(ਸਮਾਜ ਵੀਕਲੀ)
ਦੀਪੋ ਦੇ ਪਤੀ ਦੀ ਤਿੰਨ ਸਾਲ ਪਹਿਲਾਂ ‘ਹਰਟ ਅਟੈਕ’ ਨਾਲ ਮੌਤ ਹੋ ਗਈ ਸੀ। ਦੀਪੋ ਦੀਆਂ ਦੋ ਕੁੜੀਆਂ ਤੇ ਇੱਕ ਮੁੰਡਾ ਸੀ। ਵੱਡੀ ਕੁੜੀ ਪਲੱਸ ਟੂ ਕਰਕੇ ਘਰ ਬੈਠੀ ਸੀ।ਉਸ ਨੂੰ ਅੱਗੇ ਪੜ੍ਹਾਉਣ ਦੀ ਦੀਪੋ ਵਿੱਚ ਹਿੰਮਤ ਨਹੀਂ ਸੀ।ਅਖੀਰ ਉਸ ਨੇ ਇੱਕ ਪ੍ਰਾਈਵੇਟ ਨੌਕਰੀ ਕਰਦਾ ਮੁੰਡਾ ਲੱਭ ਕੇ ਉਸ ਦੇ ਹੱਥ ਪੀਲੇ ਕਰਨ ਦਾ ਫੈਸਲਾ ਕਰ ਲਿਆ।
ਉਸ ਨੇ ਘੱਟ ਮੁੱਲ ਵਾਲੇ ਵਿਆਹ ਦੇ ਕਾਰਡ ਛਪਾਏ।ਉਹ ਸਭ ਤੋਂ ਪਹਿਲਾਂ ਵਿਆਹ ਦਾ ਕਾਰਡ ਤਰਸੇਮ ਸਿੰਘ ਜ਼ਿਮੀਂਦਾਰ ਦੇ ਘਰ ਵੱਲ ਲੈ ਕੇ ਤੁਰ ਪਈ। ਉਹ ਉਸ ਦੇ ਖੇਤਾਂ ਵਿੱਚ ਕਦੇ ਮਟਰ ਤੋੜਨ ਤੇ ਕਦੇ ਮੱਕੀ ਵੱਢਣ ਜਾਂਦੀ ਸੀ। ਤਰਸੇਮ ਸਿੰਘ ਜ਼ਿਮੀਂਦਾਰ ਦੇ ਘਰ ਪਹੁੰਚ ਕੇ ਦੀਪੋ ਨੇ ਬੜੀ ਹਲੀਮੀ ਨਾਲ ਆਖਿਆ,” ਮੈਂ ਆਪਣੀ ਕੁੜੀ ਦਾ ਵਿਆਹ ਏਸੇ ਮਹੀਨੇ ਦੀ ਵੀਹ ਤਰੀਕ ਦਾ ਰੱਖਿਆ ਆ।ਆ ਲਉ ਉਸ ਦੇ ਵਿਆਹ ਦਾ ਕਾਰਡ। ਵੀਹ ਤਰੀਕ ਨੂੰ ਸਾਡੇ ਘਰ ਜ਼ਰੂਰ ਆਇਓ।”
ਤਰਸੇਮ ਸਿੰਘ ਜ਼ਿਮੀਂਦਾਰ ਨੇ ਉਸ ਤੋਂ ਵਿਆਹ ਦਾ ਕਾਰਡ ਲੈਂਦੇ ਹੋਏ ਆਖਿਆ,” ਆਹ ਲੈ ਸ਼ਗਨ ਦਾ ਸੌ ਰੁਪਿਆ। ਮੈਂ ਵਿਆਹ ਵਾਲੇ ਦਿਨ ਤੇਰੇ ਘਰ ਸ਼ੈਦ ਨਾ ਆ ਸਕਾਂ, ਪਰ ਮੈਂ ਕਿਸੇ ਨਾ ਕਿਸੇ ਨੂੰ ਵਿਆਹ ਤੇ ਜ਼ਰੂਰ ਭੇਜਾਂਗਾ।”
ਇਹ ਸੁਣ ਕੇ ਦੀਪੋ ਸੁੰਨ ਜਹੀ ਹੋ ਗਈ। ਉਹ ਤਾਂ ਘਰ ਤੋਂ ਇਹ ਸੋਚ ਕੇ ਆਈ ਸੀ ਕਿ ਤਰਸੇਮ ਸਿੰਘ ਜ਼ਿਮੀਂਦਾਰ ਦੇ ਪੱਚੀ ਕਿੱਲੇ ਜ਼ਮੀਨ ਦੇ ਆ।ਹਰ ਸਾਲ ਝੋਨਾ, ਮਟਰ, ਆਲੂ ਤੇ ਮੱਕੀ ਬਥੇਰੀ ਹੁੰਦੀ ਆ।ਉਸ ਦੇ ਘਰ ਕਿਸੇ ਚੀਜ਼ ਦਾ ਘਾਟਾ ਨਹੀਂ। ਉਹ ਉਸ ਦੀ ਵਿਆਹ ਵਿੱਚ ਚੰਗੀ ਮਦਦ ਕਰੇਗਾ, ਪਰ ਉਹ ਤਾਂ ਨਿਰਾ ਗੋਹਾ ਨਿਕਲਿਆ। ਉਸ ਨੇ ਨਾ ਚਾਹੁੰਦਿਆਂ ਹੋਇਆਂ ਵੀ ਸੌ ਰੁਪਏ ਦਾ ਨੋਟ ਫੜ ਲਿਆ ਤੇ ਮੂੰਹ ਲਟਕਾ ਕੇ ਉਸ ਦੇ ਘਰ ਤੋਂ ਤੁਰ ਪਈ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਸਾਮ੍ਹਣੇ ਅੰਗਦ ਸਿੰਘ ਐਕਸ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly