ਖੈ਼ਰਾਂ

ਬਲਬੀਰ ਕੌਰ ਬੱਬੂ ਸੈਣੀ

(ਸਮਾਜ ਵੀਕਲੀ)

ਸਭ ਦੀ ਖ਼ੈਰ ਸਦਾ ਹੀ ਮੰਗਾਂ ਰੱਬ ਤੋਂ ਮੰਗੀਆਂ ਖੈਰਾਂ ਵਿੱਚ ,
ਕੋਈ ਫਰਕ ਨਾ ਜਾਪੇ ਮੈਨੂੰ ਆਪਣਿਆਂ ਤੇ ਗੈਰਾਂ ਵਿੱਚ ।

ਕੀ ਹਸਤੀ ਹੈ ਮੇਰੀ ਮੌਲਾ ਤੇਰੀ ਵਸਦੀ ਖ਼ਲਕਤ ਅੰਦਰ ,
ਸੋਚੀਂ ਪੈ ਗਈ ਜਦ ਮੈਂ ਵੇਖੀ ਇੱਕ ਬੂੰਦ ਗਵਾਚੀ ਲਹਿਰਾਂ ਵਿੱਚ।

ਕਿਉਂ ਨਾ ਸਮਝੇ ਬੰਦਾ ਖੁਦ ਨੂੰ ਉਸ ਅੱਲਾ ਦਾ ਬੇਲੀ ਫਿਰ ,
ਲੱਖਾਂ ਅੰਬਰ ਸਿਰ ਤੇ ਜਿਸਦੇ ਤੇ ਸੱਤ ਸਮੁੰਦਰ ਪੈਰਾਂ ਵਿੱਚ ।
ਕੇਹੀ ਭੁੱਖ ਹੈ ਪੇਟ ਦੀ ਸਾਈਂ ਜੋ ਜੀਵਨ ਭਰ ਮਿਟਦੀ ਨਾ ,
ਕੋਈ ਮਿਟਾਵੇ ਰੋਟੀ ਦੇ ਨਾਲ , ਕੋਈ ਭਾਲੇ ਇਹਨੂੰ ਜ਼ਹਿਰਾਂ ਵਿੱਚ ।

ਨਸਲਾਂ ਕਦੇ ਮਿਟਾ ਨਹੀਂ ਸਕਿਆ ਜ਼ਬਰ ਤੇ ਅੱਤਿਆਚਾਰ ਕੋਈ ,
ਐਪਰ ਕੁਝ ਨਾ ਬਚਦਾ ਪਿੱਛੇ ਕਾਦਰ ਦੇ ਵਰਤਾਏ ਕਹਿਰਾਂ ਵਿੱਚ ।

ਇੰਨਾ ਸੌਖਾ ਨਹੀਂ ਏ ਕਿੱਤਾ ਇਹ ਕਿਰਸਾਨੀ ਵਾਲਾ ਲੋਕੋ ,
ਪਾਲੇ ਦੇ ਵਿੱਚ ਠਰਨਾ ਪੈਂਦਾ,ਤਪਣਾ ਸਿਖਰ ਦੁਪਹਿਰਾਂ ਵਿੱਚ ।

ਚਾਹੇ ਛਾਣ ਲੈ ਖ਼ਾਕ ਜਗਤ ਦੀ ਚਾਹੇ ਘੁੰਮ ਤੂੰ ਜੰਗਲ ਬੇਲੇ ,
ਲੱਭੇ ਨਾ ਸੁਕੂਨ ਉਹ ਕਿਧਰੇ ਜੋ ਹੈ ਮਨ ਦੀਆਂ ਠਹਿਰਾਂ ਵਿੱਚ ।

ਜੇ ਹੱਥ ਕਲਮ ਫੜੀ ਏ ਬੱਬੂ ਲਿਖ ਦੇ ਸੁਹਜ ਵਿਚਾਰ ਕੋਈ ,
ਜਾਂ ਲਿਖ ਦੇ ਕੋਈ ਸੁੰਦਰ ਨਗਮਾਂ ਜਾਂ ਲਿਖ ਦੇ ਗ਼ਜ਼ਲ ਤੂੰ ਬਹਿਰਾਂ ਵਿੱਚ ।

ਬਲਬੀਰ ਕੌਰ ਬੱਬੂ ਸੈਣੀ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗ਼ਜ਼ਲ
Next articleਸਾਵਣ ਮਹੀਨਾ