ਵਿਲੱਖਣ ਜਾਣਕਾਰੀ ਭਰਪੂਰ ਵੈਬਸਾਈਟਸ

ਜਗਜੀਤ ਸਿੰਘ ‘ਗਣੇਸ਼ਪੁਰ’

(ਸਮਾਜ ਵੀਕਲੀ)

ਜੇਕਰ ਮੋਜੂਦਾ ਯੁੱਗ ਨੂੰ ਇੰਟਰਨੈੱਟ ਦਾ ਯੁੱਗ ਕਹਿ ਲਿਆ ਜਾਵੇ ਤਾਂ ਇਹ ਕੋਈ ਅਤਕਥਨੀ ਨਹੀਂ ਹੇਵੇਗੀ, ਸੂਚਨਾ ਤਕਨੀਕ ਖੇਤਰ ਨੇ ਸਾਡੇ ਸਾਹਮਣੇ ਜੋ ਭਵਿੱਖ ਦੇ ਮੌਕੇ ਅਤੇ ਰਾਹ ਖੋਲੇ ਹਨ ਜਿਸ ਦੀ ਪਿਛਲੇ ਸਮੇਂ ਵਿੱਚ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ ਸੀ। ਅੱਜ, ਕੰਪਿਊਟਰ ਅਤੇ ਇੰਟਰਨੈਟ, ਹਰ ਉਮਰ ਦੇ ਵਿਅਕਤੀ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਤੱਤ ਬਣ ਗਏ ਹਨ, ਖਾਸ ਕਰਕੇ ਨੌਜਵਾਨ ਪੀੜ੍ਹੀ ਕੰਪਿਊਟਰ ਦੀ ਮਦਦ ਨਾਲ ਬਹੁਤ ਸਾਰਾ ਕੰਮ ਕਰਦੀ ਹੈ। ਕੰਪਿਊਟਰ ਅਤੇ ਇੰਟਰਨੈੱਟ ਉਨ੍ਹਾਂ ਲਈ ਇੱਕ ਲਾਜ਼ਮੀ ਜਨੂੰਨ ਬਣ ਗਿਆ ਹੈ। ਅਸੀਂ ਅਜੇ ਵੀ ਇੰਟਰਨੈਟ ਕ੍ਰਾਂਤੀ ਦੇ ਪਹਿਲੇ ਦਿਨ ਦੇ ਪਹਿਲੇ ਮਿੰਟਾਂ ਵਿੱਚ ਹਾਂ। ਜੇਕਰ ਇੰਟਰਨੈੱਟ ਦੀ ਸਕਾਰਾਤਮਕ ਵਰਤੋਂ ਕੀਤੀ ਜਾਵੇ ਤਾਂ ਇਹ ਅਜੋਕੀ ਪੀੜੀ ਲਈ ਇੱਕ ਸੁਨਹਿਰੀ ਵਰਦਾਨ ਹੈ ਕਿਉਂਕਿ ਜੋ ਗਿਆਨ ਦਾ ਭੰਡਾਰ ਅੱਜ ਦੀ ਪੀੜੀ ਨੂੰ ਮਾਊਸ ਦੇ ਇੱਕ ਕਲਿੱਕ ਨਾਲ ਉਪਲਬਧ ਹੋ ਜਾਂਦਾ ਹੈ, ਅਜਿਹਾ ਪਿਛਲੇ ਸਮੇਂ ਵਿੱਚ ਪ੍ਰਾਪਤ ਕਰਨਾ ਸੰਭਵ ਨਹੀਂ ਸੀ। ਇੰਟਰਨੈੱਟ ਉਪਰ ਕਈ ਵਿਲੱਖਣ ਅਤੇ ਰੋਚਕ ਵੈਬਸਾਈਟ ਅਤੇ ਐਪਸ ਉਪਲਬਧ ਹਨ ਜਿੰਨਾ ਨੂੰ ਸਰਫ ਕਰਕੇ ਅਸੀਂ ਵੱਡਮੁੱਲਾ ਗਿਆਨ ਪ੍ਰਾਪਤ ਕਰ ਸਕਦੇ ਹਾਂ, ਸੋ, ਮੈਂ ਅੱਜ ਵੱਖ-ਵੱਖ ਖੇਤਰਾਂ ਨਾਲ ਸੰਬੰਧਿਤ ਕੁੱਝ ਰੋਚਕ ਅਤੇ ਵਿਲੱਖਣ ਜਾਣਕਾਰੀ ਨਾਲ ਭਰਪੂਰ ਵੈਬਸਾਈਟ ਲੈ ਕੇ ਆਇਆ ਹਾਂ ਉਮੀਦ ਹੈ ਕਿ ਪਾਠਕ ਪਸੰਦ ਕਰਨਗੇ। ਸੋ, ਆਓ ! ਸਭ ਤੋਂ ਪਹਿਲੀ ਉਸ ਵੈਬਸਾਈਟ ਬਾਰੇ ਜਾਣਦੇ ਹਾਂ ਜੋ ਕਿ ਇੰਟਰਨੈੱਟ ਦੇ ਤਾਜ਼ਾ ਅੰਕੜਿਆਂ ਨਾਲ ਹੀ ਸਬੰਧਤ ਹੈ:

https://www.internetlivestats.com/: ਇਹ ਵੈੱਬਸਾਈਟ ਤੁਹਾਨੂੰ ਬਹੁਤ ਹੀ ਦਿਲਚਸਪ ਅੰਕੜੇ ਲਾਈਵ ਵਿਖਾਉਂਦੀ ਹੈ ਜਿਵੇਂ ਮੌਜੂਦਾ ਸਮੇਂ ਇੰਟਰਨੈੱਟ ਉੱਪਰ ਕਿੰਨੇ ਯੂਜ਼ਰ ਹਨ, ਇੰਟਰਨੈੱਟ ਉੱਪਰ ਕਿੰਨੀਆਂ ਵੈੱਬਸਾਈਟ ਐਕਟਿਵ ਹਨ, ਰੋਜ਼ਾਨਾ ਕਿਸ ਗਿਣਤੀ ਵਿੱਚ ਈ-ਮੇਲ ਭੇਜੀਆਂ ਜਾਂਦੀਆਂ ਹਨ, ਰੋਜ਼ਾਨਾ ਗੂਗਲ ਵਿੱਚ ਕਿੰਨੀਆਂ ਸਰਚ ਕੀਤੀਆਂ ਜਾਂਦੀਆਂ ਹਨ, ਯੂਟਿਊਬ ਉੱਪਰ ਰੋਜ਼ਾਨਾ ਕਿੰਨੀਆਂ ਵੀਡੀਉਜ਼ ਵੇਖੀਆਂ ਜਾਂਦੀਆਂ ਹਨ, ਫੇਸਬੁੱਕ ਉੱਪਰ ਕਿੰਨੇ ਐਕਟਿਵ ਯੂਜ਼ਰ ਹਨ, ਟਵਿਟਰ ਉੱਪਰ ਕਿੰਨੇ ਟਵੀਟ ਕੀਤੇ ਗਏ, ਇੰਸਟਾਗ੍ਰਾਮ ਉੱਪਰ ਕਿੰਨੀਆਂ ਤਸਵੀਰਾਂ ਅੱਪਲੋਡ ਕੀਤੀਆ ਗਈਆਂ ਅਤੇ ਹੋਰ ਵੀ ਬਹੁਤ ਰੋਚਕ ਅਤੇ ਮਹੱਤਵਪੂਰਨ ਜਾਣਕਾਰੀ ਇਸ ਵੈੱਬਸਾਈਟ ਤੋਂ ਅਸਾਨੀ ਨਾਲ ਪ੍ਰਾਪਤ ਕੀਤੀ ਜਾ ਸਕਦੀ ਹੈ।

http://info.cern.ch/hypertext/WWW/TheProject.html :ਇੰਟਰਨੈੱਟ ਉੱਪਰ ਸਭ ਤੋਂ ਪਹਿਲ ਵੈੱਬ ਪੇਜ 6 ਅਗਸਤ 1991 ਨੂੰ ਜਾਰੀ ਹੋਇਆ ਸੀ, ਇਹ ਵੈੱਬ ਪੇਜ ਵਰਲਡ ਵਾਈਡ ਵੈੱਬ ਪ੍ਰੋਜੈਕਟ ਬਾਰੇ ਜਾਣਕਾਰੀ ਦੇਣ ਨੂੰ ਸਮਰਪਿਤ ਸੀ ਅਤੇ ਇਸ ਨੂੰ ਟਿਮ ਬਰਨਰਜ਼-ਲੀ ਦੁਆਰਾ ਬਣਾਇਆ ਗਿਆ ਸੀ। ਇਹ ਯੂਰਪੀਅਨ ਸੰਗਠਨ ਪ੍ਰਮਾਣੂ ਰਿਸਰਚ, ਸੀ.ਈ.ਆਰ.ਐਨ ਵਿਖੇ ਨੈਕਸਟ ਕੰਪਿਊਟਰ ਤੇ ਚੱਲਿਆ, ਪਹਿਲੇ ਵੈੱਬ ਪੇਜ ਦਾ ਪਤਾ  http://info.cern.ch/hypertext/WWW/TheProject.html ਸੀ । ਜਿਸ ਨੂੰ ਹੁਣ ਵੀ ਇੰਟਰਨੈੱਟ ਤੇ ਖੋਲ ਕੇ ਸਰਫ਼ ਕੀਤਾ ਜਾ ਸਕਦਾ ਹੈ।

http://www.ecourts.gov.in: 7 ਅਗਸਤ 2013 ਨੂੰ, ਭਾਰਤ ਦੇ ਮਾਨਯੋਗ ਚੀਫ਼ ਜਸਟਿਸ ਨੇ ਈ-ਕੋਰਟ ਪ੍ਰੋਜੈਕਟ ਦੇ ਈ-ਕੋਰਟ ਨੈਸ਼ਨਲ ਪੋਰਟਲ ਦੀ ਸ਼ੁਰੂਆਤ ਕੀਤੀ। 2852 ਤੋਂ ਵੱਧ ਜ਼ਿਲ੍ਹਿਆਂ ਅਤੇ ਤਾਲੁਕਾ ਅਦਾਲਤੀ ਕੰਪਲੈਕਸਾਂ ਨੇ NJDG (ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ) ਪੋਰਟਲ ‘ਤੇ ਆਪਣੀ ਮੌਜੂਦਗੀ ਸੁਰੱਖਿਅਤ ਕੀਤੀ ਹੈ। NJDG ਜ਼ਿਲ੍ਹਾ ਅਦਾਲਤਾਂ ਦੀ ਪੂਰੀ ਕਵਰੇਜ ਦੇ ਨਾਲ ਦੇਸ਼ ਭਰ ਦੀਆਂ ਅਦਾਲਤਾਂ ਲਈ ਆਦੇਸ਼ਾਂ/ਫੈਸਲਿਆਂ ਸਮੇਤ ਕੇਸ ਡੇਟਾ ਲਈ ਰਾਸ਼ਟਰੀ ਡੇਟਾ ਵੇਅਰਹਾਊਸ ਵਜੋਂ ਕੰਮ ਕਰ ਰਿਹਾ ਹੈ। ਇਸ ਪੋਰਟਲ ਵਿੱਚ ਤੁਸੀ ਵੱਖ-ਵੱਖ ਅਦਾਲਤਾਂ ਵਿੱਚ ਕੇਸ ਦਾ ਆਨਲਾਈਨ ਸਟੇਟਸ ਵੇਖ ਸਕਦੇ ਹੋ। ਇਸ ਲਈ ਤੁਹਾਡੇ ਕੋਲ ਪਾਰਟੀ ਦਾ ਨਾਮ, ਕੇਸ ਨੰਬਰ, ਕੇਸ ਦਾ ਸਾਲ ਆਦਿ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਤੁਸੀ ਦਿੱਤੇ ਹੋਏ ਵਿਕਲਪਾਂ ਵਿੱਚੋਂ ਆਪਣੇ ਰਾਜ ਦੀ ਹਾਈਕੋਰਟ ਜਾਂ ਜਿਲਾਂ ਅਦਾਲਤਾਂ ਵਿੱਚ ਚਲ ਰਹੇ ਕੇਸਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਪੋਰਟਲ ਦੇ ਹੈਲਪ ਮੀਨੂ ਨਾਮਕ ਲਿੰਕ ਉਪਰ ਜਾ ਕੇ ਤੁਸੀਂ ਇਸ ਵੈਬਸਾਈਟ ਉਪਰ ਸੂਚਨਾ ਪ੍ਰਾਪਤ ਕਰਨ ਸਬੰਧੀ ਸਹਾਇਤਾ ਲਈ ਵੀਡਿਓ ਵੀ ਵੇਖ ਸਕਦੇ ਹੋ।

https://translate.google.com/ ਗੂਗਲ ਟ੍ਰਾਂਸਲੇਟ ਇੱਕ ਬਹੁ-ਭਾਸ਼ਾਈ ਮਸ਼ੀਨ ਅਨੁਵਾਦ ਸੇਵਾ ਹੈ ਜੋ ਗੂਗਲ ਦੁਆਰਾ ਟੈਕਸਟ, ਦਸਤਾਵੇਜ਼ਾਂ ਅਤੇ ਵੈਬਸਾਈਟਾਂ ਦਾ ਇੱਕ ਭਾਸ਼ਾ ਤੋਂ ਦੂਜੀ ਵਿੱਚ ਅਨੁਵਾਦ ਕਰਨ ਲਈ 2006 ਵਿੱਚ ਵਿਕਸਤ ਕੀਤੀ ਗਈ ਹੈ। ਗੂਗਲ ਟ੍ਰਾਂਸਲੇਟ ਵੱਖ-ਵੱਖ ਪੱਧਰਾਂ ‘ਤੇ 109 ਭਾਸ਼ਾਵਾਂ ਦੇ ਸਮਰਥਨ ਦੀ ਯੋਗਤਾ ਰੱਖਦਾ ਹੈ ਅਤੇ ਰੋਜ਼ਾਨਾ 100 ਬਿਲੀਅਨ ਤੋਂ ਵੱਧ ਸ਼ਬਦਾਂ ਦਾ ਅਨੁਵਾਦ ਕੀਤਾ ਜਾਂਦਾ ਹੈ। ਸਮੇਂ-ਸਮੇਂ ਤੇ ਭਾਵੇ ਇਸ ਪੋਰਟਲ ਵਿੱਚ ਸੁਧਾਰ ਕੀਤੇ ਜਾ ਰਹੇ ਹਨ ਪਰੰਤੂ ਹਾਲੇ ਤੱਕ ਵੀ ਇਸ ਵਿੱਚ ਕੀਤੇ ਗਏ ਅਨੁਵਾਦ ਨੂੰ 100 ਫੀਸਦੀ ਸਹੀ ਨਹੀਂ ਮੰਨਿਆ ਜਾ ਸਕਦਾ, ਖਾਸਕਰ ਵੱਡੇ ਵਾਕਾਂ ਵਿੱਚ, ਫਿਰ ਵੀ ਬਹੁਤ ਹੱਦ ਤੱਕ ਇਸ ਸੇਵਾ ਨੂੰ ਲਾਹੇਵੰਦ ਕਿਹਾ ਜਾ ਸਕਦਾ ਹੈ। ਗੂਗਲ ਟਰਾਂਸਲੇਟ ਐਪ ਦੇ ਰੂਪ ਵਿੱਚ ਵੀ ਉਪਲਬਧ ਹੈ।

https://tinyurl.com: ਕਈ ਵਾਰ ਇਹ ਵੇਖਣ ਵਿੱਚ ਆਉਂਦਾ ਹੈ ਕਿ ਕਿਸੇ ਵੈਬ ਪੋਰਟਲ ਦਾ ਵੈਬ ਪਤਾ ਬੜਾ ਹੀ ਲੰਮਾ ਹੁੰਦਾ ਹੈ, ਜਿਸ ਨੂੰ ਉਪਰੋਕਤ ਵੈਬਸਾਈਟ ਦੀ ਸਹਾਇਤਾ ਨਾਲ ਛੋਟਾ ਕੀਤਾ ਜਾ ਸਕਦਾ ਹੈ। ਇਸ ਵੈੱਬਸਾਈਟ ਉਪਰ ਤੁਸੀ ਕਿਸੇ ਵੀ ਵੈੱਬ ਲਿੰਕ ਨੂੰ ਛੋਟੇ ਰੂਪ ਵਿੱਚ ਤਬਦੀਲ ਕਰ ਸਕਦੇ ਹੋ ਜਿਸ ਨੂੰ ਅਸਾਨੀ ਨਾਲ ਯਾਦ ਕੀਤਾ ਜਾ ਸਕਦਾ ਹੈ।

https://Virustotal.com: ਅੱਜ ਦੇ ਸਮੇਂ ਸਾਨੂੰ ਇੰਟਰਨੈੱਟ ਤੇ ਵੱਖ ਵੱਖ ਪ੍ਰਕਾਰ ਦੇ ਮਾਲਵੇਅਰ ਨਾਲ ਸਾਹਮਣਾ ਕਰਨਾ ਪੈਦਾ ਹੈ ਜੋ ਸਾਡੇ ਕੰਪਿਊਟਰ ਤੋਂ ਨਿੱਜੀ ਜਾਣਕਾਰੀ ਕਿਸੇ ਹੋਰ ਵਿਅਕਤੀ ਤੱਕ ਪਹੁੰਚਾਉਣ ਦਾ ਕੰਮ ਕਰਦੇ ਹਨ ਇਸ ਤੋਂ ਬਚਣ ਲਈ ਸਾਨੂੰ ਆਪਣੇ ਕੰਪਿਊਟਰ ਤੇ ਹਮੇਸ਼ਾ ਐਂਟੀ ਵਾਇਰਸ ਸਾਫ਼ਟਵੇਅਰ ਇੰਸਟਾਲ ਕਰਨਾ ਚਾਹੀਦਾ ਹੈ । ਇਨਾਂ ਵਿੱਚ ਬਹੁਤੇ ਸਾਫ਼ਟਵੇਅਰ ਦੀ ਸਾਨੂੰ ਕੀਮਤ ਦੇਣੀ ਪੈਂਦੀ ਹੈ ਜੇ ਤੁਸੀ ਮੁਫ਼ਤ ਵਿੱਚ ਕਿਸੇ ਫਾਈਲ ਨੂੰ ਸਕੈਨ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਇਸ ਵੈੱਬਸਾਈਟ ਤੇ ਵਿਜ਼ਟ ਕਰਨਾ ਪਵੇਗਾ। ਜੇ ਤੁਹਾਡੀ ਫਾਈਲ ਇਸ ਤਰਾਂ ਦੇ ਪ੍ਰੋਗਰਾਮ ਨਾਲ ਪ੍ਰਭਾਵਿਤ ਹੈ ਤਾਂ ਉਸ ਦੇ ਵਿੱਚ ਮੌਜੂਦ ਪ੍ਰਭਾਵਿਤ ਮਾਲਵੇਅਰ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ।

https://www.fireeye.com/cyber-map/threat-map.html: ਫਾਇਰ ਆਈ ਵੈੱਬਸਾਈਟ ਦਾ ਉੱਪਰੋਕਤ ਵੈੱਬ ਪੇਜ ਤੁਹਾਨੂੰ ਲਾਈਵ ਇੰਟਰਨੈੱਟ ਉੱਪਰ ਸਾਈਬਰ ਹਮਲੇ ਦੀ ਲੋਕੇਸ਼ਨ ਵਿਖਾਏਗਾ, ਨਾਲ ਹੀ ਉਸ ਦਿਨ ਦੇ ਕੁੱਲ ਕਿੰਨੇ ਹਮਲਿਆਂ ਦੀ ਗਿਣਤੀ ਵੀ ਦੱਸੇਗਾ।

http://www.panjabdigilib.org/: ਇਹ ਵੈਬਸਾਈਟ ਪੰਜਾਬ ਦੇ ਅਮੀਰ ਇਤਿਹਾਸ ਅਤੇ ਸੱਭਿਆਚਾਰ ਨੂੰ ਡਿਜੀਟਾਈਜਡ ਕਰਨ ਦੇ ਉਦੇਸ਼ ਨਾਲ ਹੋਂਦ ਵਿੱਚ ਆਈ, ਪੰਜਾਬ ਡਿਜੀਟਲ ਲਾਇਬ੍ਰੇਰੀ, ਇੱਕ ਗੈਰ ਸਰਕਾਰੀ ਸੰਸਥਾ ਹੈ ਜੋ ਪੰਜਾਬ ਦੀ ਸਭਿਆਚਾਰਕ ਵਿਰਾਸਤ ਨੂੰ ਕੰਪਿਊਟਰਾਈਜਡ (ਡਿਜੀਟਲ) ਤਰੀਕੇ ਨਾਲ ਸਾਂਭਣ ਦਾ ਕਾਰਜ 2003 ਤੋਂ ਕਰ ਰਹੀ ਹੈ। ਹੁਣ ਤੱਕ ਇਸ ਸੰਸਥਾ ਵਲੋ ਇਤਿਹਾਸਕ ਪਖੋਂ ਕਈ ਅਹਿਮ ਦਸਤਾਵੇਜ਼ ਡਿਜੀਟਾਈਜਡ ਕਰ ਕੇ ਆਨਲਾਈਨ ਪੇਸ਼ ਕੀਤੇ ਜਾ ਚੁਕੇ ਹਨ। ਇਹ ਸੰਸਥਾ ਆਨਲਾਈਨ ਰੂਪ ਵਿੱਚ 2009 ਵਿੱਚ ਨਾਨਕਸ਼ਾਹੀ ਟ੍ਰਸਟ ਦੀ ਵਿੱਤੀ ਸਹਾਇਤਾ ਨਾਲ ਸ਼ੂਰੂ ਕੀਤੀ ਗਈ ਸੀ। ਇਹ ਚੰਡੀਗੜ੍ਹ ਵਿਖੇ ਸਥਿਤ ਹੈ। ਇਸ ਵੈਬ ਪੋਰਟਲ ਉਪਰ ਪੁਰਾਤਨ ਖਰੜੇ, ਕਿਤਾਬਾਂ, ਤਸਵੀਰਾਂ, ਅਖ਼ਬਾਰ, ਮੈਗਜ਼ੀਨ, ਫੋਟੋਆਂ, ਆਦਿ ਉਪਲਬਧ ਹਨ ਜਿੰਨਾ ਨੂੰ ਘਰ ਬੈਠੇ ਹੀ ਆਨਲਾਈਨ ਪੜਿਆ,ਵੇਖਿਆ ਜਾ ਸਕਦਾ ਹੈ। ਜਿੰਨਾ ਵਿੱਚ ਪੰਜਾਬ ਭਾਸ਼ਾ ਵਿਭਾਗ, ਪਟਿਆਲਾ, ਸਰਕਾਰੀ ਅਜਾਇਬ ਘਰ ਅਤੇ ਆਰਟ ਗੈਲਰੀ ਚੰਡੀਗੜ੍ਹ, ਪੰਜਾਬ ਪੁਰਾਲੇਖ ਵਿਭਾਗ, ਚੰਡੀਗੜ੍ਹ, ਪੰਜਾਬ ਹੈਰੀਟੇਜ ਟੂਰਿਜ਼ਮ ਪ੍ਰਮੋਸ਼ਨ ਬੋਰਡ ਹੋਰ ਸੰਸਥਾਵਾਂ ਦੇ ਖਰੜੇ ਵੀ ਸ਼ਾਮਿਲ ਹਨ। ਇਸ ਲਾਇਬ੍ਰੇਰੀ ਦਾ ਉਦੇਸ਼ ਲਿਪੀ, ਭਾਸ਼ਾ, ਧਰਮ, ਕੌਮੀਅਤ ਜਾਂ ਹੋਰ ਭੌਤਿਕ ਸਥਿਤੀ ਦੇ ਭੇਦਭਾਵ ਤੋਂ ਬਿਨਾਂ, ਪੰਜਾਬ ਖੇਤਰ ਦੇ ਸੰਚਿਤ ਗਿਆਨ ਨੂੰ ਲੱਭਣਾ, ਡਿਜੀਟਾਈਜ਼ ਕਰ ਕੇ ਆਮ ਲੋਕਾਂ ਤੱਕ ਪਹੁੰਚਯੋਗ ਬਣਾਉਣਾ ਹੈ। ਪੰਜਾਬ ਡਿਜੀਟਲ ਲਾਇਬ੍ਰੇਰੀ ‘ਤੇ ਪੂਰੀ ਖਰੜੇ, ਕਿਤਾਬ, ਅਖਬਾਰ ਜਾਂ ਕਿਸੇ ਵੀ ਸਮੱਗਰੀ ਨੂੰ ਯੋਜਨਾਬੱਧ ਢੰਗ ਨਾਲ ਡਾਊਨਲੋਡ ਕਰਨ ਦੀ ਸਖ਼ਤ ਮਨਾਹੀ ਹੈ। ਇਸ ਸੰਸਥਾ ਨੂੰ ਵੀ ਫੇਸਬੁੱਕ ਅਤੇ ਟਵਿਟਰ ਉਪਰ ਫੋਲੋ ਕੀਤਾ ਜਾ ਸਕਦਾ ਹੈ।

http://www.punjabipedia.org/ : ਪੰਜਾਬੀ ਯੂਨੀਵਰਸਿਟੀ ਪਟਿਆਲਾ ਜਿਸ ਦੀ ਸਥਾਪਨਾ ਹੀ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ, ਪਚਾਰ ਅਤੇ ਪਰਸਾਰ ਲਈ ਕੀਤੀ ਗਈ ਸੀ। ਇਸ ਹੀ ਮੰਤਵ ਨੂੰ ਮੁੱਖ ਰੱਖਦੇ ਹੋਏ ਯੂਨੀਵਰਸਿਟੀ ਪਿਛਲੇ ਸਮੇਂ ਤੋਂ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾ ਦੀ ਪ੍ਰਫੁਲਤਾ ਲਈ ਵਿਸ਼ੇਸ਼ ਕਾਰਜ ਕੀਤੇ ਗਏ ਹਨ। ਸੂਚਨਾ ਤਕਨੀਕ ਦੇ ਯੁੱਗ ਵਿੱਚ ‘ਪੰਜਾਬੀਪੀਡੀਆ’ ਰਾਹੀਂ ਪੰਜਾਬੀ ਭਾਸ਼ਾ ਦੀ ਸਮੱਗਰੀ ਨੂੰ ਇਟਰਨੈੱਟ ‘ਤੇ ਮੁਹੱਈਆ ਕਰਵਾਉਣਾ ਇਕ ਸਾਰਥਕ ਕਦਮ ਹੈ। ਪੰਜਾਬੀ ਪੀਡੀਆ ਦੀ ਵੈਬਸਾਈਟ ਉਪਰ ਇਸ ਦੇ ਹੋਂਦ ਵਿੱਚ ਆਉਣ ਦਾ ਮਕਸਦ ਇੰਝ ਪਰਿਭਾਸ਼ਿਤ ਕੀਤਾ ਗਿਆ ਹੈ, “ਪੰਜਾਬੀ ਭਾਸ਼ਾ ਨੂੰ ਅੱਜ ਦੇ ਸਮੇਂ ਦੇ ਹਾਣ ਦੀ ਭਾਸ਼ਾ ਬਣਾਉਣ ਲਈ ਅਤੇ ਸਮੂਹ ਪੰਜਾਬੀਆਂ ਨੂੰ ਆਪਣੀ ਭਾਸ਼ਾ, ਸਭਿਆਚਾਰ ਨਾਲ ਜੋੜਨ ਦੇ ਮਕਸਦ ਅਧੀਨ ਪੰਜਾਬੀ ਪੀਡੀਆ ਸੈਂਟਰ ਦੀ ਸਥਾਪਨਾ 26 ਫ਼ਰਵਰੀ 2014 ਨੂੰ ਕੀਤੀ ਗਈ ਹੈ। ਪੰਜਾਬੀਪੀਡੀਆ ਦੇ ਅੰਤਰਗਤ ਪੰਜਾਬੀ ਭਾਸ਼ਾ ਦੇ ਹਰ ਖੇਤਰ ਨਾਲ ਸਬੰਧਿਤ ਸਮੱਗਰੀ ਇੰਟਰਨੈੱਟ ‘ਤੇ ਮੁਹੱਈਆ ਕਰਵਾਈ ਜਾ ਰਹੀ ਹੈ। ਇਸਦੇ ਅੰਤਰਗਤ ਸਿੱਖਿਆ, ਵਿਗਿਆਨ, ਕਲਾ, ਧਰਮ, ਸਮਾਜ, ਨਾਵਾਂ ਅਤੇ ਥਾਵਾਂ ਨਾਲ ਸਬੰਧਿਤ ਸਮੱਗਰੀ ਨੂੰ ਆਨਲਾਈਨ ਕਰਨ ਦੇ ਨਾਲ-ਨਾਲ ਪੰਜਾਬੀਪੀਡੀਆ ਪੰਜਾਬੀ ਭਾਸ਼ਾ ਦੇ ਆਨਲਾਈਨ ਤਕਨੀਕੀ ਵਿਕਾਸ ਪ੍ਰਤੀ ਨਿਰੰਤਰ ਕਾਰਜਸ਼ੀਲ ਹੈ।” ਇਸਦੇ ਨਾਲ ਇਸ ਸਰਚ ਇੰਜਣ ਵਿਚ ਸ਼ਬਦਾਂ ਨੂੰ ਲੱਭਣ ਦਾ ਤਰੀਕਾ ਵੀ ਆਸਾਨ ਰੱਖਿਆ ਗਿਆ ਹੈ। ਵਰਤੋਂਕਾਰ ਲਈ ਆਨ ਸਕਰੀਨ, ਫੋਨੈਟਿਕ, ਰਮਿੰਗਟਨ ਜਾਂ ਇਨਸਕਰਿਪਟ ਕੀ-ਬੋਰਡ ਦੀ ਸਹੂਲਤ ਮੁੱਹਈਆ ਕਰਵਾਈ ਗਈ ਹੈ।

https://www.punjabi-kavita.com: ਪੰਜਾਬੀ ਸਾਹਿਤ ਵਿੱਚ ਰੁਚੀ ਰੱਖਣ ਵਾਲਿਆ ਲਈ ਇਹ ਇਕ ਲਾਹੇਵੱਧ ਵੈਬਸਾਈਟ ਹੋ ਸਕਦੀ ਹੈ। ਇਸ ਵੈਬਸਾਈਟ ਉਪਰ ਪੰਜਾਬ ਦੇ ਨਾਮਵਰ ਕਵੀਆਂ(ਪੁਰਾਣੇ ਅਤੇ ਨਵੇਂ) ਦੀਆ ਰਚਨਾਵਾਂ ਤੁਸੀਂ ਪੜ ਸਕਦੇ ਹੋ। ਇਹ ਵੈਬਸਾਈਟ ਨਿਰੰਤਰ ਅਪਡੇਟ ਹੋ ਰਹੀ ਹੈ।

https://bhashavibhagpunjab.org/zilabhashadaftar.aspx: ਦੇਸ਼-ਵਿਦੇਸ਼ ਵਿਚ ਵਸਦੇ ਭਾਸ਼ਾ ਵਿਭਾਗ ਦੀ ਇਸ ਵੈੱਬਸਾਈਟ ਤੋਂ ਪੰਜਾਬ ਸਰਕਾਰ ਦੇ ਇਸ ਮਾਣਮੱਤੇ ਅਦਾਰੇ ਦੀ ਕਾਰਗੁਜ਼ਾਰੀ ਤੇ ਪ੍ਰਾਪਤੀਆਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਵੈਬਸਾਈਟ ਦੇ ਮੁੱਖ ਲਿੰਕ ਜਿੰਨਾ ਵਿੱਚ ਪੰਜਾਬੀ ਵਿਸ਼ਵਕੋਸ਼, ਪੰਜਾਬ ਕੋਸ਼, ਕੋਸ਼ਕਾਰੀ, ਅਨੁਵਾਦ, ਲਿਪੀਅੰਤਰਣ, ਸੰਪਾਦਨ, ਸ਼ਬਦਾਵਲੀ, ਖੇਤਰ, ਵਿਭਾਗੀ ਰਸਾਲਾ, ਪ੍ਰਕਾਸ਼ਨ, ਵਿਕਰੀ ਕੇਂਦਰ, ਕੰਪਿਊਟਰ ਵਿੰਗ, ਪੇਪਰ ਬੈਕ, ਸਰਵੇਖਣ, ਭਾਸ਼ਾਵਾਂ ਦਾ ਵਿਕਾਸ ਲਿੰਕ: ਪੰਜਾਬੀ ਵਿਕਾਸ ਸਕੀਮਾਂ, ਹਿੰਦੀ ਵਿਕਾਸ ਸਕੀਮਾਂ, ਉਰਦੂ ਵਿਕਾਸ ਸਕੀਮਾਂ
ਸੰਸਕ੍ਰਿਤ ਵਿਕਾਸ ਸਕੀਮਾਂ, ਹਵਾਲਾ ਲਾਇਬ੍ਰੇਰੀ, ਪੰਜਾਬੀ ਪ੍ਰਚਾਲਣ ਸਬੰਧੀ ਹਦਾਇਤਾਂ, ਰਾਜ ਸਲਾਹਕਾਰ ਬੋਰਡ, ਵਿਭਾਗੀ ਨਿਯਮ, ਸੂਚਨਾ ਅਧਿਕਾਰ ਐਕਟ, ਰਾਜ ਭਾਸ਼ਾ ਐਕਟ ਆਦਿ ਵਿੱਚੋਂ ਵਿਭਾਗ ਦੇ ਵੱਡਮੁੱਲੇ ਕਾਰਜਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਪਿਛਲੇ ਕੁੱਝ ਸਮੇਂ ਤੋਂ ਭਾਸ਼ਾ ਵਿਭਾਗ ਪੰਜਾਬ ਨੇ ਸਮੇਂ ਦੇ ਹਾਣੀ ਬਣਨ ਲਈ ਹੋਰ ਨਵੇਂ ਕਾਰਜ ਵੱਡੇ ਪੱਧਰ ਉਪਰ ਆਰੰਭੇ ਹਨ।

www.sikhmarg.com/converter/: ਇਸ ਆਨਲਾਈਨ ਵੈਬ ਪੋਰਟਲ ਉਪਰ ਤੁਸੀਂ ਅਨਮੋਲ ਲਿਪੀ, ਗੁਰਬਾਣੀ ਲਿਪੀ, ਚਾਤਰਿਕ/ਚਾਤਰਿਕ ਵੈੱਬ, ਅਸੀਸ ਅਤੇ ਸੱਤਲੁਜ ਫੌਂਟ ਵਿੱਚ ਟਾਈਪ ਕੀਤੀ ਲਿਖਤ ਨੂੰ ਮਾਊਸ ਦੇ ਇਕ ਕਲਿੱਕ ਨਾਲ ਯੁਨੀਕੋਡ ਵਿੱਚ ਤਬਦੀਲ ਕਰ ਸਕਦੇ ਹੋ। ਇਹੀ ਪ੍ਰਚਿਲਤ ਫੋਂਟ ਹਨ। ਜੇਕਰ ਕਿਸੇ ਫੋਂਟ ਫੇਮਿਲੀ ਵਿੱਚ ਕੋਈ ਅੱਖਰ ਵੱਖਰਾ ਹੈ ਤਾਂ ਯੁਨੀਕੋਡ ਵਿੱਚ ਅੱਖਰਮਾਲਾ ਦਾ ਵਿਕਲਪ ਦਿੱਤਾ ਗਿਆ ਹੈ ਜਿਸ ਨੂੰ ਅਸਾਨੀ ਨਾਲ ਕਾਪੀ ਪੇਸਟ ਕੀਤਾ ਜਾ ਸਕਦਾ ਹੈ।

https://jamabandi.punjab.gov.in: ਪੰਜਾਬ ਸਰਕਾਰ ਨੇ ਆਨਲਾਈਨ ਜਮੀਨ ਰਿਕਾਰਡ ਪੋਰਟਲ ਸ਼ੁਰੂ ਕੀਤਾ ਹੈ, ਅਸੀਂ ਸਾਰੇ ਜਾਣਦੇ ਹਾਂ ਕਿ ਜਮੀਨ ਸਬੰਧੀ ਵੇਰਵੇ ਬਹੁਤ ਮਹੱਤਵਪੂਰਨ ਹੁੰਦੇ ਹਨ: ਕਈ ਤਰ੍ਹਾਂ ਦੇ ਸਰਟੀਫਿਕੇਟ ਹਨ ਜੋ ਸਾਨੂੰ ਸਾਡੀ ਜ਼ਮੀਨ ਦੇ ਸਬੰਧ ਵਿੱਚ ਲੋੜੀਂਦੇ ਹਨ ਜਿਵੇਂ ਕਿ ਜਮ੍ਹਾਂਬੰਦੀ ਨਕਲ, ਜ਼ਮੀਨੀ ਰਿਕਾਰਡ ਪ੍ਰਮਾਣੀਕਰਣ, ਇੰਤਕਾਲ ਆਦਿ। ਹੁਣ ਤੁਸੀਂ ਘਰ ਬੈਠੇ ਹੀ ਆਨਲਾਈਨ ਜਿਵੇਂ: ਜਮਾਂਬੰਦੀ, ਇੰਤਕਾਲ, ਰੋਜਨਾਮਚਾ, ਰਜਿਸਟਰੀ ਤੋ ਬਾਦ ਇੰਤਕਾਲ ਦੀ ਸਥਿਤੀ ਆਦਿ ਬਾਰੇ ਜਾਣਕਾਰੀ ਮਾਊਸ ਦੇ ਕਲਿੱਕ ਨਾਲ ਪ੍ਰਾਪਤ ਕਰ ਸਕਦੇ ਹੋ। ਇਸ ਲਈ ਤੁਹਾਨੂੰ ਪਹਿਲਾ ਆਪਣਾ ਜਿਲ੍ਹਾ, ਤਹਿਸੀਲ, ਪਿੰਡ ਅਤੇ ਸਾਲ ਦਾ ਨਾਮ ਭਰਨਾ ਪਵੇਗਾ ਫਿਰ ਤੁਸੀ ਵੇਰਵਿਆਂ ਨੂੰ ਹੇਠ ਲਿਖੀਆਂ ਵਿਕਲਪਾਂ ਦੀ ਸਹਾਇਤਾ ਨਾਲ ਵੇਖ, ਪ੍ਰਿੰਟ ਕਰ ਸਕਦੇ ਹੋ: ਮਾਲਕ ਦੇ ਨਾਮ ਮੁਤਾਬਕ,ਖੇਵਟ ਨੰ: ਮੁਤਾਬਕ, ਖਸਰਾ ਨੰ: ਮੁਤਾਬਕ, ਖਤੌਨੀ ਨੰ: ਮੁਤਾਬਕ।

http://www.ecourts.gov.in: 7 ਅਗਸਤ 2013 ਨੂੰ, ਭਾਰਤ ਦੇ ਮਾਨਯੋਗ ਚੀਫ਼ ਜਸਟਿਸ ਨੇ ਈ-ਕੋਰਟ ਪ੍ਰੋਜੈਕਟ ਦੇ ਈ-ਕੋਰਟ ਨੈਸ਼ਨਲ ਪੋਰਟਲ ਦੀ ਸ਼ੁਰੂਆਤ ਕੀਤੀ। 2852 ਤੋਂ ਵੱਧ ਜ਼ਿਲ੍ਹਿਆਂ ਅਤੇ ਤਾਲੁਕਾ ਅਦਾਲਤੀ ਕੰਪਲੈਕਸਾਂ ਨੇ NJDG (ਨੈਸ਼ਨਲ ਜੁਡੀਸ਼ੀਅਲ ਡਾਟਾ ਗਰਿੱਡ) ਪੋਰਟਲ ‘ਤੇ ਆਪਣੀ ਮੌਜੂਦਗੀ ਸੁਰੱਖਿਅਤ ਕੀਤੀ ਹੈ। NJDG ਜ਼ਿਲ੍ਹਾ ਅਦਾਲਤਾਂ ਦੀ ਪੂਰੀ ਕਵਰੇਜ ਦੇ ਨਾਲ ਦੇਸ਼ ਭਰ ਦੀਆਂ ਅਦਾਲਤਾਂ ਲਈ ਆਦੇਸ਼ਾਂ/ਫੈਸਲਿਆਂ ਸਮੇਤ ਕੇਸ ਡੇਟਾ ਲਈ ਰਾਸ਼ਟਰੀ ਡੇਟਾ ਵੇਅਰਹਾਊਸ ਵਜੋਂ ਕੰਮ ਕਰ ਰਿਹਾ ਹੈ। ਇਸ ਪੋਰਟਲ ਵਿੱਚ ਤੁਸੀ ਵੱਖ-ਵੱਖ ਅਦਾਲਤਾਂ ਵਿੱਚ ਕੇਸ ਦਾ ਆਨਲਾਈਨ ਸਟੇਟਸ ਵੇਖ ਸਕਦੇ ਹੋ। ਇਸ ਲਈ ਤੁਹਾਡੇ ਕੋਲ ਪਾਰਟੀ ਦਾ ਨਾਮ, ਕੇਸ ਨੰਬਰ, ਕੇਸ ਦਾ ਸਾਲ ਆਦਿ ਦੀ ਜਾਣਕਾਰੀ ਹੋਣੀ ਚਾਹੀਦੀ ਹੈ। ਤੁਸੀ ਦਿੱਤੇ ਹੋਏ ਵਿਕਲਪਾਂ ਵਿੱਚੋਂ ਆਪਣੇ ਰਾਜ ਦੀ ਹਾਈਕੋਰਟ ਜਾਂ ਜਿਲਾਂ ਅਦਾਲਤਾਂ ਵਿੱਚ ਚਲ ਰਹੇ ਕੇਸਾਂ ਬਾਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ। ਇਸ ਪੋਰਟਲ ਦੇ ਹੈਲਪ ਮੀਨੂ ਨਾਮਕ ਲਿੰਕ ਉਪਰ ਜਾ ਕੇ ਤੁਸੀਂ ਇਸ ਵੈਬਸਾਈਟ ਉਪਰ ਸੂਚਨਾ ਪ੍ਰਾਪਤ ਕਰਨ ਸਬੰਧੀ ਸਹਾਇਤਾ ਲਈ ਵੀਡਿਓ ਵੀ ਵੇਖ ਸਕਦੇ ਹੋ।

https://sites.google.com/view/ppppjalandhar/: ਪੰਜਾਬ ਸਿੱਖਿਆ ਵਿਭਾਗ ਵੱਲੋਂ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਦਿਲਚਸਪੀ ਵਧਾਉਣ, ਵੱਖ-ਵੱਖ ਵਿਧੀਆਂ ਰਾਹੀਂ ਉਹਨਾਂ ਦੇ ਸਿਲੇਬਸ ਦੀ ਆਸਾਨ ਤਰੀਕੇ ਨਾਲ ਦੁਹਰਾਈ ਕਰਵਾਉਣ ਅਤੇ ਉਹਨਾਂ ਦੇ ਗਿਆਨ ਵਿਚ ਵਾਧਾ ਕਰਨ ਦੀ ਇਹ ਇਕ ਸਾਰਥਕ ਕੋਸ਼ਿਸ਼ ਕੀਤੀ ਗਈ ਹੈ। ਜੇਕਰ ਇਸ ਵੈਬਸਾਈਟ ਦਾ ਸੰਚਾਲਨ ਪੰਜਾਬ ਐਜੂਕੇਰ ਟੀਮ ਜਲੰਧਰ ਕਰ ਰਹੀ ਹੈ। ਇਸ ਵਿੱਚ ਵਿਦਿਆਰਥੀ ਦਾ ਕੋਨਾ, ਅਧਿਆਪਕਾਂ ਦਾ ਸਟੇਸ਼ਨ, ਨਤੀਜੇ ਅਤੇ ਮੁਲਾਕਣ, ਸਿਲੇਬਸ, ਡੇਟਸ਼ੀਟ, ਈ-ਪੁਸਤਕਾਂ, ਅੱਜ ਦਾ ਸ਼ਬਦ, ਉਡਾਣ ਸ਼ੀਟਸ ਆਦਿ ਵੈਬ ਪੰਨੇ ਵਿਦਿਆਰਥੀ ਅਤੇ ਅਧਿਆਪਕ ਵਰਗ ਦੀਆਂ ਲੋੜਾਂ ਨੂੰ ਮੁੱਖ ਰੱਖ ਕੇ ਬਣਾਏ ਗਏ ਹਨ। ਇਹ ਵੈਬਸਾਈਟ ਦਾ ਐਪ ਪੰਜਾਬ ਅੇਜੂਕੇਅਰ ਰੂਪ ਵਿੱਚ ਵੀ ਉਪਲਬਧ ਹੈ।

https://www.globalteacherprize.org/: ਗਲੋਬਲ ਟੀਚਰ ਪ੍ਰਾਈਜ਼ ਅਧਿਆਪਨ ਕਿਤੇ ਦੀ ਮਹੱਤਤਾ ਅਤੇ ਇਸ ਤੱਥ ਨੂੰ ਰੇਖਾਂਕਿਤ ਕਰਨ ਲਈ ਕੰਮ ਕਰਦਾ ਹੈ ਤਾਂ ਜੋ ਦੁਨੀਆ ਭਰ ਵਿੱਚ, ਉਹਨਾਂ ਦੇ ਯਤਨਾਂ ਨੂੰ ਮਾਨਤਾ ਮਿਲ ਸਕੇ। ਗਲੋਬਲ ਟੀਚਰ ਪ੍ਰਾਈਜ਼ ਇੱਕ ਮੀਲੀਅਨ ਅਮਰੀਕੀ ਡਾਲਰ ਪੁਰਸਕਾਰ ਹੈ ਜੋ ਹਰ ਸਾਲ ਇੱਕ ਬੇਮਿਸਾਲ ਅਧਿਆਪਕ ਨੂੰ ਦਿੱਤਾ ਜਾਂਦਾ ਹੈ ਜਿਸਨੇ ਆਪਣੇ ਪੇਸ਼ੇ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੋਵੇ। ਮੋਜੂਦਾ ਸਮੇਂ ਕਾਰਨ ਕੁੱਝ ਵੀ ਹੋਣ ਅਧਿਆਪਨ ਕਿਤੇ ਦੇ ਡਿੱਗ ਰਹੇ ਮਿਆਰ ਦੀਆਂ ਆ ਰਹੀਆਂ ਖੋਜਾਂ ਨੇ ਵਰਕੀ ਫਾਊਂਡੇਸ਼ਨ ਦੇ ਚੇਅਰਮੈਨ ਸੰਨੀ ਵਾਰਕੀ ਨੂੰ ਹੈਰਾਨ ਕਰ ਦਿੱਤਾ, ਜਿਸ ਦੇ ਮਾਤਾ-ਪਿਤਾ ਦੋਵੇਂ ਅਧਿਆਪਕ ਸਨ। ਉਸਨੇ ਪੇਸ਼ੇ ਦੀ ਪ੍ਰੋਫਾਈਲ ਨੂੰ ਪਹਿਚਾਨਣ/ਉਤਸ਼ਾਹਿਤ/ਵਧਾਉਣ ਦੇ ਉਦੇਸ਼ ਨਾਲ ਜਵਾਬ ਵਜੋਂ ਗਲੋਬਲ ਟੀਚਰ ਪ੍ਰਾਈਜ਼ ਦੀ ਸਥਾਪਨਾ ਕੀਤੀ। ਗਲੋਬਲ ਟੀਚਰ ਪ੍ਰਾਈਜ਼ ਲਈ ਬਿਨੈਕਾਰਾਂ ਦਾ ਨਿਰਣਾ ਇੱਕ ਅਸਾਧਾਰਣ ਅਧਿਆਪਕ ਦੀ ਪਛਾਣ ਕਰਨ ਲਈ ਮਾਪਦੰਡਾਂ ਦੇ ਅਧਾਰ ਉਪਰ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸੰਸਥਾ ਹੁਣ Chegg.org ਦੇ ਸਹਿਯੋਗ ਨਾਲ ਗਲੋਬਲ ਸਟੂਡੈਂਟ ਪ੍ਰਾਈਜ ਵੀ ਸ਼ੁਰੂ ਕੀਤਾ ਗਿਆ ਹੈ। ਗਲੋਬਲ ਸਟੂਡੈਂਟ ਪ੍ਰਾਈਜ਼ ਉਹਨਾਂ ਸਾਰੇ ਵਿਦਿਆਰਥੀਆਂ ਲਈ ਖੁੱਲ੍ਹਾ ਹੈ ਜੋ ਘੱਟੋ-ਘੱਟ 16 ਸਾਲ ਦੇ ਹਨ ਅਤੇ ਕਿਸੇ ਅਕਾਦਮਿਕ ਸੰਸਥਾ ਜਾਂ ਸਿਖਲਾਈ ਅਤੇ ਹੁਨਰ ਪ੍ਰੋਗਰਾਮ ਵਿੱਚ ਦਾਖਲ ਹਨ। ਪਾਰਟ ਟਾਈਮ ਵਿਦਿਆਰਥੀਆਂ ਦੇ ਨਾਲ-ਨਾਲ ਔਨਲਾਈਨ ਕੋਰਸਾਂ ਵਿੱਚ ਦਾਖਲਾ ਲੈਣ ਵਾਲੇ ਵਿਦਿਆਰਥੀ ਵੀ ਇਨਾਮ ਦੇ ਯੋਗ ਹਨ। ਇਸ ਵਕਾਰੀ ਪੁਰਸਕਾਰ ਲਈ ਅਪਲਾਈ ਫਰਵਰੀ ਅਤੇ ਅਪ੍ਰੈਲ ਦੇ ਮਹੀਨਿਆਂ ਵਿਚਕਾਰ ਕੀਤਾ ਜਾ ਸਕਦਾ ਹੈ। ਜੇਤੂ ਦਾ ਐਲਾਨ ਨਵੰਬਰ ਵਿੱਚ ਇੱਕ ਇਨਾਮ ਸਮਾਰੋਹ ਵਿੱਚ ਕੀਤਾ ਜਾਂਦਾ ਹੈ। ਭਾਰਤੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਪਿਛਲੇ ਸਮੇਂ ਰਣਜੀਤ ਸੀਂਹ ਦਿਲਾਸੇ ਜੋ ਕਿ ਮਹਾਰਾਸ਼ਟਰ ਸੂਬੇ ਵਿੱਚ ਇਕ ਪ੍ਰਾਇਮਰੀ ਸਕੂਲ ਵਿੱਚ ਅਧਿਆਪਨ ਦੀਆਂ ਬਹੁਪੱਖੀ ਸੇਵਾਵਾਂ ਨਿਭਾ ਰਹੇ ਹਨ ਉਨ੍ਹਾਂ ਨੂੰ ਇਸ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

https://ePunjabSchool.gov.in/: ਇਹ ਵੈਬਸਾਈਟ/ਐਪ ਪੰਜਾਬ ਸਿੱਖਿਆ ਵਿਭਾਗ ਦੇ ਐਮ.ਆਈ.ਐਸ ਵਿੰਗ ਦੁਆਰਾ ਬਣਾਈ ਗਈ ਹੈ। ਇਹ ਵੈੱਬ ਪੋਰਟਲ ਵਿਦਿਆਰਥੀਆਂ, ਅਧਿਆਪਕਾਂ, ਸਕੂਲ ਦੇ ਬੁਨਿਆਦੀ ਢਾਂਚੇ, ਹਾਜ਼ਰੀ ਆਦਿ ਨਾਲ ਸਬੰਧਤ ਜਾਣਕਾਰੀ ਦੇ ਪ੍ਰਬੰਧਨ ਲਈ ਆਨਲਾਈਨ ਸਾਫਟਵੇਅਰ ਹੈ। ਸਕੂਲ ਅਧਿਕਾਰੀਆਂ ਦੁਆਰਾ ਜਾਣਕਾਰੀ ਹਰ ਮਹੀਨੇ ਅਪਡੇਟ ਕੀਤੀ ਜਾਂਦੀ ਹੈ। ਤੁਸੀਂ ਕਿਸੇ ਵੀ ਪੰਜਾਬ ਦੇ ਸਕੂਲ ਬਾਰੇ ਜਾਣਕਾਰੀ ਇਸ ਦੇ ਸਕੂਲ ਵੈਬਸਾਈਟ ਲਿੰਕ ਉਪਰ ਜਾ ਕੇ ਅਸਾਨੀ ਨਾਲ ਪ੍ਰਾਪਤ ਕਰ ਸਕਦੇ ਹੋ। ਇਸ ਦਾ ਐਪ ਸੰਸਕਰਣ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ।

cspunjab.nirmancampus.co.in/index.php: ਇਸ ਵੈਬਸਾਈਟ ਉਪਰ ਕੰਪਿਊਟਰ ਸਾਇੰਸ ਵਿਸ਼ੇ ਨਾਲ ਸਬੰਧਤ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਲਈ ਵਿਸ਼ੇ ਨਾਲ ਸੰਬੰਧਿਤ ਸਹਾਇਕ ਸਮੱਗਰੀ ਟੈਕਸਟ ਅਤੇ ਵੀਡਿਓ ਦੇ ਰੂਪ ਵਿੱਚ ਸ਼ਾਮਿਲ ਕੀਤੀ ਗਈ ਹੈ। ਵੈਬਸਾਈਟ ਉਪਰ ਜਮਾਤ ਵਾਈਜ ਪੰਜਾਬੀ ਅਤੇ ਅੰਗਰੇਜੀ ਮਾਧਿਅਮ ਦੇ ਰੂਪ ਵਿੱਚ ਵਿਦਿਆਰਥੀਆਂ ਲਈ ਈ-ਕੰਨਟੈਂਟ ਉਪਲਬਧ ਹਨ। ਵਿਦਿਆਰਥੀਆਂ ਲਈ ਕੁਇਜ਼ ਪ੍ਰੈਕਟਿਸ ਦਾ ਦਾ ਵੀ ਵਿਕਲਪ ਦਿੱਤਾ ਗਿਆ ਹੈ।

https://www.w3schools.com/: ਕੰਪਿਊਟਰ ਵਿਸ਼ੇ ਵਿੱਚ ਆਪਣਾ ਕੈਰੀਅਰ ਬਣਾਉਣ ਦੇ ਚਾਹਵਾਨ ਜਾਂ ਕਹਿ ਲਉ ਕਿ ਕੰਪਿਊਟਰ ਦੀਆਂ ਪ੍ਰੋਗਰਾਮਿੰਗ ਭਾਸ਼ਾਵਾ ਵਿੱਚ ਰੁਚੀ ਜਾਂ ਸਿੱਖਣ ਦੇ ਚਾਹਵਾਨ ਵਿਦਿਆਰਥੀਆ ਲਈ ਇਹ ਇੱਕ ਬਹੁਤ ਹੀ ਉਪਯੋਗੀ ਵੈਬਸਾਈਟ ਹੈ। ਇਸ ਉਪਰ ਵੀਡਿੳ ਰਾਹੀ ਪ੍ਰੋਗਰਾਮਿੰਗ ਨਾਲ ਸਬੰਧਤ ਸਿੱਖਣ ਵਿਧੀਆਂ ਮੁਹਈਆ ਕਰਵਾਈ ਗਈਆ ਹਨ। ਵੈਬਸਾਈਟ ਦੀ ਬਣਤਰ ਅਤੇ ਮੀਨੂ ਬਹੁਤ ਹੀ ਸਰਲ ਅਤੇ ਵਧੀਆ ਦਿਖ ਵਾਲੇ ਹਨ। ਇਸ ਪੋਰਟਲ ਨੂੰ ਸਿੱਖਣ ਅਤੇ ਟੈਸਟਿੰਗ ਲਈ ਅਨੁਕੂਲ ਬਣਾਇਆ ਗਿਆ ਹੈ। ਪੜ੍ਹਨ ਅਤੇ ਬੁਨਿਆਦੀ ਸਮਝ ਨੂੰ ਬਿਹਤਰ ਬਣਾਉਣ ਲਈ ਉਦਾਹਰਨਾਂ ਨੂੰ ਸਰਲ ਬਣਾਇਆ ਗਿਆ ਹੈ। ਗਲਤੀਆਂ ਤੋਂ ਬਚਣ ਲਈ ਟਿਊਟੋਰਿਅਲਸ, ਹਵਾਲਿਆਂ ਅਤੇ ਉਦਾਹਰਨਾਂ ਦੀ ਲਗਾਤਾਰ ਸਮੀਖਿਆ ਕੀਤੀ ਜਾਂਦੀ ਹੈ। ਇਹ ਵੈਬਸਾਈਟ ਵੀ ਐਪ ਦੇ ਰੂਪ ਵਿੱਚ ਉਪਲਬਧ ਹੈ।

https://www.canada.ca/en/services/immigration-citizenship.html: ਪੰਜਾਬੀਆਂ ਲਈ ਕੈਨੇਡਾ ਇਕ ਸੁਪਨਿਆਂ ਦੇਸ ਵਾਂਗ ਹੈ। ਇਹ ਵੈਬਸਾਈਟ ਕੈਨੇਡਾ ਸਰਕਾਰ ਦੀ ਡਿਜੀਟਲ ਮੌਜੂਦਗੀ ਹੈ। ਇਸ ਸਾਈਟ ਦਾ ਟੀਚਾ ਇੰਟਰਨੈੱਟ ਰਾਹੀ ਆਮ ਲੋਕਾਂ ਲਈ ਕੈਨੇਡਾ ਸਰਕਾਰ ਦੀ ਜਾਣਕਾਰੀ ਅਤੇ ਸੇਵਾਵਾਂ ਨੂੰ ਲੱਭਣਾ ਅਤੇ ਸਮਝਣਾ ਆਸਾਨ ਬਣਾਉਣਾ ਹੈ। ਵਿਦਿਆਰਥੀ ਅਤੇ ਹੁਨਰਮੰਦ ਕਾਮੇ ਕੈਨੇਡਾ ਸਰਕਾਰ ਵਲੋਂ ਐਲਾਨੇ ਵੱਖ-ਵੱਖ ਸਿਟੀਜਨ ਪ੍ਰੋਗਰਾਮਾਂ ਦੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ।

https://filehippo.com/: ਇਹ ਇਕ ਸਾਫਟਵੇਅਰ ਡਾਊਨਲੋਡ ਕਰਨ ਵਾਲੀ ਵੈੱਬਸਾਈਟ ਹੈ ਜੋ ਵਿੰਡੋਜ਼ ਲਈ ਕੰਪਿਊਟਰ ਸਾਫਟਵੇਅਰ ਉਪਲਬਧ ਕਰਵਾਉਂਦੀ ਹੈ। ਵੈੱਬਸਾਈਟ ਵਿੱਚ ਸਾਫਟਵੇਅਰ ਨੂੰ ਸ਼੍ਰੇਣੀਬੱਧ ਕੀਤਾ ਗਿਆ ਹੈ। ਪ੍ਰੋਗਰਾਮ ਜਾਣਕਾਰੀ ਲਿੰਕ ਦੇ ਨਾਲ ਸਭ ਤੋਂ ਤਾਜ਼ਾ ਅੱਪਡੇਟ ਕੀਤੇ ਪ੍ਰੋਗਰਾਮਾਂ ਅਤੇ ਸਭ ਤੋਂ ਪ੍ਰਸਿੱਧ ਡਾਉਨਲੋਡਸ ਨੂੰ ਸੂਚੀਬੱਧ ਕੀਤਾ ਗਿਆ ਹੈ। ਇਸ ਵੈੱਬਸਾਈਟ ‘ਤੇ ਰਜਿਸਟ੍ਰੇਸ਼ਨ ਦੀ ਲੋੜ ਨਹੀਂ ਹੈ। ਇੱਥੇ ਇੱਕ ‘ਫਾਈਲਹਿਪੂ’ ਐਪ ਮੈਨੇਜਰ ਵੀ ਹੈ, ਇੱਕ ਮੁਫਤ ਪ੍ਰੋਗਰਾਮ ਜੋ ਪੁਰਾਣੇ ਸਾਫਟਵੇਅਰ ਲਈ ਕੰਪਿਊਟਰ ਨੂੰ ਸਕੈਨ ਕਰਦਾ ਹੈ ਅਤੇ ਹੋਰ ਤਾਜ਼ਾ ਸੰਸਕਰਣਾਂ ਲਈ ਲਿੰਕ ਪੇਸ਼ ਕਰਦਾ ਹੈ। ਵੈੱਬਸਾਈਟ ਨੂੰ ਉਪਭੋਗਤਾ ਦਾਨ ਅਤੇ ਤੀਜੀ-ਧਿਰ ਦੇ ਵਿਗਿਆਪਨ ਦੁਆਰਾ ਫੰਡ ਕੀਤਾ ਜਾਂਦਾ ਹੈ।

https://www.truecaller.com/: ਟਰੂ ਕਾਲਰ ਐਪ ਉਪਭੋਗਤਾਵਾਂ ਨੂੰ ਇਹ ਪਤਾ ਲਗਾਉਣ ਦੀ ਆਗਿਆ ਦਿੰਦੀ ਹੈ ਕਿ ਉਨ੍ਹਾਂ ਨੂੰ ਕੌਣ ਕਾਲ ਕਰ ਰਿਹਾ ਹੈ ਜਾਂ ਮੈਸੇਜ ਕਰ ਰਿਹਾ ਹੈ। ਇਸ ਦੀ ਵਰਤੋਂ ਉਸ ਸਮੇਂ ਉਪਯੋਗੀ ਹੁੰਦੀ ਹੈ ਜਦੋਂ ਤੁਹਾਡੇ ਕੋਲ ਕਾਲ ਕਰ ਰਹੇ ਦਾ ਨੰਬਰ ਸੁਰੱਖਿਅਤ ਤੁਹਾਡੀ ਸੰਪਰਕ ਸੂਚੀ ਵਿੱਚ ਸ਼ਾਮਿਲ ਨਹੀਂ ਹੁੰਦਾ ਹੈ ਕਿਉਂਕਿ ਤੁਸੀਂ ਕਾਲ ਚੁੱਕਣ ਤੋਂ ਪਹਿਲਾਂ ਜਾਣ ਸਕਦੇ ਹੋ ਕਿ ਤੁਹਾਨੂੰ ਜਵਾਬ ਦੇਣਾ ਚਾਹੀਦਾ ਹੈ ਜਾਂ ਅਸਵੀਕਾਰ ਕਰਨਾ ਚਾਹੀਦਾ ਹੈ। ਐਪ ਆਪਣੇ ਸਾਰੇ ਉਪਭੋਗਤਾਵਾਂ ਦੀਆਂ ਐਡਰੈੱਸ ਬੁੱਕਾਂ ਤੋਂ ਸੰਪਰਕ ਵੇਰਵਿਆਂ ਨੂੰ ਇਕੱਠਾ ਸਰੋਤ ਕਰਦੀ ਹੈ, ਇਸਦੇ ਬਹੁਤ ਸਾਰੇ ਫਾਇਦੇ ਹਨ ਜਿਵੇਂ ਕਿ ਨੰਬਰਾਂ ਨੂੰ ਬਲੌਕ ਕਰਨਾ, ਨੰਬਰਾਂ ਨੂੰ ਸਪੈਮ ਵਜੋਂ ਮਾਰਕ ਕਰਨਾ ਤਾਂ ਜੋ ਤੁਸੀਂ ਉਹਨਾਂ ਕਾਲਾਂ ਤੋਂ ਬਚ ਸਕੋ, ਅਤੇ ਹੋਰ ਵੀ ਬਹੁਤ ਕੁਝ। ਪਰੰਤੂ ਕਈ ਵਾਰ ਤੁਹਾਡਾ ਨਾਮ ਇਸ ਵਿੱਚ ਗਲਤ ਵੀ ਪੇਸ਼ ਕੀਤਾ ਜਾਂਦਾ ਹੈ। ਟਰੂ ਕਾਲਰ ਦੇ ਤੁਹਾਡੇ ਨਾਮ ਨੂੰ ਗਲਤ ਦਿਖਾਉਣ ਦੇ ਦੋ ਮੁੱਖ ਕਾਰਨ ਹੋ ਸਕਦੇ ਹਨ: 1.ਤੁਹਾਡੇ ਬਹੁਤ ਸਾਰੇ ਲੋਕਾਂ ਨੇ ਤੁਹਾਡਾ ਗਲਤ ਨਾਮ ਆਪਣੀਆਂ ਫੋਨ ਬੁੱਕਾਂ ਵਿੱਚ ਸੁਰੱਖਿਅਤ ਕਰ ਲਿਆ ਹੈ। 2. ਤੁਸੀਂ ਆਪਣਾ ਫ਼ੋਨ ਨੰਬਰ ਨਵਾਂ ਹਾਸਲ ਕੀਤਾ ਹੈ ਅਤੇ ਟਰੂ ਕਾਲਰ ਹਾਲੇ ਵੀ ਪਿਛਲੇ ਮਾਲਕ ਦਾ ਨਾਮ ਦਿਖਾ ਰਿਹਾ ਹੈ। ਤੁਸੀਂ ਟਰੂ ਕਾਲਰ ਦੀ ਵੈਬਸਾਈਟ ਜਾਂ ਐਪ ਉਪਰ ਕੇ ਅਸਾਨੀ ਨਾਲ ਆਪਣਾ ਨਾਮ ਸਹੀ ਕਰ ਸਕਦੇ ਹੋ।

https://duckduckgo.com: DuckDuckGo (ਸੰਖੇਪ ਵਿੱਚ DDG ਵੀ ਕਿਹਾ ਜਾਂਦਾ ਹੈ) ਇੱਕ ਇੰਟਰਨੈਟ ਖੋਜ ਇੰਜਣ ਹੈ ਜੋ ਖੋਜਕਰਤਾਵਾਂ ਦੀ ਗੋਪਨੀਯਤਾ ਦੀ ਰੱਖਿਆ ਕਰਨ ਅਤੇ ਵਿਅਕਤੀਗਤ ਖੋਜ ਨਤੀਜਿਆਂ ਦੇ ਫਿਲਟਰ ਬੁਲਬੁਲੇ ਤੋਂ ਬਚਣ ‘ਤੇ ਜ਼ੋਰ ਦਿੰਦਾ ਹੈ। ਇਹ ਪੋਰਟਲ ਸਮੱਗਰੀ ਫਾਰਮਾਂ ਤੋਂ ਖੋਜ ਨਤੀਜੇ ਨਹੀਂ ਵਿਖਾਉਂਦਾ ਹੈ। ਇਹ ਸਵਾਲਾਂ ਦੇ ਤੇਜ਼ ਨਤੀਜੇ ਦਿਖਾਉਣ ਲਈ ਹੋਰ ਵੈੱਬਸਾਈਟਾਂ ਦੇ ਵੱਖ-ਵੱਖ API(ਐਪਲੀਕੇਸ਼ਨ ਪ੍ਰੋਗਰਾਮਿੰਗ ਇੰਟਰਫੇਸ) ਦੀ ਵਰਤੋਂ ਕਰਦਾ ਹੈ ਅਤੇ ਰਵਾਇਤੀ ਲਿੰਕਾਂ ਲਈ ਇਹ ਆਪਣੇ ਭਾਈਵਾਲਾਂ (ਮੁੱਖ ਤੌਰ ‘ਤੇ ਬਿੰਗ) ਅਤੇ ਆਪਣੇ ਖੁਦ ਦੇ ਕ੍ਰਾਲਰ ਦੀ ਮਦਦ ਦੀ ਵਰਤੋਂ ਕਰਦਾ ਹੈ।

https://haveibeenpwned.com: ਇਸ ਵੈਬਸਾਈਟ ਇਹ ਦੇਖਣ ਲਈ ਹੈ: ਕੀ ਤੁਹਾਡਾ ਈ-ਮੇਲ ਪਤਾ, ਫ਼ੋਨ ਨੰਬਰ ਜਾਂ ਪਾਸਵਰਡ ਅਪਰਾਧੀਆਂ ਲਈ ਉਪਲਬਧ ਕਿਸੇ ਵੀ ਲੀਕ ਕੀਤੇ ਡੇਟਾਬੇਸ ਵਿੱਚ ਸ਼ਾਮਲ ਤਾਂ ਨਹੀ? ਇਸ ਵੈਬਸਾਈਟ ਨੂੰ ਚਲਾਉਣ ਵਾਲੇ ਟ੍ਰੌਏ ਹੰਟ ਹਨ ਜੋ ਕਿ ਇੱਕ ਮਾਈਕਰੋਸਾਫਟ ਖੇਤਰੀ ਨਿਰਦੇਸ਼ਕ ਅਤੇ ਡਿਵੈਲਪਰ ਸੁਰੱਖਿਆ ਲਈ ਪੇਸ਼ੇਵਰ ਅਵਾਰਡੀ, ਬਲਾਗਰ, ਵੈੱਬ ਸੁਰੱਖਿਆ ‘ਤੇ ਅੰਤਰਰਾਸ਼ਟਰੀ ਸਪੀਕਰ ਅਤੇ ਵੈੱਬ ਡਿਵੈਲਪਰਾਂ ਲਈ ਬਹੁਤ ਸਾਰੇ ਉੱਚ-ਰੇਟਿੰਗ ਸੁਰੱਖਿਆ ਕੋਰਸਾਂ ਦਾ ਲੇਖਕ ਹਨ। ਇਸ ਪੋਰਟਲ ਨੂੰ ਕਿਸੇ ਵੀ ਵਿਅਕਤੀ ਲਈ ਤੁਰੰਤ ਮੁਲਾਂਕਣ ਕਰਨ ਲਈ ਇੱਕ ਮੁਫਤ ਸਰੋਤ ਵਜੋਂ ਬਣਾਇਆ ਗਿਆ ਹੈ ਤਾਂ ਜੋ ਉਹ ਜਾਣ ਸਕਣ ਕਿ ਕੀ ਉਹਨਾਂ ਦੇ ਆਨਲਾਈਨ ਖਾਤੇ ਨਾਲ ਸਮਝੌਤਾ ਤਾਂ ਨਹੀ ਕੀਤਾ ਗਿਆ ਹੈ ਜਾਂ ਡੇਟਾ ਉਲੰਘਣਾ ਵਿੱਚ ਲੀਕ ਤਾਂ ਨਹੀ ਕੀਤਾ ਗਿਆ ਹੈ ? ਇਸਨੂੰ ਵਰਤਣ ਲਈ ਸਧਾਰਨ ਅਤੇ ਪੂਰੀ ਤਰ੍ਹਾਂ ਮੁਫਤ ਰੱਖਣਾ ਗਿਆ ਹੈ ਤਾਂ ਜੋ ਇਹ ਕਮਿਊਨਿਟੀ ਲਈ ਵੱਧ ਤੋਂ ਵੱਧ ਲਾਭਦਾਇਕ ਹੋ ਸਕੇ।

https://JoinDeleteMe : ਇੱਕ ਹੈਂਡਸ-ਫ੍ਰੀ ਗਾਹਕੀ ਸੇਵਾ ਹੈ ਜੋ ਤੁਹਾਡੀ ਨਿੱਜੀ ਜਾਣਕਾਰੀ ਨੂੰ ਹਟਾ ਦੇਵੇਗੀ ਜੋ ਆਨਲਾਈਨ ਵੇਚੀ ਜਾ ਰਹੀ ਹੈ। ਡੇਟਾ ਬ੍ਰੋਕਰ ਤੁਹਾਡੀ ਨਿੱਜੀ ਜਾਣਕਾਰੀ ਨੂੰ ਔਨਲਾਈਨ ਪੋਸਟ ਕਰਦੇ ਹਨ, ਜਿਸ ਨਾਲ ਤੁਹਾਡਾ ਨਾਮ ਗੂਗਲ ਡਿਲੀਟ ਮੀ ਖੋਜ ਨਤੀਜਿਆਂ ਵਿੱਚ ਦਿਖਾਈ ਦਿੰਦਾ ਹੈ। ਡਿਲੀਟ ਮੀ ਤੁਹਾਡੀ ਨਿੱਜੀ ਜਾਣਕਾਰੀ ਨੂੰ ਹਟਾ ਦਿੰਦਾ ਹੈ—ਜਿਵੇਂ ਕਿ ਨਾਮ, ਪਤਾ, ਉਮਰ, ਫ਼ੋਨ ਨੰਬਰ, ਈਮੇਲ ਪਤਾ, ਅਤੇ ਤੁਹਾਡੇ ਘਰ ਦੀਆਂ ਫ਼ੋਟੋਆਂ—ਇਸ ਨੂੰ ਸਰੋਤ ਤੋਂ ਹਟਾ ਕੇ। ਸਟੈਂਡਰਡ ਡਿਲੀਟ ਮੀ ਕਵਰੇਜ $129/ਸਾਲ ਤੋਂ ਸ਼ੁਰੂ ਹੁੰਦੀ ਹੈ ਅਤੇ ਤੁਹਾਨੂੰ 30 ਤੋਂ ਵੱਧ ਪ੍ਰਮੁੱਖ ਡਾਟਾ ਬ੍ਰੋਕਰ ਸਾਈਟਾਂ ਤੋਂ ਹਟਾ ਕੇ ਪ੍ਰੀਮੀਅਮ ਸੁਰੱਖਿਆ ਪ੍ਰਦਾਨ ਕਰੇਗੀ।

https://www.nomoreransom.org/en/ransomware-qa.html: ਜੇਕਰ ਤੁਸੀ ਰੈਨਸਮ ਮਾਲਵੇਅਰ ਦੇ ਸ਼ਿਕਾਰ ਬਣ ਗਏ ਹੋ ਜਾਂ ਰੈਨਸਮ ਬਾਰੇ ਜਾਣਨਾ ਚਾਹੁੰਦੇ ਹੋ ਤਾਂ ਇਹ ਵੈਬਸਾਈਟ ਤੁਹਾਡੇ ਲਈ ਇਕ ਵਧੀਆ ਚੋਣ ਹੋਵੇਗੀ। ਇਸ ਵੈਬਸਾਈਟ ਅਨੁਸਾਰ ਇਹ,“ਨੋ ਮੋਰ ਰੈਨਸਮ” ਵੈੱਬਸਾਈਟ ਨੀਦਰਲੈਂਡਜ਼ ਦੀ ਪੁਲਿਸ, ਯੂਰੋਪੋਲ ਦੇ ਯੂਰਪੀਅਨ ਸਾਈਬਰ ਕ੍ਰਾਈਮ ਸੈਂਟਰ, ਕੈਸਪਰਸਕੀ ਅਤੇ ਮੈਕਐਫੀ ਦੀ ਨੈਸ਼ਨਲ ਹਾਈ ਟੈਕ ਕ੍ਰਾਈਮ ਯੂਨਿਟ ਦੁਆਰਾ ਇੱਕ ਪਹਿਲਕਦਮੀ ਹੈ ਜਿਸਦਾ ਟੀਚਾ ਹੈ ਕਿ ਰੈਨਸਮਵੇਅਰ ਦੇ ਪੀੜਤਾਂ ਨੂੰ ਅਪਰਾਧੀਆਂ ਨੂੰ ਭੁਗਤਾਨ ਕੀਤੇ ਬਿਨਾਂ ਉਹਨਾਂ ਦੇ ਐਨਕ੍ਰਿਪਟਡ ਡੇਟਾ ਨੂੰ ਮੁੜ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਹੈ।”

https://cybercrime.gov.in :ਭਾਰਤ ਸਰਕਾਰ ਦੁਆਰਾ ਸਾਈਬਰ ਅਪਰਾਧ ਦੇ ਸਬੰਧ ਵਿੱਚ ਇਹ ਵੈਬਸਾਈਟ ਜਾਰੀ ਕੀਤੀ ਗਈ ਹੈ। ਇਹ ਪੋਰਟਲ ਪੀੜਤਾਂ/ਸ਼ਿਕਾਇਤਕਰਤਾਵਾਂ ਨੂੰ ਸਾਈਬਰ ਅਪਰਾਧ ਦੀਆਂ ਸ਼ਿਕਾਇਤਾਂ ਦੀ ਆਨਲਾਈਨ ਰਿਪੋਰਟ ਕਰਨ ਦੀ ਸਹੂਲਤ ਦੇਣ ਲਈ ਸਰਕਾਰ ਦੀ ਇੱਕ ਪਹਿਲ ਹੈ। ਪੋਰਟਲ ਆਨਲਾਈਨ ਚਾਈਲਡ ਪੋਰਨੋਗ੍ਰਾਫੀ ਜਾਂ ਜਿਨਸੀ ਤੌਰ ‘ਤੇ ਸਪੱਸ਼ਟ ਸਮੱਗਰੀ ਜਿਵੇਂ ਕਿ ਬਲਾਤਕਾਰ/ਗੈਂਗ ਰੇਪ ਦੀ ਰਿਪੋਰਟ ਕਰਨ ਲਈ ਇੱਕ ਅਗਿਆਤ ਸ਼ਿਕਾਇਤ ਦੀ ਰਿਪੋਰਟ ਕਰਨ ਦਾ ਵਿਕਲਪ ਵੀ ਪ੍ਰਦਾਨ ਕਰਦਾ ਹੈ।ਚਾਈਲਡ ਸੈਕਸੁਅਲ ਅਬਿਊਸਿਵ ਮੈਟੀਰੀਅਲ ਕਿਸੇ ਵੀ ਰੂਪ ਵਿੱਚ ਜਿਨਸੀ ਚਿੱਤਰ ਰੱਖਣ ਵਾਲੀ ਸਮੱਗਰੀ ਨੂੰ ਦਰਸਾਉਂਦਾ ਹੈ, ਜਿਸ ਬੱਚੇ ਦਾ ਦੁਰਵਿਵਹਾਰ ਜਾਂ ਜਿਨਸੀ ਸ਼ੋਸ਼ਣ ਕੀਤਾ ਜਾਂਦਾ ਹੈ। ਆਈਟੀ ਐਕਟ ਦੀ ਧਾਰਾ 67 (ਬੀ) ਕਹਿੰਦੀ ਹੈ ਕਿ “ਇਲੈਕਟ੍ਰਾਨਿਕ ਰੂਪ ਵਿੱਚ ਬੱਚਿਆਂ ਨੂੰ ਜਿਨਸੀ ਤੌਰ ‘ਤੇ ਸਪੱਸ਼ਟ ਐਕਟ ਆਦਿ ਵਿੱਚ ਦਰਸਾਉਣ ਵਾਲੀ ਸਮੱਗਰੀ ਨੂੰ ਪ੍ਰਕਾਸ਼ਿਤ ਜਾਂ ਪ੍ਰਸਾਰਿਤ ਕਰਨ ਲਈ ਸਜ਼ਾਯੋਗ ਹੈ”। ਤੁਸੀਂ ਸਾਈਬਰ ਅਪਰਾਧਾਂ ਜਿਵੇਂ ਕਿ ਮੋਬਾਈਲ ਅਪਰਾਧ, ਸੋਸ਼ਲ ਮੀਡੀਆ ਅਪਰਾਧ, ਆਨਲਾਈਨ ਵਿੱਤੀ ਧੋਖਾਧੜੀ, ਰੈਨਸਮਵੇਅਰ, ਹੈਕਿੰਗ, ਕ੍ਰਿਪਟੋਕਰੰਸੀ ਅਪਰਾਧ ਅਤੇ ਆਨਲਾਈਨ ਸਾਈਬਰ ਤਸਕਰੀ ਨਾਲ ਸਬੰਧਤ ਸ਼ਿਕਾਇਤਾਂ ਦੀ ਰਿਪੋਰਟ ਕਰ ਸਕਦੇ ਹੋ।

https://www.TechLila/:- ਟੈਕਲੀਲਾ ਇਕ ਮਸ਼ਹੂਰ ਟੈਕਨਾਲੋਜੀ ਬਲੌਗ ਜਿੱਥੇ ਤੁਸੀਂ ਬੁਨਿਆਦੀ ਅਤੇ ਇਸ ਤੋਂ ਵੀ ਅੱਗੇ ਮੁਹਾਰਤ ਹਾਸਲ ਕਰਨ ਲਈ ਸਰੋਤ ਭਰਪੂਰ ਲੇਖ ਲੱਭ ਸਕਦੇ ਹੋ। ਟੈਕਲੀਲਾ ਦਾ ਮੁੱਖ ਟੀਚਾ ਵਿਲੱਖਣ ਜਾਣਕਾਰੀ ਪ੍ਰਦਾਨ ਕਰਨਾ ਹੈ, ਜਿਵੇਂ ਕਿ ਕੁਆਲਿਟੀ ਟਿਪਸ ਅਤੇ ਟ੍ਰਿਕਸ, ਟਿਊਟੋਰੀਅਲ, ਵਿੰਡੋਜ਼, ਮੈਕਿਨਟੋਸ਼, ਲੀਨਕਸ, ਐਂਡਰੌਇਡ, ਆਈਫੋਨ, ਸੁਰੱਖਿਆ ਆਦਿ।

https://www.wordpress.org/: ਵਰਡਪਰੈਸ ਇੱਕ ਮੁਫਤ ਅਤੇ ਓਪਨ-ਸੋਰਸ ਸਮਗਰੀ ਪ੍ਰਬੰਧਨ ਸਿਸਟਮ ਹੈ ਜੋ ਪੀ.ਐਚ.ਪੀ ਵਿੱਚ ਲਿਖਿਆ ਗਿਆ ਹੈ ਅਤੇ ਇੱਕ ਮਾਈ ਐਸ.ਕਿਉ.ਅੇਲ ਜਾਂ ਮਾਰੀਆ ਡੇਟਾਬੇਸ ਨਾਲ ਜੋੜਿਆ ਗਿਆ ਹੈ। ਵਿਸ਼ੇਸ਼ਤਾਵਾਂ ਵਿੱਚ ਇੱਕ ਪਲੱਗਇਨ ਆਰਕੀਟੈਕਚਰ ਅਤੇ ਇੱਕ ਟੈਂਪਲੇਟ ਸਿਸਟਮ ਸ਼ਾਮਲ ਹੁੰਦਾ ਹੈ, ਜਿਸਨੂੰ ਵਰਡਪਰੈਸ ਦੇ ਅੰਦਰ ਥੀਮ ਕਿਹਾ ਜਾਂਦਾ ਹੈ। ਵੈਬਸਾਈਟ ਦੀ ਬੇਸਿਕ ਜਾਣਕਾਰੀ ਨਾਲ ਤੁਸੀਂ ਇਨ੍ਹਾਂ ਥੀਮਸ ਦੀ ਅਸਾਨੀ ਨਾਲ ਵਰਤੋਂ ਕਰਕੇ ਇਕ ਵਧੀਆ ਦਿੱਖ ਵਾਲੀ ਵੈਬਸਾਈਟ ਮੁਫਤ ਵਿੱਚ ਹੀ ਬਣਾ ਸਕਦੇ ਹੋ।

https://www.nasa.gov/: ਨੈਸ਼ਨਲ ਐਰੋਨਾਟਿਕਸ ਐਂਡ ਸਪੇਸ ਐਡਮਿਨਿਸਟ੍ਰੇਸ਼ਨ ਅਮਰੀਕਾ ਦਾ ਸਿਵਲ ਸਪੇਸ ਪ੍ਰੋਗਰਾਮ ਹੈ ਅਤੇ ਪੁਲਾੜ ਖੋਜ ਵਿੱਚ ਗਲੋਬਲ ਲੀਡਰ ਹੈ। ਇਸ ਵੈਬਸਾਈਟ ਉਪਰ ਇਸ ਸੰਸਥਾ ਦੇ ਕਾਰਜਾਂ ਬਾਰੇ ਮਹੱਤਵਪੂਰਣ ਜਾਣਕਾਰੀ ਨਿਯਮਿਤ ਰੂਪ ਵਿੱਚ ਅਪਡੇਟ ਹੁੰਦੀ ਰਹਿੰਦੀ ਹੈ। ਨਾਸਾ ਇਮੇਜ ਆਫ ਦੀ ਡੇਅ, ਪੁਲਾੜ ਨਾਲ ਸਬੰਧਤ ਵੀਡਿਓਜ, ਕਿਤਾਬਾਂ ਆਦਿ ਇਸ ਵੈਬ ਪੋਰਟਲ ਦੇ ਮਹੱਤਵਪੂਰਣ ਲਿੰਕ ਹਨ। ਨਾਸਾ ਦੀਆਂ ਭਵਿੱਖ ਯੋਜਨਾਵਾਂ ਬਾਰੇ ਵੀ ਤੁਸੀਂ ਇਸ ਪੋਰਟਲ ਉਪਰ ਜਾ ਕੇ ਆਸਾਨੀ ਨਾਲ ਜਾਣਕਾਰੀ ਲੈ ਸਕਦੇ ਹੋ।

http://en.roscosmos.ru/: ਇਹ ਇੱਕ ਸਟੇਟ ਕਾਰਪੋਰੇਸ਼ਨ ਹੈ ਜਿਸਦੀ ਸਥਾਪਨਾ ਅਗਸਤ 2015 ਵਿੱਚ ਰੂਸੀ ਪੁਲਾੜ ਉਦਯੋਗ ਦੇ ਇੱਕ ਵਿਆਪਕ ਸੁਧਾਰ ਦੀ ਨਿਗਰਾਨੀ ਅਤੇ ਲਾਗੂ ਕਰਨ ਲਈ ਕੀਤੀ ਗਈ ਸੀ। ਸਟੇਟ ਸਪੇਸ ਕਾਰਪੋਰੇਸ਼ਨ ਰੋਸਕੋਸਮੋਸ ਰੂਸੀ ਸਰਕਾਰ ਦੇ ਪੁਲਾੜ ਪ੍ਰੋਗਰਾਮ ਅਤੇ ਇਸਦੇ ਕਾਨੂੰਨੀ ਨਿਯਮਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਂਦਾ ਹੈ। ਰੂਸ ਦੇ ਸਮਾਜਿਕ ਅਤੇ ਆਰਥਿਕ ਵਿਕਾਸ ਵਿੱਚ ਪੁਲਾੜ ਗਤੀਵਿਧੀਆਂ ਦੇ ਨਤੀਜਿਆਂ ਦੀ ਭਵਿੱਖੀ ਵਰਤੋਂ ਲਈ ਪੜਾਅ ਨਿਰਧਾਰਤ ਕਰਨ ਦਾ ਕੰਮ ਸੌਂਪਿਆ ਗਿਆ ਹੈ। ਇਹ ਵੈਬਸਾਈਟ ਪੁਲਾੜ ਵਿੱਚ ਰੁਚੀ ਰੱਖਣ ਵਾਲਿਆਂ ਲਈ ਲਾਹੇਵੰਦ ਹੋ ਸਕਦੀ ਹੈ।

https://consumerhelpline.gov.in/about-portal.php:- ਇਸ ਵੈੱਬਸਾਈਟ ਨੂੰ ਖਪਤਕਾਰ ਮਾਮਲਿਆਂ ਦੇ ਵਿਭਾਗ ਦੁਆਰਾ ਜਾਗਰੂਕਤਾ ਪੈਦਾ ਕਰਨ, ਸਲਾਹ ਦੇਣ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਅਤੇ ਖਪਤਕਾਰਾਂ ਦੀਆਂ ਸ਼ਿਕਾਇਤਾਂ ਦਰਜ ਕਰਨ ਲਈ ਕੇਂਦਰੀ ਰਜਿਸਟਰੀ ਵਜੋਂ ਕੰਮ ਕਰਨ ਲਈ ਸ਼ੁਰੂ ਕੀਤਾ ਗਿਆ ਹੈ। ਕੋਈ ਵੀ ਦੁਖੀ ਖਪਤਕਾਰ ਪੋਰਟਲ ‘ਤੇ ਇਕ ਵਾਰ ਆਪਣੇ ਆਪ ਨੂੰ ਰਜਿਸਟਰ ਹੋ ਕੇ ਯੂਜ਼ਰਆਈਡੀ ਅਤੇ ਪਾਸਵਰਡ ਪ੍ਰਾਪਤ ਕਰ ਸਕਦਾ ਹੈ ਅਤੇ ਜ਼ਰੂਰੀ ਦਸਤਾਵੇਜ਼ਾਂ ਨੂੰ ਨੱਥੀ ਕਰਕੇ ਆਪਣੀ ਸ਼ਿਕਾਇਤ ਖੁਦ ਦਰਜ ਕਰਵਾ ਸਕਦਾ ਹੈ।

https://www.spacex.com/:- ਸਪੇਸਐਕਸ ਨੇ ਇਤਿਹਾਸਕ ਮੀਲ ਪੱਥਰਾਂ ਦੀ ਇੱਕ ਲੜੀ ਲਈ ਵਿਸ਼ਵਵਿਆਪੀ ਧਿਆਨ ਖਿੱਚਿਆ ਹੈ। ਸਪੇਸਐਕਸ ਦੁਨੀਆ ਦੇ ਸਭ ਤੋਂ ਉੱਨਤ ਰਾਕੇਟ ਅਤੇ ਪੁਲਾੜ ਯਾਨ ਦਾ ਡਿਜ਼ਾਈਨ, ਨਿਰਮਾਣ ਅਤੇ ਲਾਂਚ ਕਰਦਾ ਹੈ। ਕੰਪਨੀ ਦੀ ਸਥਾਪਨਾ 2002 ਵਿੱਚ ਐਲੋਨ ਮਸਕ ਦੁਆਰਾ ਪੁਲਾੜ ਆਵਾਜਾਈ ਵਿੱਚ ਕ੍ਰਾਂਤੀ ਲਿਆਉਣ ਲਈ ਕੀਤੀ ਗਈ ਸੀ, ਜੀਵਨ ਨੂੰ ਬਹੁ-ਗ੍ਰਹਿ ਬਣਾਉਣ ਦੇ ਅੰਤਮ ਟੀਚੇ ਨਾਲ। 2010 ਵਿੱਚ, ਸਪੇਸਐਕਸ ਇਤਿਹਾਸ ਵਿੱਚ ਪਹਿਲੀ ਵਪਾਰਕ ਕੰਪਨੀ ਬਣ ਗਈ ਜਿਸਨੇ ਇੱਕ ਪੁਲਾੜ ਯਾਨ ਨੂੰ ਆਰਬਿਟ ਵਿੱਚ ਭੇਜਿਆ ਅਤੇ ਇਸਨੂੰ ਸੁਰੱਖਿਅਤ ਰੂਪ ਵਿੱਚ ਧਰਤੀ ਉੱਤੇ ਵਾਪਸ ਕੀਤਾ। ਮਈ 2012 ਵਿੱਚ, ਸਪੇਸਐਕਸ ਨੇ ਫਿਰ ਇਤਿਹਾਸ ਰਚਿਆ ਜਦੋਂ ਇਸਦਾ ਡ੍ਰੈਗਨ ਪੁਲਾੜ ਯਾਨ ਸਫਲਤਾਪੂਰਵਕ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਨਾਲ ਜੋੜਨ ਵਾਲਾ ਪਹਿਲਾ ਵਪਾਰਕ ਵਾਹਨ ਬਣ ਗਿਆ, ਜੋ ਕਿ ਪਹਿਲਾਂ ਸਿਰਫ ਸਰਕਾਰਾਂ ਦੁਆਰਾ ਪੂਰਾ ਕੀਤਾ ਗਿਆ ਹੈ। 31 May 2020 ਇਨਸਾਨਾਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ‘ਤੇ ਭੇਜਣ ਵਾਲੀ ਪਹਿਲੀ ਨਿੱਜੀ ਕੰਪਨੀ ਬਣ ਗਈ। ਸਟਾਰਲਿੰਕ ਇੱਕ ਸੈਟੇਲਾਈਟ ਨੈਟਵਰਕ ਦਾ ਨਾਮ ਹੈ ਜੋ ਨਿੱਜੀ ਸਪੇਸਫਲਾਈਟ ਕੰਪਨੀ ਸਪੇਸਐਕਸ ਦੁਆਰਾ ਦੂਰ-ਦੁਰਾਡੇ ਸਥਾਨਾਂ ਨੂੰ ਘੱਟ ਕੀਮਤ ਵਾਲਾ ਇੰਟਰਨੈਟ ਪ੍ਰਦਾਨ ਕਰਨ ਲਈ ਵਿਕਸਤ ਕੀਤਾ ਗਿਆ ਹੈ। ਸਪੇਸ ਐਕਸ ਬਾਰੇ ਹੋਰ ਮਹੱਤਵਪੂਰਨ ਜਾਣਕਾਰੀ ਇਸ ਦੇ ਵੈਬ ਪੋਰਟਲ ਤੋਂ ਮਾਊਸ ਦੇ ਇਕ ਕਲਿੱਕ ਦੁਆਰਾ ਲਈ ਜਾ ਸਕਦੀ ਹੈ।

https://www.brainyquote.com/: ਇਤਿਹਾਸ ਦੀਆਂ ਪ੍ਰਮੁੱਖ ਸ਼ਖਸੀਅਤਾਂ ਤੋਂ ਲੈ ਕੇ ਅੱਜ ਦੇ ਨਿਊਜ਼ਮੇਕਰਾਂ – ਮਸ਼ਹੂਰ ਹਸਤੀਆਂ, ਅਥਲੀਟਾਂ, ਸਿਆਸਤਦਾਨਾਂ, ਲੇਖਕਾਂ ਦੇ ਵਿਚਾਰ ਹਨ। ਮੂਲ ਰੂਪ ਵਿੱਚ 2001 ਵਿੱਚ ਪ੍ਰਕਾਸ਼ਿਤ ਬ੍ਰੈਨੀਕੋਟ ਵੈੱਬ ‘ਤੇ ਸਭ ਤੋਂ ਪੁਰਾਣੀਆਂ ਅਤੇ ਸਭ ਤੋਂ ਸਥਾਪਿਤ ਹਵਾਲਾ ਸਾਈਟਾਂ ਵਿੱਚੋਂ ਇੱਕ ਹੈ। ਇਸ ਵੈਬਸਾਈਟ ਦਾ ਡਾਟਾਬੇਸ ਦਿਨ ਦਿਨ ਵੱਡਾ ਹੁੰਦਾ ਜਾ ਰਿਹਾ ਹੈ। ਤੁਸੀਂ ਫੇਸਬੁੱਕ, ਟਵਿੱਟਰ, ਪਿਨਟਰਸਟ ਉਪਰ ਵੀ ਬ੍ਰੈਨਕੋਟ ‘ਅੱਜ ਦੇ ਦਿਨ ਦਾ ਵਿਚਾਰ’ ਦਾ ਵੀ ਆਨੰਦ ਲੈ ਸਕਦੇ ਹੈ।

https://malala.org/: ਵਰਤਮਾਨ ਸਮੇਂ ਜਦੋਂ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਕੁੜੀਆਂ ਦੇ ਸਿੱਖਿਆ ਅਧਿਕਾਰਾਂ ਦੀ ਗੱਲ ਚੱਲਦੀ ਹੈ ਤਾਂ ਇੱਕ ਨਾਮ ਜੋ ਆਪ-ਮੁਹਾਰੇ ਹਰ ਇੱਕ ਦੀ ਜ਼ੁਬਾਨ ਉੱਪਰ ਸਭ ਤੋਂ ਪਹਿਲਾ ਆਉਂਦਾ ਹੈ, ਉਹ ਹੈ, ਨੋਬਲ ਪੁਰਸਕਾਰ ਵਿਜੇਤਾ: ਮਲਾਲਾ ਯੂਸਫਜ਼ਈ। ਮਲਾਲਾ ਦੁਆਰਾ ਕੀਤੇ ਜਾ ਰਹੇ ਸੰਸਾਰ ਪੱਧਰੀ ਕਾਰਜਾਂ ਦੀ ਜਾਣਕਾਰੀ ਉਸ ਦੀ ਵੈੱਬਸਾਈਟ ‘ਮਲਾਲਾ ਡਾਟ ਓਆਰਜੀ’ ਤੋਂ ਅਸਾਨੀ ਨਾਲ ਲਈ ਜਾ ਸਕਦੀ ਹੈ । ਮਲਾਲਾ ਫੰਡ ਸਿੱਖਿਆ ਦੇ ਵਕੀਲਾਂ ਅਤੇ ਕਾਰਕੁਨਾਂ ਵਿੱਚ ਨਿਵੇਸ਼ ਕਰਦਾ ਹੈ ਜੋ ਉਹਨਾਂ ਨੀਤੀਆਂ ਅਤੇ ਅਭਿਆਸਾਂ ਨੂੰ ਚੁਣੌਤੀ ਦੇ ਰਹੇ ਹਨ ਜੋ ਲੜਕੀਆਂ ਨੂੰ ਉਹਨਾਂ ਦੇ ਭਾਈਚਾਰਿਆਂ ਵਿੱਚ ਸਕੂਲ ਜਾਣ ਤੋਂ ਰੋਕਦੀਆਂ ਹਨ। ਮਲਾਲਾ ਫੰਡ ਉਹਨਾਂ ਖੇਤਰਾਂ ਵਿੱਚ ਕੰਮ ਕਰਦਾ ਹੈ ਜਿੱਥੇ ਸਭ ਤੋਂ ਵੱਧ ਲੜਕੀਆਂ ਸੈਕੰਡਰੀ ਸਿੱਖਿਆ ਤੋਂ ਖੁੰਝ ਜਾਂਦੀਆਂ ਹਨ। ਮਲਾਲਾ ਫੰਡ ਇੱਕ ਅਜਿਹੀ ਦੁਨੀਆਂ ਲਈ ਕੰਮ ਕਰ ਰਿਹਾ ਹੈ ਜਿੱਥੇ ਹਰ ਕੁੜੀ ਸਿੱਖ ਸਕਦੀ ਹੈ ਅਤੇ ਅਗਵਾਈ ਕਰ ਸਕਦੀ ਹੈ। ਮਲਾਲਾ ਫੰਡ ਨਾਲ ਜੁੜਨ ਅਤੇ ਉਨ੍ਹਾਂ ਦੇ ਕਾਰਜਾਂ ਬਾਰੇ ਜਾਣਨ ਲਈ ਤੁਸੀਂ ਇਸ ਵੈਬ ਪੋਰਟਲ ਨੂੰ ਵਿਜ਼ਿਟ ਕਰ ਸਕਦੇ ਹੋ।

https://fridaysforfuture.org/: ਭਵਿੱਖ ਲਈ ਸ਼ੁੱਕਰਵਾਰ…ਜਾਂ (ਐਫ.ਐਫ.ਐਫ), ਇੱਕ ਨੌਜਵਾਨ-ਅਗਵਾਈ ਵਾਲੀ ਅਤੇ ਸੰਗਠਿਤ ਗਲੋਬਲ ਜਲਵਾਯੂ ਹੜਤਾਲ ਅੰਦੋਲਨ ਹੈ ਜੋ 2018 ਵਿੱਚ ਸ਼ੁਰੂ ਹੋਇਆ ਸੀ, ਜਦੋਂ 15-ਸਾਲਾ ਗ੍ਰੇਟਾ ਥਨਬਰਗ ਨੇ ਜਲਵਾਯੂ ਲਈ ਇੱਕ ਸਕੂਲ ਹੜਤਾਲ ਸ਼ੁਰੂ ਕੀਤੀ ਸੀ। ਮੌਜੂਦਾਂ ਸਮੇਂ ਗ੍ਰੇਟਾ ਥਨਬਰਗ ਕਿਸੇ ਜਾਣ-ਪਹਿਚਾਣ ਦੀ ਮੁਥਾਜ ਨਹੀਂ, ਪੂਰੀ ਦੁਨੀਆਂ ਉਸ ਨੂੰ ਇੱਕ ਵਾਤਾਵਰਣ ਪ੍ਰੇਮੀ ਕਾਰਕੁਨ ਵਜੋਂ ਜਾਣਦੀ ਹੈ। ਗ੍ਰੇਟਾ ਅਤੇ ਉਸ ਦੇ ਸਾਥੀਆਂ ਦੇ ਕਾਰਜਾਂ ਨੂੰ ਜਾਣਨ ਲਈ ਤੁਸੀ ਇਸ ਪੋਰਟਲ ਨੂੰ ਵਿਜ਼ਿਟ ਕਰ ਸਕਦੇ ਹੋ। ਭਾਰਤ ਵਿੱਚ ਇਸ ਮੁਹਿੰਮ ਨਾਲ ਜੁੜਨ ਲਈ https://www.fridaysforfutureindia.com/joinus ਵਿਜ਼ਿਟ ਕਰ ਸਕਦੇ ਹੋ।

https://www.nobelprize.org/:- ਅਲਫ੍ਰੇਡ ਨੋਬਲ ਇੱਕ ਸਵੀਡਿਸ਼ ਰਸਾਇਣ ਵਿਗਿਆਨੀ, ਇੰਜੀਨੀਅਰ, ਅਤੇ ਉਦਯੋਗਪਤੀ ਸਨ ਜੋ ਡਾਇਨਾਮਾਈਟ ਦੀ ਕਾਢ ਲਈ ਸਭ ਤੋਂ ਮਸ਼ਹੂਰ ਸਨ। 1896 ਵਿੱਚ ਉਸਦੀ ਮੌਤ ਹੋ ਗਈ। ਆਪਣੀ ਵਸੀਅਤ ਵਿੱਚ, ਉਸਨੇ ਪੰਜ ਇਨਾਮ ਸਥਾਪਤ ਕਰਨ ਲਈ ਵਰਤੇ ਜਾਣ ਲਈ ਆਪਣੀ ਸਾਰੀ “ਬਾਕੀ ਵਸੂਲੀਯੋਗ ਸੰਪੱਤੀ” ਦਿੱਤੀ, ਜੋ “ਨੋਬਲ ਇਨਾਮ” ਵਜੋਂ ਜਾਣੇ ਜਾਂਦੇ ਸਨ। ਨੋਬਲ ਪੁਰਸਕਾਰ ਪਹਿਲੀ ਵਾਰ 1901 ਵਿੱਚ ਦਿੱਤੇ ਗਏ ਸਨ। ਨੋਬਲ ਪੁਰਸਕਾਰ ਭੌਤਿਕ ਵਿਗਿਆਨ, ਰਸਾਇਣ ਵਿਗਿਆਨ, ਸਰੀਰ ਵਿਗਿਆਨ ਜਾਂ ਮੈਡੀਸਨ, ਸਾਹਿਤ ਅਤੇ ਸ਼ਾਂਤੀ ਦੇ ਖੇਤਰਾਂ ਵਿੱਚ ਦਿੱਤੇ ਜਾਂਦੇ ਹਨ (ਨੋਬਲ ਸ਼ਾਂਤੀ ਪੁਰਸਕਾਰ ਨੂੰ “ਉਸ ਵਿਅਕਤੀ ਲਈ ਵਿਸ਼ੇਸ਼ਤਾ ਦਿੰਦਾ ਹੈ ਜਿਸਨੇ ਰਾਸ਼ਟਰਾਂ ਵਿੱਚ ਫੈਲੋਸ਼ਿਪ ਨੂੰ ਅੱਗੇ ਵਧਾਉਣ ਲਈ ਸਭ ਤੋਂ ਵੱਧ ਜਾਂ ਸਭ ਤੋਂ ਵਧੀਆ ਕੰਮ ਕੀਤਾ ਹੈ। ਨੋਬਲ ਪੁਰਸਕਾਰਾਂ ਨੂੰ ਵਿਆਪਕ ਤੌਰ ‘ਤੇ ਆਪੋ-ਆਪਣੇ ਖੇਤਰਾਂ ਵਿੱਚ ਉਪਲਬਧ ਸਭ ਤੋਂ ਵੱਕਾਰੀ ਪੁਰਸਕਾਰ ਮੰਨਿਆ ਜਾਂਦਾ ਹੈ। ਨੋਬਲ ਪੁਰਸਕਾਰਾਂ ਬਾਰੇ ਹੋਰ ਜਾਣਕਾਰੀ ਲੈਣ ਲਈ ਇਹ ਪੋਰਟਲ ਵਿਜ਼ਿਟ ਕੀਤਾ ਜਾ ਸਕਦਾ ਹੈ।

http://sikhsinhockey.com/: ਵਿਸ਼ਵ ਭਰ ਵਿੱਚ ਹਾਕੀ ਵਿੱਚ ਸਿੱਖਾਂ ਦਾ ਯੋਗਦਾਨ ਹਮੇਸ਼ਾ ਹੀ ਅਥਾਹ ਰਿਹਾ ਹੈ। ਕੈਨੇਡਾ, ਗ੍ਰੇਟ ਬ੍ਰਿਟੇਨ, ਹਾਂਗਕਾਂਗ, ਭਾਰਤ, ਕੀਨੀਆ, ਮਲੇਸ਼ੀਆ, ਸਿੰਗਾਪੁਰ, ਤਨਜ਼ਾਨੀਆ ਅਤੇ ਯੂਗਾਂਡਾ ਦੀ ਨੁਮਾਇੰਦਗੀ ਕਰਦੇ ਹੋਏ ਓਲੰਪਿਕ ਖੇਡਾਂ ਵਿੱਚ ਹਾਕੀ ਖੇਡੀ ਹੈ। ਸਿੱਖਾਂ ਨੇ 1928 ਤੋਂ ਲੈ ਕੇ ਹੁਣ ਤੱਕ ਹਰ ਓਲੰਪਿਕ ਖੇਡਾਂ ਵਿੱਚ ਨੌਂ ਗੋਲਡ, ਇੱਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਜਿੱਤੇ ਹਨ ਅਤੇ 254 ਓਲੰਪਿਕ ਗੋਲ ਕੀਤੇ ਹਨ। ਸਿੱਖ ਦੁਨੀਆ ਦੇ ਸਾਰੇ ਹਿੱਸਿਆਂ ਵਿੱਚ ਹਾਕੀ ਖੇਡ ਰਹੇ ਹਨ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਅਠਾਰਾਂ ਦੇਸ਼ਾਂ ਦੀ ਨੁਮਾਇੰਦਗੀ ਕਰ ਚੁੱਕੇ ਹਨ: ਆਸਟ੍ਰੇਲੀਆ, ਕੈਨੇਡਾ, ਇੰਗਲੈਂਡ, ਫਿਜੀ, ਗ੍ਰੇਟ ਬ੍ਰਿਟੇਨ, ਹਾਂਗਕਾਂਗ, ਭਾਰਤ, ਇੰਡੋਨੇਸ਼ੀਆ, ਕੀਨੀਆ, ਮਲਾਵੀ, ਮਲੇਸ਼ੀਆ, ਸਿੰਗਾਪੁਰ, ਤਨਜ਼ਾਨੀਆ, ਯੂਗਾਂਡਾ, ਅਮਰੀਕਾ, ਵੇਲਜ਼, ਜ਼ੈਂਬੀਆ ਅਤੇ ਜ਼ਾਂਜ਼ੀਬਾਰ। ਉਹ 1971 ਵਿੱਚ ਬਾਰਸੀਲੋਨਾ ਵਿੱਚ ਪਹਿਲੇ ਟੂਰਨਾਮੈਂਟ ਤੋਂ ਬਾਅਦ ਹਰ ਪੁਰਸ਼ ਵਿਸ਼ਵ ਕੱਪ ਵਿੱਚ ਖੇਡੇ ਹਨ। ਸਿੱਖਾਂ ਦੇ ਇਸ ਮਾਣਮੱਤੇ ਇਤਿਹਾਸ ਬਾਰੇ ਹੋਰ ਜਾਣਕਾਰੀ ਲੈਣ ਲਈ ਇਹ ਪੋਰਟਲ ਵਿਜ਼ਿਟ ਕੀਤਾ ਜਾ ਸਕਦਾ ਹੈ।

https://www.hansonrobotics.com/about/: ਹੈਨਸਨ ਰੋਬੋਟਿਕਸ ਲਿਮਿਟੇਡ ਇੱਕ ਹਾਂਗ ਕਾਂਗ-ਅਧਾਰਤ ਇੰਜੀਨੀਅਰਿੰਗ ਅਤੇ ਰੋਬੋਟਿਕਸ ਕੰਪਨੀ ਹੈ ਜਿਸਦੀ ਸਥਾਪਨਾ ਡੇਵਿਡ ਹੈਨਸਨ ਦੁਆਰਾ ਕੀਤੀ ਗਈ ਹੈ, ਜੋ ਕਿ ਉਪਭੋਗਤਾ, ਮਨੋਰੰਜਨ, ਸੇਵਾ, ਸਿਹਤ ਸੰਭਾਲ ਅਤੇ ਖੋਜ ਕਾਰਜਾਂ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਨਾਲ ਮਨੁੱਖੀ-ਵਰਗੇ ਰੋਬੋਟ ਦੇ ਵਿਕਾਸ ਲਈ ਜਾਣੀ ਜਾਂਦੀ ਹੈ। ਰੋਬੋਟਾਂ ਵਿੱਚ ਐਲਬਰਟ ਹੂਬੋ ਸ਼ਾਮਲ ਹੈ, ਮਨੁੱਖਾਂ ਵਰਗੇ ਸਮੀਕਰਨ ਵਾਲਾ ਪਹਿਲਾ ਤੁਰਨ ਵਾਲਾ ਰੋਬੋਟ ਅਤੇ ਸੋਫੀਆ, ਦੁਨੀਆ ਦੀ ਪਹਿਲੀ ਰੋਬੋਟ ਨਾਗਰਿਕ। ਰੋਬੋਟਿਕਸ ਕੰਪਨੀ ਬਾਰੇ ਹੋਰ ਜਾਣਕਾਰੀ ਲੈਣ ਲਈ ਇਹ ਪੋਰਟਲ ਵਿਜ਼ਿਟ ਕੀਤਾ ਜਾ ਸਕਦਾ ਹੈ।

ਉਮੀਦ ਹੈ ਕਿ ਉਪਰੋਕਤ ਵੈਬਸਾਈਟ/ਐਪਸ ਤੁਹਾਡੇ ਗਿਆਨ ਵਿੱਚ ਵਾਧਾ ਕਰਨ ਅਤੇ ਆਨਲਾਈਨ ਸੁਰਖਿਅਤ ਸਰਫਿੰਗ ਕਰਨ ਵਿੱਚ ਸਹਾਈ ਹੋਣਗੀਆਂ। ਜਲਦ ਹਾਜ਼ਰ ਹੋਵਾਂਗਾ ਅਗਲੀ ਕੜੀ ਵਿੱਚ ਹੋਰ ਕੁੱਝ ਵਿਲੱਖਣ ਜਾਣਕਾਰੀ ਭਰਪੂਰ ਵੈਬਸਾਈਟ/ ਐਪਜ਼ ਨਾਲ…. ਧੰਨਵਾਦ।

ਜਗਜੀਤ ਸਿੰਘ ਗਣੇਸ਼ਪੁਰ,
ਕੰਪਿਊਟਰ ਅਧਿਆਪਕ ਸ. ਹ. ਸ ਲਕਸੀਹਾਂ(ਹੁਸ਼ਿਆਰਪੁਰ),
ਸੰਪਰਕ-94655-76022

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਗਤ ਤਮਾਸ਼ਾ
Next articleਵਿਸ਼ਵ ਮਲੇਰੀਆ ਦਿਵਸ ਤਹਿਤ ਜਾਗਰੂਕਤਾ ਮੁਕਾਬਲੇ ਕਰਵਾਏ