ਕੀ ਸਾਡੇ ਸਮਾਜ ਨੂੰ ਰਾਵਣ ਫੂਕਣ ਦਾ ਅਧਿਕਾਰ ਹੈ?

(ਸਮਾਜ ਵੀਕਲੀ)  ਉਹ ਸਮਾਜ, ਜੋ ਡਰਪੋਕ ਹੈ, ਨਿਰਦਈ ਹੈ, ਪਾਖੰਡੀ ਹੈ, ਦੋਗਲਾ ਹੈ, ਲੁਟੇਰਾ ਹੈ। ਐਨੇ ਔਗੁਣ ਰਾਵਣ ‘ਚ ਕਿੱਥੇ ਸਨ? ਰਾਵਣ ਤੇ ਚਾਰ ਵੇਦਾਂ ਦਾ ਗਿਆਤਾ ਸੀ, ਉਹ ਤਾਂ ਐਨਾ ਵੱਡਾ ਵਿਗਿਆਨੀ ਸੀ ਕਿ ਉਸ ਕੋਲ ਕਿਸੇ ਸਮੇਂ ਵੀ ਵਰਖਾ ਕਰਵਾਉਂਣ ਦੀ ਸਮੱਰਥਾ ਸੀ। ਏਡੇ ਵੱਡੇ ਗਿਆਨੀ-ਵਿਗਿਆਨੀ ਨੂੰ ਉਹ ਲੋਕ ਫੂਕਣ ਜੋ ਖੁਦ ਜੰਡ-ਕਰੀਰ ਪੂਜਦੇ ਹਨ, ਗੱਲ ਬਣਦੀ ਨਹੀਂ। ਕੇਰਲ ‘ਚ ਰਾਵਣ ਨਹੀਂ ਫੂਕਿਆ ਜਾਂਦਾ। ਤਮਿਲਨਾਢੂ ‘ਚ ਤਾਂ ਰਾਵਣ ਨੂੰ ਪੂਜਿਆ ਜਾਂਦਾ ਹੈ। ਇਸ ਬਾਬਤ ਇੱਕ ਫੇਸਬੁੱਕੀ ਮਿੱਤਰ ਐਪਲ ਸੰਧੂ ਨੇ ਬੜੀ ਸੋਹਣੀ ਟਿੱਪਣੀ ਦਿੱਤੀ। ਉਹ ਆਂਦਾ ”ਕੇਰਲ ਵਾਲੇ ਬੜੇ ਪੜੇ-ਲਿਖੇ ਨੇ ਤੇ ਉਨਾਂ ਦੀ ਹਿਸਟਰੀ ‘ਤੇ ਪਕੜ ਬਹੁਤ ਮਜਬੂਤ ਹੈ, ਉਨਾਂ ਨੂੰ ਸਮਝ ਹੈ ਕਿ ਸਾਮਰਾਜਵਦੀ ਕਿਸੇ ਨੂੰ ਬਦਨਾਮ ਕਰਕੇ ਮਾਰਨ ਦੀ ਨੀਤੀ ਵਰਤਦੇ ਆ।” ਮੈਨੂੰ ਇਸ ਟਿੱਪਣੀ ‘ਚ ਵਜ਼ਨ ਨਜ਼ਰ ਆਇਆ; ਕਿਉਂਕਿ ਇਕ ਪਾਸੇ ਸਾਂਨੂੰ ਪੜਾਇਆ ਜਾਂਦਾ ਹੈ ਕਿ ਰਾਵਣ ਬਹੁਤ ਵੱਡਾ ਵਿਦਵਾਨ ਸੀ ਤੇ ਉਸ ਨੇ ਸੀਤਾਹਰਣ ਆਪਣੀ ਭੈਣ ਸਰੂਪਨਖਾ ਦੀ ਬੇਇੱਜਤੀ ਲਈ ਕੀਤਾ ਸੀ। ਦੂਜੇ ਪਾਸੇ ਸਾਨੂੰ ਆਖਿਆ ਜਾਂਦੈ ਕਿ ਰਾਵਣ ਨੂੰ ਦਹਿਨ ਕਰੋ ਇਹ ਬਦੀ ‘ਤੇ ਨੇਕੀ ਦੀ ਜਿੱਤ ਹੈ।
ਇੱਕ ਵਿਦਵਾਨ ਪੰਡਤ ਤੇ ਆਪਣੀ ਅਣਖ ਲਈ ਲੜਨ ਵਾਲੇ ਯੋਧੇ ਨੂੰ ਫੂਕਣਾਂ, ਕੀ ਇਹ ਨੇਕੀ ਹੈ? ਦੂਜੀ ਗੱਲ, ਜਿਹੜੇ ਅਸੀਂ ਕਿਸੇ ਬਦ ਨੂੰ ਫੂਕਦੇ ਆਂ, ਕੀ ਅਸੀਂ ‘ਨੇਕ’ ਹਾਂ? ਨਹੀਂ, ਅਸੀਂ ਤੇ ਰਾਵਣ ਤੋਂ ਹਜ਼ਾਰਾਂ ਗੁਣਾਂ ਗਏ-ਗੁਜ਼ਰੇ ਆਂ। ਰਾਵਣ ਆਪਣੀ ਭੈਣ ਖ਼ਾਤਰ ਜੂਝਿਆ ਤਾਂ ਸਹੀਂ ਅਸੀਂ ਤਾਂ ਉੱਥੋਂ ਪਿੱਠ ਦੇ ਕੇ ਭੱਜ ਦੌੜਦੇ ਆਂ, ਜਿੱਥੇ ਸੜੀਅਲ ਜਿਹੇ ਦੋ ਗੁੰਡੇ ਕਿਸੇ ਧੀ-ਭੈਣ ਨੂੰ ਬੇਪੱਤ ਕਰ ਰਹੇ ਹੁੰਦੇ ਆ। ਫਿਰ ਫੂਕਿਆ ਕਿਸ ਨੂੰ ਜਾਵੇ, ਰਾਵਣ ਜਾਂ ਸਾਡੇ ਪੁਤਲਿਆਂ ਨੂੰ?
ਰਾਵਣ ਤੇ ਕਰੋੜਾਂ ਸਾਲ ਪਹਿਲਾਂ ਵਿਗਿਆਨ ਦੀ ਨਬਜ਼ ਟਟੋਲ ਗਿਆ ਤੇ ਉਸ ਨੇ ਖੁਦ ਨੂੰ ਮੀਂਹ ਪਾਉਂਣ ਦੇ ਸਮੱਰਥ ਬਣਾ ਲਿਆ ਤੇ ਅਸੀਂ ਅੱਜ ਵੀ ਮੀਂਹ ਲਈ ਚੌਲਾਂ ਦੀਆਂ ਦੇਗਾਂ ਲਾਹੁੰਦੇ ਫਿਰਦੇ ਆਂ। ਫਿਰ ਪੂਜਾ ਕਿਸ ਦੀ ਹੋਵੇ ਰਾਵਣ ਦੀ ਜਾਂ ਸਾਡੀ ਤੇ ਸਾਡੇ ਪੈਦਾ ਕੀਤੇ ‘ਭਗਵਾਨਾਂ’ ਦੀ? ਰਾਵਣ ਦੇ ਕੁਝ ਫੁੱਟ ਦੇ ਪੁਤਲੇ ‘ਚ ਭਰ ਕੇ ਪਟਾਕੇ ਉਸ ਨੂੰ ਅੱਗ ਲਾ ਦੇਣੀ ਤੇ ਫੇਰ ਆਖਣਾ ਜਿੱਤ ਗਈ ਨੇਕੀ, ਇਹ ਨਾ ਹੀ ਨੇਕੀ ਦੀ ਜਿੱਤ ਤੇ ਨਾ ਹੀ ਬਦੀ ਦੀ ਹਾਰ, ਇੰਨਾਂ ਦੀ ਲੜਾਈ ਸਮਾਂਤਰ ਚੱਲਦੀ ਰਹੇਗੀ, ਜਿਸ ਵਿੱਚ ਵਕਤੀ ਤੌਰ ‘ਤੇ ਹਾਰ-ਜਿੱਤ ਹੁੰਦੀ ਹੋਵੇਗੀ ਸਥਾਈ ਨਹੀਂ। ਅਸੀਂ ਲਾ ਕੇ ਰਾਵਣ ਨੂੰ ਅੱਗ ਘਰ ਨੂੰ ਭੱਜ ਤੁਰਦੇ ਆਂ, ਸ਼ਾਇਦ ‘ਨੇਕੀ’ ਨੂੰ ਨੀਂਦ ਆ ਰਹੀ ਹੁੰਦੀ ਐ। ਇਸ ਲਈ ਸ੍ਰੀਮਤੀ ‘ਨੇਕੀ’ ਇਹ ਵੀ ਨਹੀਂ ਦੇਖਦੀ ਕਿ ਅਸਲੀ ਰਾਵਣ ਕਿੱਥੇ ਬੈਠੇ ਆ।
ਅਸਲੀ ਰਾਵਣ ਤਾਂ ਦੁਸਿਹਰਾ ਮੰਚ ‘ਤੇ ਗੰਨਮੈਨਾਂ ਦੀ ਛਾਂ ਬੈਠੇ ਹੁੰਦੇ ਨੇ, ਜੋ ਲਾਲ ਬੱਤੀ ਆਲੀ ਕਾਰ ‘ਚ ਆਏ ਹੁੰਦੇ ਆ। ਕਦੇ ਕੀਤੀ ਆ ਨੇਕੀ ਨੇ ਇੰਨਾਂ ਰਾਵਣਾਂ ਨੂੰ ਘੇਰ ਕੇ ਫੂਕਣ ਦੀ ਕੋਸ਼ਿਸ਼? ਇਹ ਕੈਸੀ ਨੇਕੀ ਦੀ ਜਿੱਤ ਹੈ ਕਿ ਰਾਵਣ ਫੂਕ ਕੇ ਨਾਲ ਦੀ ਨਾਲ ਬੋਤਲਾਂ ਖੁੱਲ ਜਾਂਦੀਆਂ ਨੇ, ਝੂਠਾਂ ਦੀ ਬਰਸਾਤ ਅਰੰਭ ਹੋ ਜਾਂਦੀ ਹੈ, ਸਵੇਰੇ ਉੱਠ ਕੇ ਫੇਰ ਲੋਕਾਂ ਨੂੰ ਲੁੱਟਣ ਦਾ ਸਿਲਸਿਲਾ ਚੱਲ ਪੈਂਦੈਂ। ਰਾਵਣ ਨੂੰ ਫੂਕ ਕੇ ਅਗਲੇ ਦਿਨ ਜਦੋਂ ਸਰਮਾਏਦਾਰ ਕਿਰਤੀਆਂ ਦੇ ਹੱਕ ਖਾਂਦੇ ਨੇ, ਪਤਾ ਨਹੀ ਕਿਉਂ ਇੰਨਾਂ ਨੂੰ ਮੁਰਦਾਰ ਦਾ ਮੁਸ਼ਕ ਨਹੀਂ ਆਉਂਦਾ? ਸਾਰੇ ਸ਼ਹਿਰ ‘ਚੋਂ ਉਗਰਾਹੀ ਕਰਕੇ ਪੁਤਲੇ ਖੜੇ ਕੀਤੇ ਜਾਂਦੇ ਆ, ਫੇਰ ਦਸਾਂ ਸਿਰਾਂ ਵਾਲੇ ਰਾਵਣ ਨੂੰ ਫੂਕ ਕੇ ਕੂਕਿਆ ਜਾਂਦੈ ”ਨੇਕੀ ਜਿੱਤਗੀ..ਨਿੱਕੀ ਜਿੱਤਗੀ”। ਨਹੀਂ, ਰਾਵਣ ਦਾ ਇੱਕ ਬੇਜਾਨ ਪੁਤਲਾ ਫ਼ੂਕ ਕੇ ਅਸੀਂ ਜਿੱਤ ਨਹੀਂ ਪਾਈ ਬਦੀ ‘ਤੇ ਬਲਕਿ ਜਿੱਤ ਦਾ ਭਰਮ ਪਾਇਆ ਹੈ; ਕਿਉਂਕਿ ਅੱਜ ਕਰੋੜਾਂ ਰਾਵਣ ਦਨ-ਦਨਾਉਂਦੇ ਫਿਰਦੇ ਨੇ।
ਜੇ ਰਾਵਣ ਨੂੰ ਅਸੀਂ ਬੁਰਾਈ ਦਾ ਪ੍ਰਤੀਕ ਬਣਾਇਆ ਹੈ ਤਾਂ ਫੇਰ ਧੀਆਂ ਨੂੰ ਨੋਚ ਰਹੇ ਬਲਾਤਾਕਾਰੀ, ਦੇਸ਼ ਦੀ ਰੱਤ ਚੂਸ ਰਹੇ ਲੀਡਰ, ਕੁਰਸੀਆਂ ‘ਤੇ ਬਹਿ ਕੇ ਲੁੱਟ ਮੁਚਾਉਂਦੇ ਬਾਬੂ, ਕੁੱਖ ‘ਚ ਧੀਆਂ ਮਾਰਨ ਵਾਲੇ ਕੌਂਣ ਹਨ? ਦਰਅਸਲ, ਅਸਲੀ ਰਾਵਣ ਤਾਂ ਇਹੀ ਹਨ, ਪਰ ਸੁੱਤੇ ਲੋਕ ਇੰਨਾਂ ਨੂੰ ਫੂਕਣ ਦੀ ਥਾਂ ਪੁਤਲਿਆਂ ਵੱਲ ਭੱਜ ਤੁਰਦੇ ਆ। ਅਰਬਾਂ ਰੁਪਿਆ ਅਸੀਂ ਹਰ ਸਾਲ ਦੁਸਿਹਰੇ, ਨਗਰ ਕੀਰਤਨਾਂ ਤੇ ਜਲੂਸਾਂ ‘ਤੇ ਰੋੜਦੇ ਹਾਂ, ਕੀਮਤੀ ਟਾਈਮ ਗੁਆਉਂਦੇ ਹਾਂ। ਜਿਵੇਂ ਅਸੀਂ ਦੁਸਿਹਰਾ ਗਰਾਊਂਡ ‘ਚ ਤਮਾਸ਼ਾ ਦੇਖਣ ਲਈ ‘ਕੱਠੇ ਹੁੰਨੇ ਆਂ, ਜੇਕਰ ਏਦਾਂ ਅਸੀਂ ਭ੍ਰਿਸ਼ਟਾਚਾਰੀ, ਬਲਾਤਕਾਰੀ ਅਤੇ ਚੋਰਾਂ ਖਿਲਾਫ਼ ‘ਕੱਠੇ ਹੋ ਕੇ ਲੜੀਏ ਤਾਂ ਮੈਨੂੰ ਨੀਂ ਲੱਗਦਾ ਕਿ ਫੇਰ ਸਾਨੂੰ ਬਦੀ ਦੇ ਪੁਤਲੇ ਫੂਕਣ ਦੀ ਲੋੜ ਰਹੇਗੀ ਬਲਕਿ ਫੇਰ ਅਸੀਂ ਸੱਚਮੁਚ ਬਦੀ ਦਾ ਨਾਸ਼ ਕਰ ਸਕਦੇ ਹਾਂ।
ਪਰ ਇਹ ਤਾਂ ਹੀ ਸੰਭਵ ਹੈ ਜੇ ਪਹਿਲਾਂ ਅਸੀਂ ਆਪਣੇ ਅੰਦਰ ਦਾ ਰਾਵਣ ਮਾਰੀਏ। ਸਾਡਾ ਅੰਦਰਲਾ ਰਾਵਣ ਤਾਂ ਮੌਕੇ ਦੀ ਤਲਾਸ਼ ‘ਚ ਰਹਿੰਦਾ ਹੈ। ਜਿੱਥੇ ਮੌਕਾ ਮਿਲਿਆ ਉੱਥੇ ਕਰ ਦਿੱਤਾ ਬਲਾਤਕਾਰ, ਉੱਥੇ ਕਰ ਲਈ ਹੱਮਕਾਰੀ, ਉੱਥੇ ਲੁੱਟ ਲਿਆ ਦੇਸ਼। ਇੱਕ ਰਾਵਣ ਨੂੰ ਦੂਜੇ ਰਾਵਣ ਦਾ ਪੁਤਲਾ ਫੂਕਣ ਦਾ ਕੋਈ ਹੱਕ ਨਹੀਂ। ਆਓ! ਸਾਰੇ ਅੰਦਰਲਾ ਰਾਵਣ ਮਾਰ ਕੇ ਉਨਾਂ ਕਰੋੜਾਂ ਰਾਵਣਾਂ ਨੂੰ ਫ਼ੂਕਣ ਤੁਰੀਏ, ਜੋ ਸਾਡੇ ਸਮਾਜ ਨੂੰ ਨਰਕ-ਕੁੰਡ ਬਣਾਈ ਬੈਠੇ ਹਨ। ਜਗਦੀਸ਼ ਰਾਣਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਪਿੰਡ ਤੱਖਰਾਂ ਖੋਖਰਾਂ ਵਿਚ ਪੰਚਾਇਤੀ ਚੋਣ ਪ੍ਰਚਾਰ ਬੀਬੀਆਂ ਨੇ ਸੰਭਾਲਿਆ, ਸਰਪੰਚ ਸਵਰਨਜੀਤ ਕੌਰ ਤੇ ਬਾਕੀ ਮੈਂਬਰਾਂ ਦੇ ਲਈ ਹੋ ਰਿਹਾ ਪ੍ਰਚਾਰ
Next article*ਪਗੜੀ ?*