੇਂ ਵਿੱਚ ਮਾਂ ਨੇ ਲੋਰੀ ਨੂੰ ਆਪਣੀ ਮਮਤਾ , ਸਨੇਹ , ਕਰੁਣਾ ਅਤੇ ਦਰਿਆਦਿਲੀ ਦਾ ਵਿਸ਼ਾ ਬਣਾਇਆ। ਲੋਰੀ , ਮਾਂ ਦੇ ਹਿਰਦੇ ਵਿੱਚੋਂ ਨਿਕਲ ਕੇ ਹੈਰਾਨੀ – ਪ੍ਰੇਸ਼ਾਨੀ ਦੇ ਸਮੇਂ ਬੱਚੇ ਨੂੰ ਸੁੱਖ ਤੇ ਪਿਆਰ ਦੀ ਠੰਢਕ ਪਹੁੰਚਾਉਂਦੀ ਹੈ। ਇਸ ਵਿੱਚ ਮਿਠਾਸ ਹੀ ਮਿਠਾਸ , ਪਿਆਰ ਹੀ ਪਿਆਰ , ਮਮਤਾ ਹੀ ਮਮਤਾ ਹੁੰਦੀ ਹੈ।

ਲੋਰੀ , ਔਰਤ ਦੇ ਮਨ ਦੇ ਉਸ ਕੋਨੇ ਵਿੱਚੋਂ ਨਿਕਲਦੀ ਹੈ , ਜਿੱਥੇ ਮਮਤਾ ਤੇ ਪਿਆਰ ਹੁੰਦਾ ਹੈ ,ਉਹ ਮਨ ਪਾਕ – ਪਵਿੱਤਰ ਹੁੰਦਾ ਹੈ , ਸ਼ੀਸ਼ੇ ਵਾਂਗ…। ਇਸ ਲਈ ਮਾਂ ਨੂੰ ” ਮਮਤਾ ਦੀ ਮੂਰਤ ” ਕਿਹਾ ਗਿਆ ਹੈ। ਲੋਰੀ ਛੋਟੇ ਬੱਚਿਆਂ ਨੂੰ ਸੁਆਉਣ ( ਸੌਣ ) ਲਈ , ਮਨਪ੍ਰਚਾਵੇ ਜਾਂ ਰੋ ਰਹੇ ਬੱਚੇ ਨੂੰ ਚੁੱਪ ਕਰਵਾਉਣ ਲਈ ਗਾਈ ਜਾਂਦੀ ਹੈ। ਇਨ੍ਹਾਂ ਲੋਰੀਆਂ ਵਿੱਚੋਂ ਹੀ ਸਮੇਂ ਦੀ ਆਰਥਿਕ ਸਥਿਤੀ , ਔਰਤ ਦੇ ਪਿਆਰ , ਵਿਯੋਗ , ਇੱਛਾਵਾਂ , ਉਮੰਗਾਂ , ਰਸਮਾਂ – ਰਿਵਾਜਾਂ ਤੇ ਜ਼ਮੀਨੀ ਹਕੀਕਤ ਪ੍ਰਗਟ ਹੁੰਦੀ ਹੈ। ਲੋਰੀ ਰੋਟੀ – ਟੁੱਕ ਬਣਾਉਣ , ਕੱਪੜੇ ਧੋਣ, ਘਰ ਸੰਭਾਲਣ ਤੇ ਰੋਜ਼ ਦੇ ਕੰਮਾਂ ਦੇ ਨਾਲ ਬੱਚੇ ਨੂੰ ਸੰਭਾਲਣ , ਰੋਂਦੇ ਨੂੰ ਚੁੱਪ ਕਰਵਾਉਣ ਤੇ ਸੁਆਉਣ ਲਈ ਗਾਈ ਜਾਂਦੀ ਹੁੰਦੀ ਸੀ।

ਸਾਡੀਆਂ ਲੋਰੀਆਂ ਵਿੱਚ ਪਸ਼ੂ , ਪੰਛੀ , ਸੂਰਜ , ਚੰਨ , ਤਾਰੇ , ਨਦੀਆਂ , ਪਰਬਤ, ਸਮੁੰਦਰ , ਰਾਜੇ – ਮਹਾਰਾਜੇ ਆਦਿ ਦੇ ਵੇਰਵੇ ਵੀ ਮਿਲਦੇ ਹਨ। ਮਾਤਾਵਾਂ ਬੱਚਿਆਂ ਨੂੰ ਕਈ ਢੰਗਾਂ ਨਾਲ ਜਿਵੇਂ ਉਠਾ ਕੇ ,ਲਿਟਾ ਕੇ ਜਾਂ ਆਪਣੇ ਸਰੀਰ ਨਾਲ ਲਗਾ ਕੇ ਲੋਰੀਆਂ ਸੁਣਾਉਂਦੀਆਂ ਹੁੰਦੀਆਂ ਸਨ। ਲੋਰੀਆਂ ਨਾਲ ਨਿੱਕੇ ਬੱਚਿਆਂ ਨੂੰ ਇੱਕ ਵੱਖਰਾ ਹੀ ਮਾਨਸਿਕ ਸਕੂਨ ਵੀ ਮਿਲਦਾ ਹੁੰਦਾ ਸੀ। ਬੱਚੇ ਦਾ ਮਨ ਪਰਚਾਵਾ ਕਰਨ ਤੇ ਉਸ ਨੂੰ ਸੁਆਉਣ ਦਾ ਬਹੁਤ ਹੀ ਕਾਰਗਰ ਤਰੀਕਾ ਹੁੰਦੀ ਸੀ ਲੋਰੀ। ਮਾਂ ਆਪਣੇ ਪੁੱਤਰਾਂ – ਧੀਆਂ ਨੂੰ ਸੁਆਉਣ ਲਈ ਲੋਰੀ ਗਾਉਂਦੀਆਂ ਹੁੰਦੀਆਂ ਸਨ :
” ਨਾ ਰੋ ਰਾਣਿਆਂ ਵੇ ,
ਮਾਂ ਦਿਆ ਅਮੋਲ ਖ਼ਜ਼ਾਨਿਆਂ ਵੇ ,
ਮਾਂ ਦੀ ਸੋਹਣੀ ਗੋਦੀ ਵੇ ,
ਫੜੀ ਨਾ ਪਿਓ ਦੀ ਬੋਦੀ ਵੇ ,
ਮੇਰਾ ਕੁੱਕੂ ਰਾਣਾ ਰੋਂਦਾ ,
ਹਾਏ ਮੈਂ ਮਰਜਾਂ ਰੋਂਦਾ । “
ਅਤੇ
” ਸੋਹਣਾ ਪੁੱਤ ਮਾਂ ਦਾ ,
ਦੁੱਧ ਪੀਵੇ ਗਾਂ ਦਾ ,
ਰੋਟੀ ਖਾਵੇ ਕਣਕ ਦੀ ,
ਵਹੁਟੀ ਲਿਆਵੇ ਛਣਕਦੀ । “

ਲੋਰੀਆਂ ਵਿੱਚ ਪਰੀਆਂ ਦਾ ਜ਼ਿਕਰ ਵੀ ਕੀਤਾ ਜਾਂਦਾ ਸੀ। ਮਾਂ ਆਪਣੀ ਲਾਡੋ ਧੀ ਨੂੰ ਸੁਆਉਣ ਲਈ ਆਖਦੀ ਹੁੰਦੀ ਸੀ ,
” ਸੋ ਜਾ ਮੇਰੀ ਲਾਡੋ ਰਾਣੀ ਸੌਂ ਜਾ ,
ਨੀਂਦਰ ਦੇ ਵਿੱਚ ਜਾਏਂਗੀ ,
ਪਰੀਆਂ ਕੋਲ ਬੁਲਾਏਂਗੀ ,
ਪੀਂਘਾਂ ਉੱਚੀਆਂ ਪਾਵੇਂਗੀ ,
ਪਿਆਰ ਹੁਲਾਰੇ ਖਾਏੰਗੀ ।”

ਇਸ ਤਰ੍ਹਾਂ ਬੱਚੇ ਲੋਰੀਆਂ ਰਾਹੀਂ ਮਾਂ ਦਾ ਪਿਆਰ , ਸਨੇਹ , ਤੇ ਮਮਤਾ ਪਾ ਕੇ ਡੌਰ – ਭੌਰ ਹੋ ਜਾਇਆ ਕਰਦੇ ਸੀ। ਵਡਭਾਗੇ ਹਨ ਉਹ, ਜਿਨ੍ਹਾਂ ਨੇ ਮਾਂ ਦੀ ਮਮਤਾ ਦੇ ਉਹ ਪਲ ਹੰਢਾਏ ਹਨ , ਪਰ ਅੱਜਕੱਲ੍ਹ ਸੂਚਨਾ ਕ੍ਰਾਂਤੀ , ਟੈਲੀਵਿਜ਼ਨ ਚੈਨਲਾਂ , ਕੰਮਾਂਕਾਰਾਂ, ਕੈਰੀਅਰ ਬਣਾਉਣ ਤੇ ਬਚਾਉਣ ਦੀ ਤਾਂਘ , ਸਾਂਝੇ ਪਰਿਵਾਰਾਂ ਦੀ ਅਣਹੋਂਦ ,ਕਾਰਟੂਨ ਫ਼ਿਲਮਾਂ ਦੀ ਭਰਮਾਰ , ਵਿਗਿਆਨਕ ਕ੍ਰਾਂਤੀ ਆਦਿ ਨੇ ਰਲ – ਮਿਲ ਕੇ ਬੱਚਿਆਂ ਕੋਲੋਂ ਲੋਰੀਆਂ ਖੋਹ ਹੀ ਲਈਆਂ ਹਨ। ਦੌੜ – ਭੱਜ ਦੇ ਸਮੇਂ ਵਿੱਚ ਤੇ ਪੈਸੇ ਦੀ ਅੰਨ੍ਹੀ ਦੌੜ ਨੇ ਅੱਜ ਬਚਪਨ ਨੂੰ ਕਰੈਚਾਂ , ਆਇਆ ਅਤੇ ਨੌਕਰਾਣੀਆਂ ਹਵਾਲੇ ਕਰ ਛੱਡਿਆ ਹੈ ਅਤੇ ਤੇਜ਼ੀ ਦੇ ਜ਼ਮਾਨੇ ਵਿੱਚ ਲੋਰੀਆਂ ਕਿਤੇ ਗੁਆਚ ਜਿਹੀਆਂ ਹੀ ਗਈਆਂ ਹਨ , ਪਰ ਮਾਂ ਦੀ ਮਮਤਾ , ਛੋਹ , ਭਾਵਾਂ ਅਤੇ ਕਰੁਣਾ ਨਾਲ ਭਰੀ ਲੋਰੀ ਦੀ ਛਾਪ ਤੇ ਹੋਂਦ ਹਮੇਸ਼ਾ ਸਭ ਦੇ ਤਪਦੇ ਹਿਰਦਿਆਂ ਨੂੰ ਠੰਢ ਪਹੁੰਚਾਉਂਦੀ ਰਹੇਗੀ।

ਲੇਖਕ ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸੁਣ ਕੰਗਣਾ…..
Next articleਸਟੋਰੀ ਟੈਲਿੰਗ ਮੁਕਾਬਲੇ ਵਿੱਚ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਤੀਜੇ ਸਥਾਨ ‘ਤੇ