ਦੁਨੀਆਂ ਵਿੱਚ ਸ਼ਰਾਬ ਦੀ ਵਰਤੋਂ ਕੋਈ ਨਵੀਂ ਗੱਲ ਨਹੀਂ ਹੈ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਵੀ ਰਾਜੇ ਮਹਾਰਾਜੇ ਇਸ ਦੀ ਵਰਤੋਂ ਕਰਦੇ ਸਨ ਜੇਕਰ ਅਜੋਕੇ ਸਮੇਂ ਦੀ ਗੱਲ ਕਰੀਏ ਤਾਂ ਸਰਕਾਰਾਂ ਨੂੰ ਸਭ ਤੋਂ ਜ਼ਿਆਦਾ ਮਾਲੀਆ ਆਮਦਨੀ ਸ਼ਰਾਬ ਦੇ ਕਾਰੋਬਾਰ ਤੋਂ ਹੀ ਹੁੰਦੀ ਹੈ ਇਸੇ ਲਈ ਸਰਕਾਰਾ ਆਪਣੇ ਸੂਬੇ ਨੂੰ ਡਰਾਈ ਜੋਨ ਬਣਾਉਣ ਤੋਂ ਝਿਜਕਦੀਆਂ ਹਨ ਵੈਸੇ ਵੀ ਜਿਨ੍ਹਾਂ ਸੂਬਿਆਂ ਦੀਆਂ ਸਰਕਾਰਾਂ ਨੇ ਸ਼ਰਾਬ ਬੰਦ ਕਰਨ ਦਾ ਪ੍ਰਯੋਗ ਕੀਤਾ ਹੈ ਉਹ ਵੀ ਸਫਲ ਨਹੀਂ ਹੋ ਸਕੀਆਂ ਉਦਾਹਰਣ ਦੇ ਤੌਰ ਤੇ ਗੁਜਰਾਤ, ਭਾਰਤ ਦੇ ਉਨ੍ਹਾਂ ਤਿੰਨ ‘ਡਰਾਈ’ ਰਾਜਾਂ ਵਿੱਚੋਂ ਇੱਕ ਹੈ, ਜਿੱਥੇ ਆਮ ਨਾਗਰਿਕਾਂ ਨੂੰ ਸ਼ਰਾਬ ਪੀਣ ਜਾਂ ਖ਼ਰੀਦਣ ਦੀ ਆਗਿਆ ਨਹੀਂ ਹੈ। ਗੁਜਰਾਤ ਪਾਬੰਦੀ (ਸੋਧ) ਐਕਟ, 2017 ਤਹਿਤ ਸ਼ਰਾਬ ਦੀ ਪੈਦਾਕਾਰ ਅਤੇ ਵਿਕਰੀ ਕਰਨ ਦੀ ਸੂਰਤ ਵਿੱਚ 10 ਸਾਲ ਦੀ ਕੈਦ ਦਾ ਕਨੂੰਨ ਹੈ ਪਰ ਗੁਜਰਾਤ ਦੀ ਅਸਲ ਹਕੀਕਤ ਕੁਝ ਹੋਰ ਹੀ ਹੈ ਉਥੇ ਸ਼ਰਾਬ ਦਾ ਧੰਦਾ ਕਰਨ ਵਾਲੇ ਲੋਕਾਂ ਵੱਲੋਂ ਕਨੂੰਨ ਨੂੰ ਛਿੱਕੇ ਟੰਗਿਆ ਜਾਂਦਾ ਹੈ ਉਥੋਂ ਦੇ ਮੋਕਾਮੀ ਲੋਕਾਂ ਨੂੰ ਨਾ ਸਿਰਫ਼ ਧੜੱਲੇ ਨਾਲ਼ ਦੇਸੀ ਸ਼ਰਾਬ ਕੱਢਦੇ ਦੇਖਿਆ ਜਾ ਸਕਦਾ ਹੈ ਸਗੋਂ ਲਿਫ਼ਾਫ਼ਿਆਂ ਅੰਦਰ ਭਰ-ਭਰ ਕੇ ਸ਼ਰਾਬ ਦੀ ਵਿਕਰੀ ਹੁੰਦੇ ਵੀ ਦੇਖਿਆ ਜਾ ਸਕਦਾ ਹੈ। ਨਜਾਇਜ਼ ਤੌਰ ‘ਤੇ ਸ਼ਰਾਬ ਕੱਢਣ ਦੇ ਹਮੇਸ਼ਾ ਹੀ ਮਾਰੂ ਨਤੀਜੇ ਸਾਹਮਣੇ ਆਉਂਦੇ ਹਨ। ਨਜਾਇਜ਼ ਸ਼ਰਾਬ ਕੱਢਣ ਵਾਲੇ ਇਹਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੇ ਮੱਦੇਨਜ਼ਰ ਲਾਹਣ ਅੰਦਰ ਕਈ ਜ਼ਹਿਰੀਲੇ ਨਸ਼ੀਲੇ ਰਸਾਇਣਕ ਪਦਾਰਥਾਂ ਨੂੰ ਮਿਲਾਉਂਦੇ ਹਨ ਕੱਚੀ ਸ਼ਰਾਬ ਵਿੱਚ ਯੂਰੀਆ ਅਤੇ ਆਕਸੀਟੋਸਿਨ ਵਰਗੇ ਰਸਾਇਣਾਂ ਦੇ ਮਿਲਣ ਕਾਰਨ ਮਿਥਾਈਲ ਅਲਕੋਹਲ ਬਣ ਜਾਂਦੀ ਹੈ, ਜੋ ਲੋਕਾਂ ਦੀ ਮੌਤ ਦਾ ਕਾਰਨ ਬਣਦੀ ਹੈ।
ਵਾਰ-ਵਾਰ ਵਾਪਰਦੀਆਂ ਅਜਿਹੀਆਂ ਤ੍ਰਾਸਦੀਆਂ ਇਸ ਸਮੱਸਿਆ ਨਾਲ ਨਜਿੱਠਣ ਦੇ ਰਾਹ ’ਚ ਬਣੀਆਂ ਚੁਣੌਤੀਆਂ ਨੂੰ ਸਾਹਮਣੇ ਲਿਆਉਂਦੀਆਂ ਹਨ ਜੋ ਤਸਕਰਾਂ ਖਿਲਾਫ਼ ਕੀਤੀਆਂ ਕਾਰਵਾਈਆਂ ਦੇ ਬਾਵਜੂਦ ਕਾਇਮ ਹਨ। ਇਨ੍ਹਾਂ ਮਾਮਲਿਆਂ ਵਿੱਚ ਲਗਾਤਾਰ ਯਤਨਾਂ ਦੀ ਲੋੜ ਹੈ ਜਿਸ ਵਿਚ ਨਕਲੀ ਸ਼ਰਾਬ ਉਤਪਾਦਨ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ, ਦੋਸ਼ੀਆਂ ਨੂੰ ਕਰੜੀ ਸਜ਼ਾ ਮਿਲਣਾ ਆਦਿ ਸ਼ਾਮਿਲ ਹਨ। ਇਨ੍ਹਾਂ ਯਤਨਾਂ ਦੀ ਕਾਮਯਾਬੀ ਲਈ ਪੁਖਤਾ ਪ੍ਰਬੰਧ ਤਾਂ ਕਰਨੇ ਹੀ ਪੈਣਗੇ, ਨਾਲ ਦੀ ਨਾਲ ਅਜਿਹੇ ਮਾਮਲਿਆਂ ਵਿਚ ਕਾਰਵਾਈ ਸਿਰੇ ਚੜ੍ਹਾਉਣ ਲਈ ਯਤਨ ਕਰਨੇ ਪੈਣਗੇ ਤਾਂ ਕਿ ਸਬੰਧਿਤ ਅਤੇ ਸੰਭਾਵੀ ਮੁਲਜ਼ਮਾਂ ਨੂੰ ਸਖ਼ਤ ਸੁਨੇਹਾ ਦਿੱਤਾ ਜਾ ਸਕੇ। ਇਸ ਤੋਂ ਇਲਾਵਾ ਉਨ੍ਹਾਂ ਕਾਰਨਾਂ ਦਾ ਹੱਲ ਵੀ ਲੱਭਣਾ ਪਏਗਾ ਕਿ ਘਰਾਂ ਵਿੱਚ ਦੇਸ਼ੀ ਸ਼ਰਾਬ ਤਿਆਰ ਕਰਨ ਦੀ ਲੋੜ ਕਿਉਂ ਪੈ ਰਹੀ ਹੈ ਸ਼ਾਇਦ ਸਭ ਤੋਂ ਵੱਡਾ ਕਾਰਨ ਘੱਟ ਆਮਦਨ ਵਾਲੇ ਸ਼ਰਾਬ ਪੀਣ ਦੇ ਆਦੀ ਲੋਕ ਸਸਤੀ ਸ਼ਰਾਬ ਦੀ ਭਾਲ ਕਰਦੇ ਹਨ ਅਤੇ ਉਹ ਸ਼ਰਾਬ ਦਾ ਨਾਜਾਇਜ਼ ਧੰਦਾ ਕਰਨ ਵਾਲਿਆਂ ਨੂੰ ਲੱਭਦੇ ਹਨ ਜੋ ਸ਼ਰਾਬ ਜਾਂ ਤਾਂ ਘਰੇ ਬਣਾਉਂਦੇ ਹਨ ਜਾਂ ਫਿਰ ਨੇੜਲੇ ਰਾਜਾਂ ਤੋਂ ਜਿਥੇ ਸ਼ਰਾਬ ਸਸਤੀ ਹੈ ਲੈ ਕੇ ਆਉਂਦੇ ਹਨ ਇਸ ਦੀ ਮਾਤਰਾ ਵਧਾਉਣ ਲਈ ਮਿਲਾਵਟ ਕੀਤੀ ਜਾਂਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਵੀ ਸ਼ਰਾਬ ਦੀ ਕੀਮਤ ਆਪਣੇ ਗੁਆਂਢੀ ਸੂਬਿਆਂ ਦੇ ਬਰਾਬਰ ਜਾਂ ਫਿਰ ਘੱਟ ਰੱਖਣ ਦਾ ਫਾਰਮੂਲਾ ਵਰਤੋ ਵਿੱਚ ਲਿਆਵੇ । ਨਜਾਇਜ਼ ਸ਼ਰਾਬ ਬਣਾਉਣ ਅਤੇ ਖਰੀਦਣ ਵਾਲਿਆਂ ਤੇ ਵੀ ਪ੍ਰਸ਼ਾਸਨ ਅਤੇ ਪੁਲਿਸ ਨੂੰ ਚੌਕਸੀ ਵਰਤਣ ਦੀ ਲੋੜ ਹੈ। ਸਰਕਾਰਾਂ ਅਤੇ ਬੁਧੀਜੀਵੀ ਵਰਗ ਲਈ ਨਸ਼ਿਆਂ ਖ਼ਿਲਾਫ਼ ਜਾਗਰੂਕਤਾ ਮੁਹਿੰਮ ਚਲਾਉਣਾ ਵੀ ਸਮੇਂ ਦੀ ਮੁੱਖ ਮੰਗ ਹੈ ਤਾਂ ਕਿ ਪੰਜਾਬ ਵਿੱਚ ਇਹੋ ਜਿਹੀਆਂ ਦੁਖਦਾਈ ਘਟਨਾਵਾਂ ਨੂੰ ਦੋਹਰਾਉਣ ਤੋਂ ਰੋਕਿਆ ਜਾ ਸਕੇ।