ਪੇਈਚਿੰਗ (ਸਮਾਜ ਵੀਕਲੀ): ਚੀਨ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ ਨਾਲ ਬਣੇ ਮੌਜੂਦਾ ਹਾਲਾਤ ਦੇ ਹਵਾਲੇ ਨਾਲ ਅੱਜ ਕਿਹਾ ਕਿ ਉਹ ਭਾਰਤ ਨਾਲ ਉਨ੍ਹਾਂ ਸਾਰੇ ਮੁੱਦਿਆਂ, ਜਿਨ੍ਹਾਂ ਨੂੰ ਫੌਰੀ ਮੁਖਾਤਿਬ ਹੋਣ ਦੀ ਲੋੜ ਹੈ, ਦਾ ਸਲਾਹ-ਮਸ਼ਵਰੇ ਤੇ ਸੰਵਾਦ ਜ਼ਰੀਏ ਹੱਲ ਕੱਢਣ ਲਈ ਤਿਆਰ ਹੈ, ਜੋ ਦੋਵਾਂ ਧਿਰਾਂ ਨੂੰ ਸਵੀਕਾਰਯੋਗ ਹੋਵੇੇ। ਇਸ ਤੋਂ ਪਹਿਲਾਂ ਭਾਰਤ ਨੇ ਬੁੱਧਵਾਰ ਨੂੰ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਪੂਰਬੀ ਲੱਦਾਖ ਵਿੱਚ ਮੌਜੂਦਾ ਹਾਲਾਤ ਨੂੰ ਜਿੰਨਾ ਬੇਲੋੜਾ ਲਮਕਾਇਆ ਜਾਵੇਗਾ, ਉਸ ਦਾ ਦੁਵੱਲੇ ਰਿਸ਼ਤਿਆਂ ਉੱਤੇ ‘ਨਕਾਰਾਤਮਕ’ ਅਸਰ ਪਏਗਾ।
ਤਾਜਿਕਿਸਤਾਨ ਦੀ ਰਾਜਧਾਨੀ ਦੁਸ਼ਾਂਬੇ ’ਚ ਐੱਸਸੀਓ ਮੈਂਬਰ ਮੁਲਕਾਂ ਦੇ ਸੰਮੇਲਨ ਤੋਂ ਇਕਪਾਸੇ ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਨੇ ਆਪਣੇ ਚੀਨੀ ਹਮਰੁਤਬਾ ਤੇ ਸਟੇਟ ਕੌਂਸਲਰ ਵੈਂਗ ਯੀ ਦੇ ਰੂਬਰੂ ਹੁੰਦਿਆਂ ਸਾਫ਼ ਕਰ ਦਿੱਤਾ ਕਿ ਅਸਲ ਕੰਟਰੋਲ ਰੇਖਾ ’ਤੇ ਮੌਜੂਦਾ ਸਥਿਤੀ ’ਚ ਇਕਪਾਸੜ ਬਦਲਾਅ ਭਾਰਤ ਨੂੰ ‘ਸਵੀਕਾਰ ਨਹੀਂ’ ਹੈ। ਜੈਸ਼ੰਕਰ ਨੇ ਦੋ ਟੁੱਕ ਸ਼ਬਦਾਂ ਵਿੱਚ ਸਪਸ਼ਟ ਕਰ ਦਿੱਤਾ ਸੀ ਕਿ ਪੂਰਬੀ ਲੱਦਾਖ ਵਿੱਚ ਅਮਨ ਦੀ ਬਹਾਲੀ ਤੇ ਵਿਵਾਦਿਤ ਖੇਤਰਾਂ ’ਚੋਂ ਫੌਜਾਂ ਦੀ ਵਾਪਸੀ ਮਗਰੋਂ ਹੀ ਦੁਵੱਲੇ ਰਿਸ਼ਤੇ ਅੱਗੇ ਵੱਧਣਗੇ।
ਵੈੈਂਗ ਦੀ ਜੈਸ਼ੰਕਰ ਨਾਲ ਮੁਲਾਕਾਤ ਮਗਰੋਂ ਚੀਨੀ ਵਿਦੇਸ਼ ਮੰਤਰਾਲੇ ਨੇ ਆਪਣੀ ਇਕ ਵੈੱਬਸਾਈਟ ’ਤੇ ਪੋਸਟ ਕੀਤੇ ਬਿਆਨ ਵਿੱਚ ਕਿਹਾ, ‘‘ਗਲਵਾਨ ਵਾਦੀ ਤੇ ਪੈਂਗੌਂਗ ਝੀਲ ਤੋਂ ਫੌਜਾਂ ਦੀ ਵਾਪਸੀ ਮਗਰੋਂ ਤਲਖੀ ਘਟਣ ਨਾਲ ਸਰਹੱਦ ’ਤੇ ਹਾਲਾਤ ਭਾਵੇਂ ਪਹਿਲਾਂ ਦੇ ਮੁਕਾਬਲੇ ਸੁਖਾਲੇ ਹੋਏ ਹਨ, ਪਰ ਭਾਰਤ-ਚੀਨ ਰਿਸ਼ਤਿਆਂ ’ਚ ਨਿਘਾਰ ਆਇਆ ਹੈ, ਜੋ ਕਿਸੇ ਦੇ ਵੀ ਹਿੱਤ ਵਿੱਚ ਨਹੀਂ ਹੈ।’’ ਬਿਆਨ ਵਿੱਚ ਵੈਂਗ ਨੇ ਅੱਗੇ ਕਿਹਾ ਕਿ ਚੀਨ ਵਾਰ ਵਾਰ ਇਹ ਗੱਲ ਆਖਦਾ ਰਿਹਾ ਹੈ ਕਿ ਚੀਨ-ਭਾਰਤ ਸਰਹੱਦੀ ਹਾਲਾਤ ਲਈ ਉਹ ਜ਼ਿੰਮੇਵਾਰ ਨਹੀਂ ਹੈ, ਪਰ ਉਹ (ਚੀਨ) ਭਾਰਤ ਨਾਲ ਉਨ੍ਹਾਂ ਸਾਰੇ ਮੁੱਦਿਆਂ, ਜਿਨ੍ਹਾਂ ਨੂੰ ਫੌਰੀ ਮੁਖਾਤਿਬ ਹੋਣ ਦੀ ਲੋੜ ਹੈ, ਦਾ ਸਲਾਹ ਮਸ਼ਵਰੇ ਤੇ ਸੰਵਾਦ ਜ਼ਰੀਏ ਹੱਲ ਕੱਢਣ ਦਾ ਖਾਹਿਸ਼ਮੰਦ ਹੈ, ਜੋ ਦੋਵਾਂ ਧਿਰਾਂ ਨੂੰ ਸਵੀਕਾਰ ਹੋਵੇੇ।’
ਚੀਨੀ ਵਿਦੇਸ਼ ਮੰਤਰਾਲੇ ਨੇ ਵੈਂਗ ਦੇ ਹਵਾਲੇ ਨਾਲ ਕਿਹਾ, ‘‘ਸਾਨੂੰ ਦੂਰ ਦੀ ਸੋਚਦਿਆਂ ਹੰਗਾਮੀ ਪ੍ਰਬੰਧਨ ਦੀ ਥਾਂ ਸਾਧਾਰਨ ਸਰਹੱਦੀ ਪ੍ਰਬੰਧਨ ਤੇ ਕੰਟਰੋਲ ਚੌਖਟੇ ਵੱਲ ਤਬਦੀਲ ਹੋਣ ਦੀ ਲੋੜ ਹੈ ਤੇ ਦੁਵੱਲੇ ਰਿਸ਼ਤਿਆਂ ’ਚ ਬੇਲੋੜੇ ਅੜਿੱਕਿਆਂ ਨੂੰ ਖ਼ਤਮ ਕਰਨਾ ਹੋਵੇਗਾ।’’ ਵੈਂਗ ਨੇ ਕਿਹਾ ਕਿ ਚੀਨ ਤੇ ਭਾਰਤ ਦੇ ਮੋਢਿਆਂ ’ਤੇ ਆਪੋ-ਆਪਣੇ ਖਿੱਤਿਆਂ ਵਿੱਚ ਅਮਨ ਤੇ ਖੁਸ਼ਹਾਲੀ ਜਿਹੀਆਂ ਵਧੇਰੇ ਅਹਿਮ ਜ਼ਿੰਮੇਵਾਰੀਆਂ ਹਨ, ਲਿਹਾਜ਼ਾ ਸਾਨੂੰ ਆਪਣੇ ਸਾਂਝੇ ਰਣਨੀਤਕ ਹਿੱਤਾਂ ਵੱਲ ਵਧੇਰੇ ਧਿਆਨ ਦਿੰਦਿਆਂ ਦੋਵਾਂ ਮੁਲਕਾਂ ਦੇ ਲੋਕਾਂ ਨੂੰ ਵਧ ਤੋਂ ਵੱਧ ਲਾਭ ਦੇਣਾ ਚਾਹੀਦਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly