(ਸਮਾਜ ਵੀਕਲੀ)
ਬਿਮਲਾ ਦੀ ਕੁੜੀ ਦੇ ਅਨੰਦ ਕਾਰਜ ਹੋ ਕੇ ਹਟੇ ਹੀ ਸਨ ਕਿ ਉਸ ਦੀ ਗੁਆਂਢਣ ਜੀਤੋ ਕਹਿਣ ਲੱਗੀ,”ਭੈਣੇ, ਗੁੱਸਾ ਨਾ ਕਰੀਂ,ਤੇਰੀ ਕੁੜੀ ਦਾ ਰੰਗ ਕਿੰਨਾ ਸਾਫ ਆ,ਤੇਰੀ ਕੁੜੀ ਮੂਹਰੇ ਪ੍ਰਾਹੁਣਾ ਤਾਂ ਕੁਛ ਵੀ ਨ੍ਹੀ।ਰਿਸ਼ਤਾ ਕਰਨ ਵੇਲੇ ਕੁਛ ਦੇਖ ਤਾਂ ਲੈਂਦੇ।”
ਇਹ ਸੁਣ ਕੇ ਬਿਮਲਾ ਨੂੰ ਗੁੱਸਾ ਆ ਗਿਆ। ਉਸ ਨੇ ਆਲਾ, ਦੁਆਲਾ ਦੇਖੇ ਬਗੈਰ ਆਖਿਆ,”ਤੂੰ ਤਿੰਨ ਸਾਲ ਪਹਿਲਾਂ ਆਪਣੀ ਕੁੜੀ ਦਾ ਵਿਆਹ ਸੋਹਣਾ, ਸੁਨੱਖਾ ਮੁੰਡਾ ਲੱਭ ਕੇ ਕੀਤਾ ਸੀ।ਤੇਰੀ ਕੁੜੀ ਨੂੰ ਉਸ ਨੇ ਕਿੰਨੀ ਵਾਰੀ ਸ਼ਰਾਬ ਪੀ ਕੇ ਕੁੱਟਿਆ।ਨਿੱਤ ਤੀਏ ਦਿਨ ਉਹ ਤੇਰੇ ਕੋਲ ਪੈਸੇ ਮੰਗਣ ਆਈ ਰਹਿੰਦੀ ਆ।ਮੇਰੀ ਕੁੜੀ ਦਾ ਪ੍ਰਾਹੁਣਾ ਸਰਕਾਰੀ ਨੌਕਰੀ ਕਰਦਾ ਆ। ਅੱਸੀ ਹਜ਼ਾਰ ਤੋਂ ਵੱਧ ਉਸ ਦੀ ਤਨਖਾਹ ਆ।ਉਹ ਖਾਂਦਾ, ਪੀਂਦਾ ਵੀ ਕੁਛ ਨ੍ਹੀ।ਰੰਗਾਂ ‘ਚ ਕੀ ਰੱਖਿਆ? ਘੱਟੋ, ਘੱਟ ਮੇਰੀ ਕੁੜੀ ਉਸ ਦੇ ਘਰ ਆਪਣੀ ਜ਼ਿੰਦਗੀ ਚੱਜ ਨਾਲ ਤਾਂ ਕੱਟੂ।”
ਬਿਮਲਾ ਤੋਂ ਖ਼ਰੀਆਂ,ਖ਼ਰੀਆਂ ਸੁਣ ਕੇ ਬਗੈਰ ਕੁੱਝ ਬੋਲੇ ਜੀਤੋ ਉੱਥੋਂ ਛੂ ਮੰਤਰ ਹੋ ਗਈ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ-9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly