(ਸਮਾਜ ਵੀਕਲੀ)
ਭਾਰਤ ਅੰਦਰ ਹਰ ਵਿਅੱਕਤੀ ਜੋ 60 ਸਾਲ ਦੀ ਉਮਰ ਟੱਪ ਜਾਂਦਾ ਹੈ, ਉਹ ਸੀਨੀਅਰ ਸਿਟੀਜ਼ਨ ਕਹਿਲਾਉਣ ਦਾ ਹੱਕਦਾਰ ਬਣ ਜਾਂਦਾ ਹੈ। ਇਸ ਸਮੇਂ 10.40-ਕਰੋੜ ਭਾਰਤੀ ਜਿਨ੍ਹਾਂ ‘ਚ 5.30 ਕਰੋੜ ਮਰਦ ਅਤੇ 5.10-ਕਰੋੜ ਇਸਤਰੀਆਂ ਹਨ ਜੋ ਇਸ ਹੱਦ-ਬੰਦੀ ਵਿੱਚ ਗਿਣੇ ਜਾ ਰਹੇ ਹਨ (2011-ਗਣਜਣਨਾ)। ਸੰਯੁਕਤ ਰਾਸ਼ਟਰ ਦੀ ਇਕ ਰਿਪੋਰਟ, ਆਬਾਦੀ ਫੰਡ ਤੇ ਹੈਲਪ-ਏਜ ਇੰਡੀਆ ਮੁਤਾਬਿਕ ਸਾਲ 2026 ਤੱਕ ਭਾਰਤ ਅੰਦਰ ਬਜ਼ੁਰਗਾਂ ਦੀ ਗਿਣਤੀ 17.30 ਕਰੋੜ ਤੱਕ ਪੁੱਜਣ ਦੀ ਆਸ ਹੈ। ਇਸ ਵਿੱਚੋਂ 71-ਫੀ ਸਦ ਆਬਾਦੀ ਪੇਂਡੂ ਅਤੇ 29-ਫੀ ਸਦ ਸ਼ਹਿਰੀ ਖੇਤਰ ਚ ਹੋਵੇਗੀ। ਭਾਵੇਂ ਸੰਸਾਰ ਅੰਦਰ ਘਾਤਕ ਬਿਮਾਰੀਆਂ, ਵਾਇਰਸ ਤੇ ਲਾ-ਇਲਾਜ ਬਿਮਾਰੀਆਂ ਕਾਰਨ ਮੌਤਾਂ ‘ਤੇ ਕਾਬੂ ਪਾਇਆ ਜਾ ਰਿਹਾ ਹੈ, ਜਿਸ ਕਾਰਨ ਪ੍ਰਤੀ ਵਿਅਕੱਤੀ ਉਮਰ ਵੱਡੀ ਹੁੰਦੀ ਜਾ ਰਹੀ ਹੈ।
ਪਰ ਦੂਸਰੇ ਪਾਸੇ ਸੰਸਾਰੀਕਨ ਅਧੀਨ ਨਵ-ਉਦਾਰਵਾਦ ਅੰਦਰ ਵੱਡੇ-ਵੱਡੇ ਘਰਾਣਿਆ ਨੇ ਆਪਣੇ ਮੁਨਾਫੇ ਵਧਾਉਣ ਲਈ ਅੰਨ੍ਹੇਵਾਰ ਕੁਦਰਤ ਨਾਲ ਛੇੜ-ਛਾੜ ਕੀਤੀ ਹੈ। ਉਸ ਅਨੁਸਾਰ ਵਿਗੜ ਰਹੇ ਵਾਤਾਵਰਣ, ਪਲੀਤ ਹੋ ਰਹੀ ਹਵਾ ਤੇ ਪਾਣੀ ਅਤੇ ਈਕੋ-ਸਿਸਟਮ ਵਿੱਚ ਆਏ ਬਦਲਾਅ ਕਾਰਨ ਮਨੁੱਖੀ ਜੀਵਨ ‘ਤੇ ਬਹੁਤ ਸਾਰੇ ਮਾੜੇ ਪ੍ਰਭਾਵ ਪਏ ਹਨ। ਜਿਸ ਕਾਰਨ ਵੱਧ ਰਹੀ ਮਹਿੰਗਾਈ, ਬੇਰੁਜ਼ਗਾਰੀ ਤੇ ਭੁੱਖਮਰੀ ਕਾਰਨ ਆਮ ਜਨਤਾ ਦੀ ਸਿਹਤ ‘ਤੇ ਬਹੁਤ ਦੁਰ-ਪ੍ਰਭਾਵ ਪਏ ਹਨ। ਭੁੱਖ-ਮਰੀ ਤੇ ਕੁਪੋਸ਼ਨ ਕਾਰਨ ਇਸ ਦਾ ਸ਼ਿਕਾਰ ਹੋਇਆ ਹੈ ਬਾਲਪਣ ਅਤੇ ਬਜ਼ੁਰਗ ਭਾਈਚਾਰਾ !
ਦੇਸ਼ ਅੰਦਰ 7.5 ਕਰੋੜ ਬਜ਼ੁਰਗਾਂ ਵਿੱਚੋਂ ਦੋ-‘ਚ ਇਕ ਵਿਅੱਕਤੀ ਕੋਈ ਨਾ ਕੋਈ ਲੰਬੀ, ਪੁਰਾਣੀ ਜਾਂ ਘਾਤਕ ਬਿਮਾਰੀ ਤੋਂ ਪੀੜਤ ਹੈ। ਦੂਸਰੇ ਪਾਸੇ ਗਰੀਬੀ, ਬੇਰੁਜ਼ਗਾਰੀ ਅਤੇ ਤੰਗੀਆਂ-ਤਰੁਸ਼ੀਆਂ ਕਾਰਨ ਸਰੀਰਕ ਕਮਜ਼ੋਰੀ ਤੇ ਮਾਨਸਿਕ ਪੀੜਾ ਕਾਰਨ 20-ਫੀਸਦ ਤੋਂ ਵੱਧ ਬਜ਼ੁਰਗ ਪ੍ਰੇਸ਼ਾਨੀ ਦੇ ਆਲਮ ਹੇਠ ਜੀਅ ਰਹੇ ਹਨ। ਮੌਜੂਦਾ ਕਰੋਨਾ-19 ਦੀ ਮਹਾਮਾਰੀ ਦੇ ਭੈਅ ਕਾਰਨ ਬਜ਼ੁਰਗ-ਸੰਸਾਰ ਸਭ ਤੋਂ ਵੱਧ ਬਿਪਤਾ ਹੰਡਾਅ ਰਿਹਾ ਹੈ।ਮਾੜੀ ਸਿਹਤ ਤੇ ਇਕੱਲਤਾ ਕਾਰਨ, ਦੂਸਰਾ ਕਰੋਨਾ ਦਾ ਭੈਅ ਜੋ ਇੱਸ ਵਰਗ ਦੇ ਸਿਰ ਤੇ ਖੜਾ ਹੈ, ਬਜ਼ੁਰਗ ਭਾਈਚਾਰਾ ਸੰਵੇਦਨਸ਼ੀਲਤਾ ਅਤੇ ਅਸੁਰੱਖਿਆ ਕਾਰਨ ਨਿੱਤ ਦਿਨ ਪੀੜਾ ਦੇਣ ਵਾਲੀ ਜਿੰਦਗੀ ਜੀਅ ਰਿਹਾ ਹੈ। ਵਿਆਪਕ ਰੂਪ ਵਿੱਚ ਦੇਖਿਆ ਜਾਵੇ ਤਾਂ ਉਪਰੋਕਤ ਬਿਪਤਾ ਤੋਂ ਇਲਾਵਾ ਵੱਧ ਰਹੀ ਨਿਰਭਰਤਾ, ਦੁਰ ਵਿਵਹਾਰ ਤੇ ਮਾਨਸਿਕ ਚੁਣੌਤੀਆਂ ਉਸ ਨੂੰ ਹੋਰ ਪ੍ਰੇਸ਼ਾਨ ਕਰ ਰਹੀਆਂ ਹਨ।
ਅਜਿਹੇ ਹਾਲਾਤ ਕੇਵਲ ਮਨ ਹੀ ਨਹੀਂ ਸਰੀਰਕ ਰੂਪ ਵਿੱਚ ਵੀ ਬਜ਼ੁਰਗਾਂ ਨੂੰ ਹੋਰ ਕਮਜ਼ੋਰ ਕਰਦੇ ਹਨ। ਪਿਛਲੇ 1 ਤੋਂ ਬਜ਼ੁਰਗ ਘਰਾਂ ਅੰਦਰ ਹੀ ਪ੍ਰਵਾਰ ਦੇ ਸਾਰੇ ਜੀਆਂ ਦੀ ਮੌਜੂਦਗੀ ਹੋਣ ਦੇ ਬਾਵਜੂਦ ਵੀ ਇਹ 20-ਫੀਸਦ ਬਜ਼ੁਰਗ ਉਨ੍ਹਾਂ ਦੀ ਹਾਜਰੀ ਚਾਹੁੰਦੇ ਹਨ। ਐਨਾ ਹੀ ਨਹੀਂ 35.7-ਫੀ-ਸਦ ਬਜ਼ੁਰਗ ਚਾਹੁੰਦੇ ਹਨ ਕਿ, ‘ਕਿ ਉਨ੍ਹਾਂ ਨਾਲ ਕੋਈ ਗੱਲ-ਬਾਤ ਕਰਨ ਵਾਲਾ ਹੋਵੇ। ਸੰਸਾਰੀਕਰਨ ਦੇ ਇਸ ਦੌਰ ਅੰਦਰ ਜਦੋਂ ਹਰ ਵਰਗ ਆਪਣੇ ਘੇਰੇ ‘ਚ ਸਿਮਟ ਰਿਹਾ ਹੋਵੇ ਤਾਂ ਬਜ਼ੁਰਗ ਭਾਈਚਾਰਾ ਇਕੱਲਤਾ ਕਾਰਨ ਨਿਰਾਸ਼ਤਾ ਦੀ ਜਿੰਦਗੀ ਜਿਊਣ ਲਈ ਮਜ਼ਬੂਰ ਹੋ ਜਾਂਦਾ ਹੈ। 40-ਫੀ ਤੋਂ ਵੱਧ ਬਜ਼ੁਰਗ ਮੰਨਦੇ ਹਨ ਕਿ ਸਮਾਜ ਅੰਦਰ ਉਨ੍ਹਾਂ ਨਾਲ ਦੂਸਰਿਆਂ ਵੱਲੋਂ ਦੁਰ-ਵਿਵਹਾਰ ਇਕ ਆਮ ਗੱਲ ਹੈ। 15-ਫੀ ਸਦ ਨੇ ਖੁਦ ਸਵੀਕਾਰ ਹੈ, ‘ਕਿ ਉਹ ਖੁਦ ਪ੍ਰਵਾਰ ਅੰਦਰ ਦੁਰ-ਵਿਵਹਾਰ ਦਾ ਸ਼ਿਕਾਰ ਹਨ।(ਇਕ ਸਰਵੇਖਣ-ਰਿਪੋਰਟ-2021)
ਕਰੋਨਾ ਮਹਾਮਾਰੀ ਦੇ ਭੈਅ ਅਤੇ ਬਦਲੇ ਹਲਾਤਾਂ ਕਾਰਨ 8-ਫੀ ਸਦ ਇਨ੍ਹਾਂ ਸਨਮਾਨਤ ਲੋਕਾਂ ਦਾ ਕਹਿਣਾ ਹੈ, ‘ਕਿ ਇਸ ਭੈਅ ਕਾਰਨ ਬਜ਼ੁਰਗ ਦੇ ਜੀਵਨ ਨਾਲ ਦੁਰ ਵਿਵਹਾਰ ਦੀਆਂ ਘਟਨਾਵਾਂ ‘ਚ ਵਾਧਾ ਹੋਇਆ ਹੈ। ਇਸ ਦਾ ਵੱਡਾ ਕਾਰਨ ਪ੍ਰਵਾਰਾਂ ਅੰਦਰ ਕਰੋਨਾ ਵਾਇਰਸ ਨਾਲ ਨੌਜਵਾਨ ਜਾਂ ਕਮਾਊ-ਜੀਅ ਦੀ ਮੌਤ ਬਾਦ ਆਮਦਨ ਦਾ ਕਸਾਰਾ, ਹੋਰ ਖਰਚੇ ਵੱਧਣ ਕਾਰਨ ਘਰ ਦਾ ਗੁਜ਼ਾਰਾ ਨਾ ਚੱਲਣਾ ਅਤੇ ਦੂਸਰਾ ਬਜ਼ੁਰਗਾਂ ਦੇ ਬੇਹਤਰ ਇਲਾਜ, ਸਿਹਤ ਤੇ ਬੁਨਿਆਦੀ ਢਾਂਚੇ ਨੂੰ ਕਾਇਮ ਰੱਖਣ ਲਈ ਦਵਾਈਆਂ ‘ਤੇ ਹੋ ਰਹੇ ਖਰਚਿਆਂ ਦੇ ਭਾਰ ਕਾਰਨ ਪੈਦਾ ਹੋ ਰਹੇ ਤਨਾਅ ਦੀ ਮਾਰ ਵੀ ਬਜ਼ੁਰਗਾਂ ਨੂੰ ਝੱਲਣੀ ਪੈ ਰਹੀ ਹੈ। ਹਾਕਮ ਭਾਵੇਂ ਕਿੰਨੀਆਂ ਵੀ ਲੋਕਾਂ ਨੂੰ ਸਹਾਇਤਾ ਲਈ ਭਲਾਈ ਸਕੀਮਾਂ ਚਾਲੂ ਕਰਨ ਦੀਆਂ ਟਾਹਰਾਂ ਮਾਰੀ ਜਾਣ। ਪਰ ਅਮਲ ਵਿੱਚ ਆਮ ਲੋਕਾਂ ਨੂੰ ਬਣਦੀਆਂ ਸਹੂਲਤਾਂ ਨਹੀਂ ਮਿਲ ਰਹੀਆਂ ਹਨ।
ਭਾਰਤ ਅੰਦਰ ਗਰੀਬੀ-ਗੁਰਬਤ, ਮਾੜੀਆ ਸਿਹਤ ਸਹੂਲਤਾਂ, ਅਤੇ ਗਿਆਨ-ਵਿਗਿਆਨ ਦੀ ਘਾਟ ਪਹਿਲਾ ਹੀ ਅੱਤ ਦਰਜੇ ਤੱਕ ਪੁੱਜ ਚੁੱਕੀ ਹੋਈ ਹੈ।ਅਜਿਹੇ ਹਲਾਤਾਂ ਅੰਦਰ ਜਦੋਂ ਕਰੋਨਾ ਦਾ ਠਹਿਰਾਅ ਲਗਾਤਾਰ ਵੱਧ ਰਿਹਾ ਹੋੋਵੇ, ਰੁਜ਼ਗਾਰ ਸੁੰਗੜ ਗਏ ਹਨ ਅਤੇ ਦੇਸ਼ ਅੰਦਰ ਇਸ ਕਾਰਨ ਪੈਦਾ ਹੋਇਆ ਮਾਨਸਿਕ ਦੁਰ-ਪ੍ਰਭਾਵ ਜਿਸ ਨੇ ਆਰਥਿਕ ਮੰਦੇ ਨੂੰ ਜਨਮ ਦਿੱਤਾ ਹੈ। ਇਸ ਦਾ ਸਿੱਧਾ ਪ੍ਰਭਾਵ ਸਮਾਜ ਦੇ ਬਜ਼ੁਰਗ ਲੋਕਾਂ ਤੇ ਪੈਣਾ ਲਾਜ਼ਮੀ ਹੈ। ਇਹ ਪ੍ਰਭਾਵ ਦੂਸਰੇ ਰੂਪ ਵਿੱਚ ਵੀ ਆ ਰਿਹਾ ਹੈ। ਮੌਤ ਦੇ ਭੈਅ ਕਾਰਨ ਬਜ਼ੁਰਗਾਂ ਦੀ ਜਾਇਦਾਦ, ਜਮੀਨ ਅਤੇ ਪੂੰਜੀ ਨੂੰ ਪ੍ਰਵਾਰ ਦੇ ਮੈਂਬਰ ਆਪਣੇ ਨਾਂ ਕਰਵਾਉਣ ਲਈ ਕਈ ਵਾਰ ਅਜਿਹੀ ਸਥਿਤੀ ਪੈਦਾ ਕਰ ਦਿੰਦੇ ਹਨ, ‘ਕਿ ਬਜ਼ੁਰਗਾਂ ਨੂੰ ਪੈਰ-ਪੈਰ ਤੇ ਆਪਣੇ ਬੱਚਿਆਂ ਦੇ ਆਤੁਰ (ਨਿਰਭਰ) ਹੋਣਾ ਪੈਂਦਾ ਹੈ। ਆਰਥਿਕ ਨਿਰਭਰਤਾ ਦਾ ਸਿਧੇ ਜਾਂ ਅਸਿਧੇ ਰੂਪ ਵਿੱਚ ਜੀਵਨ ਦੀ ਇਸ ਆਖਰੀ ਬੁਝ ਰਹੀ ਕਿਰਨ ਤੇ ਬੋਝ ਪੈਣਾ ਇਕ ਚਿੰਤਾ ਦਾ ਵਿਸ਼ਾ ਹੈ।
ਹਾਕਮ ਭਾਵੇਂ ਮੂੰਹ ਨਾ ਖੋਲਣ, ਪਰ ਸਾਲ 2021 ਦੇ ਸ਼ੁਰੂਆਤੀ ਸਮੇਂ ਦੌਰਾਨ ਸਿਹਤ-ਵਿਭਾਗ ਵੱਲੋ ਦੁਨੀਆ ਦਾ ਸਭ ਤੋਂ ਵੱਡਾ ਸਰਵੇਖਣ, ‘ਲੌਂਗੀਟਿਊਜਨਲ ਏਜਿੰਗ ਸਟੱਡੀ ਇੰਨ ਇੰਡੀਆ“ ਕਰਾਇਆ ਗਿਆ ਸੀ। ਇਸ ਸਰਵੇਖਣ ਅੰਦਰ ਬਜ਼ੁਰਗਾਂ ਦੀ ਸਿਹਤ ਸਬੰਧੀ ਲੈ ਕੇ ਦਿਲ-ਡਰਾਉਣ ਵਾਲੇ ਤੱਥ ਸਾਹਮਣੇ ਆਏ ਹਨ। ਇਸ ਸਰਵੇਖਣ ਅੰਦਰ ਇਹ ਸਾਹਮਣੇ ਆਇਆ ਹੈ ਕਿ ਭਾਰਤ ਅੰਦਰ 7.5-ਕਰੋੜ ਬਜ਼ੁਰਗ ਭਾਵ 60-ਸਾਲ ਤੋਂ ਉਪਰ ਵਾਲੀ ਉਮਰ ਦੇ ਦੋ-ਭਾਰਤੀਆਂ ਵਿਚੋਂ ਇਕ-ਭਾਰਤੀ ਲੰਬੀ ਅਤੇ ਪੁਰਾਣੀ (ਕਰੋਨੀਕਲ) ਬਿਮਾਰੀ ਤੋਂ ਪੀੜ੍ਹਤ ਸਨ। ਜਿਸ ਕਾਰਨ ਬਹੁਤ ਸਾਰੇ ਬਜ਼ੁਰਗ ਸਰੀਰਕ ਪੱਖੋਂ ਨਿਰਬਲ ਹੋਣ ਕਾਰਨ ਪ੍ਰੇਸ਼ਾਨ ਹਨ। 20-ਫੀ ਸਦ ਬਜ਼ੁਰਗ ਮਾਨਸਿਕ ਬਿਮਾਰੀਆਂ ਤੋਂ ਪੀੜਤ ਪਾਏ ਗਏ। 27-ਫੀ ਸਦ ਇਹ ਬਜ਼ੁਰਗ ਹੋਰ ਦੂਸਰੀਆਂ ਬਿਮਾਰੀਆਂ ਦੀ ਮਾਰ ਝੱਲ ਰਹੇ ਸਨ ਜਿਨ੍ਹਾਂ ਦੀ ਗਿਣਤੀ 3-ਕਰੋੜ ਦੇ ਆਸ-ਪਾਸ ਬਣਦੀ ਹੈ। ਦੇਸ਼ ਦਾ ਇਹ ਅਣਮੁੱਲਾ ਧਨ ਜਿਹੜਾ ਆਪਣੇ ਜੀਵਨ ਦੀ ਅਹੁਤੀ ਦੇ ਕੇ ਦੇਸ਼ ਨੂੰ ਸਮਰਿਧ ਬਣਾਉਂਦਾ ਰਿਹਾ ਹੈ, ਆਖਰੀ ਕਾਲ ਅੰਦਰ ਕਈ ਬਿਮਾਰੀਆਂ ਨਾਲ ਜੂਝਦਾ ਅੱਜ ਕਰੋਨਾ-ਮਹਾਮਾਰੀ ਕਾਰਨ ਪੈਦਾ ਹੋਈਆਂ ਦੁਸ਼ਵਾਰੀਆਂ ਦੇ ਪੈਰਾਂ ਹੇਠਾਂ ਦੱਬਿਆ ਜਾ ਰਿਹਾ ਹੈ।
ਜੇਕਰ ਹਾਕਮਾਂ ਵੱਲੋ ਅਤੇ ਸਮਾਜ ਵੱਲੋ ਸੰਵੇਦਨਸ਼ੀਲਤਾ ਦਾ ਮਾਹੌਲ ਹੋਵੇ, ਪ੍ਰਵਾਰ ਵੱਲੋ ਪੂਰਾ-ਪੂਰਾ ਸਹਿਯੋਗ ਮਿਲੇ ਤਾਂ ਵੱਡੀ ਉਮਰੇ ਵੀ ਇਨ੍ਹਾਂ ਦਾ ਹਰ ਤਰ੍ਹਾਂ ਦੀ ਜੱਦੋ-ਜਹਿਦ ਅੰਦਰ ਜੀਵਨ ਆਸਾਨੀ ਨਾਲ ਗੁਜਰ ਜਾਂਦਾ ਹੈ। ਆਪਣਿਆਂ ਦੀ ਨੇੜ੍ਹਤਾ, ਭਾਵਨਾਵਾਂ ਅਤੇ ਸਨੇਹ ਮਿਲਦਾ ਰਹੇ ਤਾਂ ਜੀਵਨ ਦੇ ਹਰ ਮੋੜ ਤੇ ਮਨੁੱਖ ਨੂੰ ਮਿਲੀ ਸ਼ਕਤੀ ਉਸ ਨੂੰ ਡੋਲਣ ਨਹੀਂ ਦਿੰਦੀ ਹੈ। ਪਰ ਅਫ਼ਸੋਸ ! ਕਿ ਇਸ ਪੂੰਜੀਵਾਦੀ ਸੰਸਾਰ ਅੰਦਰ ਥੱਕੇ-ਟੁੱਟੇ ਮਨੁੱਖ ਨੂੰ ਜੋ ਸਰੀਰਕ ਪੱਖੋ ਹੀ ਨਹੀਂ, ਮਾਨਸਿਕ ਪੱਖੋ ਵੀ ਟੁੱਟ-ਚੁੱਕਿਆ ਹੋਇਆ ਹੁੰਦਾ ਹੈ, ਉਦੋਂ ਉਹ ਸਾਰੇ ਹਥਿਆਰ ਸੁੱਟ ਦਿੰਦਾ ਹੈ ਜਦੋਂ ਉਸ ਨਾਲ ਆਪਣਿਆ ਵੱਲੋਂ ਵੀ ਸ਼ੋਸ਼ਣ ਜਿਹਾ ਵਿਵਹਾਰ ਸ਼ੁਰੂ ਹੋ ਜਾਂਦਾ ਹੈ। ਇਕ ਖੋਜ ਅੰਦਰ ਪਾਇਆ ਗਿਆ ਕਿ 60-ਫੀ ਸਦ ਤੋਂ ਵੱਧ ਬਜ਼ੁਰਗ ਮੁੱਖ ਰੂਪ ਵਿੱਚ ਭਾਵਨਾਤਮਿਕ ਸ਼ੋਸ਼ਣ, ਵਿੱਤੀ ਸੰਕਟ ਅਤੇ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹਨ।
ਭਾਰਤ ਵਰਗੇ ਪ੍ਰੰਪਰਾਵਾਦੀ ਪਰਿਵਾਰਕ ਢਾਂਚੇ ਵਾਲੇ ਦੇਸ਼ ਅੰਦਰ ਬਜ਼ੁਰਗਾਂ ਨਾਲ ਹੋ ਰਿਹਾ ਦੁਰ-ਵਿਵਹਾਰ ਇਕ ਦੁੱਖਦਾਈ ਸਚਾਈ ਹੈ। ਉਦਾਰੀਵਾਦ ਜਿਉ-ਜਿਉਂ ਚੜ੍ਹਾਈ ਵਲ ਵੱਧਦਾ ਜਾ ਰਿਹਾ ਹੈ, ਉਸਦੇ ਸੰਕਟ ਕਾਰਨ ਵੱਡੇ ਬਜ਼ੁਰਗਾਂ ਨਾਲ ਮਾਰਕੁੱਟ ਅਤੇ ਘਰੋ ਬਾਹਰ ਕੱਢ ਦੇਣਾ, ਵਰਗੇ ਮਾਮਲਿਆ ਅੰਦਰ ਤੇਜੀ ਆ ਰਹੀ ਹੈ। ਬਜ਼ੁਰਗਾਂ ਨੂੰ ਮਕਾਨ, ਜਮੀਨ-ਜਾਇਦਾਦ ਤੇ ਹੋਰ ਮਾਲਕਾਨਾ-ਹੱਕਾਂ ਤੋਂ ਮਰਹੂਮ ਕੀਤਾ ਜਾ ਰਿਹਾ ਹੈ। ਜੋ ਦੂਸਰੇ ਪਾਸੇ ਉਨ੍ਹਾਂ ਦੀ ਜਿੰਦਗੀ ਨੂੰ ਨਰਕੀ ਵੀ ਬਣਾ ਦਿੱਤਾ ਜਾ ਰਿਹਾ ਹੈ। ਅਜਿਹੀ ਮਾਨਸਿਕਤਾ ਬਜ਼ੁਰਗਾਂ ਨੂੰ ਮੌਤ ਤੋਂ ਪਹਿਲਾ ਹੀ ਆਤਮ-ਹੱਤਿਆ ਕਰਨ ਲਈ ਮਜਬੂਰ ਕਰ ਦਿੰਦੀ ਹੈ।
ਇਹ ਵਰਤਾਰਾ ਕੋਵਿਡ-19 ਮਹਾਂਮਾਰੀ ਅੰਦਰ ਪਿਛਲੇ ਸਮੇਂ ਤੋਂ ਖੁਲ੍ਹ ਕੇ ਆ ਰਿਹਾ ਹੈ। ਨਿਰਸੰਦੇਹ ! ਬਜ਼ੁਰਗਾਂ ਦਾ ਅਪਮਾਣ, ਸ਼ੋਸ਼ਣ ਅਤੇ ਤ੍ਰਿਸਕਾਰ ਦੀਆਂ ਤਸਵੀਰਾਂ ਜੋ ਮੀਡੀਆ ਰਾਹੀ ਆ ਰਹੀਆਂ ਹਨ ‘ਜੋ ਸਾਡੇ ਸਮਾਜਕ ਤੇ ਪ੍ਰਵਾਰਕ ਵਿਵੱਸਥਾਵਾਂ ‘ਚ ਆ ਰਹੇ ਵਿਗਾੜਾਂ ਨੂੰ ਪੇਸ਼ ਕਰ ਰਹੀਆਂ ਹਨ। ਵਿਡੰਬਨਾ ! ਇਹ ਹੈ ਕਿ ਪ੍ਰਵਾਰ ਤੇ ਦੇਸ਼ ਨੂੰ ਉਸਾਰਨ ਤੇ ਨਿਰਮਾਣ ਕਰਨ ਵਾਲੇ ਇਹ ਬਜ਼ੁਰਗ ਜਿੰਦਗੀ ਦੇ ਆਖਰੀ ਪੜਾਅ ਅੰਦਰ ਹਰ ਮੋਰਚੇ ਤੇ ਇਕੱਲੇ ਅਤੇ ਅਸੁਰੱਖਿਅਤ ਰਹਿਣ ਕਰਕੇ ਅੱਲ੍ਹਾ ਨੂੰ ਪਿਆਰੇ ਹੋ ਜਾਂਦੇ ਹਨ। ਇਸ ਮਹਾਮਾਰੀ ਦੇ ਕਾਲ ਅੰਦਰ ਹਾਕਮਾਂ, ਸਮਾਜ ਅਤੇ ਪ੍ਰਵਾਰਾਂ ਨੂੰ ਬਜ਼ੁਰਗਾਂ ਦੀਆਂ ਜ਼ਰੂਰਤਾਂ ਤੇ ਮੁਸ਼ਕਲਾਂ ਨੂੰ ਸਮਝਦੇ ਹੋਏ ਉਨ੍ਹਾਂ ਦੇ ਹਲ ਲਈ ਨਵੇਂ ਸਿਰੇ ਤੋਂ ਢੰਗ ਤਰੀਕੇ ਤਲਾਸ਼ਣੇ ਚਾਹੀਦੇ ਹਨ।
ਦੁਨੀਆਂ ਦੇ ਬਹੁਤ ਸਾਰੇ ਦੇਸ਼ਾਂ ਵਿੱਚ ਤਾਂ ਉਥੋਂ ਦੀਆਂ ਸਰਕਾਰਾਂ ਆਪਣੇ ਸਰਮਾਏ-ਬੱਚਿਆਂ ਅਤੇ ਬਜ਼ੁਰਗਾਂ ਦੀ ਦੇਖ-ਭਾਲ ਅਤੇ ਪਾਲਣ-ਪੋਸ਼ਣ ਦੀ ਜਿੰਮੇਵਾਰੀ ਇਕ ਕਲਿਆਣਕਾਰੀ ਰਾਜ ਵੱਲੋ ਸਮਝ ਕੇ ਨਿਭਾਉਂਦੀਆਂ ਹਨ। ਉਹ ਸਰਕਾਰਾਂ ਤਾਂ ਕੰਮ ਕਰਦੇ ਕਿਰਤੀਆਂ ਦੀ ਉਜ਼ਰਤ ਵਿੱਚੋ ਕੁਝ ਹਿਸਾ ਕੱਢਕੇ ਬਾਅਦ ਉਸ ਦੇ ਬਦਲ ‘ਚ ਬੁਢੇਪੇ ਵੇਲੇ ਬਜ਼ੁਰਗਾਂ ਨੂੰ ਸਿਹਤ, ਮਕਾਨ, ਸਮਾਜਕ-ਸੁਰੱਖਿਆ ਜਿਹੀਆਂ ਸਹੂਲਤਾਂ ਪ੍ਰਦਾਨ ਕਰਦੀਆਂ ਹਨ। ਪਰ ਸਾਡੇ ਦੇਸ਼ ਅੰਦਰ 40-ਕਰੋੜ ਤੋਂ ਵੱਧ ਅਸੰਗਠਤ-ਖੇਤਰ ਦੇ ਕਿਰਤੀਆਂ ਦੀ ਰੁਜ਼ਗਾਰ ਵੇਲੇ ਵੀ ਕੋਈ ਸਮਾਜਕ-ਸੁਰੱਖਿਆ ਨਹੀਂ ਹੈ। ਫਿਰ ਬੁਢੇਪੇ ਵੇਲੇ ਤਾਂ ਹਾਕਮ ਕਿਵੇਂ ਉਨ੍ਹਾਂ ਦੀ ਕੋਈ ਬਾਤ ਪੁਛਣਗੇ ? ਭਾਰਤ ਵਰਗੇ ਪੂੰਜੀਵਾਦੀ ਦੇਸ਼ ਅੰਦਰ ਸਭ ਤੋਂ ਵੱਧ ਹਰ ਪਾਸੇ ਸ਼ੋਸ਼ਣ ਕਿਰਤੀਆਂ, ਕਿਸਾਨਾਂ ਤੇ ਆਮ ਜਨਤਾ ਦਾ ਹੀ ਹੁੰਦਾ ਹੈ।
ਪਿਛਲੀ ਬੀ.ਜੇ.ਪੀ.-ਆਰ.ਐਸ.ਐਸ. ਦੀ ਅਗਵਾਈ ਵਾਲੀ ਸਰਕਾਰ ਨੇ ਦੇਸ਼ ਅੰਦਰ ਪਹਿਲੀ ਵਾਰ ਰਾਜਸਤਾ ਤੇ ਕਾਬਜ਼ ਹੋਣ ਵੇਲੇ ਹੋਰ ਵਾਅਦਿਆਂ ਦੇ ਇਲਾਵਾ ਇਹ ਵੀ ਵਾਅਦਾ ਕੀਤਾ ਸੀ ਕਿ ਬਜ਼ੁਰਗਾਂ ਦੀ ਭਲਾਈ ਲਈ ਸਮਾਜਿਕ-ਸੁਰੱਖਿਆ ਦੇਣ ਲਈ ਕਦਮ ਚੁੱਕੇ ਜਾਣਗੇ। ਉਸ ਵੇਲੇ ਦੀ ਵਾਜਪਾਈ ਸਰਕਾਰ ਦੇ ਸਮੇਂ ਵਾਅਦੇ ਵਫ਼ਾ ਨਾ ਹੋਏ। ਸਗੋਂ ਤਾਂ ਕੇਂਦਰ ਦੀ ਸਰਕਾਰ ਨੇ ਪਹਿਲੀ ਅਪ੍ਰੈਲ,2004 ਤੋਂ ਸਰਕਾਰੀ ਤੇ ਅਰਧ-ਸਰਕਾਰੀ ਕੇਂਦਰੀ ਅਤੇ ਸੂਬਾਈ ਮੁਲਾਜ਼ਮਾਂ ਨੂੰ ਮਿਲਦੀ ਪੈਨਸ਼ਨ ਦਾ ਵੀ ਭੋਗ ਪਾ ਦਿੱਤਾ ਸੀ। ਹੁਣ ਸਰਕਾਰੀ ਤੇ ਅਰਧ ਸਰਕਾਰੀ ਮੁਲਾਜ਼ਮਾਂ ਨੂੰ ਕੰਟਰੀ-ਬੂਟਰੀ ਪੈਨਸ਼ਨ ਮਿਲੇਗੀ। ਉਹ ਵੀ ਜੇਕਰ ਉਨ੍ਹਾਂ ਦਾ ਲਾਇਆ ਪੈਸਾ ਸੁੱਖੀ-ਸਾਂਦੀ ਸ਼ੇਅਰ-ਮਾਰਕੀਟ ਦੇ ਰਾਖਸ਼ਾਂ ਤੋਂ ਬਚ ਗਿਆ ਤਾਂ ਮਿਲੇਗਾ। ਹੁਣ ਅਸੰਗਠਤ ਖੇਤਰ ਦੇ ਕਿਰਤੀਆਂ ਨੂੰ ਸਮਾਜਿਕ-ਆਰਥਿਕ ਸੁਰੱਖਿਆ ਦੀ ਤਾਂ ਗੱਲ ਹੀ ਨਾ ਕਰੀਏ।
ਇੰਦਰਾ ਗੱਾਂਧੀ ਓਲਡ ਏਜ਼ ਪੈਨਸ਼ਨ ਸਕੀਮ ਅਧੀਨ ਗਰੀਬੀ ਰੇਖਾਂ ਤੋਂ ਹੇਠਾ ਰਹਿ ਰਹੇ 60-79 ਸਾਲ ਤੱਕ ਦੇ ਬਜ਼ੁਰਗਾਂ ਨੂੰ 200 ਰੁਪਏ ਅਤੇ 80 ਸਾਲ ਤੋਂ ਉਪਰ ਬਜ਼ੁਰਗਾਂ ਨੂੰ 500 ਰੁਪਏ ਮਹੀਨਾ ਪੈਨਸ਼ਨ ਦੇਣ ਲਈ ਠੀਂਗ ਮਾਰੀ ਸੀ। ਪਰ ਅੱਜ ਦੀ ਮਹਿੰਗਾਈ ‘ਚ ਰਾਜਾਂ ਵੱਲੋਂ ਇਸ ਵਿੱਚ ਕੀਤਾ ਜਾਂਦਾ ਨਿਗੂਣਾ ਜਿਹਾ ਵਾਧਾ ਕੁਝ ਵੀ ਸੁਆਰੇਗਾ ਨਹੀਂ ? ਮੈਨਟੇਨੈੱਸ ਅਂੈਡ ਵੈਲਫੇਅਰ ਆਫ ਪੈਰੇਂਟਸ ਐਂਡ ਸੀਨੀਅਰ ਸਿਟੀਜ਼ਨ ਐਕਟ-2009 ਨੂੰ ਸਹੀ ਅਰਥਾਂ ‘ਚ ਲਾਗੂ ਕਰਦੇ ਹੋਏ ਗਰੀਬਾਂ ਤੇ ਬਜ਼ੁਰਗਾਂ ਨੂੰ ਗੁਜਾਰੇ ਜੋਗੀ ਪੈਨਸ਼ਨ ਮਿਲਣੀ ਚਾਹੀਦੀ ਹੈ। ਭਾਵੇਂ ਜਿਹੜੀ ਉਨ੍ਹਾਂ ਦੇ ਸਿਹਤ ਖਰਚੇ, ਰੋਜਾਨਾਂ ਰਾਸ਼ਨ ਅਤੇ ਕਪੜਾ-ਲੀੜਾ ਖਰੀਦਣ ਯੋਗ ਹੋਵੇ। ਮੋਦੀ ਸਰਕਾਰ ਨੇ 2014 ਵੇਲੇ ਜੋ ਬਜ਼ੁਰਗਾਂ ਦੀ ਭਲਾਈ, ਸਮਾਜਕ-ਆਰਥਿਕ ਮਦਤ ਅਤੇ ਸਿਹਤ ਸਹੂਲਤਾਂ ਦੇਣ ਲਈ ਦਮਜਗੇ ਮਾਰੇ ਸਨ ਉਹ ਸਭ ਹਵਾ ਅੰਦਰ ਉੜ ਗਏ ਹਨ।
ਦੇਸ਼ ਦੇ ਸੰਵਿਧਾਨ ਦੀ ਧਾਰਾ-21 ਅਧੀਨ ਹਰ ਭਾਰਤੀ ਨੂੰ ਆਤਮ ਸਨਮਾਨ ਨਾਲ ਜਿਊਂਣ ਦਾ ਅਧਿਕਾਰ ਦਿੱਤਾ ਹੈ। ਪਰ ਸਾਧਨਾਂ ਤੋਂ ਬਿਨ੍ਹਾਂ ਜਿਥੇ ਕੰਮ ਦਾ ਅਧਿਕਾਰ ਨਹੀਂ ਅਤੇ ਰੋਟੀ, ਕਪੜਾ ਤੇ ਮਕਾਨ ਦੀ ਗ੍ਰੰਟੀ ਨਹੀਂ ਤਾਂ ਮਨੁੱਖ ਹਵਾ ਲੈ ਕੇ ਤੇ ਪਾਣੀ ਪੀ ਕੇ ਜਿਊਂਦਾ ਕਿਵੇਂ ਰਹਿ ਸੱਕੇਗਾ ? ਭਾਰਤ ਅੰਦਰ ਜਿਥੇ ਹਰ ਪਾਸੇ ਗਰੀਬੀ-ਗੁਰਬਤ ਦਾ ਆਲਮ ਛਾਇਆ ਹੋਇਆ ਹੈ, ਅਸਲ ਵਿੱਚ ਕਨੂੰਨੀ ਕੋਈ ਸਹਾਰੇ ਦੀ ਆਸ ਹੀ ਨਹੀਂ ਹੈ ਤਾਂ ਬਜ਼ੁਰਗਾਂ ਦਾ ਭਾਈਚਾਰਾ ਕਿਵੇਂ ਸਨਮਾਨ ਨਾਲ ਜਿਊਣ ਦਾ ਇਹ ਅਧਿਕਾਰ ਮਾਣ ਸੱਕੇਗਾ ? ਕੋਰਟਾਂ ਰਾਹੀਂ ਕਈ ਵਾਰ ਬਜ਼ੁਰਗਾਂ ਦੀ ਭਲਾਈ ਲਈ ਫੈਸਲੇ ਆਏ ਹਨ। (ਰਿਟ ਨੰ: 193 ਆਫ 2016 ਛ।ਙ।ਜ਼)। ਸਰਕਾਰਾਂ ਨੂੰ ਹਦਾਇਤਾਂ ਵੀ ਦਿੱਤੀਆਂ ਗਈਆਂ ਹਨ।
ਇਸ ਦੇ ਬਾਵਜੂਦ ਹਜਾਰਾਂ ਕੇਸ ਰੋਜ਼ਾਨਾ ਸਾਹਮਣੇ ਆ ਰਹੇ ਹਨ ਜਿਥੇ ਬਜ਼ੁਰਗਾਂ ਦਾ ਹਰ ਤਰ੍ਹਾਂ ਸ਼ੋਸ਼ਣ ਜਾਰੀ ਹੈ। ਬਜ਼ੁਰਗਾਂ ਦੀ ਭਲਾਈ ਦਾ ਇਹ ਸਰਵਜਨਕ ਮੱਸਲਾ ਹੈ।ਇਸ ਮੱਸਲੇ ਨੂੰ ਸਰਵਜਨਕ ਢੰਗ ਨਾਲ ਹੀ ਹੱਲ ਕੀਤਾ ਜਾਣਾ ਚਾਹੀਦਾ ਹੈ। ਸੀਨੀਅਰ ਸਿਟੀਜਨ ਐਕਟ-2007 ਦੀ ਧਾਰਾ-19 ਮੁਤਾਬਿਕ ਕੇਂਦਰ ਤੇ ਰਾਜ ਸਰਕਾਰ ਨੂੰ ਮਿਲ ਕੇ ਹਰ ਬਲਾਕ ਅੰਦਰ ਬਿਰਧ-ਆਸ਼ਰਮਾਂ ਦੀ ਉਸਾਰੀ ਕਰਕੇ ਜਿਥੇ ਬਜ਼ੁਰਗਾਂ ਨੂੰ ਹਰ ਤਰ੍ਹਾਂ ਦੀ ਮੁਫ਼ਤ ਰਿਹਾਇਸ਼ ਤੇ ਹੋਰ ਸਾਰੀਆਂ ਸਹੂਲਤਾਂ ਮਿਲਣ, ਇਸ ਸਮੱਸਿਆਂ ਦਾ ਹੱਲ ਕੀਤਾ ਜਾ ਸਕਦਾ ਹੈ। ਇਨ੍ਹਾਂ ਬਿਰਧ ਆਸ਼ਰਮਾਂ ਨੂੰ ਚਲਾਉਣ ਲਈ ਸਰਕਾਰ ਵੱਲੋ ਧਾਰਮਿਕ ਅਦਾਰਿਆ ਅਤੇ ਦਾਨੀ ਲੋਕਾਂ ਦੀ ਮਦਤ ਵੀ ਲਈ ਜਾ ਸਕਦੀ ਹੈ। ਜੇਕਰ ਹਾਕਮਾਂ ਦੀ ਨੀਤੀ ਤੇ ਨੀਤ ਸਾਫ਼-ਸੁਥਰੀ ਹੋਵੇ ਤਾਂ ਥਾਂ-ਥਾਂ ਡੰਗੋਰੀ ਆਸਰੇ ਦਿਨ ਕੱਟੀ ਕਰ ਰਹੇ ਇਨ੍ਹਾਂ ਇਨਸਾਨਾਂ ਨੂੰ ਜਿਊਣ ਦਾ ਹੱਕ ਵੀ ਮਿਲ ਸਕੇਗਾ।
60-ਸਾਲ ਤੋਂ ਵਡੇਰੀ ਉਮਰ ਦੇ ਕਰੋੜਾਂ ਵੋਟਰ ਹਨ।ਉਨ੍ਹਾਂ ਨੂੰ ਵੀ ਚਾਹੀਦਾ ਹੈ ਕਿ ਵੋਟ-ਤੰਤਰ ਦੀ ਚੋਣ ਵੇਲੇ, ‘ਘੱਟੋ-ਘੱਟ ਆਪਣੇ ਹੱਕਾਂ ਦੀ ਰਾਖੀ ਕਰਨ ਵਾਲੀ ਸੋਚ ਅਤੇ ਪਾਰਟੀ ਨੂੰ ਵੋਟ ਪਾਉਣੀ ਚਾਹੀਦੀ ਹੈ। ਉਨ੍ਹਾਂ ਸਾਰੇ ਜ਼ੁਮਲਾਂ-ਬਾਜ਼ਾਂ ਨੂੰ ਮੂੰਹ ਨਹੀਂ ਲਾਉਣਾ ਚਾਹੀਦਾ ਹੈ ਜੋ ਲਾਰੇ ਲਾਉਂਦੇ ਹਨ।। ਬਜ਼ੁਰਗਾਂ ਲਈ ਵੱਖਰਾ ਕਮਿਸ਼ਨ, ਬਜਟ ਅਤੇ ਉਨ੍ਹਾਂ ਦੇ ਹੱਕ ‘ਚ ਆਵਾਜ਼ ਉਠਾਉਣ ਵਾਲੇ ਲੋਕਾਂ ਨੂੰ ਨਾਲ ਲੈ ਕੇ ਹੱਕਾਂ ਲਈ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ। ਜਿਨਾਂ ਚਿਰ ਇਸ ਸਮਾਜ ਅੰਦਰ ਅਪੰਗ ਵਿਅਕਤੀਆਂ ਲਈ ਪੂਰੀ ਤਰ੍ਹਾਂ ਜੁੜ ਕੇ ਪੂਰਨ ਨਾਗਰਿਕਾਂ ਵਾਂਗ ਜੀਊਣ ਦੇ ਹੱਕ ਨੂੰ ਯਕੀਨੀ ਨਹੀਂ ਬਣਾਇਆ ਜਾਵੇਗਾ,ਉਨਾਂ ਚਿਰ ਬਜ਼ੁਰਗਾਂ ਲਈ ਪੇਸ਼ ਦੁਸ਼ਵਾਰੀਆਂ ਤੋਂ ਮੁਕਤੀ ਨਹੀਂ ਮਿਲੇਗੀ।
ਰਾਜ ਵੱਲੋ ਬਜ਼ੁਰਗਾਂ ਲਈ ਬਰੁਤਬਾ ਜੀਵਨ ਦੇ ਹੱਕ ਦਾ ਖਾਸ ਖਿਆਲ ਰਾਜ ਵੱਲੋ ਹੀ ਰੱਖਿਆ ਜਾਵੇਗਾ। ਸਮੁੱਚੇ ਰੂਪ ਵਿੱਚ ਸਮਾਜਕ ਹੱਕ, ਜਿਨ੍ਹਾਂ ਨੂੰ ਬੁਨਿਆਦੀ ਅਧਿਕਾਰ ਕਿਹਾ ਜਾਂਦਾ ਹੈ, ਜੋ ਲੋਕ ਜਮਹੂਰੀਅਤ ਦੇ ਬੁਨਿਆਦੀ ਸਿਧਾਂਤ ਬਣਦੇ ਹਨ। ਇਨ੍ਹਾਂ ਬੁਨਿਆਦੀ ਸਿਧਾਂਤਾਂ ਦੀ ਪ੍ਰਾਪਤੀ ਹੀ ਬਜ਼ੁਰਗਾਂ ਦੇ ਹੱਕਾਂ ਦੀ ਜਿੱਤ ਦਾ ਦਿਵਸ ਹੋਵੇਗਾ। ਅਖੌਤੀ ਸਲਾਨਾਂ ਦਿਵਸਾਂ ਦੀ ਥਾਂ ਮੁਕਤੀ ਦੇਣ ਬਾਰੇ ਮੁਕਤੀ ਦਿਨ ਮਨਾਈਏ। ਮਨੁੱਖੀ ਜੀਵਨ ਦੀ ਵਿਰਾਸਤ ਦੀ ਦੇਖ-ਭਾਲ ਤੇ ਰਾਖੀ ਕਰਨੀ ਆਉਣ ਵਾਲੀ ਪੀੜੀ ਦਾ ਵੀ ਨੈਤਿਕ ਫਰਜ਼ ਬਣਦਾ ਹੈ।
ਜਗਦੀਸ਼ ਸਿੰਘ ਚੋਹਕਾ
91-9217997445
001-403-285-4208 ਕੈਲਗਰੀ (ਕੈਨੇਡਾ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly