ਕੀ ਲਿਖਾਂ ਮਾਂ ਤੇਰੇ ਲਈ, ਤੂੰ ਖੁਦ ਹੀ ਮੈਨੂੰ ਲਿਖਿਆ ਹੈ।
(ਸਮਾਜ ਵੀਕਲੀ) ਮਾਂ ਸ਼ਬਦ ਬੇਸ਼ੱਕ ਇੱਕ ਅੱਖਰ ਦਾ ਛੋਟਾ ਜਿਹਾ ਸ਼ਬਦ ਹੈ ਪਰ ਇਹ ਪੂਰੀ ਦੀ ਪੂਰੀ ਕਾਇਨਾਤ ਨੂੰ ਆਪਣੇ ਵਿੱਚ ਸਮੋਈ ਬੈਠਾ ਹੈ ਦੁਨੀਆਂ ਵਿੱਚ ਜਿਸਨੇ ਵੀ ਮਾਂ ਦੀ ਕੁਖੋਂ ਜਨਮ ਲਿਆ ਹੈ ਭਾਵੇਂ ਉਹ ਮਨੁੱਖ ਜਾਤੀ ਹੋਵੇ, ਚਾਹੇ ਪਸ਼ੂ ਪੰਛੀ ਹੋਣ ਮਾਂ ਦੀ ਮਮਤਾ ਦਾ ਅਹਿਸਾਸ ਜ਼ਰੂਰ ਹੁੰਦਾ ਹੈ ਮਨੁੱਖ ਚਾਹੇ ਜ਼ਿਆਦਾ ਸਿਆਣਾ ਹੋਵੇ ਭਾਵੇਂ ਮੰਦਬੁੱਧੀ ਹੋਵੇ ਪਰ ਉਸਨੂੰ ਮਾਂ ਦੀ ਗੋਦ ਦੇ ਨਿੱਘ ਦਾ ਅਹਿਸਾਸ ਜ਼ਰੂਰ ਹੁੰਦਾ ਹੈ। ਪ੍ਰੋ. ਮੋਹਨ ਸਿੰਘ ਨੇ ਮਾਂ ਬਾਰੇ ਬੜਾ ਸੋਹਣਾ ਲਿਖਿਆ ਹੈ।
ਮਾਂ ਵਰਗਾ ਘਣਛਾਵਾਂ ਬੂਟਾ,
ਮੈਨੂੰ ਨਜ਼ਰ ਨਾ ਆਵੇ।
ਲੈ ਕੇ ਜਿਸ ਤੋਂ ਛਾਂ ਉਧਾਰੀ,
ਰੱਬ ਨੇ ਸੁਰਗ ਬਣਾਏ।
ਬਾਕੀ ਕੁਲ ਦੁਨੀਆਂ ਦੇ ਬੂਟੇ,
ਜੜ੍ਹ ਸੁੱਕਿਆਂ ਮੁਰਝਾਦੇ,
ਐਪਰ ਫੁੱਲਾਂ ਦੇ ਮੁਰਝਾਇਆ,
ਇਹ ਬੂਟਾ ਸੁੱਕ ਜਾਏ।
ਮਾਂ ਦੇ ਕਿਰਦਾਰ ਦੀ ਸ਼ਲਾਘਾ ਕਰਨ ਲਈ ਸ਼ਾਇਦ ਕਿਸੇ ਵੀ ਇਨਸਾਨ ਕੋਲ ਸ਼ਬਦਾਂ ਦੀ ਤੋਟ ਹੀ ਰਹਿੰਦੀ ਹੋਵੇਗੀ। ਮਾਂ ਦੇ ਰਿਸ਼ਤੇ ਨੂੰ ਸਮਰਪਿਤ ਹਰ ਸਾਲ 10 ਮਈ ਨੂੰ ਪੂਰੀ ਦੁਨੀਆਂ ਵਿੱਚ ਮਾਂ ਦਿਵਸ਼ ਮਨਾਇਆ ਜਾਂਦਾ ਹੈ ਇਸ ਦਿਨ ਦੀ ਸ਼ੁਰੂਆਤ 1908 ’ਚ ਅਮਰੀਕਾ ਤੋਂ ਹੋਈ ਸੀ। ਅਮਰੀਕਾ ਦੇ ਵਰਜੀਨੀਆ ’ਚ ਰਹਿਣ ਵਾਲੀ ਏਨਾ ਨੇ ਆਪਣੀ ਮਾਂ ਦੇ ਪ੍ਰੇਮ ਅਤੇ ਸਮਰਪਣ ਨੂੰ ਦੇਖਦੇ ਹੋਏ ਇਸ ਦਿਨ ਦੀ ਸ਼ੁਰੂਆਤ ਕੀਤੀ ਸੀ ਇਸ ਤੋਂ ਬਾਅਦ 1911 ’ਚ ਇਹ ਪ੍ਰਸਤਾਵ ਸਰਵਸੰਮਤੀ ਨਾਲ ਪਾਸ ਕਰ ਦਿੱਤਾ ਗਿਆ, ਜਿਸ ਦੇ ਫਲਸਰੂਪ ਅਮਰੀਕਾ ਦੇ ਰਾਸ਼ਟਰਪਤੀ ਨੇ ‘ਮਦਰਸ ਡੇਅ’ ਮਨਾਉਣ ਦਾ ਐਲਾਨ ਕੀਤਾ ਉਸ ਤੋਂ ਬਾਅਦ ਪੂਰੀ ਦੁਨੀਆਂ ਵਿੱਚ ਮਾਂ ਦੇ ਬਲੀਦਾਨ ਤੇ ਨਿਰਸਵਾਰਥ ਪ੍ਰੇਮ-ਪ੍ਰਤੀ ਆਭਾਰ ਪ੍ਰਗਟਾਉਣ ਲਈ ‘ਮਦਰਸ ਡੇਅ ਮਨਾਇਆ ਜਾਣ ਲੱਗ ਪਿਆ ਹੈ। ਬੱਚੇ ਇਸ ਖ਼ਾਸ ਦਿਨ ਆਪਣੀ ਮਾਂ ਨੂੰ ਸਪੈਸ਼ਲ ਮਹਿਸੂਸ ਕਰਵਾਉਣ ਲਈ ਕਈ ਤਰ੍ਹਾਂ ਦੀਆਂ ਤਿਆਰੀਆਂ ਕਰਦੇ ਹਨ। ਆਪਣੀ ਮਾਂ ਨੂੰ ਪਿਆਰ ਪ੍ਰਗਟਾਉਣ ਲਈ ਬੱਚੇ ਤੋਹਫ਼ੇ,ਅਤੇ ਕਾਰਡ, ਆਦਿ ਵੀ ਦਿੰਦੇ ਹਨ। ਕਹਿਦੇ ਨੇ ਕਿ ਮਾਂ ਹੀ ਰੱਬ ਦਾ ਰੂਪ ਹੈ ਅਤੇ ਇੱਕ ਮਾਂ ਆਪਣੇ ਬੱਚੇ ਦੀ ਖੁਦ ਤਕਦੀਰ ਲਿਖਣ ਦੀ ਸਮਰੱਥਾ ਰੱਖਦੀ ਹੈ ਜਿਸ ਦੀ ਦੁਨੀਆਂ ਵਿੱਚ ਬਹੁਤ ਸਾਰੀਆਂ ਉਦਾਹਰਣਾਂ ਮਿਲਦੀਆਂ ਹਨ ਮਹਾਨ ਮਾਵਾਂ ਆਪਣੇ ਬੱਚਿਆਂ ਨੂੰ ਵੀ ਮਹਾਨ ਬਣਾ ਦਿੰਦੀਆਂ ਹਨ ਇੱਕ ਵਾਰ ਬਚਪਨ ਵਿੱਚ ਥਾਮਸ ਐਡੀਸਨ ਨੂੰ ਅਧਿਆਪਕ ਨੇ ਸਕੂਲੋਂ ਕੱਢ ਦਿੱਤਾ ਅਤੇ ਇੱਕ ਚਿੱਠੀ ਉਸ ਦੇ ਹੱਥ ਫੜਾ ਦਿਤੀ ਥਾਮਸ ਨੇ ਘਰੇ ਆ ਕੇ ਮਾਂ ਤੋਂ ਉਸ ਚਿੱਠੀ ਬਾਰੇ ਪੁਛਿਆ ਤਾਂ ਮਾਂ ਨੇ ਕਿਹਾ ਕਿ ਇਸ ਚਿੱਠੀ ਵਿੱਚ ਲਿਖਿਆ ਹੈ ਕਿ ਤੂੰ ਬਹੁਤ ਹੁਸ਼ਿਆਰ ਹੈ ਇਸ ਸਕੂਲ ਵਿੱਚ ਤੇਰੇ ਬਰਾਬਰ ਦੀ ਸਿੱਖਿਆ ਨਹੀਂ ਹੈ। ਇਸਤੋਂ ਬਾਅਦ ਮਾਂ ਨੇ ਉਸ ਨੂੰ ਚੰਗੀ ਤਲੀਮ ਦੇਣ ਲਈ ਬਹੁਤ ਮਿਹਨਤ ਕੀਤੀ ਅਤੇ ਥਾਮਸ ਐਡੀਸਨ ਨੇ ਬੱਲਬ ਸਮੇਤ ਅਨੇਕਾਂ ਖੋਜਾਂ ਕੀਤੀਆਂ ਅਤੇ ਬਹੁਤ ਸਾਰੇ ਇਨਾਮ ਜਿੱਤੇ। ਮਾਂ ਦੇ ਮਰਨ ਤੋਂ ਬਾਅਦ ਜਦੋਂ ਉਹ ਚਿੱਠੀ ਦੁਨੀਆਂ ਦੇ ਇਸ ਮਹਾਨ ਵਿਗਿਆਨੀ ਥਾਮਸ ਦੇ ਹੱਥ ਲੱਗੀ ਤਾਂ ਉਸਦੀਆਂ ਅੱਖਾਂ ਵਿੱਚ ਅੱਥਰੂ ਆ ਗਏ ਉਸ ਚਿੱਠੀ ਵਿੱਚ ਲਿਖਿਆ ਸੀ ਕਿ ਇਹ ਬੱਚਾ ਮੰਦਬੁੱਧੀ ਅਤੇ ਪੜ੍ਹਨ ਦੇ ਯੋਗ ਨਹੀਂ ਹੈ ਉਸ ਵਕਤ ਥਾਮਸ ਨੇ ਹਰ ਮਾਂ ਨੂੰ ਦੁਨੀਆਂ ਦੀ ਸਭ ਤੋਂ ਮਹਾਨ ਦੱਸਿਆ ਸੀ। ਜਿੰਨੇ ਵੀ ਦੁਨੀਆ ਚ ਸਫਲ ਅਤੇ ਮਹਾਨ ਵਿਅਕਤੀ ਹੋਏ ਹਨ ਉਨ੍ਹਾਂ ਦੀਆਂ ਮਾਵਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ ਹੈ। ਇਸ ਸੰਸਾਰ ਵਿੱਚ ਮਾਂ ਬੱਚੇ ਦਾ ਸਾਥ ਤਾਂ ਓਸ ਪਲ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਜਦੋਂ ਬੱਚਾ ਕੁੱਖ ਵਿਚ ਆ ਵੱਸਦਾ ਹੈ। ਮਾਂ ਦੀ ਰੂਹ ਤਾਂ ਉਸ ਵੇਲੇ ਹੀ ਉਸ ਦੇ ਨਾਲ ਜੁੜ ਜਾਂਦੀ ਹੈ। ਫੇਰ ਨੰਨ੍ਹੀ ਜਾਨ ਨੂੰ ਉਹ ਧੀਰਜ ਨਾਲ ਆਪਣੇ ਅੰਦਰ ਨੌਂ ਮਹੀਨੇ ਤਕ ਪਾਲਦੀ ਹੈ ਜਿਸ ਦੌਰਾਨ ਉਹ ਇੱਕ ਬਚਪਣੇ ਭਰੀ ਕੁੜੀ ਤੋਂ ਇੱਕ ਜ਼ਿਮੇਦਾਰ ਮਾਂ ਵਿਚ ਤਬਦੀਲ ਹੋ ਜਾਂਦੀ ਹੈ। ਅਤੇ ਬੱਚੇ ਦੇ ਜਨਮ ਹੋਣ ਤੇ ਉਸ ਦੇ ਸਾਰੇ ਰਿਸ਼ਤੇ ਪਿੱਛੇ ਤੇ ਇਹ ਰਿਸ਼ਤਾ ਤਰਜੀਹ ਤਾਂ ਆ ਜਾਂਦਾ ਹੈ। ਜਨਮ ਉਪਰੰਤ ਬੱਚੇ ਦੀ ਦੇਖਭਾਲ ਵਿਚ ਉਹ ਪ੍ਰਵਾਹ ਨਾ ਕਰਦੇ ਹੋਏ ਦਿਨ ਰਾਤ ਇੱਕ ਕਰ ਦਿੰਦੀ ਹੈ। ਪਰਿਵਾਰ ਦੇ ਸਾਰੇ ਨਗ ਇੱਕ ਪਾਸੇ ਤੇ ਮਾਂ ਦੀ ਝੋਲੀ ਇੱਕ ਪਾਸੇ ਹੁੰਦੀ ਹੈ ਅਤੇ ਉਸ ਨਾਜ਼ੁਕ ਕੁੜੀ ਵਿੱਚ ਇੱਕ ਅਲੱਗ ਹੀ ਕਿਸਮ ਦੀ ਹਿੰਮਤ , ਸਹਿਣਸ਼ੀਲਤਾ ਅਤੇ ਆਤਮਨਿਰਭਰਤਾ ਆ ਜਾਂਦੀ ਹੈ। ਹੌਲੀ ਹੌਲੀ ਮਾਂ ਇੱਕ ਨਵੇਂ ਮਨੁੱਖ ਦੇ ਜੀਵਨ ਨੂੰ ਸੰਵਾਰਦੀ ਹੈ। ਇਹੋ ਜਿਹਾ ਵੱਡਾ ਅਤੇ ਜ਼ਿਮੇਵਾਰੀ ਵਾਲਾ ਕਾਰਜ ਸਿਰਫ ਔਰਤ ਦੇ ਹਿਸੇ ਆਇਆ ਹੈ ਤੇ ਉਹ ਇਸ ਤੇ ਖਰੀ ਵੀ ਉੱਤਰਦੀ ਹੈ। ਮਾਂ ਆਪ ਭੁੱਖੀ ਰਹਿ ਕੇ ਵੀ ਆਪਣੇ ਬੱਚਿਆਂ ਦਾ ਪੇਟ ਪਾਲਣ ਦੇ ਸਮਰੱਥ ਹੈ ਇਸੇ ਲਈ ਅੱਜ ਤੱਕ ਕੋਈ ਵੀ ਵਿਅਕਤੀ ਆਪਣੀ ਮਾਂ ਦਾ ਕਰਜ਼ ਨਹੀਂ ਉਤਾਰ ਸਕਿਆ ਨੌਂ ਮਹੀਨੇ ਆਪਣੇ ਗਰਭ ਵਿੱਚ ਰੱਖਣ ਤੋਂ ਬਾਅਦ ਬੱਚੇ ਨੂੰ ਜਨਮ ਦਿੰਦੀ ਹੈ ਅਤੇ ਬਾਅਦ ਵਿੱਚ ਵੀ ਆਪ ਗਿਲੀ ਥਾਂ ਤੇ ਪੈ ਕੇ ਬੱਚੇ ਨੂੰ ਸੁੱਕੀ ਥਾਂ ਤੇ ਪਾਉਂਦੀ ਹੈ।
ਬੱਚਿਆਂ ਦਾ ਦੁੱਖ ਮਾਂ ਨਾ ਸਹਿੰਦੀ, ਗਿੱਲੀ ਥਾਂ ਤੇ ਆਪ ਏ ਪੈਂਦੀ, ਪਾਉਦੀਂ ਸੁੱਕੀ ਥਾਂ ਓ ਦੁਨੀਆਂ ਵਾਲਿਓ, ਮਾਂ ਹੁੰਦੀ ਏ ਮਾਂ ਓ ਦੁਨੀਆਂ ਵਾਲਿਓ।
ਕਹਿਦੇ ਨੇ ਕਿ ਕਿਸੇ ਸ਼ਹਿਰ ਵਿੱਚ ਨੌਕਰੀ ਕਰਦੇ ਵਿਅਕਤੀ ਨੇ ਪਿੰਡ ਰਹਿਦੀ ਮਾਂ ਨਾਲ ਜ਼ਿੱਦ ਕੀਤੀ ਕਿ ਮੈਂ ਤੁਹਾਡਾ ਕਰਜ਼ ਉਤਾਰਨਾ ਚਾਹੁੰਦਾ ਹਾਂ ਮਾਂ ਦੇ ਮਨਾ ਕਰਨ ਤੇ ਵੀ ਉਹ ਆਪਣੀ ਜਿੱਦ ਤੇ ਅੜਿਆ ਰਹਿਆ ਆਖਿਰ ਮਾਂ ਨੇ ਕਿਹਾ ਕਿ ਛੁੱਟੀ ਲੈਕੇ ਪਿੰਡ ਆਕੇ ਦਸ ਰਾਤਾਂ ਮੇਰੇ ਨਾਲ ਰਹਿਣਾ ਪਵੇਗਾ ਮਾਂ ਨੇ ਉਸਦੀ ਪ੍ਰੀਖਿਆ ਲੈਣ ਲਈ ਤਿੰਨ ਚਾਰ ਰਾਤਾਂ ਆਪਣੇ ਪੁੱਤਰ ਨਾਲ ਗਿੱਲੇ ਬਿਸਤਰ ਤੇ ਸੌਣਾ ਸ਼ੁਰੂ ਕਰ ਦਿੱਤਾ ਤਿੰਨ ਦਿਨਾਂ ਵਿੱਚ ਹੀ ਉਹ ਵਿਆਕਤੀ ਹਾਰ ਮੰਨ ਕੇ ਮਾਂ ਦੇ ਪੈਰੀਂ ਪੈ ਗਿਆ ਅਤੇ ਕਿਹਾ ਕਿ ਦੁਨੀਆਂ ਚ ਮਾਂ ਦਾ ਕਰਜ਼ ਪੈਸੇ ਅਤੇ ਸ਼ੋਹਰਤ ਨਾਲ ਨਹੀਂ ਬਲਕਿ ਮਾਂ ਦੀ ਸੇਵਾ ਅਤੇ ਸਤਿਕਾਰ ਕਰਕੇ ਹੀ ਉਤਾਰਿਆ ਜਾ ਸਕਦਾ ਹੈ। ਅੱਜ ਪੂਰੀ ਦੁਨੀਆਂ ਵਿੱਚ ਮਾਂ ਦਿਵਸ ਮਨਾਇਆ ਜਾ ਰਿਹਾ ਹੈ ਪਰ ਸਾਨੂੰ ਮਾਂ ਦੇ ਮਹੱਤਵ ਨੂੰ ਸਮਝਣ ਦੀ ਲੋੜ ਹੈ। ਅੱਜ ਵੀ ਕਈ ਮਾਵਾਂ ਨੂੰ ਬੁਢੇਪੇ ਵੇਲੇ ਬਿਰਧ ਆਸ਼ਰਮਾ ਵਿੱਚ ਰੁਲਦੇ ਵੇਖਦੇ ਹਾਂ।
ਦੁੱਧਾਂ ਨਾਲ ਪੁੱਤ ਪਾਲਕੇ,
ਪਿਛੋਂ ਪਾਣੀ ਨੂੰ ਤਰਸਦੀਆਂ ਮਾਵਾਂ।
ਕੁੱਖ ਵਿੱਚ ਪਲ ਰਹੀ ਬੱਚੀ ਨੇ ਵੀ ਕਦੇ ਮਾਂ ਬਣਨਾ ਹੁੰਦਾ ਹੈ ਪਰ ਅਫਸੋਸ ਕਿ ਬਹੁਤ ਸਾਰੇ ਪਰਿਵਾਰਾ ਵਲੋਂ ਮੁੰਡੇ ਦੀ ਚਾਹਤ ਵਿਚ ਬੱਚੀਆਂ ਨੂੰ ਕੁੱਖ ਵਿੱਚ ਹੀ ਮਾਰ ਦਿੱਤਾ ਜਾਂਦਾ ਹੈ । ਆਪਣੇ ਹੀ ਪੁੱਤਰਾਂ ਵਲੋਂ ਮਾਂ ਦਾ ਕਤਲ ਕਰਨ ਦੀਆਂ ਖ਼ਬਰਾਂ ਆਮ ਸੁਣਨ ਨੂੰ ਮਿਲਦੀਆਂ ਹਨ। ਬਹੁਤ ਸਾਰੇ ਪੁਤਰਾਂ ਵਲੋਂ ਮਾਵਾਂ ਨਾਲ ਦੁਰਵਿਹਾਰ ਅਤੇ ਕੁਟਮਾਰ ਦੀਆਂ ਖਬਰਾਂ ਵੀ ਅਸੀਂ ਅਕਸਰ ਸੁਣਦੇ ਰਹਿੰਦੇ ਹਾਂ।
ਗੁਰੂ ਨਾਨਕ ਦੇਵ ਜੀ ਨੇ ਮਾਂ ਦੀ ਮਹਿਮਾ ਵਿੱਚ ਲਿਖਿਆ ਹੈ। ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥
ਸਿਰਫ ਮਾਂ ਹੀ ਸੋਚਦੀ ਹੈ ਕਿ ਮੇਰੀ ਉਮਰ ਵੀ ਬੱਚਿਆਂ ਨੂੰ ਲੱਗ ਜਾਵੇ। ਬੱਚਾ ਚਾਹੇ ਚੰਗਾ ਹੋਵੇ ਜਾਂ ਮਾੜਾ ਜਾਂ ਨਸ਼ੇੜੀ ਹੀ ਕਿਉਂ ਨਾ ਹੋਵੇ ਪਰ ਮਾਂ ਵਾਸਤੇ ਉਹ ਹੀਰੇ ਤੋਂ ਘੱਟ ਨਹੀਂ ਹੁੰਦਾ ਫਿਰ ਵੀ ਇੱਕ ਮਾਂ ਹਮੇਸ਼ਾ ਉਸ ਦੀ ਲੰਮੀ ਉਮਰ ਲਈ ਦੁਆਵਾਂ ਕਰਦੀ ਹੈ। ਕੋਈ ਵੀ ਮਾਂ ਸਹਿਣ ਨਹੀਂ ਕਰਦੀ ਉਸਦਾ ਬੱਚਾ ਉਸ ਤੋਂ ਪਹਿਲਾਂ ਇਸ ਦੁਨੀਆਂ ਤੋਂ ਚਲਾ ਜਾਵੇ। ਹੁਣੇ ਜਿਹੇ ਮਾਂ ਦੀ ਮਮਤਾ ਦੀ ਇੱਕ ਬਹੁਤ ਹੀ ਭਾਵੁਕ ਉਦਾਹਰਣ ਦੇਖਣ ਨੂੰ ਮਿਲੀ ਹੈ ਜਿਥੇ ਜਬਲਪੁਰ ਵਿੱਚ ਹੋਏ ਕਰੂਜ਼ ਹਾਦਸੇ ਵਿੱਚ ਮਾਰੇ ਗਏ ਮਾਂ ਅਤੇ ਪੁੱਤ ਦੀ ਲਾਸ਼ ਨੂੰ ਜਦੋਂ ਬਾਹਰ ਕੱਢਿਆ ਗਿਆ ਤਾਂ ਸਾਰਿਆਂ ਦੀਆਂ ਅੱਖਾਂ ਨਮ ਹੋ ਗਈਆਂ ਇੱਕ ਮਾਂ ਦੀ ਆਪਣੇ ਪੁੱਤਰ ਨੂੰ ਪਾਈ ਗੱਲਵਕੜੀ ਇਨੀ ਮਜ਼ਬੂਤ ਸੀ ਕਿ ਮੌਤ ਵੀ ਉਸ ਗਲਵਕੜੀ ਨੂੰ ਤੋੜ ਨਹੀਂ ਸਕੀ। ਮਾਂ ਦੀ ਅਹਿਮੀਅਤ ਦਾ ਉਸ ਦੇ ਵਿਛੋੜੇ ਤੋਂ ਬਾਅਦ ਪਤਾ ਲੱਗਦਾ ਹੈ। ਨੁਜ਼ਹਤ ਅੱਬਾਸ ਨੇ ਮਾਂ ਦੇ ਵਿਛੋੜੇ ਬਾਰੇ ਬਾਖੂਬੀ ਲਿਖਿਆ ਹੈ।
ਮਾਂ ਵਿਛੋੜਾ ਕਿਵੇਂ ਦਸਾਂ ?
ਜਿਵੇਂ ਵੇਲਾ ਰੁੱਕ ਜਾਂਦਾ ਏ
ਜਿਵੇਂ ਸੂਰਜ ਡੁੱਬ ਜਾਂਦਾ ਏ
ਜਿਵੇਂ ਧਰਤੀ ਕੰਬ ਜਾਂਦੀ ਏ
ਜਿਵੇਂ ਹਨੇਰੀ ਚੜ੍ਹ ਆਉਂਦੀ ਏ
ਆਸ ਦਾ ਦੀਵਾ ਬੁੱਝ ਜਾਂਦਾ ਏ
ਦਿਲ ਦੀ ਬਸਤੀ ਰੁਲ ਜਾਂਦੀ ਏ
ਜਿਵੇਂ ਰੱਬ ਰੁੱਸ ਜਾਂਦਾ ਏ
ਸ਼ਾਲਾ ਕਿਸੇ ਦੀ ਮਾਂ ਨਾ ਮੋਏ
ਬੰਦਾ ਜਿਊਂਦਾ ਈ ਮੁੱਕ ਜਾਂਦਾ ਏ।
ਕੁਲਦੀਪ ਸਿੰਘ ਸਾਹਿਲ



