ਹਰਚਰਨ ਸਿੰਘ ਪ੍ਰਹਾਰ
(ਸਮਾਜ ਵੀਕਲੀ) ਕੁਝ ਦੋਸਤਾਂ ਨੇ ਮੇਰੀਆਂ ਲਿਖਤਾਂ ਪੜ੍ਹ ਕੇ ਸਵਾਲ ਕੀਤਾ ਸੀ ਕਿ ਮਨ ਕੀ ਹੈ? ਆਪਣੀ ਸਮਝ ਅਨੁਸਾਰ ਸਮਝਾਉਣ ਦੀ ਕੋਸ਼ਿਸ਼ ਕਰਾਂਗਾ। ਜੇ ਕਿਸੇ ਨੂੰ ਸਮਝ ਆ ਗਿਆ ਤਾਂ ਵੀ ਠੀਕ ਹੈ, ਜੇ ਨਾ ਆਇਆ ਤਾਂ ਵੀ ਕੋਈ ਗੱਲ ਨਹੀਂ, ਖੋਜ ਕਰੀ ਜਾਓ! ਪਰ ਤੁਸੀਂ ਆਪਣੇ ਵਿਚਾਰ ਜ਼ਰੂਰ ਦੇ ਸਕਦੇ ਹੋ।
ਮਨ ਸਾਡੇ ਸਰੀਰ ਵਿੱਚ ਕੋਈ ਫਿਜੀਕਲ ਅੰਗ ਨਹੀਂ ਹੈ, ਜਿਸਨੂੰ ਦੇਖਿਆ ਜਾ ਸਕੇ। ਮਨ ਇੱਕ ਕਿਰਿਆ ਹੈ, ਜੋ ਸਾਡੇ ਦਿਮਾਗ ਨਾਲ ਸਬੰਧਤ ਹੀ ਹੈ, ਮਨ ਸਾਡੇ ਦਿਮਾਗ ਦੀ ਵਿਚਾਰ ਪੈਦਾ ਕਰਨ ਦੀ ਕਿਰਿਆ (ਮਸ਼ੀਨ) ਹੈ।
ਇਸ ਨੂੰ ਇਵੇਂ ਵੀ ਸਮਝਿਆ ਜਾ ਸਕਦਾ ਹੈ ਕਿ ਜਿਸ ਤਰ੍ਹਾਂ ਡਾਂਸ ਕਰਨਾ ਇੱਕ ਕਿਰਿਆ ਹੈ, ਪਰ ਜਦੋਂ ਕੋਈ ਵਿਅਕਤੀ ਡਾਂਸ ਕਰਦਾ ਹੈ ਤਾਂ ਅਸੀਂ ਕਹਿੰਦੇ ਹਾਂ ਕਿ ਡਾਂਸ ਹੋ ਰਿਹਾ ਹੈ, ਪਰ ਜਦੋਂ ਉਹ ਖੜ ਜਾਵੇ ਤਾਂ ਡਾਂਸ ਖਤਮ ਹੋ ਜਾਂਦਾ ਹੈ, ਇਸੇ ਤਰ੍ਹਾਂ ਜਦ ਤੱਕ ਵਿਚਾਰ ਚੱਲਦੇ ਹਨ, ਉਦੋ ਤੱਕ ਮਨ ਹੈ, ਜਦੋਂ ਚੱਲਣੇ ਬੰਦ ਹੋ ਜਾਣ, ਉਦੋਂ ਮਨ ਨਹੀਂ ਹੈ।
ਦਿਮਾਗ ਤੇ ਮਨ ਦਾ ਇਹ ਫਰਕ ਹੈ ਕਿ ਦਿਮਾਗ ਵਿਚਾਰਾਂ ਨੂੰ ਸਟੋਰ ਕਰਨ ਵਾਲਾ ਫਿਜੀਕਲ ਅੰਗ ਹੈ ਤੇ ਮਨ ਵਿਚਾਰ ਪੈਦਾ ਕਰਨ ਦੀ ਕਿਰਿਆ ਹੈ।
ਬਹੁਤ ਸਾਰੇ ਲੋਕ ਮਨ ਮਾਰਨ, ਮਨ ਜਿੱਤਣ, ਮਨ ਕਾਬੂ ਕਰਨ ਦੀ ਗੱਲ ਕਰਦੇ ਹਨ, ਇਸੇ ਕਰਕੇ ਉਹ ਸਫਲ ਨਹੀਂ ਹੁੰਦੇ ਕਿਉਂਕਿ ਮਾਰਿਆ, ਜਿੱਤਿਆ ਜਾਂ ਕਾਬੂ ਸਿਰਫ ਫਿਜੀਕਲ ਵਸਤੂ ਨੂੰ ਕੀਤਾ ਜਾ ਸਕਦਾ ਹੈ।
ਇਸ ਲਈ ਧਰਮ ਵਿੱਚ ਅਸਲੀ ਸਾਧਨਾ ਜਾਂ ਭਗਤੀ ਮਨ ਨੂੰ ਚੁੱਪ ਕਰਾਉਣ ਜਾਂ ਮਨ ਤੋਂ ਪਾਰ ਜਾਣ ਦੀ ਹੈ। ਉੱਥੇ ਪੂਜਾ ਪਾਠ, ਮੰਤਰ ਸਿਮਰਨ ਕਿਸੇ ਕੰਮ ਨੀ ਆਉਂਦੇ। ਜਦੋਂ ਹੀ ਅਸੀਂ ਸ਼ਾਂਤ ਹੋ ਜਾਂਦੇ ਹਾਂ, ਮਨ ਗਾਇਬ ਹੋ ਜਾਂਦਾ ਹੈ। ਠੀਕ ਉਸੇ ਤਰ੍ਹਾਂ ਜਿਵੇਂ ਦੌੜਦਾ ਵਿਅਕਤੀ ਖੜ ਜਾਵੇ ਤਾਂ ਦੌੜ ਖਤਮ ਹੋ ਜਾਂਦੀ ਹੈ।
ਸਾਡੀਆਂ ਬਹੁਤੀਆਂ ਸਮੱਸਿਆਵਾਂ ਮਨ ਦੀਆਂ ਸੋਚਾਂ ਕਰਕੇ ਹਨ। ਜੇ ਅਸੀਂ ਸੋਚਾਂ ਤੋਂ ਮੁਕਤ ਹੋਣ ਜਾਂ ਪਾਰ ਹੋਣ ਦੀ ਕਲਾ ਸਿੱਖ ਲਈਏ ਤਾਂ ਸ਼ਾਂਤੀ ਤੇ ਆਨੰਦ ਦਾ ਅਨੁਭਵ ਕਰ ਸਕਦੇ ਹਾਂ। ਸੁੱਖ-ਦੁੱਖ ਤੋਂ ਉੱਪਰ ਉਠ ਜਾਂਦੇ ਹਾਂ। ਪਰ ਇਹ ਮਨ ਨੂੰ ਸਮਝਾਉਣ, ਕਿਸੇ ਹੋਰ ਪਾਸੇ ਲਾਉਣ, ਮਨ ਮਾਰਨ, ਭਾਵਨਾਵਾਂ ਤੇ ਕੰਟਰੋਲ ਕਰਨ ਨਾਲ਼ ਵਾਪਰੇਗਾ।
ਇਸਦਾ ਸੁਣਨ ਲਈ ਸੌਖਾ, ਪਰ ਕਰਨ ਲਈ ਔਖਾ ਤਰੀਕਾ ਇਹੀ ਹੈ ਕਿ ਜੇ ਅਸੀਂ ਥੋੜਾ ਸਮਾਂ ਚੁੱਪ ਕਰਕੇ ਆਪਣੇ ਵਿਚਾਰਾਂ ਦੀਆਂ ਲਹਿਰਾਂ ਨੂੰ ਦੇਖਣ ਲੱਗ ਜਾਈਏ ਤਾਂ ਵਿਚਾਰ ਪੈਦਾ ਕਰਨ ਦੀ ਮਸ਼ੀਨ ‘ਮਨ’ ਗਾਇਬ ਹੋ ਜਾਂਦੀ ਹੈ ਜਾਂ ਸਿਰਫ ਉਨ੍ਹਾਂ ਪ੍ਰਤੀ ਜਾਗਰੂਕ ਹੋਣ ਨਾਲ ਮਨ ਦੀ ਹੋਂਦ ਨਹੀਂ ਰਹਿੰਦੀ।
ਪੱਛਮ ਦੀ ਵਿਚਾਰਧਾਰਾ, ਜੋ ਕਿ ਸਾਰੀ ਦੁਨੀਆਂ ਤੇ ਕਾਬਿਜ ਹੈ, ਉਹ ਪਹਿਲਾਂ ਸਾਡੀਆਂ ਇਛਾਵਾਂ ਨੂੰ ਭੜਕਾ ਕੇ ਮਨ ਨੂੰ ਬੇਲਗਾਮ ਕਰਦੀ ਹੈ, ਜਦੋਂ ਮਨੁੱਖ ਉਸਦੇ ਜਾਲ ਵਿੱਚ ਫਸ ਜਾਂਦਾ ਹੈ ਤਾਂ ਮਨ ਨੂੰ ਕਾਬੂ ਕਰਨ ਜਾਂ ਦਬਾਉਣ ਦੀ ਸਿੱਖਿਆ ਦਿੰਦੇ ਹਨ, ਇਸੇ ਕਰਕੇ ਅੱਜ ਦਾ ਮਨੁੱਖ ਸਰੀਰਕ ਨਾਲ਼ੋਂ ਮਾਨਸਿਕ ਰੋਗਾਂ ਦਾ ਵੱਧ ਸ਼ਿਕਾਰ ਹੈ। ਪੱਛਮ ਦਾ ਮਨ ਨੂੰ ਕੰਟਰੋਲ ਕਰਨ ਜਾਂ ਬੇਲਗਾਮ ਕਰਨ ਦਾ ਤਰੀਕਾ ਪੂਰੀ ਤਰ੍ਹਾਂ ਫੇਲ੍ਹ ਹੋ ਚੁੱਕਾ।
ਅੱਜ ਦੁਨੀਆਂ ਦੇ ਸਭ ਤੋਂ ਅਮੀਰ ਤੇ ਤਾਕਤਵਰ ਦੇਸ਼ਾਂ ਵਿੱਚੋ ਇੱਕ ਵੱਡੇ ਦੇਸ਼ ਅਮਰੀਕਾ ਵਿੱਚ ਉਨ੍ਹਾਂ ਦੀ ਇੱਕ ਸੰਸਥਾ ਅਮਰੀਕਨ ਸਲੀਪ ਐਸੋਸੀਏਸ਼ਨ ਦੇ ਅੰਕੜਿਆਂ ਅਨੁਸਾਰ 7 ਕਰੋੜ ਅਮਰੀਕਨ ਨੀਂਦ ਦੀਆਂ ਗੋਲ਼ੀਆਂ ਖਾਂਦੇ ਹਨ। ਨੀਂਦ ਨਾ ਆਉਣ ਦੀ ਬੀਮਾਰੀ ਦੇ ਮਰੀਜ਼ਾਂ ਦੀ ਗਿਣਤੀ ਹਰ ਸਾਲ 30-40% ਵਧ ਰਹੀ ਹੈ। 10% ਤੋਂ ਵੱਧ ਲੋਕ ਅਮਰੀਕਾ ਕਨੇਡਾ ਵਿੱਚ ਡਿਪਰੈਸ਼ਨ ਤੇ ਹੋਰ ਮੈਂਟਲ ਇਲਨੈਸ ਦਾ ਸ਼ਿਕਾਰ ਹਨ। ਪਰ ਉਨ੍ਹਾਂ ਕੋਲ਼ ਗੋਲੀਆਂ ਟੀਕਿਆਂ ਤੋਂ ਇਲਾਵਾ ਕੋਈ ਇਲਾਜ ਨਹੀਂ।
ਜਦਕਿ ਸੌਖਾ ਇਲਾਜ ਹੈ ਕਿ ਇੱਕ ਘੰਟਾ ਰੋਜ਼ਾਨਾ ਚੁੱਪ ਕਰਕੇ ਕੰਨਾਂ ਵਿੱਚ ਈਅਰ ਪਲੱਗ ਪਾ ਕੇ ਬੈਠਣਾ ਸ਼ੁਰੂ ਕਰ ਦਿਓ, ਨਤੀਜੇ ਤੁਹਾਨੂੰ ਆਪ ਮਿਲਣਗੇ, ਕਿਸੇ ਨੂੰ ਪੁੱਛਣ ਦੀ ਲੋੜ ਨਹੀਂ। ਮਨ ਦੀ ਪਾਵਰ ਨੂੰ ਜਾਣੋ ਤੇ ਜੀਵਨ ਦਾ ਅਨੰਦ ਲਓ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly