ਸੋਸ਼ਲ ਮੀਡੀਆ ਰਾਹੀਂ ਕਿੱਧਰ ਨੂੰ ਜਾ ਰਹੇ ਹਨ ਲੋਕ?

ਗਿੰਦਾ ਸਿੱਧੂ ਗਿੰਦਾ ਸਿੱਧੂ
 (ਸਮਾਜ ਵੀਕਲੀ)-ਸੋਸ਼ਲ ਮੀਡੀਆ ਤੇ ਆਏ ਦਿਨ ਕੋਈ ਨਾ ਕੋਈ ਗੀਤ, ਵੀਡੀਓ ਜਾਂ ਕਲਿੱਪ ਵਾਇਰਲ ਹੋ ਜਾਂਦੀ ਹੈ। ਜਿਵੇਂ ਕਿ ਹੁਣ ਸਾਰੇ ਦੇਖ ਹੀ ਰਹੇ ਹਾਂ, ਗਾਇਕ ਦੋਗਾਣਾ ਜੋੜੀ ਸਤਨਾਮ ਸਾਗਰ ਤੇ ਸ਼ੰਮੀ ਦਾ ਗਾਣਾ “ਸਾਗਰ ਦੀ ਵਹੁੱਟੀ” ਬਹੁਤ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ। ਅੱਜ ਤੋਂ 20 ਕੁ ਸਾਲ  ਪਹਿਲਾਂ ਇਹ ਗਾਣਾ ਆਇਆ ਸੀ,ਉਸ ਵੇਲੇ ਇਸ ਗਾਣੇ ਨੇ ਏਨਾ ਨਾਮਣਾ ਨਹੀਂ ਖੱਟਿਆ,ਜਿੰਨਾ ਹੁਣ ਵਾਇਰਲ ਹੋ ਰਿਹਾ ਹੈ।ਹਰ ਕੋਈ ਇਸ ਗਾਣੇ ਉਤੇ ਰੀਲਾਂ ਬਣਾ ਰਿਹਾ ਹੈ। ਇਹ ਗਾਇਕ ਜੋੜੀ ਲੰਮੇ ਸਮੇਂ ਤੋਂ ਗਾਇਕੀ ਪਿੜ ਚੋਂ ਬਹੁਤ ਦੂਰ ਜਾ ਚੁੱਕੀ ਸੀ, ਆਪਣਾ ਆਧਾਰ ਬਣਾਉਣ ਲਈ ਜ਼ਰੂਰ ਇਹਨਾਂ ਨੇ ਸੋਸ਼ਲ ਮੀਡੀਆ ਦੀ ਵਰਤੋਂ ਕੀਤੀ ਹੋਵੇਗੀ ? ਆਪਣੇ ਨੇੜੇ ਤੇੜੇ ਦੇ ਲੋਕਾਂ ਤੋਂ ਇਹ ਗੀਤ ਨੂੰ ਵਾਇਰਲ ਕਰਾਇਆ ਹੋਵੇਗਾ ਇਸ ਵਿੱਚ ਕੋਈ ਸ਼ੱਕ ਨਹੀਂ। ਸੋਸ਼ਲ ਮੀਡੀਆ ਤੇ ਵੀ ਮੇਰੇ ਜਿਹੇ ਬਹੁਤ ਵਿਹਲੜ ਹੁੰਦੇ ਹਨ ਜਿਨਾਂ ਨੂੰ ਕੋਈ ਗੱਲ ਖੁਦ ਲਿਖਣੀ ਜਾਂ ਕਹਿਣੀ ਆਉਂਦੀ ਨਹੀਂ ਉਹ ਅਜਿਹੇ ਮਾਮਲੇ ਨੂੰ ਫਟਾਫਟ ਚੁੱਕ ਲੈਂਦੇ ਹਨ ਜੋ ਹੋ ਰਿਹਾ ਹੈ। ਇਸ ਗੀਤ ਵਿੱਚ ਕੋਈ ਖਾਸ ਵਿਸ਼ਾ ਜਾਂ ਸੇਧ ਨਹੀਂ ਜਿਸ ਨੂੰ ਵਿਚਾਰਿਆ ਜਾ ਸੁਣਿਆ ਜਾ ਸਕੇ।ਕਹਿੰਦੇ ਹੁੰਦੇ ਨੇ 12 ਸਾਲ ਬਾਅਦ ਰੂੜੀ ਦੀ ਸੁਣੀ ਜਾਂਦੀ ਹੈ, ਉਸੇ ਤਰ੍ਹਾਂ ਇਸ ਦੋਗਾਣਾ ਜੋੜੀ ਦੀ ਅੱਜ ਕੱਲ ਬਹੁਤ ਚਰਚਾ ਹੋ ਰਹੀ ਹੈ। ਬਹੁਤ ਸਾਰੇ ਪੱਤਰਕਾਰ ਉਹਨਾਂ ਦੀ ਇੰਟਰਵਿਊ ਲੈ ਰਹੇ ਹਨ,ਵੱਖ ਵੱਖ ਚੈਨਲਾਂ ਵਾਲੇ ਇਹਨਾਂ ਨੂੰ ਮਿਲਣ ਲਈ ਪਹੁੰਚ ਕਰ ਰਹੇ ਹਨ, ਤੇ ਕੁੱਝ ਯੂਟਿਉਬ ਚੈਨਲ ਇਸ ਜੋੜੀ ਨੂੰ ਲੋਕਾਂ ਦੇ ਰੂਬਰੂ ਕਰ ਰਹੇ ਹਨ।
ਮਾਝੇ  ਦੀ ਇਹ ਗਾਇਕ ਜੋੜੀ ਸਤਨਾਮ ਸਾਗਰ ਤੇ ਸ਼ੰਮੀ ਕਿਸੇ ਵੇਲੇ ਮੇਲਿਆਂ ਵਿਚ ਵੀ ਗਾਇਆ ਕਰਦੇ ਸਨ, ਸਾਡੇ ਨਾਲ ਦੇ ਪਿੰਡ  ਮੇਲੇ ਵਿਚ ਇਹਨਾਂ ਦਾ ਅਖਾੜਾ ਲੱਗਿਆ ਸੀ। ਮੈਂ ਵੀ ਦੇਖਣ ਗਿਆ ਸੀ,ਜਦੋਂ ਕਿਸੇ ਸ਼ਰਾਰਤੀ ਅਨਸਰ ਦੀ ਡਿਮਾਂਡ ਤੇ ਇਹਨਾਂ “ਚੋਰੀ ਚੋਰੀ ਮਿਲਨੇ ਨੂੰ ਚਿੱਤ ਕਰਦਾ”ਗਾਣਾ ਗਾਇਆ ਤਾਂ ਉਥੇ ਬੈਠੇ ਸੁਝਵਾਨ ਬੰਦਿਆਂ ਨੇ ਇਸ ਗਾਣੇ ਦਾ ਵਿਰੋਧ ਕੀਤਾ। ਫੇਰ ਗਾਣਾ ਵਿਚ ਹੀ ਰੋਕਣਾ ਪਿਆ ਸੀ।
ਇਸ ਜੋੜੀ ਦੇ ਕੁੱਝ ਇਹੋ ਜਿਹੇ ਗੀਤ ਵੀ ਹਨ ,ਜੋ ਪਰਿਵਾਰ ਵਿਚ ਬੈਠ ਕੇ ਨਹੀਂ ਸੁਣੇ ਜਾ ਸਕਦੇ ਸਨ।ਜੇਕਰ ਉਹ ਗੀਤ ਸਾਡੇ ਸੋਸ਼ਲ ਮੀਡੀਆ ਦੇ ਰੀਲਾਂ ਬਣਾਉਣ ਵਾਲਿਆਂ ਕੋਲ ਪਹੁੰਚ ਜਾਂਦੇ, ਤਾਂ ਇਹਨਾਂ ਉਸ ਤੇ ਰੀਲਾਂ ਬਣਾ ਕੇ ਵੀ ਗਾਹ ਪਾ ਦੇਣਾ ਸੀ,ਚਾਹੇ ਉਹ ਗੀਤ ਪਰਿਵਾਰ ਵਿਚ ਬੈਠ ਕੇ ਸੁਣੇ ਜਾਂਦੇ ਹੋਣ ਜਾ ਨਾ। ਇਹਨਾਂ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀਂ, ਇਹ ਫੇਸਬੁੱਕ, ਇੰਸਟਾਗ੍ਰਾਮ ਤੇ ਮਸ਼ਹੂਰ ਹੋਣ ਲਈ ਕੁੱਝ ਵੀ ਕਰ ਸਕਦੇ ਹਨ।
ਇੱਕ ਵਾਰ ਤਾਂ ਸਾਗਰ ਨੇ ਸਟੇਜ ਉਪਰ ਗਾਉਂਦੇ ਗਾਉਂਦੇ ਨੇ ਗੁਰੂ ਸਾਹਿਬਾਨ ਬਾਰੇ ਗਲਤ ਲਫ਼ਜ਼ ਬੋਲੇ ਸੀ,ਫੇਰ ਇਸ ਦਾ ਵਿਰੋਧ ਕੀਤਾ ਗਿਆ ਤਾਂ ਇਸ ਨੇ ਮਾਫ਼ੀ ਮੰਗ ਲਈ ਸੀ, ਗੁਰੂ ਸਾਹਿਬ ਬਾਰੇ ਇਸ ਦੀ ਵਰਤੀ ਗਲਤ ਸ਼ਬਦਾਵਲੀ ਨੇ ਇਸ ਦਾ ਖੂਬ ਪਿੱਟ ਪਟਾਕਾ ਕਰਵਾਇਆ ਸੀ ਇਸ ਦੀਆਂ ਲੱਤਾਂ ਵੀ ਜਨਤਾ ਨੇ ਤੋੜ ਦਿੱਤੀਆਂ ਸਨ।ਨਾਲ ਦੀ ਨਾਲ ਇਹ ਵੀ ਕਹਿੰਦਾ ਸੀ,ਮੈਂ ਉਹ ਸ਼ਬਦ ਨਹੀਂ ਬੋਲੇ ਸਨ,ਉਹ ਕਿਸੇ ਕੰਪਿਉਟਰ ਰਾਹੀਂ ਮੇਰੇ ਨਾਲ ਜੋੜੇ ਹਨ, ਚੱਲਦੇ ਅਖਾੜੇ ਵਿੱਚ ਗੀਤ ਖੁਦ ਪੇਸ਼ ਕੀਤਾ ਜਾਂਦਾ ਹੈ ਉਸ ਵਿੱਚ ਕੰਪਿਊਟਰ ਕਿੱਥੋਂ ਆ ਗਿਆ। ਇਸ ਦੀ ਗਾਇਕੀ ਨੂੰ ਪੰਜਾਬ ਵਿੱਚ ਬਹੁਤੀ ਮਾਨਤਾ ਨਹੀਂ ਮਿਲੀ ਸੀ ਸਿਰਫ ਮਾਝੇ ਵਿੱਚ ਹੀ ਇਸ ਨੂੰ ਕੁਝ ਪ੍ਰੋਗਰਾਮ ਮਿਲਦੇ ਸਨ ਪਰ ਇਸ ਦੀ ਗਲਤ ਗਾਇਕੀ ਕਾਰਨ ਲੋਕਾਂ ਨੇ ਇਸ ਨੂੰ ਦਿਲੋਂ ਵਿਸਾਰ ਦਿੱਤਾ ਸੀ। ਹੁਣ ਸੋਸ਼ਲ ਮੀਡੀਆ ਤੇ ਆਪਣੇ ਆਪ ਨੂੰ ਪ੍ਰਚਾਰਿਆ ਜਾ ਰਿਹਾ ਹੈ ਫੈਸਲਾ ਜਨਤਾ ਦੇ ਹੱਥ ਹੈ ਕਿ ਇਸ ਦੀ ਗਾਇਕੀ ਨੂੰ ਪਸੰਦ ਕਰਦੇ ਹਨ ਜਾਂ ਨਹੀਂ ? ਮੇਰੇ ਖਿਆਲ ਅਨੁਸਾਰ ਵੀਹ ਕੁ ਸਾਲ ਪਹਿਲਾਂ ਕੁਝ ਗਿਣਤੀ ਮਿਣਤੀ ਦੇ ਗਾਇਕ ਜਾਂ ਗਾਇਕ ਜੋੜੀਆ ਹੋਇਆ ਕਰਦੀਆਂ ਸਨ ਉਸ ਸਮੇਂ ਇਹ ਗਾਇਕ ਜੋੜੀ ਸਥਾਪਤ ਨਹੀਂ ਹੋ ਸਕੀ, ਕਹਿੰਦੇ ਹਨ ਇੱਟ ਚੁੱਕੋ ਤਾਂ ਗਾਇਕ ਲੱਭਣਾ ਪੈਂਦਾ ਹੈ, ਪਰ ਹੁਣ ਤਾਂ ਇੱਟਾਂ ਦੇ ਉੱਤੇ ਗਾਇਕ ਬੈਠੇ ਹਨ ਵੇਖਦੇ ਹਾਂ ਇਸ ਜੋੜੀ ਦਾ ਭਵਿੱਖ ਕੀ ਹੁੰਦਾ ਹੈ ? ਖਾਸ਼ ਗੱਲ ਮੇਰੇ ਖਿਆਲ ਅਨੁਸਾਰ ਸੋਸ਼ਲ ਮੀਡੀਆ ਇੱਕ ਕਮੈਂਟਾਂ ਦੀ ਖੇਲ ਹੈ ਕੱਢਣ ਪਾਉਣ ਨੂੰ ਕੁਝ ਨਹੀਂ ਹੁੰਦਾ।
ਗਿੰਦਾ ਸਿੱਧੂ
ਪਿੰਡ ਖਿੱਚੀਆਂ
ਜ਼ਿਲਾ ਗੁਰਦਾਸਪੁਰ
ਫੋਨ 6239331711

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleJ&K’s ‘Battle Royale’ to be fought in Anantnag-Rajouri LS seat
Next articleਸ਼ੋਸ਼ਲ ਮੀਡੀਏ ਦਾ ਭੂਤ…..