(ਸਮਾਜ ਵੀਕਲੀ) “ਬਾਊ ਜੀ ਮੇਰੇ ਯਾਦ ਹੈ ਤੁਸੀਂ ਉਸਦੇ ਭੋਗ ਵਾਲੇ ਦਿਨ ਆਏ ਸੀ। ਉਸ ਦਿਨ ਆਪਣੀ ਕੋਈ ਗੱਲ ਨਹੀਂ ਹੋਈ। ਖੈਰ ਓਦੋਂ ਉਸਨੂੰ ਗਈ ਨੂੰ ਕੁਝ ਹੀ ਦਿਨ ਹੋਏ ਸਨ। ਹੁਣ ਲਗਭਗ ਇੱਕ ਸਾਲ ਹੋ ਗਿਆ। ਪ੍ਰੰਤੂ ਹੁਣ ਮੈਨੂੰ ਉਸਦੀ ਅਹਿਮੀਅਤ ਦਾ ਪਤਾ ਲੱਗਦਾ ਹੈ।” ਭਰੇ ਮਨ ਨਾਲ ਉਸਨੇ ਮੈਨੂੰ ਕਿਹਾ। ਉਹ ਰਿਸ਼ਤੇਦਾਰੀ ਅਤੇ ਉਮਰ ਦੇ ਹਿਸਾਬ ਨਾਲ ਮੈਥੋਂ ਕਾਫੀ ਵੱਡਾ ਸੀ। ਪਰ ਮੇਰੇ ਨਾਲ ਦਿਲ ਖੋਲ੍ਹਕੇ ਗੱਲਾਂ ਕਰ ਲੈਂਦਾ ਸੀ। ਪਿਛਲੇ ਸਾਲ ਅਚਾਨਕ ਹੀ ਉਸਦੇ ਘਰਵਾਲੀ ਚਲੀ ਗਈ ਸੀ। ਅੱਸੀਆਂ ਨੂੰ ਢੁੱਕ ਚੁੱਕੀ ਉਹ ਅਜੇ ਵੀ ਚੰਗੀ ਪਈ ਸੀ। ਹਾਰਟ ਅਟੈਕ ਉਮਰ ਤੇ ਸਮਾਂ ਨਹੀਂ ਦੇਖਦਾ।
“ਬੰਦਾ ਹਮੇਸ਼ਾ ਭੁਲੇਖੇ ਵਿੱਚ ਰਹਿੰਦਾ ਹੈ। ਜਵਾਨੀ ਵੇਲ਼ੇ ਉਹ ਪਤਨੀ ਨੂੰ ਇੱਕ ਮਸ਼ੀਨ ਸਮਝਦਾ ਹੈ। ਰੋਟੀ ਟੁੱਕ ਪਕਾਉਣ ਅਤੇ ਘਰ ਸੰਭਾਲਣ ਵਾਲੀ। ਬੱਚੇ ਜੰਮਣ ਵਾਲੀ ਅਤੇ ਉਸ ਦੀ ਸਰੀਰਕ ਭੁੱਖ ਮਿਟਾਉਣ ਵਾਲੀ। ਇਸ ਤੋਂ ਵੱਧ ਕੁਝ ਵੀ ਨਹੀ ਸਮਝਦਾ। ਪਹਿਲੋ ਪਹਿਲ ਉਹ ਮਾਤਾ ਪਿਤਾ, ਭੈਣ ਭਰਾਵਾਂ ਤੇ ਔਲਾਦ ਦੇ ਨਸ਼ੇ ਵਿੱਚ ਜਾਂ ਜਿਆਦਾ ਕਮਾਉਣ ਦੀ ਹੋੜ ਵਿੱਚ ਉਹ ਪਤਨੀ ਵੱਲ ਧਿਆਨ ਹੀ ਨਹੀਂ ਦਿੰਦਾ। ਹਮਸਫਰ, ਜੀਵਨਸਾਥੀ ਵਰਗੇ ਸ਼ਬਦ ਉਸ ਨੂੰ ਖੋਖਲੇ ਲੱਗਦੇ ਹਨ।” ਉਹ ਲੰਮੀ ਭੂਮਿਕਾ ਬੰਨ ਰਿਹਾ ਸੀ। ਉਹ ਦਿਲ ਵਿੱਚ ਬਹੁਤ ਕੁਝ ਸਾਂਭੀ ਬੈਠਾ ਸੀ। ਮੈਨੂੰ ਵੀ ਲੱਗਿਆ ਕਿ ਅੱਜ ਉਹ ਸਾਰੇ ਗੁਭ ਗੁਭਾਟ ਕੱਢੇਗਾ। ਇਸ ਲਈ ਮੈਂ ਆਪਣਾ ਫੋਨ ਸਵਿੱਚ ਆਫ਼ ਕਰਕੇ ਜੇਬ ਵਿੱਚ ਪਾ ਲਿਆ।
“ਮੈਂ ਵੀ ਸਾਰੀ ਉਮਰ ਉਸਨੂੰ ਆਪਣੇ ਨਿੱਜੀ ਹਿੱਤਾਂ ਲਈ ਵਰਤਦਾ ਰਿਹਾ। ਕਦੇ ਉਸ ਦੀਆਂ ਭਾਵਨਾਵਾਂ ਨਾ ਸਮਝਈਆਂ। ਹਮੇਸ਼ਾ ਆਪਣੇ ਸਰੀਰਕ ਸੁੱਖ ਅਤੇ ਖਾਣ ਪੀਣ ਵੱਲ ਕੇਂਦਰਿਤ ਰਿਹਾ। ਬਾਕੀ ਸਾਰਾ ਦਿਨ ਕਮਾਈ ਕਰਨ ਵੱਲ ਆਪਣੇ ਆਪ ਨੂੰ ਬੀਜੀ ਰੱਖਿਆ ਤੇ ਇਹ ਪਿਆਰ ਦੇ ਦੋ ਲਫ਼ਜ਼ ਸੁਣਨ ਲਈ ਮੇਰੇ ਮੂੰਹ ਵੱਲ ਵੇਖਦੀ ਰਹਿੰਦੀ। ਪਰ ਮੈਂ ਉਸਨੂੰ ਪੜ੍ਹ ਨਾ ਸਕਿਆ।” ਪਛਤਾਵਾ ਉਸਦੇ ਚੇਹਰੇ ਤੋਂ ਝਲਕ ਰਿਹਾ ਸੀ।
“ਪਿਛਲੇ ਦਸ ਕੁ ਸਾਲ ਤੋਂ ਜਦੋਂ ਬੇਟੇ ਨੇ ਕੰਮ ਸੰਭਾਲ ਲਿਆ ਤੇ ਉਸਨੇ ਮੈਨੂੰ ਵਿਉਪਾਰ ਅਤੇ ਘਰ ਦੀ ਲੰਬੜਦਾਰੀ ਤੋਂ ਫਾਰਗ ਕਰ ਦਿੱਤਾ ਤਾਂ ਮੈਂ ਟੁੱਟ ਜਿਹਾ ਗਿਆ। ਅਸੀਂ ਦੋਨੇ ਘਰ ਵਿੱਚ ਫਾਲਤੂ ਜਿਹੀ ਵਸਤੂ ਬਣਕੇ ਰਹਿ ਗਏ। ਪੁੱਤਰ ਨੂੰਹ ਦੀਆਂ ਝਿੜਕਾਂ ਸੁਣਕੇ ਅਸੀਂ ਚੁੱਪ ਕਰ ਜਾਂਦੇ। ਆਪਸ ਵਿੱਚ ਘੁਸਰ ਮੁਸਰ ਕਰਦੇ ਇੱਕ ਦੂਜੇ ਦਾ ਦੁੱਖ ਵੰਡਾਉਂਦੇ। ਘਰ ਦੇ ਮਸਲਿਆਂ ਵਿੱਚ ਅਸੀਂ ਬੋਲ ਨਹੀਂ ਸੀ ਸਕਦੇ। ਕਿਸੇ ਮਸਲੇ ਤੇ ਸਾਡੇ ਨਾਲ ਸਲਾਹ ਕਰਨਾ ਤਾਂ ਦੂਰ ਦੀ ਗੱਲ ਸੀ। ਸਾਡੀ ਜ਼ੁਬਾਨ ਅਤੇ ਹੱਥਾਂ ਤੇ ਅਣਐਲਾਨੀ ਪਾਬੰਧੀ ਸੀ। ਘਰ ਵਿੱਚ ਨੂੰਹ ਰਾਣੀ ਦੀ ਚੋਧਰਦਾਰੀ ਸੀ। ਉਸਦੀ ਪਸੰਦ ਦਾ ਹੀ ਬਣਦਾ। ਹਰ ਕੰਮ ਉਸਦੀ ਮਰਜੀ ਅਨੁਸਾਰ ਹੁੰਦਾ। ਕੰਮ ਵਾਲੀਆਂ ਲਈ ਉਹ ਹੀ ਮਾਲਕਿਨ ਸੀ ਭਾਵੇਂ ਛੋਟੀ ਬੀਬੀ ਹੀ ਸਹੀ। ਘਰ ਵਿੱਚ ਵੱਡੀ ਬੀਬੀ ਤਾਂ ਸੀ ਪਰ ਉਸ ਦੀਆਂ ਸ਼ਕਤੀਆਂ ਜ਼ੀਰੋ ਕਰ ਦਿੱਤੀਆਂ ਗਈਆਂ ਸਨ। ਪਰ ਫਿਰ ਵੀ ਅਸੀਂ ਖੁਸ਼ ਸੀ ਕਿ ਅਸੀਂ ਇਕੱਠੇ ਸੀ। ਇੱਕ ਦੂਜੇ ਨੂੰ ਸਮਝਦੇ ਸੀ। ਸਾਡੇ ਕੋਲ੍ਹ ਆਪਣੇ ਨਿੱਜੀ ਖਰਚਿਆਂ ਨੂੰ ਪੂਰਾ ਕਰਨ ਲਈ ਆਪਣੀ ਆਮਦਨ ਸੀ।” ਮੈਨੂੰ ਉਸਦਾ ਦਰਦ ਬਾਹਰ ਆਉਂਦਾ ਲੱਗਿਆ। ਉਹ ਨਿਸਚਿਤ ਹੋਕੇ ਹੋਲੀ ਹੋਲੀ ਆਪਣਾ ਭਾਰ ਹੋਲਾ ਕਰ ਰਿਹਾ ਸੀ।
“ਸਾਨੂੰ ਇਕੱਠਿਆਂ ਨੂੰ ਪਾਰਕ ਜਾਂਦੇ ਵੇਖ ਇਹ ਨੂੰਹ ਪੁੱਤ ਹੱਸਦੇ। ਪਾਰਕ ਵਿੱਚ ਅਸੀਂ ਸੱਤ ਨੰਬਰ ਬੈੰਚ ਤੇ ਹੀ ਬੈਠਦੇ ਜਿਸਨੂੰ ਅਸੀਂ ਸਾਥ ਨੰਬਰ ਬੈੰਚ ਕਹਿੰਦੇ ਸੀ। ਉਸਦੇ ਜਾਣ ਤੋਂ ਬਾਅਦ ਤਾਂ ਮੈਂ ਉਸ ਪਾਰਕ ਜਾਣਾ ਹੀ ਛੱਡ ਦਿੱਤਾ। ਉਹਨਾਂ ਦੀਆਂ ਗੱਲਾਂ ਤੋਂ ਮੈਂ ਪ੍ਰੇਸ਼ਾਨ ਹੋ ਜਾਂਦਾ। ਪਰ ਓਹ ਸ਼ੇਰ ਦੀ ਬੱਚੀ ਮੈਨੂੰ ਸਮਝਾਉਂਦੀ ਅਤੇ ਮੇਰੀ ਛੋਟੀ ਛੋਟੀ ਜਰੂਰਤ ਦਾ ਖਿਆਲ ਰੱਖਦੀ। ‘ਤੁਸੀਂ ਨਹਾ ਲਵੋ।’ ‘ਤੁਹਾਡਾ ਚਾਹ ਦਾ ਟਾਈਮ ਹੋ ਗਿਆ।’ ‘ਹੁਣ ਤੁਸੀਂ ਦੋ ਤਿੰਨ ਕੁੜਤੇ ਪਜਾਮੇ ਹੋਰ ਸੰਵਾ ਲਵੋ। ਪੁਰਾਣੇ ਘਸ ਗਏ।’ ‘ਤੁਸੀਂ ਰੋਟੀ ਘੱਟ ਖਾਂਦੇ ਹੋ। ਕੀ ਗੱਲ ਭੁੱਖ ਨਹੀਂ ਲੱਗਦੀ?’ ‘ਤੁਹਾਨੂੰ ਖੰਘ ਬਹੁਤ ਆਉਂਦੀ ਹੈ ਤੁਸੀਂ ਡਾਕਟਰ ਤੋਂ ਦਵਾਈ ਲ਼ੈ ਆਓਂ।’ ਉਹ ਹਮੇਸ਼ਾ ਮੇਰੇ ਬਾਰੇ ਸੋਚਦੀ। ਆਪਣੀ ਦੁੱਖ ਤਕਲੀਫ ਨੂੰ ਅੰਦਰ ਦਬਾ ਲੈਂਦੀ। ਉਹ ਸਮਝਦੀ ਸੀ ਕਿ ਮੈਂ ਡਾਕਟਰਾਂ ਕੋਲ੍ਹ ਜਾਕੇ ਭੱਜ ਨੱਠ ਨਹੀਂ ਸੀ ਕਰ ਸਕਦਾ। ਨੂੰਹ ਪੁੱਤ ਤੋਂ ਉਸਨੂੰ ਉਮੀਦ ਨਹੀਂ ਸੀ। ਬਹੁਤੇ ਵਾਰੀ ਮੈਨੂੰ ਉਹ ਕੋਲ੍ਹ ਬੈਠੀ ਮੇਰੇ ਸਾਹਾਂ ਵਰਗੀ ਲੱਗਦੀ। ਮੈਨੂੰ ਉਸਦੀ ਮੌਜੂਦਗੀ ਦਾ ਅਹਿਸਾਸ ਰਹਿੰਦਾ। ਭਾਵੇਂ ਹੁਣ ਉਸ ਤੋਂ ਵੀ ਕੋਈਂ ਕੰਮ ਨਹੀਂ ਸੀ ਹੁੰਦਾ। ਉਸਦੇ ਬੈਠਿਆ ਮੈਨੂੰ ਮੇਰੇ ਸਾਂਹ ਚਲਦੇ ਲੱਗਦੇ। ਉਹ ਮੇਰੇ ਆਹਰੇ ਲੱਗੀ ਰਹਿੰਦੀ। ਮੈਨੂੰ ਵੀ ਲਗਦਾ ਕਿ ਕੋਈਂ ਤੇ ਹੈ ਜੋ ਮੇਰਾ ਖਿਆਲ ਰੱਖਦਾ ਹੈ। ਕਦੇ ਕਦੇ ਮੈਨੂੰ ਮੇਰੀ ਮਰੀ ਹੋਈ ਮਾਂ ਚੇਤੇ ਆ ਜਾਂਦੀ। ਉਹ ਵੀ ਮੇਰਾ ਇੱਦਾਂ ਹੀ ਖਿਆਲ ਰੱਖਦੀ ਸੀ। ਹੁਣ ਮੈਨੂੰ ਉਹ ਹਮਸਫਰ ਸ਼ਬਦ ਵੀ ਸਾਰਥਿਕ ਲੱਗਦਾ। ਸਾਡਾ ਸਾਥ ਬਣਾਈ ਰੱਖੀ। ਮੈਂ ਅਰਦਾਸ ਕਰਦਾ। ਹੁਣ ਸਾਡੀ ਚਾਹਤ ਬੇਗਰਜ ਸੀ। ਹੁਣ ਸਾਡਾ ਜਿਸਮੀ ਨਹੀਂ ਰੂਹ ਦਾ ਰਿਸ਼ਤਾ ਸੀ। ਕੋਈਂ ਸਰੀਰਕ ਭੁੱਖ ਨਹੀਂ ਬੱਸ ਇੱਕ ਦੂਜੇ ਦੀ ਹੋਂਦ ਨਾਲ ਪਿਆਰ ਸੀ। ਉਹ ਚਲੀ ਗਈ। ਮੈਨੂੰ ਉਸਦੀ ਕਮੀ ਰੜਕਣ ਲੱਗੀ। ਫਿਰ ਇਹ੍ਹਨਾਂ ਦਾ ਵਤੀਰਾ ਦਿਨ ਬ ਦਿਨ ਖਰਾਬ ਹੁੰਦਾ ਗਿਆ। ਨੂੰਹ ਰਾਣੀ ਨੇ ਮੇਰੇ ਸਿਵਾਏ ਉਸਦੀ ਹਰ ਕੀਮਤੀ ਚੀਜ਼ ਤੇ ਕਬਜ਼ਾ ਕਰ ਲਿਆ। ਬਾਕੀ ਉਸਦੇ ਰੀਝਾਂ ਨਾਲ ਬਣਾਏ ਸਮਾਨ ਨੂੰ ਕਬਾੜ ਕਹਿਕੇ ਚੁਕਵਾ ਦਿੱਤਾ। ਇਸ ਤਰ੍ਹਾਂ ਮੈਂ ਉਸਦੀਆਂ ਨਿਸ਼ਾਨੀਆਂ ਅਤੇ ਯਾਦਾਂ ਦਾ ਕਤਲ ਹੁੰਦੇ ਅੱਖੀਂ ਵੇਖਿਆ ਤੇ ਮੈਂ ਕੁਝ ਨਾ ਕਰ ਸਕਿਆ। ਚੰਗਾ ਹੁੰਦਾ ਰੱਬ ਮੈਨੂੰ ਉਸਦੇ ਨਾਲ ਹੀ ਲ਼ੈ ਜਾਂਦਾ। ਮੈਨੂੰ ਆਹ ਦਿਨ ਨਾ ਦੇਖਣੇ ਪੈਂਦੇ।” ਉਹ ਬੁਸਬੁਸੀਆਂ ਲੈਕੇ ਰੋਣ ਲੱਗ ਪਿਆ। ਕੁਝ ਦੇਰ ਉਥੇ ਬੈਠਕੇ ਮੈਂ ਘਰ ਨੂੰ ਚੱਲ ਪਿਆ। ਕਿਉਂਕਿ ਮੈਂ ਕੁਝ ਨਹੀਂ ਸੀ ਕਰ ਸਕਦਾ ਸਿਵਾਏ ਉਸਨੂੰ ਸੁਣਨ ਦੇ।
“ਹੈਲੋ, ਐਂਕਲ, ਬਾਊ ਜੀ ਪੂਰੇ ਹੋ ਗਏ।” ਜਦੋਂ ਘਰ ਆਕੇ ਮੈਂ ਅਜੇ ਕਪੜੇ ਹੀ ਬਦਲ ਰਿਹਾ ਸੀ ਤਾਂ ਉਸ ਦੇ ਬੇਟੇ ਨੇ ਫੋਨ ਤੇ ਮੈਨੂੰ ਕਿਹਾ।
“ਚੰਗਾ ਹੋਇਆ।” ਪਤਾ ਨਹੀਂ ਕਿਉਂ ਮੇਰੇ ਮੂੰਹ ਚੋਂ ਇੰਜ ਨਿਕਲਿਆ।
ਰਮੇਸ਼ ਸੇਠੀ ਬਾਦਲ
9876627233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj