(ਸਮਾਜ ਵੀਕਲੀ)
1975 ਵਿਆ ਦੇ ਨੇੜੇ ਤੇੜੇ ਦੀ ਗੱਲ ਹੋਵੇਗੀ ਕਿ ਸਾਡੇ ਪਿੰਡ ਰਾਮਨਗਰ ਵਿੱਚ ਪੁਆਂਦੀ ਕਵੀ ਭਗਤ ਆਸਾ ਰਾਮ ਦਾ ਇੱਕ ਸ਼ਗਿਰਦ ਆਇਆ ਕਰਦਾ ਸੀ ਪਿੰਡ ਦੇ ਲੋਕ ਉਸ ਨੂੰ ਗਾਂਛੂ ਦੇ ਨਾਂ ਨਾਲ ਜਾਣਦੇ ਸਨ ਜਦੋਂ ਵੀ ਉਸ ਨੇ ਪਿੰਡ ਆਉਣਾ ਤਾਂ ਬੱਚਿਆ ਨੂੰ ਬੜੀ ਖੁਸ਼ੀ ਹੋਣੀ ਕਿਉਂਕਿ ਉਹ ਹਰ ਰੋਜ ਬੱਚਿਆਂ ਨੂੰ ਟੌਫੀਆਂ ਵੰਡਣ ਦੇ ਨਾਲ ਨਾਲ ਆਪਣੇ ਵਲੋਂ ਲਿਖੀਆਂ ਅਤੇ ਭਗਤ ਆਸਾ ਰਾਮ ਦੀਆਂ ਕਵਿਤਾਵਾਂ ਵੀ ਸੁਣਾਂਦਾ ਸੀ। ਬੱਚਿਆਂ ਤੋਂ ਲੈਕੇ ਬਜ਼ੁਰਗਾ ਤੱਕ ਉਸਨੂੰ ਬੜੇ ਧਿਆਨ ਨਾਲ ਸੁਣਦੇ ਸਨ ਉਨ੍ਹਾਂ ਦੀ ਇੱਕ ਤੁਕ ਅੱਜ ਵੀ ਕਦੇ ਕਦੇ ਜ਼ਹਿਨ ਵਿਚ ਆ ਜਾਂਦੀ ਹੈ “ਸੰਨ ਵਿੱਚ ਬਵੰਜਾ ਮਾ ਚੰੜੀਗੜ ਕੀ ਬਣਤ ਬਣਾਈ” ਜਿਸ ਵਿੱਚ ਉਨ੍ਹਾਂ ਵੱਲੋਂ 50 ਦੇ ਕਰੀਬ ਪੁਆਂਦੀ ਪਿੰਡਾ ਦੀ ਬਲੀ ਦੇ ਕੇ ਬਣਾਏ ਗਏ ਭਾਰਤ ਦੇ ਸਭ ਤੋਂ ਪਹਿਲੇ ਸੁੰਦਰ ਸ਼ਹਿਰ ਚੰਡੀਗੜ੍ਹ ਦੇ ਇਤਿਹਾਸ ਨੂੰ ਇੱਕ ਕਵਿਤਾ ਰਾਹੀਂ ਬੜੀ ਹੀ ਬਾਖੂਬੀ ਪੇਸ਼ ਕੀਤਾ ਜਾਂਦਾ ਸੀ ਸੋਚਿਆ ਅੱਜ ਚੰਡੀਗੜ੍ਹ ਬਾਰੇ ਚਰਚਾ ਕਰ ਲੈਂਦੇ ਹਾਂ।
ਦੇਸ਼ ਦੀ ਵੰਡ ਹੋਣ ਤੋਂ ਬਾਅਦ ਪੰਜਾਬ ਦੋ ਹਿੱਸਿਆ ਵਿੱਚ ਵੰਡਿਆ ਗਿਆ। ਹਿੰਦੋਸਤਾਨ ਵਾਲੇ ਹਿੱਸੇ ਆਏ ਪੰਜਾਬ ਜਿਸਨੂੰ ਚੜਦਾ ਪੰਜਾਬ ਵੀ ਕਿਹਾ ਜਾਂਦਾ ਹੈ ਦੀ ਰਾਜਧਾਨੀ ਬਣਾਉਣ ਲਈ ਚੰਡੀਗੜ ਵਸਾਉਣਾ ਪਿਆ, ਜਿਸ ਨੂੰ ਸਿਟੀ ਬਿਊਟੀਫੁੱਲ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਸ ਸ਼ਹਿਰ ਦੀ ਨੀਂਹ 2 ਅਪ੍ਰੈਲ 1952 ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਵੱਲੋਂ ਰੱਖੀ ਗਈ। ਫਰਾਂਸ ਦੇ ਆਰਕੀਟੈਕਟ ਲੀ-ਕਾਰਬੂਜ਼ੀਅਰ ਵੱਲੋਂ ਤਿਆਰ ਕੀਤੇ ਪਲਾਨ ਮੁਤਾਬਿਕ ਤਕਰੀਬਨ 50 ਪਿੰਡਾਂ ਉੱਤੇ ਚੰਡੀਗੜ ਵਸਾਉਣ ਦੀ ਲੀਕ ਖਿੱਚੀ ਗਈ, ਜਿਹਨਾਂ ਵਿੱਚ 28 ਪਿੰਡਾਂ ਦਾ ਬਿਲਕੁੱਲ ਨਾਮੋ ਨਿਸ਼ਾਨ ਖਤਮ ਹੋ ਚੁੱਕਾ ਸੀ ਅਤੇ ਬਾਕੀ ਪਿੰਡ ਵੀ ਸਮੇਂ ਸਮੇਂ ਅਲੋਪ ਹੁੰਦੇ ਗਏ ਕੁੱਝ ਕੁ ਪਿੰਡ ਇਸ ਸਮੇਂ ਵੀ ਚੰਡੀਗੜ ਵਿੱਚ ਮੌਜੂਦ ਹਨ।
1 ਨਵੰਬਰ, 1966 ਨੂੰ ਪੰਜਾਬ ਦੇ ਹਿੰਦੀ-ਬੋਲਦੇ ਚੜ੍ਹਦੇ ਪਾਸੇ ਦੇ ਹਿੱਸੇ ਨੂੰ ਅਲੱਗ ਕਰਕੇ ਹਰਿਆਣਾ ਸੂਬਾ ਬਣਾਇਆ ਗਿਆ, ਜਦੋਂ ਕਿ ਪੰਜਾਬੀ-ਬੋਲਦੇ ਲਹਿੰਦੇ ਪਾਸੇ ਦੇ ਹਿੱਸੇ ਨੂੰ ਮੌਜੂਦਾ ਪੰਜਾਬ ਹੀ ਰਹਿਣ ਦਿੱਤਾ ਗਿਆ। ਚੰਡੀਗੜ੍ਹ ਸ਼ਹਿਰ ਦੋਹਾਂ ਦੀ ਹੱਦ ਉੱਤੇ ਵੱਸਿਆ ਸੀ, ਜਿਸਨੂੰ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਐਲਾਨਿਆ ਗਿਆ, ਅਤੇ ਨਾਲ ਹੀ ਕੇਂਦਰੀ ਸ਼ਾਸ਼ਤ ਪ੍ਰਦੇਸ ਵੀ ਐਲਾਨਿਆ ਗਿਆ। 1952 ਤੋਂ 1966 ਤੱਕ ਇਹ ਸ਼ਹਿਰ ਸਿਰਫ਼ ਪੰਜਾਬ ਦੀ ਹੀ ਰਾਜਧਾਨੀ ਸੀ। ਅਗਸਤ 1985 ਵਿੱਚ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਅਕਾਲੀ ਦਲ ਦੇ ਸੰਤ ਹਰਚੰਦ ਸਿੰਘ ਲੌਂਗੋਵਾਲ ਦੇ ਵਿੱਚ ਹੋਏ ਸਮਝੌਤੇ ਮੁਤਾਬਕ, ਚੰਡੀਗੜ੍ਹ 1986 ਵਿੱਚ ਪੰਜਾਬ ਨੂੰ ਦਿੱਤਾ ਜਾਣਾ ਤੈਅ ਹੋਇਆ ਸੀ। ਇਸਦੇ ਨਾਲ ਹੀ ਹਰਿਆਣਾ ਲਈ ਇੱਕ ਨਵੀਂ ਰਾਜਧਾਨੀ ਵੀ ਬਣਾਉਣੀ ਸੀ, ਪਰ ਕੁੱਝ ਇੰਤਜ਼ਾਮੀ ਕਾਰਣਾਂ ਦੇ ਚਲਦੇ ਇਸ ਟ੍ਰਾਂਸਫ਼ਰ ਵਿੱਚ ਦੇਰੀ ਹੋਈ। ਇਸ ਦੇਰੀ ਦੇ ਖ਼ਾਸ ਕਾਰਨਾਂ ਵਿੱਚ ਦੱਖਣ ਪੰਜਾਬ ਦੇ ਕੁੱਝ ਹਿੰਦੀ-ਬੋਲਦੇ ਪਿੰਡਾਂ ਨੂੰ ਹਰਿਆਣਾ, ਅਤੇ ਲਹਿੰਦੇ ਹਰਿਆਣੇ ਦੇ ਪੰਜਾਬੀ-ਬੋਲਦੇ ਪਿੰਡਾਂ ਨੂੰ ਪੰਜਾਬ ਨੂੰ ਦੇਣ ਦਾ ਝਗੜਾ ਸੀ।
ਚੰਡੀਗੜ੍ਹ ਹੁਣ ਇੱਕ ਰਾਜਨੀਤਕ ਮੁੱਦਾ ਬਣ ਚੁੱਕਾ ਹੈ ਪੰਜਾਬ, ਹਰਿਆਣਾ ਅਤੇ ਕੇਂਦਰੀ ਨੇਤਾ ਸਮੇਂ ਸਮੇਂ ਤੇ ਚੰਡੀਗੜ੍ਹ ਮੁੱਦੇ ਤੇ ਆਪਣੀਆਂ ਆਪਣੀਆਂ ਰਾਜਨੀਤਕ ਰੋਟੀਆਂ ਸੇਕ ਲੈਂਦੇ ਹਨ ਜੋ ਵੀ ਹੈ ਚੰਡੀਗੜ੍ਹ ਦਾ ਪਲਾਨ ਬਣਾਉਣ ਵਾਲਾ ਫਰਾਂਸ ਦਾ ਆਰਕੀਟੈਕਟ ਲੀ-ਕਾਰਬੂਜ਼ੀਅਰ ਵਧਾਈ ਦਾ ਹੱਕਦਾਰ ਬਣਦਾ ਹੈ। ਅਜ਼ਾਦੀ ਤੋਂ ਬਾਅਦ ਅਜੇ ਵੀ ਭਾਰਤ ਵਿੱਚ ਪੰਜਾਬ ਸਣੇ ਕੋਈ ਵੀ ਸੂਬਾ ਚੰਡੀਗੜ੍ਹ ਦਾ ਸਾਨੀ ਨਹੀਂ ਹੈ। ਸੁੰਦਰਤਾ ਅਤੇ ਅਨੁਸ਼ਾਸਨ ਦੇ ਮੁਕਾਬਲੇ ਅਜੇ ਤੱਕ ਪੰਜਾਬ ਵੀ ਲੱਗਭਗ 56 ਸੈਕਟਰਾਂ ਵਾਲੇ ਚੰਡੀਗੜ੍ਹ ਦਾ ਹਾਣੀ ਨਹੀਂ ਬਣ ਸਕਿਆ।
ਕੁਲਦੀਪ ਸਾਹਿਲ
9417990040