ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ ) ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਸਰਜਨ ਡਾ ਪਵਨ ਕੁਮਾਰ ਸ਼ਗੋਤਰਾ ਦੀ ਅਗਵਾਈ ਹੇਠ,“ਸਾਫ਼ ਹੱਥ ਅਜੇ ਵੀ ਮਹੱਤਵਪੂਰਨ ਕਿਉਂ ਹਨ”ਥੀਮ ਦੇ ਤਹਿਤ ਗਲੋਬਲ ਹੈਂਡ ਵਾਸ਼ਿੰਗ ਡੇਅ ਸਿਵਲ ਸਰਜਨ ਦਫ਼ਤਰ ਹੁਸ਼ਿਆਰਪੁਰ ਵਿਖੇ ਮਨਾਇਆ ਗਿਆ। ਇਸ ਮੌਕੇ , ਸਹਾਇਕ ਸਿਵਲ ਸਰਜਨ ਡਾ ਕਮਲੇਸ਼ ਕੁਮਾਰੀ, ਡਿਪਟੀ ਮਾਸ ਮੀਡੀਆ ਅਫ਼ਸਰ ਡਾ ਤ੍ਰਿਪਤਾ ਦੇਵੀ, ਮੈਡਮ ਆਸ਼ਾ ਅਤੇ ਭੁਪਿੰਦਰ ਸਿੰਘ ਹਾਜ਼ਰ ਸਨ। ਸਿਵਲ ਸਰਜਨ ਡਾ ਪਵਨ ਕੁਮਾਰ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੰਕਰਮਣ ਅਤੇ ਬੈਕਟੀਰੀਆ ਹੱਥਾਂ ਰਾਹੀਂ ਸਰੀਰ ਵਿੱਚ ਅਸਾਨੀ ਨਾਲ ਦਾਖਲ ਹੋ ਜਾਂਦੇ ਹਨ ਅਤੇ ਬਿਮਾਰੀਆਂ ਦਾ ਕਾਰਨ ਬਣਦੇ ਹਨ।ਚੰਗੀ ਤਰਾਂ ਕੀਤੀ ਗਈ ਹਥਾਂ ਦੀ ਸਫ਼ਾਈ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਹਥਾਂ ਦੀ ਸਫ਼ਾਈ ਨੂੰ ਮੁੱਖ ਰਖਦਿਆਂ ਲੋਕਾਂ ਨੂੰ ਆਪਣੇ ਹੱਥ ਚੰਗੀ ਤਰਾਂ ਧੋਣ ਦੇ ਤਰੀਕਿਆਂ ਅਤੇ ਲਾਭਾਂ ਬਾਰੇ ਜਾਗਰੂਕ ਕਰਨ ਲਈ ਹਰ ਸਾਲ 15 ਅਕਤੂਬਰ ਨੂੰ ਗਲੋਬਲ ਹੈਂਡ ਵਾਸ਼ਿੰਗ ਡੇਅ ਮਨਾਇਆ ਜਾਂਦਾ ਹੈ।ਇਸ ਦਿਨ ਸਿਹਤ ਵਿਭਾਗ ਦੇ ਕਰਮਚਾਰੀਆਂ ਵਲੋਂ ਵੱਖ ਵੱਖ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਇਸ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ। ਸਿਵਲ ਸਰਜਨ ਨੇ ਹਥਾਂ ਦੀ ਸਫ਼ਾਈ ਦੀ ਮਹਤੱਤਾ ਬਾਰੇ ਦੱਸਦਿਆਂ ਕਿਹਾ ਕਿ ਬਾਹਰੋਂ ਆ ਕੇ ਘਰ ਵਿੱਚ ਦਾਖਲ ਹੁੰਦੇ ਸਾਰ ਸਭ ਤੋਂ ਪਹਿਲਾਂ ਆਪਣੇ ਹੱਥਾਂ ਨੂੰ 30-40 ਸਕਿੰਟਾਂ ਤੱਕ ਧੋਣਾ ਚਾਹੀਦਾ ਹੈ ਤਾਂ ਜੋ ਕਿਸੇ ਤਰ੍ਹਾਂ ਦਾ ਵਾਇਰਸ ਹੱਥਾਂ ਤੇ ਹੋਵੇ ਤਾਂ ਉਹ ਘਰ ਵਿੱਚ ਦਾਖਲ ਨਾ ਹੋਵੇ। ਭੋਜਨ ਬਣਾਉਣ ਅਤੇ ਖਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਸਾਬਣ ਨਾਲ ਹੱਥ ਧੋਵੋ।ਟਾਇਲਟ ਦੀ ਵਰਤੋਂ ਕਰਨ ਤੋਂ ਬਾਅਦ ਹੱਥ ਧੋਣੇ ਜ਼ਰੂਰੀ ਹਨ।ਬੱਚਿਆਂ ਦਾ ਮਲ ਮੂਤਰ ਸਾਫ ਕਰਨ ਤੋਂ ਬਾਅਦ ਅਤੇ ਉਹਨਾਂ ਨੂੰ ਖਾਣਾ ਖਿਲਾਉਣ ਤੋਂ ਪਹਿਲਾਂ, ਜਾਨਵਰਾਂ ਨੂੰ ਛੂਹਣ ਦੇ ਬਾਅਦ ਵੀ ਸਾਬਣ ਅਤੇ ਪਾਣੀ ਨਾਲ ਹੱਥ ਧੋਣੇ ਬਹੁਤ ਜ਼ਰੂਰੀ ਹਨ। ਸਾਬਣ ਨਾਲ ਹੱਥ ਧੋਣ ਨਾਲ ਦਸਤ, ਪੀਲੀਆ, ਹੈਜ਼ਾ, ਕੋਰੋਨਾ ਵਰਗੀਆਂ 80 ਪ੍ਰਤੀਸ਼ਤ ਬਿਮਾਰੀਆਂ ਨੂੰ ਤੋਂ ਬਚਿਆ ਜਾ ਸਕਦਾ ਹੈ। ਬੱਚਿਆਂ ਵਿਚ ਟਾਇਲਟ ਤੋਂ ਬਾਅਦ ਅਤੇ ਭੋਜਨ ਤੋਂ ਪਹਿਲਾਂ ਸਾਬਣ ਨਾਲ ਹੱਥ ਧੋਣ ਦੀ ਆਦਤ ਵਿਕਸਤ ਕਰਨੀ ਚਾਹੀਦੀ ਹੈ। ਹੱਥ ਧੋਣ ਤੋਂ ਬਾਅਦ, ਹੱਥ ਨੂੰ ਕਿਸੇ ਕੱਪੜੇ ਨਾਲ ਨਹੀਂ ਪੂੰਝਣਾ ਚਾਹੀਦਾ, ਇਸ ਨੂੰ ਹਵਾ ਨਾਲ ਹੀ ਸੁਕਾਉਣਾ ਚਾਹੀਦਾ ਹੈ ਤਾਂ ਜੋ ਹੱਥ ਪੂਰੀ ਤਰਾਂ ਸਾਫ ਹੋ ਸਕਣ।ਇਸ ਮੌਕੇ ਹੈਂਡ ਵਾਸ਼ਿੰਗ ਨਾਲ ਸੰਬੰਧਿਤ ਜਾਗਰੂਤਾ ਪੋਸਟਰ ਰਲੀਜ਼ ਕੀਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly