ਮਜੀਠੀਆ ਨੂੰ ਭੱਜਣ ਨਹੀਂ ਦੇਵਾਂਗੇ: ਚੰਨੀ

 

  • ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਯਾਦਗਾਰ ਬਣਾਉਣ ਦਾ ਕੀਤਾ ਐਲਾਨ

ਦੋਦਾ (ਸਮਾਜ ਵੀਕਲੀ):  ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਹੈ ਕਿ ਸਰਕਾਰ ਨੇ ਕਾਨੂੰਨ ਅਨੁਸਾਰ ਕਾਰਵਾਈ ਕਰਦਿਆਂ ਬਿਕਰਮ ਸਿੰਘ ਮਜੀਠੀਆ ਖਿਲਾਫ਼ ਕੇਸ ਦਰਜ ਕੀਤਾ ਹੈ ਅਤੇ ਪੁਲੀਸ ਉਸ ਨੂੰ ਭੱਜਣ ਨਹੀਂ ਦੇਵੇਗੀ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਫੜਨ ਲਈ ਹਵਾਈ ਅੱਡਿਆਂ ’ਤੇ ਚੌਕਸੀ ਦੇ ਹੁਕਮ ਜਾਰੀ ਕੀਤੇ ਗਏ ਹਨ। ਇਥੇ ਅਨਾਜ ਮੰਡੀ ’ਚ ਕਾਂਗਰਸ ਦੀ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਹੁਣ ਜਲਦੀ ਹੀ ਬੇਅਦਬੀ ਕਰਨ ਅਤੇ ਕਰਵਾਉਣ ਵਾਲੇ ਬਾਦਲਾਂ ਤੱਕ ਪਹੁੰਚ ਕਰਕੇ ਕਾਰਵਾਈ ਕੀਤੀ ਜਾਵੇਗੀ। ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਦੀ ਜੰਮ ਕੇ ਨਿੰਦਾ ਕਰਦਿਆਂ ਚੰਨੀ ਨੇ ਉਸ ਨੂੰ ਕਾਲਾ ਅੰਗਰੇਜ਼ ਦੱਸਿਆ ਅਤੇ ਕਿਹਾ ਕਿ ਜੇਕਰ ਉਸ ਨੇ ਮਜੀਠੀਆ ਤੋਂ ਮੁਆਫੀ ਨਾ ਮੰਗੀ ਹੁੰਦੀ ਤਾਂ ਇਹ ਕਾਰਵਾਈ ਪਹਿਲਾਂ ਹੀ ਹੋ ਜਾਣੀ ਸੀ।

ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਹਲਕਾ ਗਿੱਦੜਬਾਹਾ ਦੇ ਦੋਦਾ ’ਚ ਕਰਵਾਈ ਗਈ ਰੈਲੀ ਦੌਰਾਨ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਰਹੇ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਚੰਨੀ ਨੇ ਕਿਹਾ ਉਹ ਚਾਚਾ-ਭਤੀਜਾ ਬਣ ਕੇ ਖੇਡ ਖੇਡਦੇ ਰਹੇ। ਇਸ ਮੌਕੇ ਮੁੱਖ ਮੰਤਰੀ ਨੇ ਦੋ ਕਿਸਾਨਾਂ ਦੇ ਪਰਿਵਾਰਾਂ ਨੂੰ ਚੈੱਕ ਤਕਸੀਮ ਕੀਤੇ। ਉਨ੍ਹਾਂ ਐਲਾਨ ਕੀਤਾ ਕਿ ਕਿਸਾਨ ਅੰਦੋਲਨ ਦੌਰਾਨ ਸ਼ਹੀਦ ਹੋਣ ਵਾਲੇ ਕਿਸਾਨਾਂ ਦੀ ਯਾਦ ਵਿਚ ਮੁਕਤਸਰ ਜ਼ਿਲ੍ਹੇ ’ਚ 10 ਏਕੜ ਜ਼ਮੀਨ ਦਾ ਪ੍ਰਬੰਧ ਕਰਕੇ ਯਾਦਗਾਰ ਬਣਾਈ ਜਾਵੇਗੀ। ਰੈਲੀ ਨੂੰ ਸੰਬੋਧਨ ਕਰਦਿਆਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀਆਂ ਦੀ ਸਰਕਾਰ ਵੇਲੇ ਚਿੱਟੇ ਦਾ ਨਸ਼ਾ ਆਇਆ ਜਿਸ ਨੇ ਪੰਜਾਬ ਦੀ ਨੌਜਵਾਨੀ ਦੀ ਬਰਬਾਦੀ ਦਾ ਮੁੱਢ ਬੰਨ੍ਹਿਆ ਅਤੇ ਲੋਕਾਂ ਨੂੰ ਮਰਜ਼ੀ ਨਾਲ ਲੁੱਟਿਆ ਅਤੇ ਕੁੱਟਿਆ।

ਸੁਖਬੀਰ ਸਿੰਘ ਬਾਦਲ ਨੂੰ ਵੰਗਾਰਦਿਆਂ ਉਨ੍ਹਾਂ ਕਿਹਾ ਕਿ ਮਜੀਠੀਆ ਵਾਂਗ ਹੀ ਉਸ ਨੂੰ ਵੀ ਭੁਗਤਨਾ ਪਵੇਗਾ। ਇਸ ਦੌਰਾਨ ਗਿੱਦੜਬਾਹਾ ’ਚ ਮਾਰਕਫੈੱਡ ਦੀ ਸਰਕਾਰੀ ਪਸ਼ੂਆਂ ਦੀ ਫੀਡ ਫੈਕਟਰੀ ਲਈ 14.5 ਕਰੋੜ ਦੀ ਗਰਾਂਟ ਦਾ ਐਲਾਨ ਕੀਤਾ ਗਿਆ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਪਣੇ ਜਜ਼ਬਾਤੀ ਭਾਸ਼ਣ ਵਿਚ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਦੁਬਾਰਾ ਮੌਕਾ ਮਿਲਿਆ ਤਾਂ ਉਹ ਲੰਬੀ ਹਲਕੇ ਵਿਚ ਬਾਦਲਾਂ ਦੀਆਂ ਆਵਾਜ਼ਾਂ ਆਉਣੀਆਂ ਬੰਦ ਕਰ ਦੇਣਗੇ। ਰੈਲੀ ਨੂੰ ਸੰਸਦ ਮੈਂਬਰ ਮੁਹੰਮਦ ਸਦੀਕ, ਡਿਪਟੀ ਸਪੀਕਰ ਅਜੈਬ ਸਿੰਘ ਭੱਟੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਸਿੱਧੂ ਮੂਸੇਵਾਲਾ, ਕਰਨ ਕੌਰ ਬਰਾੜ, ਹਰਚਰਨ ਸਿੰਘ ਬਰਾੜ ਸੋਥਾ, ਫਤਿਹ ਬਾਦਲ, ਜਗਪਾਲ ਸਿੰਘ ਅਬਲੁਖੁਰਾਣਾ, ਅੰਮ੍ਰਿਤਾ ਵੜਿੰਗ ਆਦਿ ਨੇ ਵੀ ਸੰਬੋਧਨ ਕੀਤਾ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleMexico to apply Covid-19 booster to teachers, health workers
Next articleਕੇਸ ਦਰਜ ਕਰਨਾ ਸਿਰਫ਼ ਚੋਣ ਸਟੰਟ: ਚੀਮਾ