ਸਮਾਜ ਵੀਕਲੀ
ਇੱਕ ਵਾਰ ਇੱਕ ਬੰਦਾ ਆਪਣੇ ਪਰਿਵਾਰ ਸਮੇਤ ਰਹਿੰਦਾ ਸੀ। ਉਸਦਾ
ਸੁਭਾਅ ਬਹੁਤ ਖ਼ਰਵਾ ਅਤੇ ਗੁੱਸੇ ਵਾਲ਼ਾ ਸੀ। ਆਪਣੇ ਪਰਿਵਾਰ ਨਾਲ਼ ਵੀ ਉਹ ਹਮੇਸ਼ਾਂ ਗੁੱਸੇ ਵਿੱਚ ਹੀ ਗੱਲ ਕਰਦਾ ਸੀ। ਉਸਦੇ ਇਸ ਵਿਵਹਾਰ ਕਰਕੇ ਆਂਢ ਗੁਆਂਢ ਅਤੇ ਰਿਸ਼ਤੇਦਾਰੀ ਵਿੱਚ ਉਸਦੀ ਕਿਸੇ ਨਾਲ਼ ਨਹੀਂ ਬਣਦੀ ਸੀ। ਉਹ ਸਾਰਿਆਂ ਤੋਂ ਦੂਰ-ਦੂਰ ਹੀ ਰਹਿੰਦਾ ਸੀ।
ਇੱਕ ਵਾਰ ਉਸਦੀ ਪਤਨੀ ਬੀਮਾਰ ਹੋ ਗਈ। ਉਹ ਐਨੀ ਜਿਆਦਾ ਬੀਮਾਰ ਹੋ ਗਈ ਕਿ ਘਰਦਾ ਕੰਮ ਵੀ ਨਹੀਂ ਕਰ ਸਕਦੀ ਸੀ। ਹੁਣ ਉਹ ਬੰਦਾ ਬਹੁਤ ਪਰੇਸ਼ਾਨ ਹੋ ਗਿਆ। ਘਰਦੇ ਅਤੇ ਬੱਚਿਆਂ ਦੇ ਕੰਮ ਉਸਦੇ ਵੱਸ ਦੇ ਨਹੀਂ ਸਨ। ਉੱਪਰੋਂ ਉਸਨੂੰ ਪਤਨੀ ਦੀ ਦੇਖਭਾਲ ਅਤੇ ਦਵਾ-ਦਾਰੂ ਵੀ ਕਰਨਾ ਪੈਂਦਾ ਸੀ। ਉਸਦੇ ਕੌੜੇ ਸੁਭਾਅ ਕਰਕੇ ਕੋਈ ਵੀ ਉਸਦੀ ਮਦਦ ਕਰਨ ਲਈ ਨਾ ਆਇਆ।
ਹੁਣ ਉਸਨੇ ਸੋਚਿਆ ਕਿ ਕਿਉਂ ਨਾ ਇੱਕ ਨੌਕਰ ਰੱਖ ਲਿਆ ਜਾਵੇ, ਜੋ ਘਰਦਾ ਕੰਮ ਵੀ ਕਰੇ ਅਤੇ ਪਤਨੀ ਤੇ ਬੱਚਿਆਂ ਦੀ ਦੇਖਭਾਲ ਵੀ ਕਰੇ। ਪਰ ਸਮੱਸਿਆ ਇਹ ਸੀ ਕਿ ਉਸਦੇ ਗੁੱਸੇ ਕਰਕੇ ਉਸਨੂੰ ਕੋਈ ਨੌਕਰ ਵੀ ਨਹੀਂ ਮਿਲ਼ ਰਿਹਾ ਸੀ।ਕੋਈ ਵੀ ਉਸਦੇ ਘਰ ਕੰਮ ਕਰਨ ਲਈ ਤਿਆਰ ਨਹੀਂ ਸੀ। ਉਹ ਬਹੁਤ ਪਰੇਸ਼ਾਨ ਹੋ ਗਿਆ।
ਇੱਕ ਦਿਨ ਉਹ ਦੁੱਖੀ ਜਿਹਾ ਹੋ ਕੇ ਆਪਣੇ ਘਰ ਦੇ ਬਾਹਰ ਲੱਗੇ ਦਰਖ਼ਤ ਦੀ ਛਾਵੇਂ ਬੈਠਾ ਸੀ। ਕੋਲੋਂ ਇੱਕ ਫ਼ਕੀਰ ਲੰਘ ਰਿਹਾ ਸੀ ਤੇ ਉਹ ਉਸ ਨੂੰ ਦੁੱਖੀ ਦੇਖ਼ ਕੇ ਰੁੱਕ ਗਿਆ ਤੇ ਉਸਦੇ ਦੁੱਖੀ ਹੋਣ ਦਾ ਕਾਰਨ ਪੁੱਛਿਆ। ਉਹ ਬੰਦਾ ਖਿੱਝ ਕੇ ਬੋਲਿਆ ਕਿ ਤੂੰ ਕੀ ਲੈਣਾ ਹੈ? ਜਾਹ ਆਪਣਾ ਕੰਮ ਕਰ। ਫ਼ਕੀਰ ਨੇ ਦੂਜੀ ਵਾਰੀ ਫ਼ੇਰ ਪਿਆਰ ਨਾਲ਼ ਪੁੱਛਿਆ ਤਾਂ ਉਸ ਬੰਦੇ ਨੇ ਮੂੰਹ ਉੱਪਰ ਕਰਕੇ ਉਹਦੇ ਵੱਲ ਦੇਖਿਆ। ਫ਼ਕੀਰ ਦੇ ਮੁੱਖ ਤੇ ਨੂਰ ਸੀ ਜਿਸਨੂੰ ਦੇਖ ਕੇ ਉਸ ਬੰਦੇ ਦਾ ਮਨ ਕੁੱਝ ਸ਼ਾਂਤ ਹੋ ਗਿਆ ਤੇ ਉਸਨੇ ਸਾਰੀ ਗੱਲ ਦੱਸ ਦਿੱਤੀ।
ਫ਼ਕੀਰ ਉਸਦੀ ਗੱਲ ਸੁਣ ਕੇ ਹੱਸਿਆ। ਫਿਰ ਕੁੱਝ ਸੋਚ ਕੇ ਕਹਿਣ ਲੱਗਾ ਕਿ ਤੂੰ ਮੈਨੂੰ ਨੌਕਰ ਰੱਖ ਲੈ। ਉਸਦੀ ਗੱਲ ਸੁਣ ਕੇ ਬੰਦੇ ਨੂੰ ਬਹੁਤ ਹੈਰਾਨੀ ਹੋਈ ਪਰ ਉਸਨੂੰ ਜ਼ਰੂਰਤ ਬਹੁਤ ਸੀ ਇਸ ਲਈ ਉਸ ਨੇ ਇੱਕਦਮ ਹਾਂ ਕਰ ਦਿੱਤੀ।
ਫ਼ਕੀਰ ਘਰਦੇ ਅੰਦਰ ਆਇਆ ਉਸਨੇ ਬਿਨਾਂ ਕਿਸੇ ਦੇਰ ਤੋਂ ਕੰਮ ਸ਼ੁਰੂ ਕਰ ਦਿੱਤਾ। ਬੰਦੇ ਨੂੰ ਲੱਗਦਾ ਸੀ ਕਿ ਫ਼ਕੀਰ ਨੂੰ ਸਾਰਾ ਕੁੱਝ ਸਿਖਾਉਣਾ ਪਵੇਗਾ ਪਰ ਇਸਦੇ ਉੱਲਟ ਫ਼ਕੀਰ ਨੇ ਨੌਕਰ ਬਣ ਕੇ ਸਾਰਾ ਕੰਮ ਸੰਭਾਲ਼ ਲਿਆ। ਤੇ ਇਸਦੇ ਨਾਲ਼ ਹੀ ਉਸਦਾ ਹਰ ਕੰਮ ਵਧੀਆ ਹੁੰਦਾ ਸੀ।
ਉਸ ਬੰਦੇ ਨੂੰ ਫ਼ਕੀਰ ਦੇ ਕੰਮ ਦੇਖ਼ ਕੇ ਹੈਰਾਨੀ ਤਾਂ ਹੁੰਦੀ ਹੀ ਸੀ ਪਰ ਜਲਨ ਵੀ ਹੋਣ ਲੱਗੀ। ਉਹ ਉਸਨੂੰ ਕੰਮ ਤੇ ਕੰਮ ਦਿੰਦਾ ਰਹਿੰਦਾ ਤੇ ਜੇ ਕਿਤੇ ਉਹ ਸੌਣ ਲੱਗਦਾ ਤਾਂ ਉਸਨੂੰ ਆਪਣੀਆਂ ਲੱਤਾ ਬਾਹਾਂ ਘੁੱਟਣ ਲਗਾ ਲੈਂਦਾ। ਉਹ ਉਸਨੂੰ ਰੋਟੀ ਘੱਟ ਦਿੰਦਾ ਤੇ ਤਨਖ਼ਾਹ ਤਾਂ ਦਿੰਦਾ ਹੀ ਨਹੀਂ ਸੀ। ਉਸਨੂੰ ਲੱਗਦਾ ਸੀ ਕਿ ਫ਼ਕੀਰ ਨੇ ਪੈਸੇ ਕੀ ਕਰਨੇ ਹਨ!
ਫ਼ਕੀਰ ਹਰ ਵੇਲੇ ਖੁਸ਼ ਰਹਿੰਦਾ, ਕਿਸੇ ਵੀ ਕੰਮ ਨੂੰ ਕਦੇ ਮਨਾਂ ਨਾ ਕਰਦਾ ਤੇ ਨਾ ਹੀ ਕਦੇ ਕਿਸੇ ਗੱਲ ਦਾ ਗੁੱਸਾ ਕਰਦਾ ਸੀ।
ਫ਼ਕੀਰ ਦੀ ਸੇਵਾ ਨਾਲ਼ ਬੰਦੇ ਦੀ ਪਤਨੀ ਦੀ ਹਾਲਤ ਵਿੱਚ ਵੀ ਸੁਧਾਰ ਹੋਣ ਲੱਗਾ। ਸੱਭ ਕੁੱਝ ਠੀਕ ਚੱਲ ਰਿਹਾ ਸੀ ਪਰ ਉਸ ਬੰਦੇ ਨੂੰ ਚਿੜ ਮੱਚਦੀ। ਉਹ ਫ਼ਕੀਰ ਨੂੰ ਤੰਗ ਪਰੇਸ਼ਾਨ ਕਰਦਾ, ਊਲ ਜ਼ਲੂਲ ਬੋਲਦਾ ਪਰ ਫ਼ਕੀਰ ਅੱਗੋਂ ਮੁਸਕਰਾ ਛੱਡਦਾ। ਹੌਲ਼ੀ ਹੌਲ਼ੀ ਇਹ ਸੱਭ ਉਸ ਬੰਦੇ ਦੇ ਵਸੋਂ ਬਾਹਰ ਹੋ ਗਿਆ। ਫ਼ਕੀਰ ਦੀ ਨਿਮਰਤਾ ਉਸਤੋਂ ਸਹੀ ਨਹੀਂ ਜਾ ਰਹੀ ਸੀ। ਫ਼ਕੀਰ ਦੇ ਮੂੰਹ ਤੇ ਜੋ ਸਤੁੰਸ਼ਟੀ ਸੀ ਉਸਤੋਂ ਝੱਲ ਨਾ ਹੁੰਦੀ।
ਅਖੀਰ ਉਸਨੇ ਫ਼ਕੀਰ ਨੂੰ ਆਪਣੇ ਘਰੋਂ ਨਿਕਲ ਜਾਣ ਲਈ ਕਿਹਾ। ਜਦੋਂ ਫ਼ਕੀਰ ਜਾਣ ਲੱਗਾ ਤਾਂ ਉਸ ਕੋਲੋਂ ਰਿਹਾ ਨਾ ਗਿਆ ਤੇ ਉਸਨੇ ਪੁੱਛਿਆ ਕਿ ਤੂੰ ਐਨਾ ਕੁੱਝ ਕਿਉਂ ਤੇ ਕਿੱਦਾਂ ਸਹਿੰਦਾ ਰਿਹਾ?
ਫ਼ਕੀਰ ਨੇ ਮੁਸਕਰਾ ਕੇ ਕਿਹਾ ਕਿ ਮੈਂ ਤਾਂ ਆਪਣੇ ਆਪ ਨੂੰ ਪਰਖ਼ ਰਿਹਾ ਸੀ ਕਿ ਮੈਨੂੰ ਹੁਕਮ ਮੰਨਣਾ ਆਇਆ ਹੈ ਕਿ ਨਹੀਂ। ਤੇ ਜਦ ਤੱਕ ਮੈਨੂੰ ਬੰਦੇ ਦਾ ਹੁਕਮ ਮੰਨਣਾ ਨਹੀਂ ਆਉਂਦਾ ਤਦ ਤੱਕ ਮੈਂ ਉਸ ਕੁੱਲ ਮਾਲਕ ਦਾ ਹੁਕਮ ਕਿਵੇਂ ਮੰਨਣਯੋਗ ਹੋ ਸਕਦਾ ਹਾਂ। ਸ਼ੁੱਕਰ ਹੈ ਉਸ ਮਾਲਕ ਦਾ ਜਿਸਨੇ ਮੈਨੂੰ ਡੋਲਣ ਨਹੀਂ ਦਿੱਤਾ। ਇਹ ਸੁਣਕੇ ਉਸ ਬੰਦੇ ਨੂੰ ਆਪਣੀਆਂ ਸਾਰੀਆਂ ਗਲਤੀਆਂ ਦਾ ਅਹਿਸਾਸ ਹੋਇਆ। ਉਹ ਫ਼ਕੀਰ ਦੇ ਪੈਰਾਂ ਵਿੱਚ ਡਿੱਗ ਪਿਆ ਤੇ ਕਹਿਣ ਲੱਗਾ ਕਿ ਪਹਿਲਾਂ ਮੈਂ ਤੁਹਾਡਾ ਮਾਲਕ ਬਣਿਆ ਪਰ ਹੁਣ ਤੁਸੀਂ ਮੇਰੇ ਮਾਲਕ ਹੋ। ਅੱਜ ਤੋਂ ਮੈਂ ਤੁਹਾਡਾ ਨੌਕਰ ਹਾਂ। ਕਿਰਪਾ ਕਰਕੇ ਮੈਨੂੰ ਆਪਣੀ ਸ਼ਰਨ ਵਿੱਚ ਲੈ ਲਓ। ਫ਼ਕੀਰ ਨੇ ਉਸਨੂੰ ਪੈਰਾਂ ਚੋਂ ਚੁੱਕ ਕੇ ਗਲ਼ ਨਾਲ਼ ਲਗਾ ਲਿਆ।
ਮਨਜੀਤ ਕੌਰ ਲੁਧਿਆਣਵੀ,
ਸ਼ੇਰਪੁਰ, ਲੁਧਿਆਣਾ।:
ਸੰ 9464633059