(ਸਮਾਜ ਵੀਕਲੀ)
ਗਲਤੀਆਂ ਦਾ ਖਮਿਆਜ਼ਾ ਭੁਗਤ ਦੇ
ਤਨਖ਼ਾਹੀਏ ਹੋ ਗਏ ਆਗੂ
ਕਿਹੜਾ ਪੁਰਾਣਾ ਕਨੂੰਨ ਬਦਲਿਆ ਨਾ ਨਵਾਂ ਹੋਇਆ ਲਾਗੂ
ਬਹੁਤਾ ਨਹੀਂ ਇਤਬਾਰ ਕਿਸੇ ਤੇ ਹਰ ਅੱਖ ਜਾਪੇ ਸ਼ੱਕੀ
ਜਿਵੇਂ ਦਾ ਸੀ ਵੀਹ ਸੌਂ ਚੌਵੀ ਉਵੇਂ ਦਾ ਵੀਹ ਸੌ ਪੱਚੀ
ਉਹ ਹੀ ਦਿਨ ਤੇ ਉਹ ਹੀ ਰਾਤਾਂ ਗ਼ੁਰਬਤ ਦੇ ਵਿੱਚ ਲੋਕੀ
ਪੂੰਜੀਪਤੀ ਮਾਸ ਮਜ਼ਬੂਰ ਦਾ ਅੱਜ ਵੀ ਜਾਂਦਾ ਨੋਚੀ
ਨਵੇਂ ਸਾਲ ਵਿੱਚ ਨਵਾਂ ਕੀ ਹੋਇਆ ਕਈ ਘਰੀਂ ਨਹੀਂ ਰੋਟੀ ਪੱਕੀ
ਜਿਵੇਂ ਦਾ ਸੀ ਵੀਹ ਸੌ ਚੌਵੀ ਉਵੇ ਦਾ ਵੀਹ ਸੌ ਪੱਚੀ
ਨਾਹੀਂ ਘਟੀ ਮਹਿੰਗਾਈ ਦੋਸਤੋ ਤੇ ਨਾਹੀਂ ਵੱਧੀ ਦਿਹਾੜੀ
ਧਰਮਾਂ ਜਾਤਾਂ ਗੋਤਾਂ ਦੇ ਵਿੱਚ ਇਨਸਾਨਾਂ ਨੂੰ ਜਾਦੇ ਪਾੜੀ
ਪਿੰਡਾਂ ਦੇ ਪਿੰਡ ਉਜਾੜ ਦਿੱਤੇ ਆ ਨਸ਼ੇ ਨੇ ਕਰੀ ਤਰੱਕੀ
ਜਿਵੇਂ ਦਾ ਸੀ ਵੀਹ ਸੌ ਚੌਵੀ ਉਵੇਂ ਦਾ ਵੀਹ ਸੌ ਪੱਚੀ
ਗੁਰਮੀਤ ਡਮਾਣੇ ਵਾਲਿਆ ਤੂੰ ਵੀ ਵੰਡਣੋ ਹਟ ਜਾ ਜ਼ਹਿਰਾਂ
ਸਮੇਂ ਦੀਆਂ ਸਰਕਾਰਾਂ ਵਾਂਗਰ ਹੋਜਾ ਗੂੰਗਾ ਬਹਿਰਾ
ਤੂੰ ਵੀ ਵੱਟ ਲੈ ਪਾਸਾ ਸਭ ਤੋਂ ਜਿਵੇਂ ਹੋਰ ਬੈਠੇ ਆ ਵੱਟੀ
ਜਿਵੇ ਦਾ ਸੀ ਵੀਹ ਸੌ ਚੌਵੀ ਉਵੇਂ ਦਾ ਵੀਹ ਸੌ ਪੱਚੀ
ਗੁਰਮੀਤ ਡੁਮਾਣਾ
ਲੋਹੀਆਂ ਖਾਸ ਜਲੰਧਰ