(ਸਮਾਜ ਵੀਕਲੀ): ਕਈ ਦਿਨਾਂ ਤੋਂ ਫਸਣ ਕਾਰਨ ਤੰਗ ਹੋਏ ਸੂਮੀ ਵਿਚਲੇ ਵਿਦਿਆਰਥੀਆਂ ਨੇ ਸ਼ਨਿਚਰਵਾਰ ਸੋਸ਼ਲ ਮੀਡੀਆ ਉਤੇ ਵੀਡੀਓ ਪੋਸਟ ਕਰ ਕੇ ਕਿਹਾ ਸੀ ਕਿ ਉਨ੍ਹਾਂ ਰੂਸੀ ਸਰਹੱਦ ਵੱਲ ਵਧਣ ਦਾ ਫ਼ੈਸਲਾ ਕੀਤਾ ਹੈ, ਉਹ ਹੋਰ ਉਡੀਕ ਨਹੀਂ ਕਰ ਸਕਦੇ। ਜ਼ਿਕਰਯੋਗ ਹੈ ਕਿ ਸੂਮੀ ਵਿਚ ਠੰਢ ਵੀ ਬਹੁਤ ਸਖ਼ਤ ਪੈ ਰਹੀ ਸੀ। ਵਿਦਿਆਰਥੀਆਂ ਨੇ ਕਿਹਾ ਸੀ ਕਿ ਜੇ ਉਨ੍ਹਾਂ ਨੂੰ ਕੁਝ ਹੋ ਗਿਆ ਤਾਂ ਇਸ ਲਈ ਭਾਰਤ ਸਰਕਾਰ ਤੇ ਯੂਕਰੇਨ ਦਾ ਦੂਤਾਵਾਸ ਜ਼ਿੰਮੇਵਾਰ ਹੋਣਗੇ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਦਿੱਲੀ ਵਿਚਲੇ ਸੱਤਾ ਦੇ ਗਲਿਆਰਿਆਂ ਵਿਚ ਹਲਚਲ ਮਚ ਗਈ ਸੀ। ਭਾਰਤ ਸਰਕਾਰ ਨੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਸੀ ਕਿ ਉਹ ਗ਼ੈਰ-ਜ਼ਰੂਰੀ ਜੋਖ਼ਮ ਨਾ ਉਠਾਉਣ ਤੇ ਸੁਰੱਖਿਅਤ ਰਹਿਣ। ਉਨ੍ਹਾਂ ਨੂੰ ਕੱਢਣ ਲਈ ਹਰ ਯਤਨ ਕੀਤਾ ਜਾ ਰਿਹਾ ਹੈ।
ਬਿਜਲੀ, ਪਾਣੀ ਤੇ ਨਗ਼ਦੀ ਤੋਂ ਬਿਨਾਂ ਬਰਫ਼ ਦਾ ਪਾਣੀ ਬਣਾ ਕੇ ਦਿਨ ਗੁਜ਼ਾਰੇ
ਸੂਮੀ ਵਿਚ ਬਿਜਲੀ ਨਹੀਂ ਹੈ ਤੇ ਜਲ ਸਪਲਾਈ ਵੀ ਠੱਪ ਹੈ। ਏਟੀਐਮਜ਼ ਵਿਚ ਪੈਸੇ ਨਹੀਂ ਹਨ। ਭਾਰਤੀ ਵਿਦਿਆਰਥੀ ਕਈ ਦਿਨਾਂ ਤੋਂ ਬਰਫ਼ ਪਿਘਲਾ ਕੇ ਪਾਣੀ ਪੀ ਰਹੇ ਸਨ ਤੇ ਆਪਣੀ ਪਿਆਸ ਬੁਝਾ ਰਹੇ ਸਨ। ਉਨ੍ਹਾਂ ਕੋਲ ਖਾਣ ਦਾ ਸਾਮਾਨ ਵੀ ਮੁੱਕ ਰਿਹਾ ਸੀ। ਸੈਂਕੜੇ ਵਿਦਿਆਰਥੀ ਇਸ ਆਸ ਨਾਲ ਰੋਜ਼ ਸਵੇਰੇ ਸੂਮੀ ਦੀਆਂ ਸੜਕਾਂ ਉਤੇ ਖੜ੍ਹਦੇ ਸਨ ਕਿ ‘ਅੱਜ ਉਹ ਦਿਨ ਹੈ’, ਜਦ ਉਨ੍ਹਾਂ ਨੂੰ ਜੰਗ ਵਿਚੋਂ ਕੋਈ ਕੱਢ ਲੈ ਜਾਵੇਗਾ। ਇੰਤਜ਼ਾਰ ਹਾਲਾਂਕਿ ਬਹੁਤ ਲੰਮਾ ਹੋ ਗਿਆ ਕਿਉਂਕਿ ਜੰਗ ਨੇ ਰਫ਼ਤਾਰ ਫੜ ਲਈ ਤੇ ਉਨ੍ਹਾਂ ਦਾ ਰੂਸ ਦੀ ਸਰਹੱਦ ਪਾਰ ਕਰਨਾ ਮੁਸ਼ਕਲ ਹੋ ਗਿਆ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly