* ਕੀ ਕਾਮਯਾਬੀ ਮਿਲਣੀ 40 ਘੰਟਿਆਂ ਤੋਂ ਬਾਦ ਸ਼ੁਰੂ ਹੁੰਦੀ ਹੈ? *

ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
-ਨਜ਼ਰੀਆ ਬਦਲੋ ਦੁਨੀਆਂ ਬਦਲ ਜਾਏਗੀ- 
(ਸਮਾਜ ਵੀਕਲੀ) ਕਾਮਯਾਬੀ ਵੱਖ ਵੱਖ ਖੇਤਰਾਂ ਵਿੱਚ ਪ੍ਰਾਪਤ ਹੁੰਦੀ ਹੈ l ਕਿਸੇ ਵੀ ਕਾਮਯਾਬੀ ਨੂੰ ਵਧਾ ਜਾਂ ਘਟਾ ਕੇ ਨਹੀਂ ਦੇਖਿਆ ਜਾ ਸਕਦਾ l
ਅੱਜ ਆਰਥਿਕ ਕਾਮਯਾਬੀ ਦੀ ਗੱਲ ਕਰਦੇ ਹਾਂ ਜਿਆਦਾ ਪੰਜਾਬੀ ਵਿਦੇਸ਼ਾਂ ਵਿੱਚ ਆਰਥਿਕ ਕਾਮਯਾਬੀ ਪ੍ਰਾਪਤ ਕਰਨ ਵਾਸਤੇ ਹੀ ਆਉਂਦੇ ਹਨ l
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵੱਡੀ ਗਿਣਤੀ ਪੰਜਾਬੀ ਸਖਤ ਮਿਹਨਤੀ ਹਨ ਅਤੇ ਆਪਣੀ ਮਿਹਨਤ ਸਦਕਾ ਉਹ ਵਿਦੇਸ਼ਾਂ ਵਿੱਚ ਵਧੀਆ ਨੌਕਰੀਆਂ ਪ੍ਰਾਪਤ ਕਰ ਜਾਂਦੇ ਹਨ l
ਉਨ੍ਹਾਂ ਵਿੱਚੋਂ ਬਹੁਤਿਆਂ ਦੇ ਹਾਲਾਤ ਪੰਜਾਬ ਨਾਲੋਂ ਤਾਂ ਬੇਹਤਰ ਹੋ ਜਾਂਦੇ ਹਨ ਪਰ ਉਸ ਦੇ ਬਾਵਯੂਦ ਕੋਈ ਵੱਡੀ ਕਾਮਯਾਬੀ ਹਾਸਿਲ ਨਹੀਂ ਹੁੰਦੀ l
ਵਿਦੇਸ਼ਾਂ ਵਿੱਚ 40 ਘੰਟੇ ਪ੍ਰਤੀ ਹਫ਼ਤੇ ਕੰਮ ਕਰਨ ਦਾ ਰੁਝਾਨ ਹੈ ਜਿਸ ਨੂੰ ਫੁੱਲ ਟਾਈਮ ਜੌਬ ਵੀ ਕਿਹਾ ਜਾਂਦਾ ਹੈ l ਆਮ ਤੌਰ ਤੇ ਪਤੀ ਪਤਨੀ ਦੋਵੇਂ ਕੰਮ ਕਰਦੇ ਹਨ l ਇੱਕ ਦੀ ਤਨਖਾਹ ਤਾਂ ਘਰ ਦੇ ਕਿਰਾਏ ਵਿੱਚ ਖਪਤ ਹੋ ਜਾਂਦੀ ਹੈ ਅਤੇ ਦੂਜੇ ਦੀ ਤਨਖਾਹ ਬਿਜਲੀ, ਟੈਲੀਫੋਨ, ਪਾਣੀ, ਇੰਟਰਨੈਟ, ਕਾਰ, ਦਵਾਈਆਂ ਅਤੇ ਗਰੋਸਰੀ (ਕਰਿਆਨੇ) ਤੇ ਖਰਚ ਹੋ ਜਾਂਦੀ ਹੈ l ਸਭ ਕੁੱਝ ਕੱਢ ਕੇ ਪੰਜਾਹ ਜਾਂ ਸੌ ਡਾਲਰ ਹਫ਼ਤੇ ਦੇ ਬਚਦੇ ਹਨ l
ਜਿਹੜੇ ਸੁਪਨੇ ਪੰਜਾਬ ਤੋਂ ਲੈ ਕੇ ਆਏ ਹੁੰਦੇ ਹਨ ਉਹ ਚਕਨਾਚੂਰ ਹੋਏ ਮਹਿਸੂਸ ਹੁੰਦੇ ਹਨ l ਇੱਕ ਦੋ ਬੱਚੇ ਹੋ ਜਾਂਦੇ ਹਨ ਤਾਂ ਕਈ ਵਾਰੀ ਇੱਕੋ ਤਨਖਾਹ ਨਾਲ ਕੰਮ ਚਲਾਉਣਾ ਪੈਂਦਾ ਹੈ l ਭਾਵ ਅਮੀਰ ਮੁਲਕ ਵਿੱਚ ਵੀ ਗਰੀਬੀ ਭਰੀ ਜ਼ਿੰਦਗੀ ਗੁਜ਼ਾਰਨੀ ਪੈਂਦੀ ਹੈ l
ਵੱਡੀਆਂ ਗੱਡੀਆਂ ਅਤੇ ਕੋਠੀਆਂ ਦੇ ਸੁਪਨੇ ਵੀ ਦੂਰ ਹੀ ਦਿਖਾਈ ਦਿੰਦੇ ਹਨ l ਪਿੱਛੋਂ ਮਾਪੇ ਵੀ ਪੁੱਤ ਵੱਲ ਆਸ ਲਗਾਈ ਰਹਿੰਦੇ ਹਨ ਕਿ ਪੁੱਤ ਵਲੋਂ ਠੰਡੀ ਹਵਾ ਦਾ ਬੁੱਲਾ (ਖੁਸ਼ੀ ਭਰੀ ਖਬਰ) ਆਵੇ l ਪੁੱਤ ਨੂੰ ਖੁਦ ਠੰਡੀ ਹਵਾ ਦਾ ਬੁੱਲਾ ਮਿਲਣ ਦੀ ਬਜਾਏ ਪਸੀਨਾ ਹੀ ਆਉਂਦਾ ਹੈ l
ਇਸ ਦੇ ਨਾਲ ਨਾਲ ਉਸ ਦੇ ਨਾਲ ਆਏ ਕੁੱਝ ਵਿਅਕਤੀ ਕਾਫੀ ਕਾਮਯਾਬ ਹੋ ਜਾਂਦੇ ਹਨ, ਵੱਡੀਆਂ ਗੱਡੀਆਂ ਅਤੇ ਵੱਡੇ ਘਰ ਖਰੀਦ ਲੈਂਦੇ ਹਨ l ਪੁੱਤ ਇਹ ਸੋਚਦਾ ਹੈ ਕਿ ਇਹ ਕਿਵੇਂ ਹੋਇਆ? ਇਕੱਠੇ ਆਏ, ਇਕੱਠੇ ਕੰਮ ਕੀਤਾ ਅਤੇ ਇੱਕੋ ਜਿੰਨੇ ਕੰਮ ਦੇ ਪੈਸੇ ਲੈਂਦੇ ਰਹੇ l ਸਿਰਫ ਪੁੱਤ ਦਾ ਦੋਸਤ ਤੇ ਉਸ ਦੀ ਪਤਨੀ ਉਸ ਨਾਲੋਂ ਹਫ਼ਤੇ ਦਾ ਇੱਕ ਦਿਨ ਹੀ ਫਾਲਤੂ ਲਗਾਉਂਦੇ ਸਨ l ਫਿਰ ਉਨ੍ਹਾਂ ਬਿਜਨਸ ਖੋਲ੍ਹਣ ਲਈ ਪੈਸਾ ਕਿਵੇਂ ਇਕੱਠਾ ਕਰ ਲਿਆ?
ਉਪਰੋਕਤ ਸਵਾਲ ਕਈਆਂ ਦੀ ਰਾਤਾਂ ਦੀ ਨੀਂਦ ਉਡਾ ਦਿੰਦਾ ਹੈ l ਇਸ ਵਿੱਚ ਹੀ ਇਸ ਦਾ ਜਵਾਬ ਹੈ l ਹਰ ਹਫ਼ਤੇ ਇੱਕ ਦਿਨ ਵੱਧ ਕੰਮ ਕਰਨ ਨਾਲ 20% ਆਮਦਨ ਵਧ ਜਾਂਦੀ ਹੈ ਅਤੇ ਜਦੋਂ ਪਤਨੀ ਵੀ ਇੱਕ ਦਿਨ ਵੱਧ ਕੰਮ ਕਰਦੀ ਹੈ ਤਾਂ ਉਸ ਦੀ ਵੀ 20% ਆਮਦਨ ਵਧ ਜਾਂਦੀ ਹੈ l ਉਸੇ ਵਧੀ ਹੋਈ ਆਮਦਨ ਨਾਲ ਬਿਜ਼ਨਸ ਸ਼ੁਰੂ ਕੀਤਾ ਜਾ ਸਕਦਾ ਹੈ l
ਸਿਰਫ 40 ਘੰਟੇ ਪ੍ਰਤੀ ਹਫ਼ਤਾ ਕੰਮ ਕਰਨ ਨਾਲ ਵੱਡੀ ਕਮਯਾਬੀ ਨਹੀਂ ਮਿਲਦੀ l ਅਸਲੀ ਕਾਮਯਾਬੀ 40 ਘੰਟੇ ਤੋਂ ਬਾਹਰ ਪਈ ਹੈ l ਕਾਮਯਾਬ ਲੋਕਾਂ ਦੀ ਇੱਕ ਹੋਰ ਆਦਤ ਹੁੰਦੀ ਹੈ ਕਿ ਇਹ ਰੋਜ਼ਾਨਾ ਸਵੇਰੇ ਛੇਤੀਂ ਉੱਠਦੇ ਹਨ l ਆਪਣੀ ਕਿਸਮਤ ਨੂੰ ਨਹੀਂ ਕੋਸਦੇ, ਸਗੋਂ ਆਪਣੀ ਸਖਤ ਮਿਹਨਤ ਨਾਲ ਕਿਸਮਤ ਨੂੰ ਬਦਲਦੇ ਹਨ l ਸਵੇਰ ਵੇਲੇ ਛੇਤੀਂ ਉੱਠਣ ਕਰਕੇ ਉਹ ਸੈਰ ਜਾਂ ਕਸਰਤ ਕਰਕੇ ਆਪਣੀ ਸਿਹਤ ਨੂੰ ਵੀ ਵਧੀਆ ਰੱਖਦੇ ਹਨ l
ਜਿਹੜੇ ਲੋਕ ਇਹ ਆਦਤ ਚੜ੍ਹਦੀ ਜਵਾਨੀ ਵਿੱਚ ਪਾ ਲੈਂਦੇ ਹਨ ਉਹ ਸਾਰੀ ਉਮਰ ਕਾਮਯਾਬੀ ਦੀਆਂ ਪੌੜੀਆਂ ਚੜ੍ਹਦੇ ਜਾਂਦੇ ਹਨ l ਉਨ੍ਹਾਂ ਦੀ ਇਸ ਕਾਮਯਾਬੀ ਪਿੱਛੇ ਉਨ੍ਹਾਂ ਦਾ ਕੀਤਾ ਹੋਇਆ ਸੰਘਰਸ਼ ਛਿਪਿਆ ਹੁੰਦਾ ਹੈ l ਦੂਜੇ ਤਾਂ ਸਿਰਫ ਉਸ ਨੂੰ ਇਹ ਹੀ ਕਹਿੰਦੇ ਹਨ ਕਿ ਤੇਰਾ ਸੂਤ ਆ ਗਿਆ ਜਾਂ ਤੇਰਾ ਜੁਗਾੜ ਲੱਗ ਗਿਆ ਜਾਂ ਤੇਰੀ ਕਿਸਮਤ ਚੰਗੀ ਸੀ l
ਸਾਨੂੰ ਲੋੜ ਹੈ ਦੂਜਿਆਂ ਦੀ ਕਾਮਯਾਬੀ ਪਿੱਛੇ ਲੁਕੇ ਹੋਏ ਸੰਘਰਸ਼ ਨੂੰ ਪਛਾਨਣ ਦੀ l ਜਦੋਂ ਸਾਡਾ ਨਜ਼ਰੀਆ ਬਦਲ ਗਿਆ ਉਦੋਂ ਦੁਨੀਆਂ ਬਦਲ ਜਾਵੇਗੀ ਅਤੇ ਸਭ ਕੁੱਝ ਵੱਖਰਾ ਦਿਖਾਈ ਦੇਣ ਲੱਗ ਪਵੇਗਾ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ 
  ਜੱਦੀ ਪਿੰਡ ਖੁਰਦਪੁਰ (ਜਲੰਧਰ)
  006421392147
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous article“ਬਾਘਿਓਂ ਪਾਰ ਦਾ ਅਦਬੀ ਰੰਗ , ਇਕ ਕਲਮ ‘ਯਾਸੀਨ ਯਾਸ’ …..
Next articleਫੇਸਬੁੱਕ, ਤੇ ਸੱਜਣ