ਜਦੋਂ ਅਸੀਂ ਫੁੱਲਾਂ ਘਾਟੀ ਵੇਖਣ ਗਏ 

ਹਰਪ੍ਰੀਤ ਪੱਤੋ

(ਸਮਾਜ ਵੀਕਲੀ)-ਮੇਰੀ ਯਾਤਰਾ 

ਇਹ ਗੱਲ ਕੋਈ ਅੱਜ ਤੋਂ 23-24 ਸਾਲ ਪਹਿਲਾਂ ਦੀ ਹੈ। ਮੈਂ ਤੇ ਮੇਰੇਦੋਸਤ ਨੇ ਸਲਾਹ ਕੀਤੀ ਕਿ ਆਪਾਂ ਸ੍ਰੀ ਹੇਮਕੁੰਟ ਸਾਹਿਬ ਦਰਸ਼ਨਾਂ ਲਈ ਚੱਲੀਏ। ਜੁਲਾਈ ਦਾ ਮਹੀਨਾ ਸੀ। ਅਸੀਂ ਇੱਕ ਦਿਨ ਤੈਅ ਕਰ ਲਿਆ। ਸਵੇਰੇ ਉੱਠੇ ਸਾਰਾ ਲੋੜੀਂਦਾ ਸਮਾਨ ਕੱਠਾ ਕਰ ਝੋਲੇ ਲ਼ੈ ਯਾਤਰਾ ਨੂੰ ਤੁਰ ਪਏ। ਸਾਰੇ ਦਿਨ ਦੇ ਸਫ਼ਰ ਤੋਂ ਬਾਅਦ ਅਸੀਂ ਸ਼ਾਮ ਨੂੰ ਹਨੇਰੇ ਹੋਏ। ਰਿਸ਼ੀਕੇਸ਼ ਜੋ ਪਹਾੜੀਆਂ ਦੇ ਪੈਰਾਂ ਵਿੱਚ ਵਸਿਆ ਹੋਇਆ ਹੈ ਉੱਥੇ ਪਹੁੰਚ ਗਏ। ਬੱਸ ਤੋਂ ਉੱਤਰ ਗੁਰਦੁਆਰਾ ਸਾਹਿਬ ਜੋ ਥ੍ਹੋੜੀ ਦੂਰ ਸੀ। ਉੱਧਰ ਨੂੰ ਹੋ ਤੁਰੇ। ਬੜੀ ਰਮਨੀਕ ਜਗ੍ਹਾ ਆਸੇ
ਪਾਸੇ ਲਾਈਟਾਂ ਜਗਣ ਠੰਡੀ ਠੰਡੀ  ਹਵਾ ਆਵੇ,ਜਾਣੀ ਦਿਨ ਦੀ ਸਾਡੀ ਸਾਰੀ ਥਕਾਵਟ ਲਹਿ ਗਈ। ਹਰ ਪਾਸੇ ਮਨਮੋਹਕ ਦ੍ਰਿਸ਼। ਅਸੀਂ ਵੇਖ ਦੇ ਵੇਖ ਦੇ ਗੁਰਦੁਆਰਾ ਸਾਹਿਬ ਪਹੁੰਚ ਗਏ। ਉੱਥੇ ਖੜ੍ਹੇ ਸੇਵਾਦਾਰਾਂ ਤੋਂ ਅਸੀ ਸਾਰੀ ਜਾਣਕਾਰੀ ਲਈ। ਜੋੜੇ ਜਮਾਂ ਕਰਾਏ, ਉੱਪਰ ਪੌੜੀਆਂ ਚੜ੍ਹ ਕੇ ਉੱਪਰਲੀ ਮੰਜ਼ਲ ਜਿੱਥੇ ਗੁਰੂ ਸਾਹਿਬ ਪ੍ਰਕਾਸ਼ ਸਨ।
ਨਮਸਕਾਰ ਕੀਤੀ ਹਾਜ਼ਰੀ ਭਰੀ।
ਤੇ ਸੇਵਾਦਾਰਾਂ ਨੂੰ ਪੁੱਛ ਕਮਰਾ ਲ਼ੈ ਉਸ ਵਿੱਚ ਆਪਣਾ ਸਮਾਨ ਰੱਖ ਦਿੱਤਾ, ਲੰਗਰ ਵੱਲ ਨੂੰ ਤੁਰ ਪਏ। ਕਿਉਂ ਕਿ ਸਾਰੇ ਦਿਨ ਦੀ ਥਕਾਵਟ ਤੇ ਭੁੱਖ ਵੀ ਬਹੁਤ ਲੱਗੀ ਸੀ। ਸਿਆਣਿਆਂ ਨੇ ਦੱਸਿਆ ਸੀ ਕਿ “ਸਫ਼ਰ ਵਿੱਚ ਬਹੁਤਾ ਕੁਝ ਨਹੀਂ ਖਾਈਦਾ ਹੁੰਦਾ, ਬੰਦਾ ਬਿਮਾਰ ਹੋ ਜਾਂਦਾ”। ਇਹ ਗੱਲ ਅਸੀਂ ਲੜ ਬੰਨ ਲਈ ਸੀ। ਰਿਸ਼ੀਆਂ ਮੁਨੀਆਂ ਦੀ ਪਵਿੱਤਰ ਧਰਤੀ ਦੇ ਦਰਸ਼ਨ ਕਰਨ ਲਈ ਬੜੀ ਦੂਰੋਂ ਦੂਰੋਂ ਸੰਗਤਾਂ ਆ ਰਹੀਆਂ ਸਨ। ਅਸੀਂ ਵੀ ਵੇਹਲੇ ਹੋ ਬਾਹਰ ਘੁੰਮਣ ਫਿਰਨ ਲਈ ਨਿਕਲ ਤੁਰੇ। ਜਦੋਂ ਘੁੰਮ ਕੇ ਵਾਪਸ ਆਏ ਤਾਂ ਸਾਨੂੰ ਕੁਝ ਯਾਤਰੂਆਂ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਜਾਣ ਵਾਲੇ ਰਸਤੇ ਵਿੱਚ ਪਹਾੜ ਡਿੱਗ ਪਿਆ ਹੈ। ਜਿਸ ਨੂੰ ਚੁੱਕਣ ਲਈ ਫ਼ੌਜ ਨੂੰ ਬੁਲਾਇਆ ਗਿਆ ਹੈ। ਹੋ ਸਕਦਾ ਇੱਕ ਦੋ ਦਿਨ ਲੱਗ ਜਾਣ, ਅਸੀਂ ਰਾਤ ਕੱਟੀ ਤੇ ਸਵੇਰੇ ਤਿਆਰ ਹੋ ਕੇ ਰਿਸ਼ੀਕੇਸ਼ ਵਿੱਚਲੇ ਧਾਮਾਂ ਦੇ ਦਰਸ਼ਨ ਕਰਨ ਲਈ ਚੱਲ ਪਏ। ਲਛਮਣ ਝੂਲਾ, ਰਾਮ ਝੂਲਾ, ਤ੍ਰਿਵੈਣੀ ਆਦਿ ਦੇ ਦਰਸ਼ਨ ਕੀਤੇ, ਸ਼ਾਮ ਨੂੰ ਵਾਪਸ ਆਏ ਤੇ ਉਧਰੋਂ ਆਉਣ ਵਾਲੇ ਯਾਤਰੀਆਂ ਨੇ ਦੱਸਿਆ ਕਿ ਰਸਤਾ ਖੁੱਲ ਗਿਆ ਹੈ।
ਸਾਡੇ ਨਾਲ ਹੋਰ ਵੀ ਬਹੁਤ ਸਾਰੀਆਂ ਸੰਗਤਾਂ ਸ੍ਰੀ ਹੇਮਕੁੰਟ ਜਾਣ ਵਾਸਤੇ ਤਿਆਰ ਸਨ। ਅਸੀ ਸਾਜਰੇ ਬੱਸ ਦੀਆਂ ਟਿਕਟਾਂ ਬੁੱਕ ਕਰਵਾਈਆਂ ਤੇ ਯਾਤਰਾ ਤੇ ਨਿਕਲ ਪਏ। ਬੜੀਆਂ ਉੱਚੀਆਂ ਉੱਚੀਆਂ ਪਹਾੜੀਆਂ ਤੇ ਤੰਗ ਸੜਕਾਂ ਜਿੱਥੋਂ ਦੀ ਸਾਡੀ ਬੱਸ ਜਾ ਰਹੀ ਸੀ। ਜੇ ਥੱਲੇ ਵੇਖੀਏ ਤਾਂ ਡੂੰਘੀਆਂ ਨਦੀਆਂ ਨੂੰ ਵੇਖ ਦਿਲ ਡਿੱਗੇ, ਜੇ ਉੱਪਰ ਪਹਾੜਾਂ ਦੀਆਂ ਟੀਸੀਆਂ ਨੂੰ ਤੱਕੀਏ, ਤਾਂ ਸਿਰ ਉੱਪਰੋਂ ਪੱਗ ਖਿਸਕੇ। ਤਰ੍ਹਾਂ ਤਰ੍ਹਾਂ ਦੇ ਪਹਾੜਾਂ ਚ ਘਿਰਿਆ ਰਸਤਾ ਰੰਗ ਬਿਰੰਗੇ ਏਨੇ ਉੱਚੇ ਪਹਾੜ ਜਿਨ੍ਹਾਂ ਦੇ ਉਹਲੇ ਸੂਰਜ ਦਾ ਚਾਨਣ ਵੀ ਨਹੀਂ ਸੀ ਦਿਸਦਾ।
ਅਸੀਂ ਬੱਸ ਦੇ ਸ਼ੀਸ਼ਿਆਂ ਰਾਹੀਂ ਬਾਹਰ ਵੇਖ ਵੇਖ
ਇੱਕ ਵੱਖਰਾ ਹੀ ਨਜ਼ਾਰਾ ਮਹਿਸੂਸ ਕਰ ਰਹੇ ਸੀ। ਮੇਰੇ ਨਾਲ ਦੇ ਨੂੰ ਘੇਰ ਚੜ੍ਹਨੇ ਕਰਕੇ ਉੱਲਟੀਆ ਲੱਗ ਗਈਆਂ, ਅਸੀਂ ਆਪਣੇ ਨਾਲ ਦਵਾਈ ਲ਼ੈ ਕੇ ਗਏ ਸੀ। ਹੌਲੀ ਹੌਲੀ ਤੁਰਦੀ ਬੱਸ ਨੇ ਸਾਨੂੰ ਸ਼ਾਮ ਨੂੰ ਗੋਬਿੰਦ ਘਾਟ ਅੱਪੜਾ ਦਿੱਤਾ। ਸਾਰੇ ਯਾਤਰੂ ਬਹੁਤ ਥੱਕੇ ਹੋਏ ਸਨ। ਪ੍ਰਮਾਤਮਾ ਦੀ ਕ੍ਰਿਪਾ ਸਾਰੇ ਇੱਕ ਦੂਜੇ ਦੇ ਸਾਹੀ ਸਾਹ ਦਿੰਦੇ। ਆਪਣਿਆਂ ਨਾਲੋਂ ਵੀ ਵੱਧ, ਹੱਸਦੇ ਖੇਡਦੇ ਅਸੀਂ ਵਧੀਆ ਸਫ਼ਰ ਕੀਤਾ। ਸ਼ਾਮ ਨੂੰ ਜਦ ਅਸੀਂ ਸੰਗਤਾਂ ਨਾਲ ਗੋਬਿੰਦ ਘਾਟ ਅੱਪੜੇ ਅੱਗੇ ਵੀ ਬਹੁਤ ਸਾਰੀਆਂ ਸੰਗਤਾਂ ਉੱਥੇ ਪਹੁੰਚੀਆਂ ਹੋਈਆਂ ਸਨ। ਸਾਡੇ ਨਾਲ ਦਾ ਨੌਜਵਾਨ ਨਾਲ ਵਗਦੀ ਨਦੀ ਅਲਕਨੰਦਾ ਤੇ ਇਸ਼ਨਾਨ ਕਰਨ ਲੱਗਿਆ, ਅਸੀਂ ਉਸ ਨੂੰ ਵੇਖ ਕੱਪੜੇ ਉਤਾਰ ਨਹਾਉਣ ਲੱਗੇ ਪਾਣੀ ਬਹੁਤ ਠੰਡਾ ਤੇ ਨਦੀ ਦਾ ਖੜਾਕ ਵੀ ਬਹੁਤ ਜ਼ਿਆਦਾ। ਅਸੀਂ ਤਾਂ ਦੋ ਦੋ ਬੁੱਕ ਪਿੰਡੇ ਤੇ ਪਾਏ ਅੱਧ ਗਿੱਲੇ ਸੁੱਕਿਆਂ ਨੇ ਕਪੜੇ ਪਾਏ ਲ਼ੈ, ਪਰ ਉਹ ਮੁੰਡੇ ਨੇ ਮੂੰਹ ਤੇ ਸਾਬਣ ਲਾ ਲਈ ਬਸ ਫੇਰ ਕੀ ਸੀ ਲਾਹੁਣੀ ਔਖੀ ਹੋ ਗਈ। ਸਾਰੇ ਵੇਖ ਵੇਖ ਹੱਸ ਰਹੇ ਸਨ।  ਰਾਤ ਨੂੰ ਗੁਰਦੁਆਰਾ ਸਾਹਿਬ ਵਿੱਚੋਂ ਲੰਗਰ ਛੱਕਿਆ ਤੇ ਠੰਡ ਜ਼ਿਆਦਾ ਹੋਣ ਕਰਕੇ ਰਾਤ ਨੂੰ ਸਾਨੂੰ ਕੰਡਿਆਂ ਵਾਲੇ ਬਹੁਤ ਹੀ ਗਰਮ ਭੂਰੇ ਸੇਵਾਦਾਰਾਂ ਨੇ ਦੇ ਦਿੱਤੇ। ਮੈਂ ਆਪਣੇ ਨਾਲ ਦੇ ਨੂੰ ਕਿਹਾ ਕਿ ਆਪਾਂ ਬਜ਼ਾਰ ਬਾਹਰ ਘੁੰਮਣ ਚੱਲੀਏ, ਉੱਥੇ ਖੜ੍ਹੇ ਸੇਵਾਦਾਰ ਨੂੰ ਪੁੱਛਿਆ ਤਾਂ ਉਸ ਨੇ ਨਾਂਹ ਕਰ ਦਿੱਤੀ ਕਿ ਓਪਰਾ ਇਲਾਕ਼ਾ ਕੋਈ ਖ਼ਤਰਾ ਹੋ ਸਕਦਾ ਤੁਸੀਂ ਐਨੇ ਹਨੇਰੇ ਬਾਹਰ ਨਹੀਂ ਜਾ ਸਕਦੇ। ਹੁਣ ਮੀਂਹ ਵੀ ਬਾਹਰ ਪੈਣ ਲੱਗ ਪਿਆ ਸੀ। ਸਾਰੀ ਸੰਗਤ ਨੇ ਲੰਗਰ ਵਿੱਚੋਂ ਪ੍ਰਸ਼ਾਦਾ ਛਕਿਆ । ਨਾਮ ਜਪਦੇ ਜਪਦੇ ਆਪੋ ਆਪਣੇ ਬਿਸਤਰਿਆਂ ਵਿੱਚ ਪੈ ਗਏ। ਠੰਡ ਬਹੁਤ ਜ਼ਿਆਦਾ ਸੀ ਕੰਬਲਾਂ ਵਿੱਚੋਂ ਹੱਥ ਵੀ ਬਾਹਰ ਕੱਢਣ ਨੂੰ ਜੀ ਨਹੀਂ ਸੀ ਕਰਦਾ। ਅਸੀਂ ਸਵੇਰੇ ਉੱਠੇ ਚਾਹ ਨਾਲ ਸੇਵਾਦਾਰਾਂ ਨੇ ਬਿਸਕੁਟ ਤੇ ਹੋਰ ਵੀ ਬਹੁਤ ਕੁਝ ਖਾਣ ਨੂੰ ਦਿੱਤਾ।
ਅਸੀਂ ਦੋਵੇਂ ਜਾਣੇ ਉੱਪਰ ਵੱਲ ਗੋਬਿੰਦ ਧਾਮ ਵੱਲ ਨੂੰ ਤੁਰ ਪਏ।
ਹੱਥਾਂ ਵਿੱਚ ਸੋਟੀਆਂ ਤੇ ਬਰਸਾਤੀਆ ਤਾਂ ਅਸੀਂ ਗੋਬਿੰਦ ਘਾਟ ਤੋਂ ਹੀ ਲ਼ੈ ਲਏ ਸਨ। ਰਸਤੇ ਵਿੱਚ ਸੰਗਤਾਂ ਨਾਮ ਜਪਦੀਆਂ ਤੇ
ਸ਼ਬਦ ਗਾਉਂਦੀਆਂ ਇੱਕ ਦੂਜੇ ਦੇ ਆਸਰੇ ਵਿੰਗੇ ਟੇਡੇ ਰਸਤਿਆਂ ਰਾਹੀਂ ਗੋਬਿੰਦ ਧਾਮ ਨੂੰ ਜਾ ਰਹੀਆਂ ਸਨ। ਜੋ ਸਫ਼ਰ
ਗੋਬਿੰਦ ਘਾਟ ਤੋਂ ਕੋਈ ਤੇਰਾਂ ਕੁ ਕਿਲੋਮੀਟਰ ਦੂਰ ਸੀ। ਅਸੀਂ ਨੌਜਵਾਨ ਹੋਣ ਕਰਕੇ ਉੱਥੇ ਛੇਤੀ ਪਹੁੰਚ ਗਏ। ਰਸਤੇ ਵਿੱਚ ਕਈ ਖੱਚਰਾਂ ਤੇ ਕੋਈ ਕਾਂਡੀਆਂ ਤੇ ਜਾ ਰਹੇ ਸਨ। ਬਹੁਤ ਹੀ ਸੁੰਦਰ ਜਗ੍ਹਾ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾ ਰਿਹਾ ਸੀ।
ਅਸੀਂ ਪ੍ਰਸ਼ਾਦਾ ਪਾਣੀ ਛਕਿਆ ਤੇਉੱਥੇ ਖੜ੍ਹੇ ਸੇਵਾਦਾਰਾਂ ਨੂੰ ਫੂਲਾਂ ਘਾਟੀ ਜਾਣ ਬਾਰੇ ਜਾਣਕਾਰੀ ਲੈਣ ਲੱਗੇ। ਸਾਡੇ ਨਾਲ ਚੰਡੀਗੜ੍ਹ ਤੋਂ ਵੀ ਸੰਗਤ ਨਾਲ ਇੱਕ ਪਰਿਵਾਰ ਆਇਆ ਹੋਇਆ ਸੀ। ਜਿਸ ਨਾਲ ਇੱਕ ਆਦਮੀ ਇੱਕ ਉਸਦੇ ਦੇ ਘਰਵਾਲੀ ਦੋ ਨੌਜਵਾਨ ਕੁੜੀਆਂ।  ਉਹ ਪਰਿਵਾਰ ਸਾਡੇ ਨਾਲ ਕੁਝ ਜ਼ਿਆਦਾ ਨੇੜਤਾ ਕਰਦਾ ਸੀ। ਕਿਉਂ ਕਿ ਉਹਨਾਂ ਨਾਲ ਸਾਡੇ ਵਿਚਾਰ ਰਲਦੇ ਸੀ। ਉਹ ਸਾਨੂੰ ਕਹਿਣ ਲੱਗੇ ਭਾਅ ਜੀ ਜੇ ਤੁਸੀਂ ਫੂਲਾਂ ਘਾਟੀ ਵੇਖਣ ਜਾਉਗੇ ਤਾਂ ਸਾਨੂੰ ਵੀ ਨਾਲ ਲ਼ੈ ਕੇ ਜਾਣਾ। ਸੇਵਾਦਾਰਾਂ ਨੇ ਸਾਨੂੰ ਦੱਸਿਆ ਜਿਹੜਾ ਫੂਲਾਂ ਘਾਟੀ ਦਾ ਰਸਤਾ ਇਹ ਬਹੁਤ ਹੀ ਖਤਰਨਾਕ ਹੈ। ਤੁਹਾਨੂੰ ਰਸਤੇ ਵਿੱਚ ਜੰਗਲੀ ਜਾਨਵਰ ਵੀ ਮਿਲ ਸਕਦੇ ਆ।
ਉਹ ਸਾਨੂੰ ਇਹ ਸਮਝਾ ਰਹੇ ਸੀ। ਕੁਝ ਨੌਜਵਾਨ ਗੁਰਦਾਸਪੁਰ ਤੋਂ ਸਾਡੇ ਕੋਲ ਆ ਗਏ। ਉਹਨਾਂ ਨੂੰ ਪਤਾ ਲੱਗ ਗਿਆ ਕਿ ਇਹ ਫੂਲਾਂ ਘਾਟੀ ਵੇਖਣ ਜਾ ਰਹੇ ਹਨ। ਉਹ ਕਹਿਣ ਲੱਗੇ ਯਾਰ ਅਸੀਂ ਵੀ ਨਾਲ ਚੱਲਾਂਗੇ। ਸੇਵਾਦਾਰਾਂ ਨੇ ਕਿਹਾ ਕਿ ਤੁਸੀਂ ਤਾਂ ਮੁੰਡੇ ਆ ਜਾ ਸਕਦੇ ਆ ਪਰ ਔਰਤਾਂ, ਕੁੜੀਆਂ ਦਾ ਮੁਸ਼ਕਿਲ ਹੈ। ਇਹਨਾਂ ਨੂੰ ਨਾਲ ਨਾ ਲ਼ੈ ਕੇ ਜਾਇਓ। ਅਸੀਂ ਟਲ ਗਏ ਕਿ ਜੇ ਕੋਈ ਘਟਨਾ ਵਾਪਰ ਗਈ ਤਾਂ ਅਸੀਂ ਕੀ ਕਰਾਂਗੇ। ਉਹਨਾਂ ਨੂੰ ਸਮਝਾਇਆ ਉਹ ਪਰਿਵਾਰ ਮੰਨ ਗਿਆ। ਅਸੀਂ ਛੇ ਜਾਣੇ ਫੂਲਾਂ ਘਾਟੀ ਜਿਸ ਦਾ ਰਸਤਾ ਸ੍ਰੀ ਹੇਮਕੁੰਟ ਸਾਹਿਬ ਦੇ
ਰਾਹ ਚੋ  ਖੱਬੇ ਪਾਸੇ ਹੱਥ ਨੂੰ ਮੁੜਦਾ ਸੀ। ਉੱਥੋਂ ਕੋਈ ਛੇ ਕਿਲੋਮੀਟਰ ਦੂਰ ਸੀ ਫੂਲਾਂ ਘਾਟੀ,ਅਸੀਂ ਉੱਧਰ ਨੂੰ ਤੁਰ ਪਏ। ਬੜਾ ਕੱਠਣ ਰਸਤਾ ਸੀ। ਪੈਰ ਪੈਰ ਤੇ ਖ਼ਤਰਾ ਇੱਕ ਨਦੀ ਜਿਸ ਤੋਂ ਲੰਘ ਕੇ ਅਸੀਂ ਦੂਜੇ ਪਾਰ ਜਾਣਾ ਸੀ। ਪਾਣੀ ਠਾਠਾ ਮਾਰੇ ਉਸ ਦੇ ਉੱਪਰ ਲੰਘਣ ਵਾਸਤੇ ਪਤਲਾ ਜਿਹਾ ਲੰਬਾਂ ਸਾਰਾ ਲੱਕੜ ਦਾ ਤਣਾ ਰੱਖਿਆਂ ਹੋਇਆ। ਅਸੀਂ ਡਰਦਿਆਂ ਡਰਦਿਆਂ ਮਸਾਂ ਪਾਰ ਕੀਤਾ, ਅੱਗੇ ਤੁਰੀਏ ਤਾਂ ਡਰ ਲੱਗੇ ਕਿ ਕੋਈ ਜੰਗਲ ਵਿੱਚੋਂ ਨਿਕਲ ਜਾਨਵਰ ਨਾ ਝਪਟ ਮਾਰ ਲਵੇ , ਕਿਉਂ ਕਿ ਜਿਸ ਰਸਤੇ ਅਸੀਂ ਲੰਘ ਰਹੇ ਸੀ। ਉਹ ਸਿਰਫ ਇੱਕ ਪੈਰ ਧਰਨ ਜਿੰਨੀ ਡੰਡੀ ਸੀ। ਆਸੇ ਪਾਸੇ ਘਣਾ ਜੰਗਲ ,
ਰਸਤੇ ਵਿੱਚ ਸਾਨੂੰ ਕੋਈ ਵੀ, ਜੀ, ਨਾ ਪਰਿੰਦਾ ਮਿਲਿਆ ਅਸੀਂ ਅਣਜਾਣੇ ਰਾਹਾਂ ਤੇ ਜਾ ਰਹੇ ਸੀ।
ਕਾਫ਼ੀ ਦੂਰ ਜਾਣ ਤੋਂ ਬਾਅਦ ਸਾਨੂੰ ਇੱਕ ਸੰਨਿਆਸੀ ਸਾਧੂ ਮਿਲਿਆ ਜਿਸਦੇ ਲੰਬੀਆਂ ਲੰਬੀਆਂ ਜਟਾਂ ਸਨ। ਕਾਫ਼ੀ ਉਮਰ ਦਾ ਲੱਗਦਾ ਸੀ। ਅਸੀਂ ਕਿਹਾ ਚੱਲੋ ਇਸ ਤੋਂ ਪੁੱਛਦੇ ਆ ਕਿ ਅਜੇ ਫੂਲਾਂ ਘਾਟੀ ਕਿੰਨੀ ਕੁ ਦੂਰ ਹੈ। ਜਦੋਂ ਉਸ ਤੋਂ ਪੁੱਛਿਆ ਤਾਂ ਉਸ ਨੇ ਹਿੰਦੀ ਵਿੱਚ ਦੱਸਿਆ ਕਿ ਅਭੀ ਕਾਫੀ ਦੂਰ ਹੈ। ਅਤੇ ਨਾਲੇ ਕਿਹਾ ਕਿ “ਕਿਸੀ ਭੀ ਪੱਤੇ ਕੋ, ਨਾ ਕਿਸੀ ਫੂਲ ਕੋ ਮਤ ਛੂਹਣਾ”। ਪੂਰੇ ਧਿਆਨ ਸੇ ਆਗੇ ਚਲਣਾ, ਔਰ ਜਲਦੀ ਸੇ ਵਾਪਸ ਆ ਜਾਣਾ। ਕਿਉਂਕਿ ਜਿਉਂ ਜਿਉਂ ਦਿਨ ਛਿਪਦਾ ਜਾਂਦਾ, ਆਕਸੀਜਨ ਦੀ ਮਾਤਰਾ ਘੱਟਦੀ ਜਾਂਦੀ ਸੀ। ਅਸੀ ਉਸ ਦੀਆਂ ਗੱਲਾਂ ਸੁਣ ਕੇ ਭੈ ਭੀਤ ਹੋ ਗਏ।
ਐਨਾ ਕੱਠਣ ਰਸਤਾ ਪੂਰਾ ਗਲੇਸ਼ੀਅਰ ਉੱਚੇ ਉੱਚੇ ਪਹਾੜ ਡੰਡੀ ਦੇ ਨਾਲ ਨਾਲ ਦੀ ਭਿਆਨਕ ਅਵਾਜ਼ਾਂ ਨਦੀ ਦੀਆਂ
ਆਉਣ ਅਸੀ ਪਹਾੜ ਤੋਂ ਉੱਪਰ ਦੀ ਹੋ ਕੇ ,ਤੱਕ ਨਾਲ ਲੰਘ ਰਹੇ ਸੀ ਹੇਠਾਂ ਨਦੀ। ਅਚਾਨਕ ਮੇਰੇ ਪਾਈ ਹੋਈ ਜੁੱਤੀ ਤਿਲਕ ਗਈ। ਮੈਂ ਥੱਲੇ ਡਿੱਗਦਾ ਡਿੱਗਦਾ ਇੱਕ ਪੱਥਰ ਤੇ ਅਟਕ ਗਿਆ, ਇਹ ਕੁਝ ਮੇਰੇ ਨਾਲ ਦੇ ਵੇਖ ਰਹੇ ਸੀ। ਪਰ ਬੇ ਵੱਸ ਸੀ ਉਹ ਮੈਨੂੰ ਰੋਕ ਲੈਣ ਤੋਂ, ਉਹਨਾਂ ਮੈਨੂੰ ਮਸਾਂ ਉਪਰ ਖਿਚਿਆ। ਉਸ ਵੇਲੇ ਸਮਾਂ ਕੋਈ ਦੋ ਦੇ ਕਰੀਬ ਹੋਵਾਂਗਾ। ਅਸੀਂ ਉੱਬੜ ਖਾਬੜ ਰਸਤਿਆਂ ਤੋਂ ਲੰਘਦੇ ਹੋਏ ਅਖੀਰ ਉਸ ਜਗ੍ਹਾ ਤੇ ਪਹੁੰਚ ਗਏ। ਜਿਸ ਬਾਰੇ ਲੰਬੇ ਸਮੇਂ ਤੋਂ  ਸੁਣਦੇ ਆ ਰਹੇ ਸੀ। ਅਸੀਂ ਖੁਸ਼ ਵੀ ਬਹੁਤ ਸੀ ਕਿ ਜਿੱਥੇ ਸ੍ਰੀ ਹੇਮਕੁੰਟ ਸਾਹਿਬ ਜਾਣ ਵਾਲੇ ਯਾਤਰੂ ਥਕਾਵਟ ਕਰਕੇ ਇੱਧਰ ਨੂੰ ਜਾਣ ਲਈ ਹੀਆ ਨਹੀਂ  ਕਰਦੇ।
ਹੁਣ ਅਸੀਂ ਉਸ ਨੂੰ ਵੇਖਿਆ ਜਿੱਥੇ
ਪਹਾੜਾਂ ਚ ਘਿਰੀ ਹੋਈ ਪੱਧਰੀ ਜਗਾਂ ਕੋਈ ਦੋ ਕ ਕਿਲੋਮੀਟਰ, ਆਸੇ ਪਾਸੇ ਐਨੇ ਉੱਚੇ ਪਹਾੜ ਜਿਨ੍ਹਾਂ ਨੂੰ ਸੂਰਜ ਵੀ ਪਾਰ ਨਹੀਂ ਕਰ ਸਕਦਾ। ਪੂਰੇ ਦੇ ਪੂਰੇ ਥੱਲੇ ਤੋਂ ਲੈ ਉੱਪਰ ਤੱਕ ਬਰਫ਼ ਹੀ
ਬਰਫ਼, ਬਰਫ਼ ਵੀ ਇਸ ਤਰਾਂ ਦੀ ਜਿਵੇਂ ਯੂਰੀਆ ਰੇਅ ਹੋਵੇ, ਤੇ ਨਾਲ ਨਦੀ ਜੋ ਬਰਫ਼ ਨਾਲ ਖਹਿ ਕੇ ਲੰਘਦੀ ਸੀ। ਠਾਠਾਂ ਮਾਰਦੀ ਹੋਈ। ਅਸੀਂ ਸਾਰੇ ਜਾਣੇ ਇੱਕ ਪੱਥਰ ਤੇ ਬੈਠ ਕੇ ਪਹਾੜਾਂ ਦਾ ਅਨੰਦ ਮਾਣਨ ਲੱਗੇ। ਖੂਬ ਘੁੰਮ ਕੇ ਵੇਖਿਆ ਜਿੱਥੇ ਇੱਕੋ ਜਿਹੇ ਬੂਟਿਆਂ ਨਾਲ ਫੂਲਾਂ ਘਾਟੀ ਭਰੀ ਹੋਈ ਸੀ। ਪਰ ਫੁੱਲ ਬਿਰਲੇ ਬਿਰਲੇ ਸੀ। ਕਿਉਂ ਕਿ ਅਜੇ ਫੁੱਲ ਖਿੜਣ ਦੀ ਰੁੱਤ ਨਹੀਂ ਸੀ ਆਈ।
ਅਸੀਂ ਕਿਸੇ ਤੋਂ ਇਹ ਵੀ ਸੁਣਿਆ ਸੀ। ਕਿ ਇੱਥੇ ਇੰਗਲੈਂਡ ਦੀ ਰਾਣੀ ਫੁੱਲਾਂ ਘਾਟੀ ਵੇਖਣ ਆਈ ਸੀ। ਉਸ ਨੇ ਫੁੱਲ ਸੁੰਘ ਲਿਆ ਉਸ ਦੀ ਇਸ ਜਗ੍ਹਾ ਤੇ ਮੌਤ ਹੋ ਗਈ । ਅਸੀਂ ਉਹ ਥਾਂ ਲੱਭਣ
ਲੱਗੇ, ਸਾਡੇ ਨਾਲ ਦੇ ਮੁੰਡਿਆਂ ਨੇ
ਕਿਹਾ ਆਹ ਉਸ ਦੀ ਕਬਰ ਹੋ ਸਕਦੀ ਹੈ। ਬਿਲਕੁਲ ਉਸ ਤਰਾਂ ਹੀ ਉਹ ਥਾਂ ਲੱਗਦੀ ਸੀ। ਇਹ ਰਾਣੀ ਵਾਲੀ ਗੱਲ ਸੱਚ ਕਿ ਝੂਠ
ਕੋਈ ਪੱਕਾ ਸਬੂਤ ਨਹੀਂ। ਪਰ ਜੋ ਸੁਣਿਆ ਵੇਖਿਆ ਮੈਂ ਉਹ ਦੱਸ ਰਿਹਾ ਹਾਂ। ਅਸੀਂ ਥੱਕ ਹੋਏ ਸੀ ਮੇਰੇ ਕੋਲ ਭੁੱਜੇ ਛੋਲੇ ਤੇ ਨਾਲ ਗੁੜ ਸੀ। ਨਾਲੇ ਅਸੀਂ ਬਰਫ਼ ਵਾਲੇ ਪਹਾੜਾਂ ਦਾ ਅਨੰਦ ਮਾਣਿਆ ਜੇ ਫੁੱਲਾਂ ਘਾਟੀ ਨੂੰ ਦੇਵ ਘਾਟੀ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀਂ।ਨਾਲੇ ਉਹ ਖਾਧੇ, ਹੁਣ ਅਸੀਂ ਕਿਹਾ ਵਾਪਸ ਚੱਲੀਏ ਜੇ ਹਨੇਰਾ ਹੋ ਗਿਆ ਤਾਂ ਮੁਸ਼ਕਿਲ ਬਣ ਜਾਣੀ ਆ। ਕਿਉਂ ਕਿ ਉੱਥੇ ਨਾ ਕੋਈ ਵੱਡਾ ਦਰਖ਼ਤ ਨਾ ਕੋਈ ਪੰਛੀ ਚਿੜੀ ਨਾ ਜਨੌਰ, ਅਸੀਂ ਵਾਪਸ ਮੁੜ ਪਏ, ਪੂਰੇ ਚੌਕਸ ਹੋ ਕੇ , ਸਾਡੇ ਨਾਲ ਦੇ ਜੋ ਗੁਰਦਾਸਪੁਰ ਤੋਂ ਮੁੰਡੇ ਸਨ। ਉਹ ਬਹੁਤ ਹੀ ਚੰਗੇ, ਇੱਕ ਦੋ ਤਾਂ ਮੁਲਾਜ਼ਮ ਸਨ। ਉਸ ਸਮੇਂ ਕੋਈ ਮੋਬਾਇਲ ਜਾਂ ਕੈਮਰਾ ਸਾਡੇ ਕੋਲ ਨਹੀਂ ਸੀ। ਨਹੀਂ ਤਾਂ ਨਾਲ ਫੂਲਾਂ ਦੀ ਘਾਟੀ ਦੀਆਂ ਫੋਟੋਆਂ ਜ਼ਰੂਰ ਦਿਖਾ ਦਿੰਦੇ। ਜਦੋਂ ਅਸੀ ਵਾਪਸ ਆ ਰਹੇ ਸੀ। ਜੋ ਸਾਥੋਂ ਮੂਹਰੇ ਸਨ। ਉਹ ਇੱਕ ਦਮ ਵਾਪਸ ਭੱਜ ਆਏ। ਅਸੀਂ ਘਬਰਾ ਗਏ, ਕੀ ਹੋਇਆ? ਉਹ ਕਹਿਣ ਲੱਗੇ ਮੂਹਰੇ ਕੋਈ ਜਾਨਵਰ ਅਸੀਂ ਵੇਖਿਆਂ। ਸਾਰੇ ਡਰ ਗਏ, ਲੱਗੇ ਰੱਬ ਨੂੰ ਧਿਆਉਣ, ਦਲੇਰੀ ਨਾਲ
ਜੋ ਸਾਡੇ ਕੋਲ ਸੋਟੀਆਂ ਸਨ ਉਹ
ਮਜ਼ਬੂਤੀ ਨਾਲ ਅਸੀਂ ਹੱਥਾਂ ਚ ਫੜ ਲਈਆ। ਹੁਣ ਅਸੀਂ ਵਾਪਸ ਆਉਣ ਕਰਕੇ ਸਾਡਾ ਰਸਤਾ ਕੁਝ ਸੌਖਾ ਸੀ। ਅਸੀਂ ਸ਼ਾਮ ਨੂੰ ਸਾਰੇ ਗੋਬਿੰਦ ਧਾਮ, ਜਿੱਥੋਂ ਤੁਰੇ ਸੀ ਉੱਥੇ ਪਹੁੰਚ ਗਏ। ਅਸੀਂ ਬਹੁਤ ਥੱਕ ਗਏ। ਪਹਾੜੀ ਸਫਰ ਹੋਣ ਕਰਕੇ
ਸਾਡੀਆਂ ਲੱਤਾਂ ਫੁੱਲਣ ਲੱਗੀਆਂ।
ਅਜੇ ਤਾਂ ਅਸੀਂ ਸ੍ਰੀ ਹੇਮਕੁੰਟ ਸਾਹਿਬ ਦੀ ਚੜਾਈ ਜੋ ਉਸ ਜਗ੍ਹਾ ਤੋਂ ਬਹੁਤ ਉੱਚਾਈ ਤੇ ਸੀ। ਉਸ ਉੱਪਰ ਚੜ੍ਹਨਾ ਸੀ। ਜਦੋਂ ਅਸੀ ਵਾਪਸ ਆਏ ਤਾਂ ਸਾਰੀ ਸੰਗਤ ਨੂੰ ਪਤਾ ਲੱਗ ਗਿਆ ਕਿ ਇਹ ਫੂਲਾਂ ਘਾਟੀ ਜਾ ਕੇ ਆਏ ਹਨ। ਉਹ ਸਾਰੇ ਸਾਥੋਂ ਜਾਣਕਾਰੀ ਪ੍ਰਾਪਤ ਕਰ ਰਹੇ ਸਨ। ਤੇ ਉਹ ਪਰਿਵਾਰ ਵੀ ਸਾਡੀ ਉਡੀਕ ਵਿੱਚ ਬੈਠਾ ਸੀ। ਉਹਨਾਂ ਨੂੰ ਰੋਸਾ ਵੀ ਸੀ । ਪਰ ਸਾਡੀ ਮਜਬੂਰੀ ਦਾ ਵੀ ਪਤਾ ਸੀ। ਸਾਨੂੰ ਉਹ ਗੱਲਾਂ ਉਹ ਰਸਤਾ ਯਾਦ ਕਰ ਕਰ ਡਰ ਲੱਗ ਰਿਹਾ ਸੀ। ਤੇ ਖੁਸ਼ੀ ਵੀ
ਮਹਿਸੂਸ ਕਰ ਰਹੇ ਸਾਂ ਕਿ ਪੰਗਾ ਹੀ ਲੈ ਲਿਆ ਸੀ।ਨਾਲ ਦੇ ਕਿਸੇ ਨੂੰ ਕੁਝ ਹੋ ਜਾਂਦਾ ਤਾਂ ਕੀ ਕਰਦੇ, ਰਾਤ ਨੂੰ ਪ੍ਰਸ਼ਾਦਾ ਛੱਕਿਆ ਤੇ ਲੰਮੇ ਪਿਆ ਨੂੰ ਪਤਾ ਹੀ ਨਾ ਲੱਗਿਆ ਕਦੋਂ ਨੀਂਦ ਆ ਗਈ,ਤੇ ਦਿਨ ਚੜ ਗਿਆ। ਸਵੇਰੇ ਉੱਠੇ ਚਾਹ ਨਾਲ ਬਿਸਕੁਟ ਤੇ ਹੋਰ ਸਮਾਨ ਖਾਧਾ ਤੇ ਆਪਣੇ ਨਾਲ ਲ਼ੈ ਉੱਪਰ ਗੁਰਦੁਆਰਾ ਸਾਹਿਬ ਨੂੰ ਤੁਰ ਪਏ। ਬਹੁਤ ਸਾਰੀਆਂ ਸੰਗਤਾਂ ਪੈਦਲ ਸਤਿਨਾਮ ਦਾ ਜਾਪ ਕਰਦੀਆਂ ਸ਼ਬਦ ਗਾਉਂਦੀਆਂ ਤੁਰੀਆਂ ਜਾ ਰਹੀਆਂ ਸਨ। ਜਿੰਨਾਂ ਤੋਂ ਤੁਰਿਆ ਨਹੀਂ ਸੀ ਜਾਂਦਾ ਉਹ ਖੱਚਰਾਂ ਉੱਪਰ ਤੇ ਕਈਆਂ ਨੂੰ ਕਾਂਡੀ ਆਪਣੀ ਢੂਈ ਉੱਪਰ ਤੇ ਕਈ ਸ਼ਰਧਾਲੂਆਂ ਨੂੰ ਵਹਿੰਗੀ ਵਿੱਚ ਬੈਠਾ ਕੇ ਲਿਜਾ ਰਹੇ ਸਨ। ਅਸੀਂ ਪਾਉੜੀਆਂ ਚੜ੍ਹ ਕੇ ਉੱਪਰ ਗੁਰਦੁਆਰਾ ਸਾਹਿਬ ਪਹੁੰਚ ਗਏ। ਵਾਹ ਵਾਹ ਮਨ ਅਸ ਅਸ ਕਰ ਉੱਠਿਆ ਐਨੀ ਰਮਣੀਕ ਤੇ ਸ਼ਾਂਤੀ ਪੂਰਨ ਜਗੵਾਂ ਮੱਲੋਮੱਲੀ ਮਨ ਵਹਿਗੁਰੂ ਦੇ ਚਰਨ ਨਾਲ ਜੁੜੇ। ਉਸ ਅਦਭੁਤ
ਨਜ਼ਾਰੇ ਨੂੰ ਅੱਖਰਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ ਸਤਿ ਉੱਚੀਆਂ ਚੋਟੀਆਂ ਵਿੱਚ ਘਿਰਿਆ ਇਹ ਸਥਾਨ ਜਦੋਂ ਅਸਮਾਨ ਸਾਫ ਹੋਵੇ ਤਾਂ ਇਹਨਾਂ ਚੋਟੀਆਂ ਉੱਪਰ ਝੂਲਦੇ ਕੇਸਰੀ ਨਿਸ਼ਾਨ ਸਾਹਿਬ ਥੋੜ੍ਹੇ ਥੋੜ੍ਹੇ ਦਿਸਦੇ ਹਨ। ਸਮਾਂ ਥੋੜ੍ਹਾ ਸੀ ਅਸੀਂ ਸੀਤਲ ਜਲ ਵਿੱਚ ਇਸ਼ਨਾਨ ਕੀਤਾ। ਪਾਣੀ ਬੜਾ ਠੰਡਾ ਇੱਕ ਚੁੱਭੇ ਨਾਲ ਸਰੀਰ ਦਾ ਰੰਗ ਨੀਲਾ ਹੋ ਗਿਆ ਪਰ ਮੈਂ ਤਿੰਨ ਚੁੱਭੇ ਮਸਾਂ ਲਾਏ। ਸਾਨੂੰ ਕਿਸੇ ਨੇ ਦੱਸਿਆ ਕਿ ਇੱਕ ਨੌਜਵਾਨ ਸਰੋਵਰ ਦੇ ਵਿਚਕਾਰ ਪਏ ਪੱਥਰ ਉੱਤੇ ਬੈਠ ਜੁਪਜੀ ਸਾਹਿਬ ਦਾ ਪਾਠ ਕਰਨ ਲੱਗਿਆ ਉਹ ਰੱਬ ਨੂੰ ਪਿਆਰਾ ਹੋ ਗਿਆ। ਵਿਚਾਰ ਤਾਂ ਮੇਰਾ ਵੀ ਸੀ ਕਿ ਸਰੋਵਰ ਵਿੱਚ ਬੈਠ ਇੱਕ ਪਾਠ ਕਰੀਏ। ਪਰ ਹਕ਼ੀਕ਼ਤ ਕੁਝ ਹੋਰ ਸੀ, ਸੋ ਵੱਸੋਂ ਬਾਹਰ ,ਕੱਪੜੇ ਪਾਏ, ਤੇ ਗੁਰੂ ਦੀ ਹਜ਼ੂਰੀ ਵਿੱਚ ਹਾਜ਼ਰੀ ਭਰੀ ਪਤਾ ਹੀ ਨਾ ਲੱਗਿਆ ਕਦੋਂ ਵਾਪਸ ਮੁੜਨ ਦਾ ਸਮਾਂ ਹੋ ਗਿਆ। ਫਿਰ ਅਸੀਂ ਰਸਤੇ ਵਿੱਚ ਗੋਬਿੰਦ ਧਾਮ ਤੇ ਨਹੀਂ ਰੁਕੇ ਸਿੱਧੇ ਗੋਬਿੰਦ ਘਾਟ ਆ ਗਏ। ਉੱਥੇ ਰਾਤ ਕੱਟੀ ਇੱਕ
ਹੋਰ ਗੱਲ ਵੀ ਜਦੋਂ ਅਸੀਂ ਕਿਸੇ ਜਗ੍ਹਾ ਤੇ ਜਾਂਦੇ ਹਾਂ ਉੱਦੋ ਮਨ ਕੁਝ ਹੋਰ ਹੁੰਦਾ ਜਦੋਂ ਮੁੜਦੇ ਹਾਂ ਉਹ ਮਨ ਵਿੱਚ ਚਾਅ ਨਹੀਂ ਰਹਿੰਦਾ ਛੇਤੀ ਛੇਤੀ ਘਰ ਮੁੜਨ ਦੀ ਹੁੰਦੀ ਆ। ਸਵੇਰੇ ਅਸੀਂ ਬਸ ਲਈ ਤੇ ਰਿਸ਼ੀ ਕੇਸ ਵੱਲ ਨੂੰ ਚੱਲ ਪਏ।
ਰਸਤੇ ਵਿੱਚ ਫਿਰ ਕਾਫੀ ਦੂਰ ਆਏ ਤਾਂ ਇੱਕ ਪਹਾੜ ਡਿੱਗ ਪਿਆ ਬੜੀ ਵੱਡੀ ਗੱਡੀਆਂ ਦੀ ਲਾਇਨ ਲੱਗ ਗਈ। ਸਾਡੀ ਬੱਸ ਵੀ ਵਿਚਾਲੇ, ਕਾਫ਼ੀ ਸਮਾਂ ਰੁੱਕੇ ਰਹੇ ਫ਼ੌਜ ਆਈ ਉਸ ਨੇ ਆਰਜ਼ੀ ਪੁਲ ਬਣਾਇਆ ਪਹਿਲਾਂ ਛੋਟੇ ਵਾਹਨ ਲੰਘੇ ਹੌਲੀ ਹੌਲੀ ਸਾਡੀ ਬੱਸ ਦੀ ਬਾਰੀ ਆਈ। ਫੌਜੀਆਂ ਨੇ ਵਿੱਚੋਂ ਸਾਰੀਆਂ ਸਵਾਰੀਆਂ ਉੱਤਾਰ ਦਿੱਤੀਆਂ ਕਿ ਜਦੋਂ ਬੱਸ ਪੁੱਲ ਤੋਂ ਦੂਜੇ ਪਾਸੇ ਗਈ ਤਾਂ ਫਿਰ ਵਿੱਚ ਚੜ੍ਹ ਜਾਣਾ। ਸਾਰੀਆਂ ਸਵਾਰੀਆਂ ਥੱਲੇ ਸੀ। ਮੈਂ ਆਪਣੇ ਬੈਗ ਵਿੱਚੋਂ ਕੁਝ ਲੈਣ ਲਈ ਬੱਸ ਵਿੱਚ ਗਿਆ, ਤਾਂ ਸਾਡੀ ਬੱਸ ਦਾ ਇੱਕ ਪਾਸਾ ਬੈਠ ਗਿਆ, ਰੌਲਾ ਪੈ ਗਿਆ ਕਿਉਂ ਕਿ ਨਾਲ ਬਹੁਤ ਗਹਿਰੀ ਨਦੀ ਠਾਠਾਂ ਮਾਰਦੀ ਲੰਘ ਰਹੀ ਸੀ। ਜਦੋਂ ਮੈਂ ਭੱਜ ਕੇ ਬਾਹਰ ਨੂੰ ਆਉਣ ਲੱਗਿਆਂ ਇੱਕ ਕ੍ਰਿਸ਼ਮਾ ਹੋਇਆ। ਮੈਨੂੰ ਇਹ ਅਨੁਭਵ ਹੋਇਆ ਜਿਵੇਂ ਮੇਰੇ
ਸਰੀਰ ਵਿੱਚੋਂ ਕੋਈ ਹੋਰ ਸਰੀਰ ਵੱਖ ਹੋ ਗਿਆ ਹੋਵੇ। ਮੇਰਾ ਰੰਗ ਮੈਨੂੰ ਕਾਲ਼ਾ ਜਾਪਿਆ। ਕੁਦਰਤੀ ਬੱਸ ਦੂਜੇ ਪਾਰ ਲੰਘ ਗਈ।
ਅਸੀਂ ਦੁਆਰਾ ਫਿਰ ਬੱਸ ਵਿੱਚ ਸਵਾਰ ਹੋ ਗਏ। ਉਹ ਘਟਨਾ ਮੇਰੇ ਅੱਜ ਜ਼ਹਿਨ ਚ ਘੁੰਮਦੀ ਰਹਿੰਦੀ ਹੈ। ਕਿ ਉਹ ਕੌਣ ਸੀ ਸੋ ਮੈਥੋਂ ਵੱਖ ਹੋਇਆ। ਸ਼ਾਮ ਨੂੰ ਅਸੀਂ ਰਿਸ਼ੀ ਕੇਸ ਪਹੁੰਚੇ। ਰਾਤ ਕੱਟੀ ਦੂਜੇ ਸਵੇਰੇ ਅਸੀਂ ਆਪਣੇ ਪਿੰਡਾਂ ਵੱਲ ਨੂੰ ਤੁਰ ਪਏ। ਇਹ ਸੀ ਮੇਰੀ ਫੁੱਲਾਂ ਘਾਟੀ ਤੇ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ।
 ਜੋ ਬੀਤਿਆ ਜੋ ਵੇਖਿਆ ਦਾਸ ਨੇ ਉਹੀ ਵਰਨਣ ਕੀਤਾ।
ਬਾਕੀ ਆਪੋ ਆਪਣੀ ਸਮਝ ਤੇ ਅਨੁਭਵ ਵੱਖ ਵੱਖ ਹਨ।
ਹਰਪ੍ਰੀਤ ਪੱਤੋ
ਪਿੰਡ ਪੱਤੋ ਹੀਰਾ ਸਿੰਘ ਮੋਗਾ
ਫੋਨ ਨੰਬਰ
94658-21417
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਏਹੁ ਹਮਾਰਾ ਜੀਵਣਾ ਹੈ -344 
Next articleਮੇਰੇ ਘਰ ਦਾ ਪਤਾ