ਬੁੱਧ ਬਾਣ

(ਸਮਾਜ ਵੀਕਲੀ) ਮਨੁੱਖ ਪਸ਼ੂਆਂ ਦੇ ਨਾਲੋਂ ਇਸ ਕਰਕੇ ਵੱਖਰਾ ਹੈ ਕਿ ਉਹ ਸੰਵੇਦਨਸ਼ੀਲ ਹੈ। ਉਹ ਸੋਚਦਾ ਹੈ, ਸਮਝਦਾ ਹੈ ਤੇ ਉਸਨੂੰ ਵਿਚਾਰ ਕੇ ਚੰਗੇ ਤੇ ਮਾੜੇ ਦਾ ਵਿਸਲੇਸ਼ਣ ਕਰਦਾ ਹੈ । ਜਦੋਂ ਮਨੁੱਖ ਧਰਤੀ ਤੇ ਪੈਦਾ ਹੋਇਆ ਉਹ ਵੱਖ ਵੱਖ ਯੁੱਗਾਂ ਦੇ ਵਿਚੋਂ ਲੰਘਦਾ ਹੋਇਆ ਅਜੋਕੇ ਸਮਿਆਂ ਦੇ ਤੱਕ ਪੁਜਾ ਹੈ। ਵੱਖ ਵੱਖ ਯੁੱਗਾਂ ਦੇ ਵਿੱਚ ਸਮਾਜ ਨੂੰ ਹੋਰ ਵਧੀਆਤੇ ਸਾਫ ਸੁਥਰਾ ਬਨਾਉਣ ਲਈ ਵੱਖ ਵੱਖ ਧਰਮਾਂ ਦੇ ਦਾਰਸ਼ਨਿਕ ਗੁਰੂ ਤੇ ਸੰਤ ਪੈਦਾ ਹੋਏ । ਇਹਨਾਂ ਵੱਖ ਵੱਖ ਧਰਮਾਂ ਦੇ ਦਾਰਸ਼ਨਿਕਾਂ ਦਾ ਸਮਾਜ ਨੂੰ ਸੁਧਰਨ ਦੇ ਤਰੀਕੇ ਵੱਖਰੇ ਸਨ ਪਰ ਉਹਨਾਂ ਦਾ ਮਕਸਦ ਇਕੋ ਹੀ ਸੀ। ਹਰ ਯੁੱਗ ਦੇ ਵਿੱਚ ਜੇ ਦਾਰਸ਼ਨਿਕ ਗੁਰੂ ਤੇ ਸੰਤ ਤੇ ਸਮਾਜ ਸੁਧਾਰਕ ਹੋਏ ਤਾਂ ਸਮਾਜ ਤੇ ਰਾਜ ਕਰਨ ਵਾਲੇ ਰਾਜੇ ਵੀ ਪੈਦਾ ਹੋਏ। ਜਿਹੜੇ ਸਮਾਜ ਨੂੰ ਆਪਣੇ ਹਿੱਤਾਂ ਦੀ ਪੂਰਤੀ ਕਰਵਾਉਣ ਦੇ ਲਈ ਲੋਕਾਈ ਦੇ ਉਪਰ ਕਰ ਤੇ ਜਜ਼ੀਆ ਲਾਉਦੇ ਸਨ। ਕਿਰਤ ਲੋਕ ਕਰਦੇ ਪਰ ਕਰ ਸਰਕਾਰ ਨੂੰ ਅਦਾ ਕਰਦੇ । ਇਸ ਕਰ ਦੇ ਵਿਰੁੱਧ ਸਮੇਂ ਸਮੇਂ ਬਗਾਵਤਾਂ ਵੀ ਹੁੰਦੀਆਂ ਰਹੀਆਂ ਤੇ ਅਵਾਮ ਦੇ ਉਪਰ ਹਕੂਮਤਾਂ ਜਬਰ ਜੁਲਮ ਵੀ ਕਰਦੀਆਂ ਰਹੀਆਂ। ਇਸ ਧਰਤੀ ਉਤੇ ਰਾਜੇ ਤੇ ਪਰਜੇ ਆਉਦੇ ਗਏ ਤੇ ਤੁਰਦੇ ਗਏ। ਅੱਜ ਸਾਡੇ ਸਮਾਜ ਦੇ ਵਿੱਚ ਦੋ ਤਰ੍ਹਾਂ ਦਾ ਇਤਿਹਾਸ ਮਿਲਦਾ ਹੈ ਤੇ ਇਸ ਤੋਂ ਬਿਨਾਂ ਬਾਹਰਲੇ ਇਤਿਹਾਸਕਾਰਾਂ ਦਾ ਜੋ ਇਤਿਹਾਸ ਮਿਲਦਾ ਉਹ ਪਹਿਲੇ ਦੋਹਾਂ ਤੋਂ ਵੱਖਰਾ ਵੀ ਹੈ ਤੇ ਕੁੱਝ ਹੱਦ ਤੱਕ ਅਵਾਮ ਦੇ ਇਤਿਹਾਸ ਦੇ ਨਾਲ ਮਿਲਦਾ ਵੀ ਹੈ। ਹਰ ਸਮੇਂ ਦੇ ਹਾਕਮਾਂ ਨੇ ਆਪਣੀ ਮਰਜ਼ੀ ਦਾ ਇਤਿਹਾਸ ਲਿਖਵਾਇਆ । ਕਾਨੂੰਨ ਬਣਾਏ ਤੇ ਉਹਨਾਂ ਨੂੰ ਸਖਤੀ ਦੇ ਨਾਲ ਲਾਗੂ ਕਰਨ ਦੇ ਲਈ ਫੌਜ ਰੱਖੀ। ਹਰ ਯੁੱਗ ਦੇ ਵਿੱਚ ਹਾਕਮਾਂ ਦਾ ਵਿਰੋਧ ਕਰਨ ਸੂਰਮੇ ਤੇ ਯੋਧੇ ਪੈਦਾ ਹੁੰਦੇ ਰਹੇ। ਉਹ ਸਮੇਂ ਦੇ ਹਾਕਮਾਂ ਦੇ ਵਿਰੁੱਧ ਅਵੱਗਿਆ ਵੀ ਕਰਦੇ ਰਹੇ। ਬਾਹਰਵੀਂ ਸਦੀ ਵੇਲੇ ਦੇਸ਼ ਵਿੱਚ ਚੱਲੀ ਭਗਤੀ ਲਹਿਰ ਨੇ ਉਨ੍ਹਾਂ ਸਮਿਆਂ ਦੇ ਹਾਕਮਾਂ ਨੂੰ ਹੀ ਨਹੀਂ ਸਗੋਂ ਧਰਮਾਂ ਦੇ ਪੁਜਾਰੀਆਂ ਨੂੰ ਵੀ ਵੰਗਾਰਿਆ। ਹਾਕਮਾਂ ਤੇ ਧਰਮਾਂ ਦੇ ਪੁਜਾਰੀਆਂ ਨੇ ਰਲ ਕੇ ਅਵਾਮ ਦੇ ਉਪਰ ਜਬਰ ਤੇ ਜੁਲਮ ਵੀ ਕੀਤੇ। ਜਦੋਂ ਸਿੱਖ ਧਰਮ ਦੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਜੀ ਨੇ ਚਾਰ ਉਦਾਸੀਆਂ ਕੀਤੀਆਂ ਤਾਂ ਦੁਨੀਆਂ ਦੇ ਕੋਨੇ ਕੋਨੇ ਉਤੇ ਉਠੀਆਂ ਬਗਾਵਤਾਂ ਦੇ ਉਸ ਇਤਿਹਾਸ ਨੂੰ ਸੰਭਾਲਿਆ ਤੇ ਪੰਜਵੇਂ ਗੁਰੂ ਅਰਜਨ ਜੀ ਨੇ ਇਸ ਨੂੰ ਸੰਪਾਦਿਤ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਕੀਤੀ । ਭਗਤਾਂ ਤੇ ਗੁਰੂ ਸਾਹਿਬਾਨਾਂ ਨੇ ਹਾਕਮਾਂ ਤੇ ਅਖੌਤੀ ਧਰਮ ਦੇ ਠੇਕੇਦਾਰਾਂ ਨੂੰ ਸ਼ਬਦ ਤੇ ਸੰਗੀਤ ਦੇ ਰਾਹੀ ਘੇਰਿਆ ਤੇ ਵੰਗਾਰਿਆ। ਹਰ ਸਮੇਂ ਦਾ ਹਾਕਮ ਸ਼ਬਦ ਤੇ ਸੰਗੀਤ ਤੋਂ ਡਰਦਾ ਸੀ। ਮੁਗਲ ਹਕੂਮਤਾਂ ਵੇਲੇ ਤਾਂ ਸੰਗੀਤ ਉਤੇ ਪਾਬੰਦੀ ਸੀ ਪਰ ਗੁਰੂ ਸਾਹਿਬਾਨਾਂ ਨੇ ਹਾਕਮਾਂ ਦੀ ਈਨ ਨਹੀਂ ਮੰਨੀ ਸਗੋਂ ਬਗਾਵਤ ਦਾ ਝੰਡਾ ਚੁਕਿਆ ਹੀ ਨਹੀਂ ਸਗੋਂ ਉਸ ਨੂੰ ਸਦਾ ਝੂਲਦਾ ਰੱਖਣ ਲਈ ਕੁਰਬਾਨੀਆਂ ਵੀ ਦਿੱਤੀਆਂ। ਅਵਾਮ ਦੇ ਅੰਦਰ ਗਈ ਸੰਵੇਦਨਾ ਨੂੰ ਜਗਾਈ ਰੱਖਿਆ। ਕੁਰਬਾਨੀਆਂ ਵੀ ਹੋਈਆਂ ਤੇ ਜੰਗਾਂ ਵੀ ਹੋਈਆਂ, ਸੂਰਮੇ ਤੇ ਯੋਧਿਆਂ ਨੇ ਵੀ ਸਮੇਂ ਦੇ ਹਾਕਮਾਂ ਦੇ ਨਾਲ ਟੱਕਰ ਲਈ ਪਰ ਈਨ ਨਹੀਂ ਮੰਨੀ। ਇਤਿਹਾਸਕਾਰਾਂ ਨੇ ਇਹਨਾਂ ਸੂਰਮਿਆਂ ਦੀਆਂ ਕੁਰਬਾਨੀਆਂ ਨੂੰ ਬਾਗ਼ੀ ਤੇ ਬਗਾਵਤੀ ਗਰਦਾਨਿਆਂ। ਇਹਨਾਂ ਸੂਰਮਿਆਂ ਤੇ ਯੋਧਿਆਂ ਨੇ ਆਪਣੀ ਸੰਵੇਦਨਾ ਨਹੀਂ ਮਰਨ ਦਿੱਤੀ । ਇਤਿਹਾਸ ਦੇ ਵਿੱਚ ਇਹਨਾਂ ਸੂਰਮਿਆਂ ਦਾ ਬਹੁਤ ਵੱਡਾ ਇਤਿਹਾਸ ਹੈ ਤੇ ਇਹਨਾਂ ਦੀ ਸੂਚੀ ਬਹੁਤ ਵੱਡੀ ਹੈ। ਸਿੱਖ ਧਰਮ ਤੇ ਰਾਜਨੀਤੀ ਉੱਤੇ ਧਨਾਢ ਲੋਕਾਂ ਦਾ ਕਬਜ਼ਾ ਹੋ ਗਿਆ ਹੈ, ਇਸੇ ਕਰਕੇ ਇਹਨਾਂ ਵਿੱਚ ਗਿਰਾਵਟ ਆਈ ਹੈ। ਧਨਾਢ ਵਪਾਰੀ ਹਨ, ਉਹਨਾਂ ਨੇ ਧਰਮ ਤੇ ਰਾਜਨੀਤੀ ਨੂੰ ਵਪਾਰ ਬਣਾ ਲਿਆ ਹੈ। ਹੁਣ ਧਰਮ ਦੇ ਪੁਜਾਰੀਆਂ ਨੂੰ ਆਪਣੇ ਢੰਗ ਨਾਲ ਵਰਤਿਆ ਜਾ ਰਿਹਾ ਹੈ। ਇਥੇ ਸੰਵੇਦਨਾ ਨਾਂਅ ਦੀ ਕੋਈ ਚੀਜ਼ ਨਹੀਂ। ਜਦੋਂ ਸੰਵੇਦਨਾ ਮਰਦੀ ਹੈ ਤਾਂ ਮਨ ਤੇ ਮਨੁੱਖ ਮਰ ਜਾਂਦਾ ਹੈ। ਉਹ ਕੇਵਲ ਲੋਥ ਬਣ ਕੇ ਰਹਿ ਜਾਂਦਾ ਹੈ। ਅਜੋਕਾ ਮਨੁੱਖ ਹੁਣ ਜਿਉਂਦੀ ਲਾਸ਼ ਬਣ ਗਿਆ ਹੈ। ਉਸਨੂੰ ਨਾ ਆਪਣਾ ਤੇ ਨਾ ਹੀ ਹੋਰਾਂ ਦਾ ਕੋਈ ਫ਼ਿਕਰ ਹੈ ਤੇ ਨਾ ਹੀ ਚਿੰਤਾ ਹੈ। ਉਹ ਆਪਣੇ ਮੁਨਾਫ਼ੇ ਲਈ ਲੋਕਾਂ ਨੂੰ ਜ਼ਹਿਰ ਖੁਆ ਰਿਹਾ ਹੈ ਤੇ ਤਿਜੌਰੀਆਂ ਭਰਨ ਰਿਹਾ ਹੈ। ਇਸੇ ਕਰਕੇ ਅਮੀਰ ਹੋਰ ਅਮੀਰ ਹੋ ਗਏ ਹਨ ਤੇ ਗਰੀਬ ਹੁਣ ਜਿਉਂਦੇ ਰਹਿਣ ਲਈ ਮਜਬੂਰ ਹਨ। ਨੰਗ, ਭੁੱਖ ਤੇ ਲਾਚਾਰੀ ਉਹਨਾਂ ਦੀ ਹੋਣੀ ਬਣ ਗਈ ਹੈ। ਉਹ ਹੁਣ ਆਕਸੀਜਨ ਸਹਾਰੇ ਆਪਣੀ ਹੋਂਦ ਬਚਾਉਣ ਲਈ ਸੰਘਰਸ਼ ਕਰ ਰਹੇ ਹਨ। ਹੁਣ ਜਦੋਂ ਅਸੀਂ ਇੱਕਵੀਂ ਸਦੀ ਵਿੱਚ ਪੁਜ ਕੇ ਆਪਣੇ ਵਿਰਸੇ ਤੇ ਜੜ੍ਹਾਂ ਵੱਲ ਦੇਖਦੇ ਹਾਂ ਤਾਂ ਬਹੁਤ ਮਾਣ ਮਹਿਸੂਸ ਕਰਦੇ ਹਾਂ । ਹੁਣ ਵੀ ਹਾਕਮਾਂ ਦੇ ਵੱਲੋਂ ਲੋਕਾਂ ਨੂੰ ਅਸੰਵੇਦਨਸ਼ੀਲ ਬਨਾਉਣ ਦੇ ਲਈ ਕਾਲੇ ਕਾਨੂੰਨ ਬਣਾ ਕੇ ਜਬਰ ਤੇ ਜੁਲਮ ਕੀਤਾ ਜਾ ਰਿਹਾ ਹੈ। ਸਮਾਜ ਨੂੰ ਸਾਧਨਹੀਣ ਕਰਨ ਲਈ ਵੱਖ ਵੱਖ ਤਰ੍ਹਾਂ ਦੇ ਕਾਨੂੰਨ ਜਬਰੀ ਲਾਗੂ ਕੀਤੇ ਜਾ ਰਹੈ ਹਨ। ਸਮਾਂ ਤੇ ਹਾਕਮ ਬਦਲੇ ਹਨ ਪਰ ਜਬਰ ਜੁਲਮ ਦੇ ਢੰਗ ਨਹੀਂ ਬਦਲੇ ਸਗੋਂ ਪਹਿਲਾਂ ਨਾਲੋਂ ਵੀ ਕਾਨੂੰਨ ਸਖਤ ਕਰ ਦਿੱਤੇ ਹਨ। ਜੋ ਵੀ ਵਿਰੋਧ ਕਰਦਾ ਉਨ੍ਹਾਂ ਨੂੰ ਦੇਸ਼ਧ੍ਰੋਈ ਗਰਦਾਨ ਕੇ ਜਲੀਲ ਕੀਤਾ ਜਾਂਦਾ ਤੇ ਫੇਰ ਝੂਠੇ ਕੇਸ ਬਣਾ ਕੇ ਜੇਲ੍ਹ ਦੇ ਵਿੱਚ ਡੱਕਿਆ ਜਾਂਦਾ ਹੈ ਤੇ ਫੇਰ ਉਸਦਾ ਫਤਵਾ ਵੱਢ ਦਿੱਤਾ ਜਾਂਦਾ ਹੈ। ਹੁਣ ਤੇ ਮਨੁੱਖਤਾ ਨੂੰ ਮਾਰਨ ਲਈ ਉਸਦੀ ਸੰਵੇਦਨਾ ਮਾਰੀ ਜਾ ਰਹੀ ਹੈ। ਮਾਨਸਿਕ ਤੌਰ ‘ਤੇ ਖਤਮ ਕੀਤਾ ਜਾ ਰਿਹਾ ਹੈ । ਆਪੇ ਹੀ ਅੱਗਾਂ ਲਾ ਕੇ ਆਪਣੇ ਆਪ ਨਿਰਦੋਸ਼ ਆਖਿਆ ਜਾ ਰਿਹਾ ਹੈ । ਭਾਰਤ ਦੇ ਹਰ ਸੂਬੇ ਨਵੇਂ ਤਜਰਬੇ ਹੋ ਰਹੇ ਹਨ । ਪੰਜਾਬ ਦੇ ਵਿੱਚ ਜਾਤ ਪਾਤ ਤੇ ਧਰਮ ਦਾ ਹੁਣੇ ਹੀ ਬਿਜਲੀ ਦਾ ਟੀਕਾ ਲਾ ਕੇ ਚੈਕ ਕੀਤਾ ਹੈ । ਇਸਦੇ ਨਤੀਜੇ ਭਵਿੱਖ ਦੇ ਗਰਭ ਵਿੱਚ ਹਨ । ਪੰਜਾਬੀਆਂ ਦੀ ਮਾਨਸਿਕਤਾ ਨੂੰ ਖਤਮ ਕਰਨ ਮੁਫਤ ਦੀ ਚਾਟ ਉਤੇ ਤਾਂ ਸਿੱਖੀ ਦੇ ਭੇਖ ਬਾਦਲਕਿਆ ਨੇ ਬਾਬਰਕਿਆ ਦੀ ਭੁਮਿਕਾ ਨਿਭਾਈ ਸੀ । ਵੋਟਰਾਂ ਨੇ ਮੱਖਣ ਵਿੱਚੋਂ ਵਾਲ ਵਾਂਗੂੰ ਕੱਢ ਕੇ ਘਰ ਵਹਾ ਦਿੱਤਾ। ਪੰਜਾਬ ਦੇ ਲੋਕਾਂ ਨੂੰ ਫੇਰ ਜਾਤਪਾਤ ਦਲਦਲ ਵਿੱਚ ਧੱਕਿਆ ਜਾ ਰਿਹਾ ਹੈ । ਸਿੱਖ ਧਰਮ ਦੀ ਵਿਚਾਰਧਾਰਾ ਨੂੰ ਤਬਾਹ ਕਰਨ ਲਈ ਸਿੱਖਾਂ ਨੂੰ ਸਨਾਤਨੀ ਧਰਮ ਪ੍ਰਚਾਰਕਾਂ ਵਾਂਗੂੰ ਪ੍ਰਚਾਰ ਕਰਨ ਦੀ ਸਿਖਿਆ ਦਿੱਤੀ ਜਾਂਦੀ ਹੈ । ਸਿੱਖੀ ਦੇ ਭੇਸ ਤੇ ਭੇਖ ਦੇ ਵਿੱਚ ਇਹ ਸੰਘੀ ਹਨ ਤੇ ਸਿੱਖੀ ਦਾ ਗਲਾ ਘੁੱਟ ਰਹੇ ਹਨ । ਸ੍ਰੀ ਹਜੂਰ ਸਾਹਿਬ ਦਾ ਇੱਕ ਪ੍ਰਚਾਰਕ, ਇਹਨਾਂ ਦਾ ਕਰਤਾ ਧਰਤਾ ਹੈ ਜਿਹੜਾ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਭਰਨ ਦੀਆਂ ਗੱਲਾਂ ਕਰਦਾ ਸੀ, ਹੁਣ ਕਿਧਰ ਗੁੰਮ ਗਿਆ ਹੈ, ਪੰਜਾਬ ਸਰਕਾਰ ਨੇ ਸੱਤ ਸੌਂ ਕਰੋੜ ਰੁਪਏ ਹੋਰ ਕਰਜ਼ਾ ਲੈਣ ਲਿਆ ਹੈ। ਸੋ ਪੰਜਾਬੀ ਓ ਬਚੋ, ਇਹਨਾਂ ਭੇਖਧਾਰੀਆਂ ਤੋਂ । ਇਹਨਾਂ ਦੀ ਬੁੱਕਲ ਵਿੱਚ ਡੰਗ ਹੈ ਸੱਪ ਹੈ। ਇਹ ਦੋਮੂੰਹੇ ਸੱਪ ਹਨ । ਸੱਪ ਕਿਸੇ ਦੇ ਮਿੱਤ ਨਹੀਂ ਹੁੰਦੇ । ਜਾਗੋ, ਬਹੁਤ ਗੂੜ੍ਹਾ ਹਨੇਰਾ ਹੋ ਰਿਹਾ ਹੈ । ਆਪੋ ਆਪਣੇ ਖੋਲ ਵਿੱਚੋਂ ਬਾਹਰ ਆਵੋ । ਹੁਣ ਵੀ ਜੇ ਨਾ ਘੁਰਨਿਆਂ ਦੇ ਵਿਚੋਂ ਨਿਕਲੇ ਤੇ ਸਮਝੋ, ਤੁਸੀ ਕੀ ਹੋ? ਮਾਰੋ ਆਪੋ ਆਪਣੇ ਗਿਰੇਵਾਨ ਵਿੱਚ ਝਾਤੀ!!!! ਮਾਰੀ ਜਾ ਰਹੀ ਸੰਵੇਦਨਾ ਨੂੰ ਖਤਮ ਕਰਨ ਵਾਲੇ ਭੇਖਧਾਰੀ ਭੇਸਧਾਰੀ ਦੁਸ਼ਮਣ ਨੂੰ ਪਛਾਣੋ । ਬਹੁਤ ਹੋ ਗਏ ਵੇਬੀਨਾਰ ਤੇ ਸੈਮੀਨਾਰ ਕੀ ਖੱਟਿਆ ਹੈ, ਸ਼ਬਦ ਜੁਗਾਲੀ ਕਰਕੇ ? ਆਪਣੀ ਮਰ ਰਹੀ ਮਾਰੀ ਜਾ ਰਹੀ ਸੰਵੇਦਨਾ ਦੇ ਕਾਤਲ ਪਛਾਣੋ। ਚਿਹਰਿਆਂ ਉਤੋਂ ਧਰਮ ਦਾ ਮਖੌਟੇ/ ਨਕਾਬ ਉਤਾਰ ਕੇ ਵਿਚਾਰ ਕਰੋ ਕਿ ਸਾਡੇ ਤੇ ਪਸ਼ੂਆਂ ਵਿੱਚ ਕੀ ਫ਼ਰਕ ਹੈ? ਹੁਣ ਉਠਣ ਤੇ ਜਾਗਣ ਦਾ ਵੇਲਾ ਹੈ। ਹਾਕਮਾਂ ਦੀਆਂ ਗੱਪਾਂ ਸੁਣ ਸੁਣ ਕੇ ਤੁਹਾਡੇ ਢਿੱਡ ਅੰਦਰ ਪੀੜ ਕਿਉਂ ਨਹੀਂ ਹੋ ਰਹੀ? ਕੀ ਤੁਸੀਂ ਇਨਸਾਨ ਹੋ ਜਾਂ ਫੇਰ ਉਹ ਗੰਦੇ ਟੋਬੇ, ਜਿਸਦੇ ਵਿੱਚ ਪਿੰਡ ਦੀ ਸਾਰੀ ਗੰਦਗੀ ਜਾਂਦੀ ਹੈ। ਤੁਹਾਡੀ ਸੰਵੇਦਨਾ ਮਰ ਗਈ ਹੈ। ਤੁਸੀਂ ਆਪਣੀ ਮੌਤ ਦੇ ਖੁਦ ਕਾਤਲ ਬਣ ਗਏ ਹੋ। ਦੇ ਥੋੜ੍ਹੀ ਜਿਹੀ ਤੁਹਾਡੇ ਅੰਦਰ ਇਨਸਾਨੀਅਤ ਜਿਉਂਦੀ ਹੈ ਤਾਂ ਉਠੋ, ਤੁਹਾਡੇ ਨਾਲੋਂ ਤਾਂ ਬੰਗਲਾਦੇਸ਼ ਦੇ ਲੋਕ ਸਿਆਣੇ ਹਨ, ਜਿਹਨਾਂ ਨੇ ਜਿਉਂਦੇ ਹੋਣ ਦਾ ਸਬੂਤ ਦਿੱਤਾ ਹੈ। ਤੁਸੀਂ ਨਹੀਂ ਬਦਲ ਸਕਦੇ ਕਿਉਂਕਿ ਤੁਸੀਂ ਤਾਂ ਮਹਾਨ ਕੌਮ ਦੇ ਮਹਾਨ ਮਨੁੱਖ ਹੋ। ਮੁਫ਼ਤ ਦੀਆਂ ਰੋਟੀਆਂ ਖਾਣ ਪੀਣ ਨਾਲ ਤੁਸੀਂ ਬੰਦੇ ਨਹੀਂ ਰਹੇ, ਜਾਨਵਰਾਂ ਵਾਲੀ ਜੂਨ ਵਿੱਚ ਬਦਲ ਗਏ ਹੋ। ਤੁਹਾਨੂੰ ਗਰਜ਼ਾਂ ਦੇ ਸੰਗਲ ਨੇ ਬੰਨ੍ਹਿਆ ਹੋਇਆ ਹੈ। ਪੱਠੇ ਤੁਹਾਨੂੰ ਸਰਕਾਰ ਪਾ ਰਹੀ ਹੈ। ਤੁਸੀਂ ਮਰ ਗਈ ਚੇਤਨਾ ਤੋਂ ਕੀ ਲੈਣਾ ਹੈ। ਯਾਦ ਰੱਖਿਓ ਇਤਿਹਾਸ ਨੇ ਤੁਹਾਨੂੰ ਮੁਆਫ਼ ਨਹੀਂ ਕਰਨਾ।



