ਪੰਜਾਬ ’ਚ ਕਣਕ ਦੀ ਖਰੀਦ ਮੁੜ ਸ਼ੁਰੂ

ਚੰਡੀਗੜ੍ਹ (ਸਮਾਜ ਵੀਕਲੀ):  ਕੇਂਦਰੀ ਖੁਰਾਕ ਮੰਤਰਾਲੇ ਦੀਆਂ ਪੰਜ ਟੀਮਾਂ ਕਣਕ ਦੀ ਗੁਣਵੱਤਾ ਘੋਖਣ ਲਈ ਅੱਜ ਦੁਪਹਿਰ ਮਗਰੋਂ ਪੰਜਾਬ ਪੁੱਜ ਗਈਆਂ ਹਨ। ਇਨ੍ਹਾਂ ਵਿੱਚੋਂ ਇੱਕ ਟੀਮ ਨੇ ਅੱਜ ਜ਼ਿਲ੍ਹਾ ਮੁਕਤਸਰ ਤੋਂ ਕਣਕ ਦੇ ਨਮੂਨੇ ਲੈਣ ਦੀ ਸ਼ੁਰੂਆਤ ਕਰ ਦਿੱਤੀ ਹੈ। ਭਲਕੇ ਇਨ੍ਹਾਂ ਕੇਂਦਰੀ ਟੀਮਾਂ ਵੱਲੋਂ ਸਮੁੱਚੇ ਪੰਜਾਬ ਵਿੱਚ ਮੰਡੀਆਂ ਦਾ ਦੌਰਾ ਕਰਕੇ ਫ਼ਸਲ ਦਾ ਜਾਇਜ਼ਾ ਲਿਆ ਜਾਵੇਗਾ। ਚਾਰ ਟੀਮਾਂ ਅੱਜ ਦੇਰ ਸ਼ਾਮ ਪੰਜਾਬ ਪੁੱਜੀਆਂ ਹਨ ਜਿਸ ਕਰਕੇ ਅੱਜ ਨਮੂਨੇ ਲੈਣ ਦਾ ਕੰਮ ਸ਼ੁਰੂ ਨਹੀਂ ਹੋ ਸਕਿਆ ਹੈ।

ਕੇਂਦਰੀ ਟੀਮਾਂ ਦੀ ਆਮਦ ਨਾਲ ਹੀ ਪੰਜਾਬ ਵਿਚ ਕਣਕ ਦੀ ਖ਼ਰੀਦ ਦਾ ਕੰਮ ਮੁੜ ਤੇਜ਼ੀ ਨਾਲ ਸ਼ੁਰੂ ਹੋ ਗਿਆ ਹੈ। ਪੰਜਾਬ ਦੀਆਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਦੀ ਤਾਲਮੇਲ ਕਮੇਟੀ ਨੇ ਅੱਜ ਖ਼ੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੇ ਸਕੱਤਰ ਵੱਲੋਂ ਦਿੱਤੇ ਭਰੋਸੇ ਮਗਰੋਂ ਕਣਕ ਦੀ ਖ਼ਰੀਦ ਦਾ ਬਾਈਕਾਟ ਖ਼ਤਮ ਕਰਨ ਦਾ ਐਲਾਨ ਕਰ ਦਿੱਤਾ। ਇਸ ਮਗਰੋਂ ਦੁਪਹਿਰ ਤੋਂ ਕਣਕ ਦੀ ਖ਼ਰੀਦ ਮੁੜ ਸ਼ੁਰੂ ਹੋ ਗਈ। ਐਤਕੀਂ ਮਾਰਚ ਮਹੀਨੇ ਪਈ ਗਰਮੀ ਨੇ ਕਣਕ ਦੀ ਫ਼ਸਲ ਨੂੰ ਢਾਹ ਲਾਈ ਹੈ। ਵਧੇ ਤਾਪਮਾਨ ਕਰਕੇ ਕਣਕ ਦੇ ਦਾਣੇ ਪਿਚਕ ਗਏ ਹਨ ਅਤੇ ਫ਼ਸਲ ਦੀ ਗੁਣਵੱਤਾ ’ਤੇ ਮਾੜਾ ਅਸਰ ਪਿਆ ਹੈ ਜਿਸ ਕਰ ਕੇ ਕਣਕ ਦਾ ਝਾੜ ਵੀ 15 ਤੋਂ 25 ਫ਼ੀਸਦੀ ਤੱਕ ਘਟ ਗਿਆ ਹੈ। ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਜਦੋਂ ‘ਸਿੱਧੀ ਡਲਿਵਰੀ’ ਲੈਣ ਤੋਂ ਇਨਕਾਰ ਕਰ ਦਿੱਤਾ ਤਾਂ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ’ਚ ਤੌਖਲੇ ਖੜ੍ਹੇ ਹੋ ਗਏ  ਸਨ ਕਿਉਂਕਿ ਮੁੱਢਲੀ ਪੜਤਾਲ ਵਿਚ ਕਣਕ ਦੇ ਦਾਣੇ 8 ਤੋਂ 20 ਫ਼ੀਸਦੀ ਤੱਕ ਸੁੰਗੜੇ ਹੋਏ ਪਾਏ ਗਏ ਜਦੋਂ ਕਿ ਕੇਂਦਰੀ ਮਾਪਦੰਡਾਂ ਅਨੁਸਾਰ ਇਹ ਦਰ 6 ਛੇ ਫ਼ੀਸਦੀ ਤੱਕ ਦੀ ਹੈ। ਵੇਰਵਿਆਂ ਅਨੁਸਾਰ ਕੇਂਦਰੀ ਖੁਰਾਕ ਮੰਤਰਾਲੇ ਦੀਆਂ ਟੀਮਾਂ ਦੀ ਅਗਵਾਈ ਸਹਾਇਕ ਖੇਤਰੀ ਡਾਇਰੈਕਟਰ (ਐੱਸ ਐਂਡ ਆਰ) ਆਰ.ਕੇ.ਸ਼ਾਹੀ ਕਰ ਰਹੇ ਹਨ।

ਪੰਜ ਕੇਂਦਰੀ ਟੀਮਾਂ ਵੱਲੋਂ ਵੱਖੋ-ਵੱਖਰੇ ਤੌਰ ’ਤੇ ਫ਼ਰੀਦਕੋਟ, ਫ਼ਿਰੋਜ਼ਪੁਰ, ਜਲੰਧਰ, ਪਟਿਆਲਾ ਤੇ ਰੋਪੜ ਡਿਵੀਜ਼ਨਾਂ ’ਚ ਪੈਂਦੇ ਖ਼ਰੀਦ ਕੇਂਦਰਾਂ ਦਾ ਦੌਰਾ ਕੀਤਾ ਜਾਣਾ ਹੈ। ਜਲੰਧਰ ਡਿਵੀਜ਼ਨ ਦੀ ਡਿਪਟੀ ਡਾਇਰੈਕਟਰ ਰਜਨੀਸ਼ ਕੁਮਾਰੀ ਨੇ ਦੱਸਿਆ ਕਿ ਕੇਂਦਰੀ ਟੀਮ ਅੱਜ ਸ਼ਾਮ ਵਕਤ ਪੁੱਜ ਗਈ ਹੈ ਜਿਨ੍ਹਾਂ ਨੂੰ ਖ਼ਰੀਦ ਕੇਂਦਰਾਂ ਦੇ ਵੇਰਵੇ ਦੇ ਦਿੱਤੇ ਗਏ ਹਨ। ਫ਼ਰੀਦਕੋਟ ਡਿਵੀਜ਼ਨ ਵਿਚ ਪੁੱਜੀ ਕੇਂਦਰੀ ਟੀਮ ਨੇ ਅੱਜ ਮਲੋਟ ਮੰਡੀ ਅਤੇ ਆਸ-ਪਾਸ ਦੇ ਖ਼ਰੀਦ ਕੇਂਦਰਾਂ ’ਚੋਂ ਕਣਕ ਦੇ ਨਮੂਨੇ ਲਏ ਹਨ। ਇਸ ਕੇਂਦਰੀ ਟੀਮ ਨਾਲ ਡਿਪਟੀ ਡਾਇਰੈਕਟਰ ਡਾ.ਨਿਰਮਲ ਸਿੰਘ ਅਤੇ ਖ਼ਰੀਦ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਫ਼ਿਰੋਜ਼ਪੁਰ ਡਿਵੀਜ਼ਨ ਦੇ ਡਿਪਟੀ ਡਾਇਰੈਕਟਰ ਮੰਗਲ ਦਾਸ ਨੇ ਦੱਸਿਆ ਕਿ ਕੇਂਦਰੀ ਟੀਮ ਭਲਕੇ ਮੰਡੀਆਂ ਦਾ ਦੌਰਾ ਕਰੇਗੀ। ਪੰਜਾਬ ਦੇ ਕਿਸਾਨਾਂ ਦੀ ਟੇਕ ਹੁਣ ਕੇਂਦਰੀ ਟੀਮਾਂ ’ਤੇ ਹੈ ਜਿਨ੍ਹਾਂ ਦੀ ਰਿਪੋਰਟ ਦੇ ਆਧਾਰ ’ਤੇ ਹੀ ਕੇਂਦਰ ਸਰਕਾਰ ਨੇ ਰਾਹਤ ਬਾਰੇ ਫ਼ੈਸਲਾ ਲੈਣਾ ਹੈ।  ਖੁਰਾਕ ਤੇ ਸਪਲਾਈ ਵਿਭਾਗ ਪੰਜਾਬ ਦੇ ਡਾਇਰੈਕਟਰ ਗੁਰਕੀਰਤ ਕਿਰਪਾਲ ਸਿੰਘ ਨੇ ਕਿਹਾ ਕਿ ਕੇਂਦਰੀ ਟੀਮਾਂ ਪੰਜਾਬ ਪੁੱਜ ਗਈਆਂ ਹਨ ਅਤੇ ਭਲਕੇ 17 ਜ਼ਿਲ੍ਹਿਆਂ ਵਿਚ ਟੀਮਾਂ ਮੰਡੀਆਂ ਦਾ ਦੌਰਾ ਕਰਨਗੀਆਂ। ਉਨ੍ਹਾਂ ਆਸ ਪ੍ਰਗਟਾਈ ਕਿ ਕੇਂਦਰ ਵੱਲੋਂ ਪੰਜਾਬ ਨੂੰ ਦਾਣਾ ਸੁੰਗੜਨ ਕਰਕੇ ਜ਼ਰੂਰ ਰਾਹਤ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਖ਼ਰੀਦ ਏਜੰਸੀਆਂ ਦੇ ਮੁਲਾਜ਼ਮਾਂ ਨਾਲ ਅੱਜ ਮੀਟਿੰਗ ਕੀਤੀ ਗਈ ਸੀ ਜਿਸ ਮਗਰੋਂ ਸਾਰੇ ਮੁਲਾਜ਼ਮ ਖ਼ਰੀਦ ਪ੍ਰਬੰਧਾਂ ਵਿਚ ਜੁੱਟ ਗਏ ਹਨ।

ਕਿਸਾਨਾਂ ਨੂੰ ਛੇ ਹਜ਼ਾਰ ਕਰੋੜ ਦਾ ਰਗੜਾ

ਪੰਜਾਬ ਸਰਕਾਰ ਵੱਲੋਂ ਐਤਕੀਂ 132 ਲੱਖ ਮੀਟਰਿਕ ਟਨ ਖ਼ਰੀਦ ਦਾ ਟੀਚਾ ਮਿੱਥਿਆ ਗਿਆ ਹੈ, ਪਰ ਝਾੜ ਪ੍ਰਭਾਵਿਤ ਹੋਣ ਕਰਕੇ ਇਹ ਟੀਚਾ 100 ਮੀਟਰਿਕ ਟਨ ਤੱਕ ਸੀਮਤ ਰਹਿ ਸਕਦਾ ਹੈ। ਝਾੜ ਘਟਣ ਕਰਕੇ ਇਸ ਵਾਰ ਪੰਜਾਬ ਦੇ ਕਿਸਾਨਾਂ ਨੂੰ ਕਰੀਬ ਛੇ ਹਜ਼ਾਰ ਕਰੋੜ ਦੀ ਵਿੱਤੀ ਮਾਰ ਪਏਗੀ। ਪੰਜਾਬ ਸਰਕਾਰ ਦੇ ਖ਼ਜ਼ਾਨੇ ਨੂੰ ਵੀ ਘਟੇ ਝਾੜ ਕਾਰਨ ਟੈਕਸਾਂ ਦੇ ਰੂਪ ਵਿੱਚ ਕਰੀਬ 360 ਕਰੋੜ ਰੁਪੲੇ ਦਾ ਨੁਕਸਾਨ ਝੱਲਣਾ ਪਵੇਗਾ। ਮਿੱਥੇ ਟੀਚੇ ਅਨੁਸਾਰ 132 ਲੱਖ ਮੀਟਰਿਕ ਟਨ ਫ਼ਸਲ ਮੰਡੀਆਂ ਵਿਚ ਪੁੱਜਦੀ ਤਾਂ ਇਸ ਸੀਜ਼ਨ ਵਿਚ ਕਣਕ ਦਾ ਕੁੱਲ 26,598 ਕਰੋੜ ਦਾ ਕਾਰੋਬਾਰ ਹੋਣਾ ਸੀ |

ਕੇਂਦਰ ਤੋਂ ਰਾਹਤ ਲਈ ਆਸਵੰਦ ਨੇ ਭਗਵੰਤ ਮਾਨ

ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕੈਬਨਿਟ ਮੀਟਿੰਗ ਵਿਚ ਕੇਂਦਰੀ ਟੀਮਾਂ ਦੇ ਪੰਜਾਬ ਪੁੱਜਣ ਦਾ ਸਵਾਗਤ ਕਰਦਿਆਂ ਆਸ ਪ੍ਰਗਟਾਈ ਕਿ ਕੇਂਦਰ ਸਰਕਾਰ ਕਿਸਾਨਾਂ ਨੂੰ ਪਈ ਕੁਦਰਤੀ ਮਾਰ ਨੂੰ ਦੇਖਦੇ ਹੋਏ ਕੇਂਦਰੀ ਨਿਯਮਾਂ ਵਿਚ ਛੋਟ ਦੇਵੇਗੀ। ਕੈਬਨਿਟ ਨੇ ਕੇਂਦਰ ਨੂੰ ਅਪੀਲ ਕੀਤੀ ਕਿ ਬਿਨਾਂ ਕਿਸੇ ਕਟੌਤੀ ਦੇ ਨਿਯਮਾਂ ਵਿਚ ਛੋਟ ਦਿੱਤੀ ਜਾਵੇ। ਕੈਬਨਿਟ ਨੇ ਪੱਖ ਰੱਖਿਆ ਕਿ ਮੌਸਮੀ ਮਾਰ ਕਰਕੇ ਕਿਸਾਨਾਂ ਦੀ ਫਸਲ ਪ੍ਰਭਾਵਿਤ ਹੋਈ ਹੈ ਜਿਸ ਕਰਕੇ ਨਿਯਮਾਂ ਵਿਚ ਫ਼ੌਰੀ ਢਿੱਲ ਦਿੱਤੀ ਜਾਵੇ।

 

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਅਕਾਲ ਤਖ਼ਤ ਦੇ ਜਥੇਦਾਰ ਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਵੱਲੋਂ ਖਾਲਸਾ ਸਾਜਨਾ ਦਿਵਸ ਦੀ ਵਧਾਈ
Next articleਦਿਹਾਤੀ ਵਿਕਾਸ ਫੰਡ ਹੁਣ ਬੁਨਿਆਦੀ ਢਾਂਚੇ ਤੇ ਖਰੀਦ ਕੇਂਦਰਾਂ ’ਤੇ ਹੀ ਖਰਚੇ ਜਾ ਸਕਣਗੇ