ਜਦੋਂ ਆਊਗੀ ਦੀਵਾਲੀ

(ਸਮਾਜ ਵੀਕਲੀ)
ਮੂਲ ਚੰਦ ਸ਼ਰਮਾ

ਕੋਈ ਖ਼ੁਸ਼ੀਆਂ ਮਨਾਊ ਜਦੋਂ ਆਊਗੀ ਦੀਵਾਲੀ ।

ਬੱਚੇ ਕਿਸੇ ਦੇ ਰੁਆਊ ਜਦੋਂ ਆਊਗੀ ਦੀਵਾਲੀ ।
ਕੀਤੀ ਪਾਪ ਦੀ ਕਮਾਈ ਜੀਹਨੇ ਦਿਨ ਰਾਤ ਉਹ  ,
ਅੱਗ ਪੈਸਿਆਂ ਨੂੰ ਲਾਊ ਜਦੋਂ ਆਊਗੀ ਦੀਵਾਲੀ ।
ਸਾਰੀ ਦੁਨੀਆਂ ਠੱਗਾਂ ਦੀ ਲੋਕੀ ਆਖਦੇ ਨੇ ਹੋ ਗਈ ,
ਕਿਤੇ ਪਿੱਟਣੇ ਪਵਾਊ ਜਦੋਂ ਆਊਗੀ ਦੀਵਾਲੀ ।
ਕੋਈ ਜਿੱਤ ਦੀ ਖ਼ੁਸ਼ੀ ‘ਚ ਕਰਕੇ ਪੈਸੇ ਦਾ ਵਿਖਾਵਾ  ,
ਦਿਲ ਕਿਸੇ ਦਾ ਦੁਖਾਊ ਜਦੋਂ ਆਊਗੀ ਦੀਵਾਲੀ ।
ਚੁਣੀ ਹੋਈ ਸਰਕਾਰ ਦੇ ਕੇ ਆਪਣਿਆਂ ਨੂੰ ਗੱਫੇ  ,
ਠੇਂਗਾ ਕਿਸੇ ਨੂੰ ਵਿਖਾਊ ਜਦੋਂ ਆਊਗੀ ਦੀਵਾਲੀ ।
ਪੌਡਾਂ ਡਾਲਰਾਂ ਦੇ ਲਈ ਜੀਹਦਾ ਢੋਲ ਪਰਦੇਸੀ ,
ਖ਼ੁਸ਼ੀ ਕੀਹਦੇ ਨਾ ਮਨਾਊ ਜਦੋਂ ਆਊਗੀ ਦੀਵਾਲੀ ।
ਆਪਾਂ ਵਿੱਛੜੇ ਸੀ ਸੱਜਣਾ ਦੀਵਾਲੀ ਵਾਲ਼ੀ ਰਾਤ  ,
ਤੇਰੀ ਬੜੀ ਯਾਦ ਆਊ ਜਦੋਂ ਆਊਗੀ ਦੀਵਾਲੀ ।
ਰੋਨੈਂ ਵਿੱਛੜੀਆਂ ਤੂੰ ਤਾਂ ਯਾਰ ਮਰ ‘ਗੇ ਜਿਨ੍ਹਾਂ ਦੇ  ,
ਦੀਵਾ ਮੜ੍ਹੀ ‘ਤੇ ਜਗਾਊ ਜਦੋਂ ਆਊਗੀ ਦੀਵਾਲੀ ।
ਜੀਹਨੂੰ ਗਾਂਧੀ ਵਾਲ਼ੇ ਨੋਟ ਆਉਂਣੇ ਗਿਫਟਾਂ ਦੇ ਵਿੱਚ  ,
ਉਹ ਨੋਟ ਬੈੱਡ ‘ਤੇ ਵਿਛਾਊ ਜਦੋਂ ਆਊਗੀ ਦੀਵਾਲੀ ।
ਕਿਸੇ ਮੰਜੇ ‘ਤੇ ਪਏ ਤੋਂ ਕੋਠਾ ਲਿੱਪਿਆ ਨਈਂ ਜਾਣਾ  ,
ਕੋਈ ਕੋਠੀਆਂ ਸਜਾਊ ਜਦੋਂ ਆਊਗੀ ਦੀਵਾਲੀ ।
ਕੋਈ ਫੂਕ ਕੇ ਪੋਟਾਸ਼ ਗੰਦੇ ਵਾਤਾਵਰਨ ਵਿੱਚ  ,
ਗੰਦ ਹੋਰ ਵੀ ਮਿਲਾਊ ਜਦੋਂ ਆਊਗੀ ਦੀਵਾਲੀ ।
ਕੋਈ ਆਪ ਬੂਟੇ ਲਾ ਕੇ ਨਾਲ਼ੇ ਹੋਰਾਂ ਤੋਂ ਲਵਾ ਕੇ  ,
ਮਾਣ ਆਪਣਾ ਵਧਾਊ ਜਦੋਂ ਆਊਗੀ ਦੀਵਾਲੀ ।
ਕੋਈ ਜਿਗਰੇ ਵਾਲ਼ਾ ਹੀ ਦੁੱਖ ਕਿਸੇ ਦੇ ਵੰਡਾਅ ਕੇ ,
ਕਿਸੇ ਰੋਂਦੇ ਨੂੰ ਹਸਾਊ ਜਦੋਂ ਆਊਗੀ ਦੀਵਾਲੀ ।
ਕੋਈ ਬੰਦਾ ਸਿੰਘ ਵਾਂਗੂੰ ਸਿੱਖ ਦਸਵੇਂ ਗੁਰੂ ਦਾ  ,
ਇੱਟ ਨਾ ਇੱਟ ਖੜਕਾਊ ਜਦੋਂ ਆਊਗੀ ਦੀਵਾਲੀ ।
ਪਿੰਡ ਰੰਚਣਾਂ ਵਾਲ਼ੇ ਨੂੰ ਇੱਕ ਆਸ ਹੈ ਅਜੇ ਵੀ  ,
ਯਾਰ ਵਿੱਛੜੇ ਮਿਲਾਊ ਜਦੋਂ ਆਊਗੀ ਦੀਵਾਲੀ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜਿਲ੍ਹਾ ਸੰਗਰੂਰ ।
 9914836037
Previous article2 ਨਵੰਬਰ ਸ਼ਨੀਵਾਰ ਨੂੰ ਮਨਾਇਆ ਜਾਵੇਗਾ ਵਿਸ਼ਵਕਰਮਾ ਜਨਮ ਉਤਸਵ
Next articleਰਾਮਗੜ੍ਹੀਆ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਿਲਰਗੰਜ ਵਿਖੇ ਭਾਸ਼ਣ ਮੁਕਾਬਲਾ ਕਰਵਾਇਆ ਗਿਆ