ਕਪੂਰਥਲਾ, (ਕੌੜਾ)– ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਵੱਲੋਂ ਵੱਖ-ਵੱਖ ਸਰਕਾਰੀ ਵਿਭਾਗਾਂ ਵਿੱਚ ਕੀਤੀਆਂ ਗਈਆਂ ਨਿਯੁਕਤੀਆਂ ਦੌਰਾਨ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਪਿਛਲੇ 13 ਸਾਲਾਂ ਤੋਂ ਪਾਰਟੀ ਵੱਲੋਂ ਦਿੱਤੇ ਗਏ ਵੱਖ ਵੱਖ ਅਹੁਦਿਆਂ ਤੇ ਆਪਣੀਆਂ ਯੋਗ ਸੇਵਾਵਾਂ ਦਿੰਦੇ ਰਹੇ। ਕੌਮਾਂਤਰੀ ਪੰਜਾਬੀ ਸ਼ਾਇਰ ਕੰਵਰ ਇਕਬਾਲ ਸਿੰਘ ਨੂੰ ਪਾਰਟੀ ਨੇ “ਪੰਜਾਬ ਸਟੇਟ ਕੌਂਸਲ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਪੰਜਾਬ” ਦੀ ਤਿੰਨ ਮੈਂਬਰੀ ਕਮੇਟੀ ਦੇ ਮੈਂਬਰ ਦੀ ਵੱਡੀ ਜ਼ਿੰਮੇਵਾਰੀ ਨਾਲ਼ ਨਿਵਾਜ਼ਿਆ ਹੈ । ਇਸ ਦੇ ਨਾਲ ਹੀ “ਆਪ” ਦੇ ਮੁੱਢਲੇ ਮੈਂਬਰ ਅਤੇ ਪਾਰਟੀ ਦੇ ਦਫ਼ਤਰ ਇਨਚਾਰਜ ਵਜੋਂ ਸੇਵਾਵਾਂ ਨਿਭਾਉਂਦੇ ਰਹੇ ਰਵੀ ਪ੍ਰਕਾਸ਼ ਸ਼ਰਮਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਬਤੌਰ ਮੈਂਬਰ ਨਿਯੁਕਤ ਕੀਤਾ ਹੈ।ਜ਼ਿਕਰਯੋਗ ਹੈ ਕਿ ਦੂਰ ਸੰਚਾਰ ਵਿਭਾਗ ਵਿੱਚੋਂ ਉੱਚ ਅਹੁਦੇ ਤੋਂ ਸੇਵਾ ਮੁਕਤ ਹੋਏ ਰਵੀ ਪ੍ਰਕਾਸ਼ ਸ਼ਰਮਾ ਵੱਲੋਂ ਪਾਰਟੀ ਨੂੰ ਦਿੱਤੀਆਂ ਵਡਮੁੱਲੀਆਂ ਸੇਵਾਵਾਂ ਦੇ ਇਵਜ ਵਿੱਚ ਇਹ ਵੱਡੀ ਜਿੰਮੇਵਾਰੀ ਮਿਲੀ ਹੈ । ਹਲਕਾ ਇੰਚਾਰਜ ਕਪੂਰਥਲਾ ਸ੍ਰ.ਗੁਰਸ਼ਰਨ ਸਿੰਘ ਕਪੂਰ, ਸੀਨੀਅਰ ਆਗੂ ਪਰਵਿੰਦਰ ਸਿੰਘ ਢੋਟ ਆਰਕੀਟੈਕਟ ਸੈਕਟਰੀ ਦੁਆਬਾ ਜੋਨ, ਜਗਜੀਤ ਸਿੰਘ ਬਿੱਟੂ ਚੇਅਰਮੈਨ ਮਾਰਕਿਟ ਕਮੇਟੀ ਕਪੂਰਥਲਾ, ਅਵਤਾਰ ਸਿੰਘ ਥਿੰਦ ਪ੍ਰਧਾਨ ਵਪਾਰ ਮੰਡਲ ਕਪੂਰਥਲਾ, ਕਰਨੈਲ ਸਿੰਘ ਭੰਡਾਲ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ, ਜਗਜੀਤ ਸਿੰਘ ਔਜਲਾ, ਹਰਵਿੰਦਰ ਸਿੰਘ ਹੈਰੀ ਬਲਾਕ ਇੰਚਾਰਜ, ਯੂਥ ਆਗੂ ਜਸਜੀਤ ਸਿੰਘ ਢੋਟ ਆਰਕੀਟੈਕਟ, ਵਿਕਾਸ ਮੋਮੀ ਬਲਾਕ ਇੰਚਾਰਜ, ਸੰਦੀਪ ਕੁਮਾਰ ਸੋਸ਼ਲ ਮੀਡੀਆ ਇੰਚਾਰਜ, ਜਗਦੇਵ ਥਾਪਰ ਯੂਥ ਆਗੂ, ਹਰਨੇਕ ਸਿੰਘ ਥਿੰਦ, ਇੰਸਪੈਕਟਰ ਪ੍ਰੇਮ ਕੁਮਾਰ ਸ਼ਰਮਾ, ਅਤੇ ਹੋਰ ਵਲੰਟੀਅਰਾਂ ਤੇ ਅਹੁਦੇਦਾਰਾਂ ਨੇ ਉਕਤ ਆਗੂਆਂ ਦੀਆਂ ਪੰਜਾਬ ਪੱਧਰ ਦੀਆਂ ਇਨ੍ਹਾਂ ਨਿਯੁਕਤੀਆਂ ਤੇ ਖ਼ੁਸ਼ੀ ਦਾ ਇਜ਼ਹਾਰ ਕਰਦਿਆਂ ਹੋਇਆਂ ਫੁੱਲਾਂ ਦੇ ਗੁਲਦਸਤੇ ਅਤੇ ਦੁਸ਼ਾਲਿਆਂ ਨਾਲ਼ ਇਨ੍ਹਾਂ ਦੋਹਾਂ ਹੀ ਆਗੂਆਂ ਦਾ ਬਣਦਾ ਮਾਣ-ਸਨਮਾਨ ਕੀਤਾ।
ਜ਼ਿਕਰਯੋਗ ਹੈ ਕਿ ਪਿਛਲੇ 13 ਸਾਲਾਂ ਤੋਂ ਪਾਰਟੀ ਨਾਲ਼ ਜੁੜੇ ਹੋਏ ਕੰਵਰ ਇਕਬਾਲ ਸਿੰਘ ਨੂੰ ਪਾਰਟੀ ਨੇ ਸਾਲ 2016 ਤੋਂ 2020 ਤੱਕ ਪੰਜਾਬ ਦੀ 5 ਮੈਂਬਰੀ ਸਭਿਆਚਾਰਕ ਕਮੇਟੀ ਦੇ ਮੈਂਬਰ ਵਜੋਂ ਸੇਵਾ ਲਾਈ ਸੀ । ਪੂਰੇ ਪੰਜਾਬ ਵਿੱਚ ਇਨ੍ਹਾਂ ਨੇ ਸੱਭਿਆਚਾਰਕ ਕਮੇਟੀਆਂ ਬਣਾ ਕੇ ਪਾਰਟੀ ਦਾ ਡਟ ਕੇ ਪਰਚਾਰ ਕੀਤਾ ਅਤੇ ਕਰਵਾਇਆ । ਇਸ ਅਹੁਦੇ ਦੇ ਨਾਲ-ਨਾਲ ਇਨ੍ਹਾਂ ਨੇ ਜ਼ਿਲ੍ਹਾ ਮੀਡੀਆ ਇੰਚਾਰਜ ਅਤੇ ਜ਼ਿਲ੍ਹਾ ਪ੍ਰਧਾਨ “ਆਪ” ਵਪਾਰ ਮੰਡਲ ਕਪੂਰਥਲਾ, ਜ਼ਿਲ੍ਹਾ ਕੋਆਰਡੀਨੇਟਰ “ਆਪ” ਟ੍ਰੇਡ ਵਿੰਗ ਕਪੂਰਥਲਾ, ਬਲਾਕ ਪ੍ਰਭਾਰੀ ਸੁਲਤਾਨਪੁਰ ਲੋਧੀ ਵਜੋਂ ਵੀ ਪਾਰਟੀ ਨੂੰ ਬਾਖ਼ੂਬੀ ਆਪਣੀਆਂ ਸੇਵਾਵਾਂ ਦਿੱਤੀਆਂ, ਅਤੇ ਦੇ ਰਹੇ ਹਨ ! 2017 ਅਤੇ 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਨ੍ਹਾਂ ਦੀ ਉਮੀਦਵਾਰ ਵਜੋਂ ਮਜ਼ਬੂਤ ਦਾਅਵੇਦਾਰੀ ਸੀ, ਅਤੇ ਆਗਾਮੀ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਸਾਫ਼ ਸੁਥਰੀ ਛਵੀ ਵਾਲੇ ਇਸ ਆਗੂ ਨੂੰ ਮਜ਼ਬੂਤ ਦਾਅਵੇਦਾਰ ਵਜੋਂ ਵੇਖਿਆ ਜਾ ਰਿਹਾ ਹੈ ।
ਉੱਘੇ ਸਮਾਜ ਸੇਵਕ ਵਜੋਂ ਇਲਾਕੇ ਵਿੱਚ ਸਾਫ਼-ਸੁਥਰੀ ਦਿਖ ਰੱਖਣ ਵਾਲੇ ਕੰਵਰ ਇਕਬਾਲ ਸਿੰਘ ਬਤੌਰ ਪੰਜਾਬੀ ਕੌਮਾਂਤਰੀ ਸ਼ਾਇਰ ਵੀ ਪੂਰੀ ਦੁਨੀਆਂ ਵਿੱਚ ਆਪਣਾਂ ਵਿਸ਼ੇਸ਼ ਰੁਤਬਾ ਕਾਇਮ ਕੀਤਾ ਹੋਇਆ ਹੈ । ਇਨ੍ਹਾਂ ਦੇ ਲਿਖੇ ਹੋਏ ਸਾਹਿਤਕ, ਸਭਿਆਚਾਰਕ, ਸਮਾਜਿਕ, ਰਾਜਨੀਤਿਕ ਅਤੇ ਧਾਰਮਿਕ ਗੀਤ ਪੂਰੀ ਦੁਨੀਆਂ ਵਿੱਚ ਚਲਦੇ ਓਨ ਲਾਈਨ ਅਤੇ ਸੈਟੇਲਾਈਟ ਰੇਡੀਓ ਟੀਵੀ ਚੈਨਲਾਂ ਤੇ ਚੱਲ ਰਹੇ ਹਨ । ਕੁੱਲ ਦੁਨੀਆਂ ਵਿੱਚ ਛਪਦੇ ਸਾਹਿਤਕ, ਸਭਿਆਚਾਰਕ ਅਤੇ ਧਾਰਮਿਕ ਮੈਗ਼ਜ਼ੀਨਾਂ ਅਤੇ ਅਖ਼ਬਾਰਾਂ ਵਿੱਚ ਸਮੇਂ-ਸਮੇਂ ਪ੍ਰਕਾਸ਼ਿਤ ਹੋ ਰਹੇ ਹਨ । ਵੱਖ-ਵੱਖ ਨਾਮਵਰ ਪੰਜਾਬੀ ਗਾਇਕਾਂ ਵੱਲੋਂ ਸਮੇਂ-ਸਮੇਂ ਇਕਬਾਲ ਜੀ ਦੇ ਗੀਤਾਂ ਦਾ ਗਾਇਨ ਕੀਤਾ ਜਾ ਰਿਹਾ ਹੈ ।
ਪੰਜਾਬ ਪੱਧਰ ਦੀ “ਪੰਜਾਬ ਸਟੇਟ ਕੌਂਸਲ ਸਾਇੰਸ ਅਤੇ ਟੈਕਨੋਲੋਜੀ ਵਿਭਾਗ ਪੰਜਾਬ” ਦੀ 3 ਮੈਂਬਰੀ ਕਮੇਟੀ ਵਿੱਚ ਕੰਵਰ ਇਕਬਾਲ ਸਿੰਘ ਨੂੰ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੈਂਬਰ ਵਜੋਂ ਰਵੀ ਪ੍ਰਕਾਸ਼ ਸ਼ਰਮਾ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਨਿਯੁਕਤ ਕੀਤੇ ਜਾਣ ਉਪਰੰਤ ਸ਼ਾਇਰ ਕੰਵਰ ਇਕਬਾਲ ਸਿੰਘ, ਰਵੀ ਪ੍ਰਕਾਸ਼ ਸ਼ਰਮਾ ਅਤੇ ਪਾਰਟੀ ਦੇ ਹੋਰ ਆਗੂਆਂ ਨੇ ਪਾਰਟੀ ਹਾਈ ਕਮਾਂਡ ਦਾ ਤਹਿ ਦਿਲੋਂ ਧੰਨਵਾਦ ਕੀਤਾ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly