ਤੈਨੂੰ ਕੀ ਪਤਾ!!!

(ਸਮਾਜ ਵੀਕਲੀ)

ਤੇਰੇ ਘਰ ਵਿੱਚ ਰਹਿਣ ਲਈ,
ਮੈਂ ਕੀ ਕੁਝ ਸਹਿਣ ਕੀਤਾ …..
ਤੈਨੂੰ ਕੀ ਪਤਾ…..
ਮੈਂ ਬਾਪੂ ਦੀ ਲਾਜ ਲਈ,
ਅਤੇ ਭਰਾਵਾਂ ਦੇ ਪਿਆਰ ਲਈ,
ਕਿਨ੍ਹੇ ਥਾਵਾਂ ‘ਤੇ ਜਿੱਤ ਕੇ,
ਹਾਰ ਨੂੰ ਸਵੀਕਾਰ ਕੀਤਾ…..
ਤੈਨੂੰ ਕੀ ਪਤਾ……
ਮੇਰੇ ਕਿੰਨ੍ਹੇ ਸੁਪਨੇ ਟੁੱਟੇ,
ਮੈਂ ਕਿੰਨ੍ਹੇ ਦਰਦ ਸਹੇ ……
ਆਪਣੀਆਂ ਰੀਝਾਂ ਨੂੰ ਮਾਰ ਕੇ,
ਤੇਰੇ ਘਰਦਿਆਂ ਦੀਆਂ,
ਖਵਾਹਿਸ਼ਾਂ ਪੂਰੀਆਂ ਕਰਨ ਲਈ,
ਜੀਅ ਜਾਨ ਨਾਲ ਕੰਮ ਕੀਤਾ,
ਤੈਨੂੰ ਕੀ ਪਤਾ………
ਬਾਪ ਦਾ ਘਰ ਛੱਡ ਕੇ ,
ਬੇਗ਼ਾਨੇ ਨੂੰ ਅਪਨਾਉਣ ਵਿੱਚ,
ਕੀ ਕੁਝ ਗਵਾਉਣਾ ਪੈਂਦਾ ਹੈ,
ਇਸ ਦੇ ਅਹਿਸਾਸ ਦਾ,
ਤੈਨੂੰ ਕੀ ਪਤਾ…….
ਤੇਰੇ ਘਰ ਦੇ ਜੋ ਮਰਜ਼ੀ ਕਹਿਣ,
ਮੇਰਾ ਸਹੀ ਜਵਾਬ ਦੇਣ ‘ਤੇ,
ਅਤੇ ਸੱਚ ਬੋਲਣ ‘ਤੇ,
ਮੈਨੂੰ ਕਿਵੇਂ ਖ਼ਵਾਰ ਹੋਣਾ ਪੈਂਦਾ,
ਤੈਨੂੰ ਕੀ ਪਤਾ……
ਮਨ ਨੂੰ ਮਾਰ ਕੇ,
ਸਭ ਕੁਝ ਬਰਦਾਸ਼ਤ ਕਿਵੇਂ ਕਰਨਾ,
ਮੇਰੇ ਸਹਿਣ ਦੀ ਸਮਰੱਥਾ ਨੂੰ,
ਤੇਰੇ ਦੁਆਰਾ ਮਾਪਣਾ,
ਬਹੁਤ ਔਖੀ ਗੱਲ,
ਤੈਨੂੰ ਕੀ ਪਤਾ…..
ਹੱਡਾਂ ਦੀਆਂ ਪੀੜ੍ਹਾਂ ਨੂੰ,
ਰੂਹ ਦੇ ਨਾਸੂਰਾਂ ਨੂੰ,
ਅਪਣੱਤ ਦੀਆਂ ਥੋੜਾ ਨੂੰ,
ਕਿਵੇਂ ਹੰਡਾਉਣਾ ਪੈਂਦਾ,
ਤੈਨੂੰ ਕੀ ਪਤਾ……
ਮੇਰੇ ਰਾਹਾਂ ਦੀਆਂ ਸੂਲਾਂ ਦਾ,
ਪਲ਼ ਪਲ਼ ਬਦਲਦੇ ਅਸੂਲਾਂ ਦਾ,
ਘਰਵਾਲੀ ਬਣ ਕੇ ਵੀ,
ਬੇਘਰ ਅਖਵਾਉਣ ਦੇ ਦਰਦ ਦਾ,
ਤੈਨੂੰ ਕੀ ਪਤਾ…….
ਇਹ ਦਰਦ ਦੀ ਪੀੜ੍ਹਾ,
ਕਈ ਔਰਤਾਂ ਨੇ ਆਪਣੇ ਹੀ ਪਿੰਡੇ ‘ਤੇ,
ਹੰਢਾਈ ਹੋਵੇਗੀ……
ਪਰ ਤੈਨੂੰ ਕੀ ਪਤਾ…….
ਤੇਰੇ ਹਿੱਸੇ ਤਾਂ ਸਦਾ ਹੀ,
ਅਧਿਕਾਰ ਅਤੇ ਸਤਿਕਾਰ ਹੀ ਆਇਆ ਹੈ।

ਪਰਵੀਨ ਕੌਰ ਸਿੱਧੂ
8146536200

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਤੇਰੀ ਤੰਦੂਰ ‘ਤੇ ਬਣਾਈ ਮਾਏ ਰੋਟੀ ਦੂਰ ਬੈਠ ਯਾਦ ਮੈਂ ਕਰਾਂ,,,
Next articleਕੁਇਜ਼ ਪ੍ਰਤੀਯੋਗਤਾ ‘ਚ ਐੱਸ ਡੀ ਕਾਲਜ ਤੀਜੇ ਸਥਾਨ ‘ਤੇ ਰਿਹਾ