ਫਿਲੌਰ, ਅੱਪਰਾ (ਜੱਸੀ)-ਮਹਿੰਦਰ ਸੂਦ ਤੋਂ ਮਹਿੰਦਰ ਸੂਦ ਵਿਰਕ ਬਣੇ ਸੂਦ ਸਾਹਿਬ ਨੇ ਆਪਣਾ ਪਹਿਲਾ ਕਾਵਿ ਸੰਗ੍ਰਹਿ “ਸੱਚ ਦਾ ਹੋਕਾ” ਈ ਪੁਸਤਕ ਦੇ ਰੂਪ ਵਿੱਚ ਪਾਠਕਾਂ ਦੀ ਸੱਥ ਵਿੱਚ ਰੱਖਿਆ ਹੈ, ਜਿਸ ਨੂੰ ਖੁਸ਼ ਆਮਦੀਦ ਕਹਿਣਾ ਬਣਦਾ ਹੈ। ਇਸ ਨੇ ਇਹ ਪੁਸਤਕ ਆਪਣੇ ਸਵਰਗਵਾਸੀ ਪਿਤਾ ਸ੍ਰੀ ਗੁਲਜ਼ਾਰ ਚੰਦ ਸੂਦ ਨੂੰ ਸਮਰਪਿਤ ਕੀਤੀ ਹੈ ਤੇ ਇਸ ਈ ਪੁਸਤਕ ਨੂੰ ਬੜੀ ਹੀ ਮਿਹਨਤ ਨਾਲ ਸੰਪਾਦਕ ਕੀਤਾ ਹੈ ਕੁਮਾਰੀ ਅਮਨਦੀਪ ਬੱਧਣ ਨੇ।
ਪੁਸਤਕ ਦੇ ਕੁੱਲ 48 ਪੰਨੇ ਹਨ ਤੇ ਛੋਟੀਆਂ ਵੱਡੀਆਂ ਰਚਨਾਵਾਂ ਕੁੱਲ 43 ਹਨ ਜਿਨ੍ਹਾਂ ਵਿਚ ਲੇਖਕ ਨੇ ਵੱਖ ਵੱਖ ਵਿਸ਼ਿਆਂ ਨੂੰ ਛੂਹਿਆ ਹੈ ਜੋ ਕਿ ਵਧੀਆ ਉਪਰਾਲਾ ਹੈ।

ਸੂਦ ਸਾਹਿਬ ਨੇ ਥੋੜ੍ਹੇ ਸਮੇਂ ਤੋਂ ਲਿਖਣ ਤੇ ਛਪਣ ਵਿੱਚ ਤੇਜੀ ਲਿਆਂਦੀ ਹੈ ਜਿਸ ਦਾ ਨਤੀਜਾ ਹੱਥਲੀ ਪੁਸਤਕ ਹੈ। ਰਚਨਾਵਾਂ ਵਿੱਚ ਲੇਖਕ/ਸ਼ਾਇਰ ਨੇ ਲਿਖਣ ਵੇਲੇ ਆਪਣੇ ਖਿਆਲਾਂ ਨੂੰ ਪ੍ਰਮੁੱਖ ਰੱਖਿਆ ਹੈ ਤੇ ਉਹ ਪਿੰਗਲ-ਆਰੂਜ਼ ਦੇ ਨਿਯਮਾਂ ਤੋਂ ਅਣਭਿੱਜ ਰਿਹਾ ਹੈ। ਉਸ ਦੇ ਕੋਲ ਕਹਿਣ ਲਈ ਬਹੁਤ ਕੁੱਝ ਹੈ ਜਿਸ ਨੂੰ ਬੇਬਾਕੀ ਨਾਲ ਉਹ ਕਹਿੰਦਾ ਆ ਰਿਹਾ ਹੈ।
ਪੁਸਤਕ ਵਿੱਚ ਉਸਨੇ ਪਹਿਲੀ ਕਵਿਤਾ “ਬਾਪੂ ਤੇਰਾ ਪੁੱਤ” ਆਪਣੇ ਪਿਤਾ ਨੂੰ ਸਮਰਪਿਤ ਕੀਤੀ ਹੈ, ਜਿਸ ਨੂੰ ਉਸ ਨੇ ਉਸ ਦੇ ਸਿਵੇ ਸਾਹਵੇ ਬੈਠ ਕੇ ਲਿਖਿਆ ਜਾਪਦਾ ਹੈ ਤੇ ਆਖਰ ਵਿੱਚ ਉਹ ਹੋਕਾ ਦਿੰਦਾ ਹੈ ਕਿ
“ਸਮਾਜ ਨੂੰ ਸੇਧ ਦੇਣ ਲਈ
ਸੱਚ ਦਾ ਹੋਕਾ ਦੇਣ ਵਾਲੇ
ਕੁੱਝ ਵਿਰਲੇ ਹੀ ਹੁੰਦੇ ਹਨ।”
ਕੁੱਲ ਮਿਲਾ ਕੇ ਪੁਸਤਕ ਪੜ੍ਹਨਯੋਗ ਹੈ ਤੇ ਪਾਠਕਾਂ ਦੇ ਮਨਾਂ ਵਿੱਚ ਧੁਰ ਅੰਦਰ ਤੱਕ ਲਹਿ ਜਾਣ ਵਾਲੀ ਹੈ। ਆਉਣ ਵਾਲੇ ਸਮੇਂ ਵਿੱਚ ਲੇਖਕ ਤੋਂ ਹੋਰ ਵਧੀਆ ਰਚਨਾਵਾਂ ਦੀ ਆਸ ਰੱਖਦੇ ਹੋਏ ਇਸ ਪਹਿਲੀ ਕਿਰਤ ਨੂੰ ਖੁਸ਼ ਆਮਦੀਦ ਕਹਿੰਦਾ ਹਾਂ। ਧੰਨਵਾਦ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly