(ਸਮਾਜ ਵੀਕਲੀ)-ਭਾਰਤ ਨੂੰ ਆਜ਼ਾਦ ਹੋਇਆਂ ਲੰਬਾ ਅਰਸਾ ਹੋ ਗਿਆ ਹੈ ਪਰ ਸਵਾਲ ਹਰ ਵੇਲੇ ਇਹੀ ਸੋਚਣ ਨੂੰ ਮਜ਼ਬੂਰ ਕਰਦਾ ਹੈ ਕਿ ਕੀ ਭਾਰਤੀ ਸੱਚਮੁੱਚ ਆਜ਼ਾਦ ਹੋ ਗਏ ਹਨ?
ਜਦੋਂ ਭਾਰਤੀਆਂ ਦੇ ਹਲਾਤਾਂ ਵੱਲ ਦੇਖੀਏ ਤਾਂ ਆਜ਼ਾਦੀ ਵਰਗੀ ਉਨ੍ਹਾਂ ਦੀ ਜਿੰਦਗੀ ਵਿੱਚ ਕੋਈ ਖਾਸ ਚੀਜ਼ ਦਿਖਾਈ ਨਹੀਂ ਦਿੰਦੀ l
ਖਾਸ ਕਰਕੇ ਜਦੋਂ ਔਰਤਾਂ ਦੀ ਗੱਲ ਕਰੀਏ ਤਾਂ ਉਨ੍ਹਾਂ ਨੂੰ ਤਾਂ ਸੁਰੱਖਿਅਤਾ ਵੀ ਅਜੇ ਤੱਕ ਨਹੀਂ ਦਿੱਤੀ ਜਾ ਸਕੀ l
ਔਰਤ ਨੂੰ ਬਰਾਬਰਤਾ ਦੇਣ ਦੀਆਂ ਗੱਪਾਂ ਜਿੰਨੀਆਂ ਮਰਜ਼ੀ ਮਾਰ ਲਈਏ ਪਰ ਆਜ਼ਾਦੀ ਬਿਲਕੁਲ ਨਹੀਂ ਮਿਲੀ l ਔਰਤ ਆਪਣੇ ਬਾਪ ਘਰ ਵੀ ਆਜ਼ਾਦ ਨਹੀਂ, ਸੌਹਰੇ ਘਰ ਵੀ ਆਜ਼ਾਦ ਨਹੀਂ, ਸੜਕ ਤੇ ਆਜ਼ਾਦ ਨਹੀਂ, ਦਫ਼ਤਰਾਂ ਵਿੱਚ ਆਜ਼ਾਦ ਨਹੀਂ, ਧਾਰਮਿਕ ਅਸਥਾਨਾਂ ਤੇ ਵੀ ਸੁਰੱਖਿਅਤ ਨਹੀਂ ਹੈ l
ਜਦੋਂ ਵੀ ਔਰਤਾਂ ਨਾਲ ਬੇਇਨਸਾਫੀ ਹੁੰਦੀ ਹੈ ਜਾਂ ਸਰੀਰਕ ਸ਼ੋਸ਼ਣ ਹੁੰਦਾ ਹੈ ਤਾਂ ਵੱਡੀ ਗਿਣਤੀ ਇਸ ਕਰਕੇ ਚੁੱਪ ਰਹਿੰਦੀ ਹੈ ਕਿ ਅਸੀਂ ਕੀ ਲੈਣਾ? ਸਾਡੀ ਇਹ ਅਣਗਿਹਲੀ ਜਾਂ ਇਹ ਸੋਚ ਇਸੇ ਅੱਗ ਨੂੰ ਸਾਡੇ ਘਰਾਂ ਤੱਕ ਲੈ ਕੇ ਆਉਂਦੀ ਹੈ l ਜਦੋਂ ਅੱਗ ਸਾਡੇ ਘਰਾਂ ਤੱਕ ਆਉਂਦੀ ਹੈ ਤਾਂ ਸਾਨੂੰ ਸੇਕ ਲਗਦਾ ਹੈ ਅਤੇ ਅਸੀਂ ਚੀਕਾਂ ਮਾਰਦੇ ਹਾਂ ਪਰ ਦੂਜੇ ਚੀਕਾਂ ਨੂੰ ਸੁਣਨਾ ਨਹੀਂ ਚਾਹੁੰਦੇ ਕਿਉਂਕਿ ਉਹ ਵੀ ਸੋਚਦੇ ਹਨ ਕਿ ਅਸੀਂ ਕੀ ਲੈਣਾ?
ਭਾਰਤ ਵਿੱਚ ਔਰਤਾਂ ਨਾਲ ਵਾਪਰੀ ਮਨੀਪੁਰ ਵਾਲੀ ਤਾਜ਼ੀ ਘਟਨਾ ਮਨੁੱਖਤਾ ਨੂੰ ਸ਼ਰਮਸਾਰ ਕਰ ਗਈ ਹੈ l ਅੱਜ ਦੁਨੀਆਂ ਪੱਧਰ ਤੇ ਲੋਕ ਭਾਰਤੀਆਂ ਨੂੰ ਸਵਾਲ ਕਰ ਰਹੇ ਹਨ ਕਿ ਤੁਸੀਂ ਕਿਸ ਤਰਾਂ ਦੇ ਬਹਾਦਰ ਹੋ ਜੋ ਇਸ ਤਰਾਂ ਦੀ ਬੇਇਨਸਾਫੀ ਲਈ ਬੋਲਦੇ ਜਾਂ ਲੜਦੇ ਨਹੀਂ? ਉਹ ਔਰਤਾਂ ਇਕੱਲੀਆਂ ਨਗਨ ਨਹੀਂ ਕੀਤੀਆਂ ਗਈਆਂ ਬਲਕਿ ਉਨ੍ਹਾਂ ਦੇ ਨਾਲ ਸਾਰਾ ਸਮਾਜ ਨੰਗਾ ਹੋਇਆ ਹੈ, ਪ੍ਰਸ਼ਾਸਨ ਨੰਗਾ ਹੋਇਆ ਹੈ, ਭਾਰਤੀਆਂ ਦੀ ਸੋਚਣੀ ਨੰਗੀ ਹੋਈ ਹੈ ਜੋ ਪੱਥਰ ਦੀਆਂ ਬਣਾਈਆਂ ਔਰਤਾਂ ਦੇ ਕੱਪੜੇ ਪਾਉਂਦੇ ਹਨ ਅਤੇ ਉਨ੍ਹਾਂ ਦੀ ਪੂਜਾ ਕਰਦੇ ਹਨ ਅਤੇ ਅਸਲੀ ਔਰਤਾਂ ਨੂੰ ਨੰਗਾ ਕਰਦੇ ਹਨ l
ਸੱਚ ਪੁੱਛੋ ਤਾਂ ਵੱਡੀ ਗਿਣਤੀ ਭਾਰਤੀ ਲੋਕ ਆਪਣੀ ਮਾਨਸਿਕਤਾ ਨੂੰ ਵੀ ਆਜ਼ਾਦੀ ਨਹੀਂ ਦੇ ਸਕੇ l ਉਹ ਅਜੇ ਵੀ ਔਰਤਾਂ ਦੇ ਅੰਗਾਂ ਵੱਲ ਹੀ ਦੇਖੀ ਜਾਂਦੇ ਹਨ ਅਤੇ ਉਨ੍ਹਾਂ ਦੀ ਸਿਫਤ ਹੀ ਕਰੀ ਜਾਂਦੇ ਹਨ ਜਦਕਿ ਦੁਨੀਆਂ ਵਿੱਚ ਔਰਤਾਂ ਤਰੱਕੀ ਦੀਆਂ ਮੰਜ਼ਿਲਾਂ ਛੂਹ ਰਹੀਆਂ ਹਨ l
ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਨਾਸਤਿਕਾਂ ਦੀ ਹੋਣ ਕਰਕੇ ਇਸ ਨੂੰ ਨਾਸਤਿਕਾਂ ਦਾ ਮੁਲਕ ਕਿਹਾ ਜਾਂਦਾ ਹੈ ਜਿਸ ਵਿੱਚ ਔਰਤਾਂ ਇਲੈਕਟ੍ਰਿਸ਼ਨ, ਪਲੰਬਰ, ਡਰੇਨ ਲੇਅਰ, ਮਕੈਨਿਕ, ਡਰਾਈਵਰ, ਪੇਂਟਰ, ਬਿਲਡਰ, ਕਾਰਪੈੱਟ ਲੇਅਰ, ਟਾਈਲ ਲੇਅਰ ਅਤੇ ਹੋਰ ਕਈ ਕਿੱਤਿਆਂ ਦੇ ਨਾਲ ਨਾਲ ਅਨੇਕਾਂ ਬਿਜਨੇਸਾਂ ਅਤੇ ਰਾਜਨੀਤੀ ਵਿੱਚ ਕਮਾਲ ਕਰ ਰਹੀਆਂ ਹਨ l
ਲੋੜ ਹੈ ਔਰਤਾਂ ਨਾਲ ਹੁੰਦੀ ਬੇਇਨਸਾਫੀ ਪ੍ਰਤੀ ਲੜਨ ਦੀ, ਬੋਲਣ ਦੀ, ਬਰਾਬਰਤਾ ਦੇਣ ਦੀ ਅਤੇ ਔਰਤ ਨੂੰ ਮਰਦ ਦੇ ਬਰਾਬਰ ਸਮਝਣ ਦੀ l ਖਾਸ ਤੌਰ ਤੇ ਜਦੋਂ ਔਰਤਾਂ ਨਾਲ ਮਨੀਪੁਰ ਵਰਗੀ ਘਟਨਾ ਵਾਪਰਦੀ ਹੈ ਤਾਂ ਹਰ ਇੱਕ ਦਾ ਫਰਜ਼ ਬਣਦਾ ਹੈ ਕਿ ਆਪਣੀ ਆਵਾਜ਼ ਉਠਾਵੇ ਅਤੇ ਮੀਡੀਆ ਦਾ ਫਰਜ਼ ਬਣਦਾ ਹੈ ਕਿ ਇਸ ਆਵਾਜ਼ ਨੂੰ ਹੋਰ ਲੋਕਾਂ ਤੱਕ ਪਹੁੰਚਾਵੇ l
ਭਾਵੇਂ ਕਿ ਕਈ ਲੋਕ ਪੱਖੀ ਕੰਮ ਕਰਨ ਵਾਲੀਆਂ ਸੰਸਥਾਵਾਂ ਇਸ ਬੇਇਨਸਾਫੀ ਲਈ ਆਵਾਜ਼ ਉਠਾ ਰਹੀਆਂ ਹਨ ਪਰ ਫਰਜ਼ ਸਾਰਿਆਂ ਦਾ ਹੈ ਕਿ ਆਵਾਜ਼ ਉਠਾਈ ਜਾਵੇ l
ਜੇ ਅੱਜ ਇਹ ਬਦਲਾਓ ਨਹੀਂ ਹੁੰਦਾ ਤਾਂ ਭਾਰਤੀ ਅੰਤਰਰਾਸ਼ਟਰੀ ਪੱਧਰ ਤੇ ਮਜ਼ਾਕ ਦੇ ਪਾਤਰ ਬਣੇ ਰਹਿਣਗੇ ਅਤੇ ਲੀਡਰਾਂ ਨੂੰ ਵਿਦੇਸ਼ੀ ਦੌਰਿਆਂ ਦੌਰਾਨ ਲੋਕ ਇਹ ਸਵਾਲ ਵਾਰ ਵਾਰ ਪੁੱਛ ਕੇ ਸ਼ਰਮਿੰਦਾ ਕਰਦੇ ਰਹਿਣਗੇ ਕਿ ਭਾਰਤ ਵਿੱਚ ਔਰਤਾਂ ਨਾਲ ਅਜਿਹਾ ਵਰਤਾਓ ਕਿਉਂ ਕੀਤਾ ਜਾਂਦਾ ਹੈ ?
ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly