ਕਾਂਗਰਸ ਨੂੰ ਸੌ ਸਾਲ ਸੱਤਾ ’ਚ ਨਹੀਂ ਆਉਣ ਦੇਵਾਂਗੇ: ਮੋਦੀ

 

  • ਬੰਦ ਅੱਖਾਂ ਨਾਲ ਕੀਤਾ ਵਿਰੋਧ ਜਮਹੂਰੀਅਤ ਦਾ ਨਿਰਾਦਰ ਕਰਾਰ
  • ਕਰੋਨਾ ਦੇ ਫੈਲਾਅ ਲਈ ਮਹਾਰਾਸ਼ਟਰ ਤੇ ਦਿੱਲੀ ਸਰਕਾਰਾਂ ਸਿਰ ਦੋਸ਼ ਮੜਿਆ
  • ਮਹਿੰਗਾਈ ਦੇ ਨਾਂ ’ਤੇ ਪੰਡਿਤ ਨਹਿਰੂ ਦੇ ਹਵਾਲੇ ਨਾਲ ਤਨਜ਼ ਕੱਸਿਆ

ਨਵੀਂ ਦਿੱਲੀ (ਸਮਾਜ ਵੀਕਲੀ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਵਿੱਚ ਕਾਂਗਰਸ ’ਤੇ ਜ਼ੋਰਦਾਰ ਤੇ ਤਿੱਖੇ ਹਮਲੇ ਕਰਦਿਆਂ ਕਿਹਾ ਕਿ ਪਾਰਟੀ ਨੂੰ ਪਿਛਲੇ ਕਈ ਸਾਲਾਂ ਤੋਂ ਮਿਲ ਰਹੀਆਂ ਚੋਣ ਹਾਰਾਂ ਤੇ ਇਸ ਵੱਲੋਂ ਕੀਤੇ ‘ਪਾਪ’ ਇਸ਼ਾਰਾ ਕਰਦੇ ਹਨ ਕਿ ਪਾਰਟੀ ਅਗਲੇ 100 ਸਾਲ ਸੱਤਾ ਤੋਂ ਬਾਹਰ ਰਹਿਣ ਦਾ ਮਨ ਬਣਾ ਚੁੱਕੀ ਹੈ। ਸ੍ਰੀ ਮੋਦੀ ਨੇ ਕਿਹਾ ਕਿ ਕਾਂਗਰਸ ਦੀ ਇਸ ਇੱਛਾ ਨੂੰ ਪੂਰਾ ਕਰਨ ਲਈ ਉਹ ਵੀ ਪੂਰੀ ਤਿਆਰੀ ਖਿੱਚੀ ਬੈਠੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ‘ਟੁਕੜੇ ਟੁਕੜੇ ਗੈਂਗ ਦੀ ਲੀਡਰ’ ਹੈ। ਬਰਤਾਨਵੀ ਸ਼ਾਸਕ ਦੇਸ਼ ’ਚੋਂ ਚਲੇ ਗਏ, ਪਰ ਕਾਗਰਸ ਨੇ ‘ਪਾੜੋ ਤੇ ਰਾਜ ਕਰੋ’ ਨੀਤੀ ਨੂੰ ਆਪਣਾ ਕਿਰਦਾਰ ਬਣਾ ਲਿਆ। ਰਾਸ਼ਟਰਪਤੀ ਦੇ ਭਾਸ਼ਣ ’ਤੇ ਪੇਸ਼ ਧੰਨਵਾਦ ਮਤੇ ਉੱਤੇ ਦੋਵਾਂ ਸਦਨਾਂ ਵਿੱਚ ਹੋਈ ਬਹਿਸ ਦਾ ਜਵਾਬ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਨੇ ਕਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਪਰਵਾਸੀ ਮਜ਼ਦੂਰਾਂ ਨੂੰ ਲੌਕਡਾਊਨ ਦੀ ਉਲੰਘਣਾ ਲਈ ‘ਉਕਸਾਇਆ’, ਜਿਸ ਕਰਕੇ ਕਰੋਨਾ ਅੱਗੇ ਤੋਂ ਅੱਗੇ ਫੈਲਦਾ ਗਿਆ। ਉਨ੍ਹਾਂ ਕਿਹਾ ਕਿ ਹੁਣ ਤੱਕ ਅਣਗਿਣਤ ਚੋਣਾਂ ਵਿੱਚ ਹਾਰ ਵੀ ਕਾਂਗਰਸ ਦੀ ਹਉਮੈ ਨੂੰ ਨਹੀਂ ਬਦਲ ਸਕੀ।

ਸ੍ਰੀ ਮੋਦੀ ਨੇ ਲੋਕ ਸਭਾ ਵਿੱਚ ਬਹਿਸ ਦਾ ਜਵਾਬ ਦਿੰਦਿਆਂ ਕਾਂਗਰਸ ਦੇ ਹਵਾਲੇ ਨਾਲ ਕਿਹਾ, ‘‘ਕਰੋਨਾ ਮਹਾਮਾਰੀ ਦੀ ਪਹਿਲੀ ਲਹਿਰ ਦੌਰਾਨ ਤੁਸੀਂ (ਮਹਾਰਾਸ਼ਟਰ ਸਰਕਾਰ) ਪਰਵਾਸੀ ਮਜ਼ਦੂਰਾਂ ਨੂੰ ਮੁੰਬਈ ਛੱਡਣ ਲਈ ਰੇਲਗੱਡੀ ਦੀਆਂ ਮੁਫ਼ਤ ਟਿਕਟਾਂ ਦਿੱਤੀਆਂ। ਠੀਕੇ ਉਸੇ ਵੇਲੇ ਦਿੱਲੀ ਸਰਕਾਰ (ਕੇਜਰੀਵਾਲ ਸਰਕਾਰ) ਨੇ ਪਰਵਾਸੀ ਮਜ਼ਦੂਰਾਂ ਨੂੰ ਸ਼ਹਿਰ ਛੱਡਣ ਲਈ ਆਖਦਿਆਂ ਬੱਸਾਂ ਮੁਹੱਈਆ ਕਰਵਾਈਆਂ। ਨਤੀਜੇ ਵਜੋਂ ਪੰਜਾਬ, ਯੂਪੀ ਤੇ ਉੱਤਰਾਖੰਡ ਵਿੱਚ ਕੋਵਿਡ ਫੈਲ ਗਿਆ।’’ ਕਾਂਗਰਸ ਨੂੰ ‘ਟੁਕੜੇ ਟੁਕੜੇ ਗੈਂਗ‘ ਦਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਕਾਂਗਰਸ ਨੇ ਤਾਮਿਲ ਭਾਵਨਾਵਾਂ ਨੂੰ ਸੱਟ ਮਾਰਨ ਦੀ ਕੋਸ਼ਿਸ਼ ਕੀਤੀ…ਮੈਂ ਤਾਮਿਲ ਨਾਡੂ ਦੇ ਨਾਗਰਿਕਾਂ ਨੂੰ ਸਲਾਮ ਕਰਦਾ ਹਾਂ, ਜਿਨ੍ਹਾਂ ਘੰਟਿਆਂਬੱਧੀ ਸੜਕਾਂ ’ਤੇ ਖੜ੍ਹ ਕੇ ਸੀਡੀਐੱਸ ਬਿਪਿਨ ਰਾਵਤ ਨੂੰ ਸ਼ਰਧਾਂਜਲੀਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਅੱਖਾਂ ਬੰਦ ਕਰਕੇ ਕੀਤਾ ਜਾਣ ਵਾਲਾ ਵਿਰੋਧ (ਅੰਧਵਿਰੋਧ) ਜਮਹੂਰੀਅਤ ਦਾ ਨਿਰਾਦਰ ਹੈ।

ਕਾਂਗਰਸ ਸੰਸਦੀ ਦਲ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕੋਵਿਡ ਮਹਾਮਾਰੀ ਦੀ ਪਹਿਲੀ ਲਹਿਰ ਨੂੰ ਲੈ ਪਾਰਟੀ ਬਾਰੇ ਕੀਤੀਆਂ ਟਿੱਪਣੀਆਂ ਦਾ ਵਿਰੋਧ ਕੀਤਾ ਤਾਂ ਸ੍ਰੀ ਮੋਦੀ ਨੇ ਕਿਹਾ, ‘ਤੁਸੀਂ ਖੜ੍ਹੇ ਹੋ ਹੀ ਗਏ ਹੋ ਤਾਂ ਮੈਂ ਨਾਂ ਲੈ ਕੇ ਬੋਲਣਾ ਚਾਹਾਂਗਾ ਕਿ ਇਸ ਕਰੋਨਾ ਕਾਲ ਵਿੱਚ ਕਾਂਗਰਸ ਨੇ ਤਾਂ ਹੱਦ ਹੀ ਕਰ ਦਿੱਤੀ।’’ ਉਨ੍ਹਾਂ ਕਾਂਗਰਸੀ ਆਗੂ ਨੂੰ ਜਵਾਬ ਦਿੰਦਿਆਂ ਕਿਹਾ, ‘ਕੀ ਇਹ ਦੇਸ਼ ਤੁਹਾਡਾ ਨਹੀਂ ਹੈ।’ ਸ੍ਰੀ ਮੋਦੀ ਨੇ ਵਿਰੋਧੀ ਧਿਰ ਨੂੰ ਕਿਹਾ, ‘‘ਆਲੋਚਨਾ ਸਜੀਵ ਜਮਹੂਰੀਅਤ ਦਾ ਗਹਿਣਾ ਹੈ…ਜਦੋਂਕਿ ਬੰਦ ਅੱਖਾਂ ਨਾਲ ਕੀਤਾ ਵਿਰੋਧ ਜਮਹੂਰੀਅਤ ਦਾ ਨਿਰਾਦਰ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਯੂਪੀ, ਬਿਹਾਰ, ਗੁਜਰਾਤ, ਪੱਛਮੀ ਬੰਗਾਲ, ਤਾਮਿਲ ਨਾਡੂ ਤੇ ਤ੍ਰਿਪੁਰਾ ਸਣੇ ਕਈ ਰਾਜਾਂ ਵਿੱਚ ਸੱਤਾ ਤੋਂ ਬਾਹਰ ਹੈ। ਉਨ੍ਹਾਂ ਕਿਹਾ, ‘ਨਾਗਾਲੈਂਡ ਨੇ 24 ਸਾਲ ਪਹਿਲਾਂ ਕਾਂਗਰਸ ਲਈ ਵੋਟ ਪਾਈ ਸੀ ਜਦੋਂਕਿ ਉੜੀਸਾ ਨੇ 27 ਸਾਲ ਪਹਿਲਾਂ ਤੁਹਾਨੂੰ ਸੱਤਾ ਤੋਂ ਬਾਹਰ ਕੀਤਾ ਸੀ। 28 ਸਾਲ ਪਹਿਲਾਂ ਤੁਸੀਂ ਪੂਰੇ ਬਹੁਮੱਤ ਨਾਲ ਗੋਆ ’ਚ ਜਿੱਤੇ ਸੀ। 1988 ਵਿੱਚ ਤ੍ਰਿਪੁਰਾ ਨੇ ਕਾਂਗਰਸ ਲਈ ਵੋਟ ਪਾਈ ਸੀ ਤੇ ਪੱਛਮੀ ਬੰਗਾਲ ਨੇ 1972 ਵਿੱਚ ਕਾਂਗਰਸ ਨੂੰ ਮੌਕਾ ਦਿੱਤਾ ਸੀ। ਤੁਸੀਂ ਤਿਲੰਗਾਨਾ ਦੇ ਗਠਨ ਦਾ ਸਿਹਰਾ ਲਿਆ, ਪਰ ਲੋਕਾਂ ਨੇ ਤੁਹਾਨੂੰ ਸਵੀਕਾਰ ਨਹੀਂ ਕੀਤਾ…ਇੰਨੀਆਂ ਚੋਣਾਂ ਹਾਰਨ ਦੇ ਬਾਵਜੂਦ ਤੁਹਾਡੀ ਹਉਮੈ ’ਚ ਤਬਦੀਲੀ ਨਹੀਂ ਆਈ…ਜਿਹੜੀਆਂ ਪਾਰਟੀਆਂ ਇਤਿਹਾਸ ਤੋਂ ਸਬਕ ਨਹੀਂ ਲੈਂਦੀਆਂ ਉਹ ਇਤਿਹਾਸ ਦੀ ਤਵਾਰੀਖ ’ਚ ਗੁਆਚ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ‘ਗਰੀਬ ਹਟਾਉ’ ਦੇ ਨਾਅਰੇ ਨਾਲ ਕਈ ਚੋਣਾਂ ਜਿੱਤੀਆਂ, ਪਰ ਇਸ ਦੇਸ਼ ਦੇ ਗਰੀਬਾਂ ਨੇ ਉਨ੍ਹਾਂ ਨੂੰ ਸੱਤਾ ’ਚੋਂ ਬਾਹਰ ਕਰ ਦਿੱਤਾ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਕੁੱਲ ਆਲਮ ਯੋਗਾ ਦੀ ਤਾਰੀਫ ਕਰ ਰਿਹੈ, ਪਰ ਤੁਸੀਂ ਉਸ ਦਾ ਮਜ਼ਾਕ ਬਣਾ ਰਹੇ ਹੋ। ਤੁਸੀਂ ਮੇਰਾ ਵਿਰੋਧ ਕਰ ਸਕਦੇ ਹੋ, ਪਰ ਤੁਸੀਂ (ਕਾਂਗਰਸ) ਫਿਟ ਇੰਡੀਆ ਮੁਹਿੰਮ ਤੇ ਹੋਰ ਸਕੀਮਾਂ ਦਾ ਵਿਰੋਧ ਕਿਉਂ ਕਰ ਰਹੇ ਹੋ?’’ ਕੋਵਿਡ-19 ਦੌਰਾਨ ਸਰਕਾਰ ਵੱਲੋਂ ਚੁੱਕੇ ਕਦਮਾਂ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਕੇਂਦਰ ਨੇ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ ਮੁਹੱਈਆ ਕੀਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਰੋਧੀ ਧਿਰਾਂ ਅਕਸਰ ਮਹਿੰਗਾਈ ਨੂੰ ਲੈ ਕੇ ਮੌਜੂਦਾ ਸਰਕਾਰ ’ਤੇ ਹੱਲੇ ਬੋਲਦੀਆਂ ਹਨ, ਪਰ ਉਹ (ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ) ਜਵਾਹਰਲਾਲ ਨਹਿਰੂ ਸਨ, ਜਿਨ੍ਹਾਂ ਉਸ ਵੇਲੇ ਅਸਮਾਨੀ ਪੁੱਜੀਆਂ ਕੀਮਤਾਂ ਲਈ ਕੋਰੀਅਨ ਜੰਗ ਤੇ ਅਮਰੀਕਾ ਵਿੱਚ ਗੜਬੜੀ ਸਿਰ ਭਾਂਡਾ ਭੰਨਿਆ। ਉਨ੍ਹਾਂ ਕਿਹਾ, ‘‘ਸਾਲ 2014-2020 ਦੌਰਾਨ ਮਹਿੰਗਾਈ ਦਰ 5 ਫੀਸਦ ਤੋਂ ਘੱਟ ਸੀ। ਪੰਡਿਤ ਨਹਿਰੂ ਨੇ ਇਕ ਵਾਰ ਲਾਲ ਕਿਲ੍ਹੇ ਦੀ ਫਸੀਲ ਤੋਂ ਕਿਹਾ ਸੀ ਕਿ ਕੋਰੀਅਨ ਜੰਗ ਕਰਕੇ ਮਹਿੰਗਾਈ ਵਧੀ ਹੈ। ਉਨ੍ਹਾਂ ਕਿਹਾ ਸੀ ਕਿ ਅਮਰੀਕਾ ਵਿੱਚ ਹੁੰਦੀ ਕੋਈ ਵੀ ਗੜਬੜ ਮਹਿੰਗਾਈ ਲਈ ਜ਼ਿੰਮੇਵਾਰ ਹੈ।’’ ਵਿਕਾਸ ਦੀ ਗੱਲ ਕਰਦਿਆਂ ਸ੍ਰੀ ਮੋਦੀ ਨੇ ‘ਅੱਜ ਦੇਸ਼ ਦੇ ਗਰੀਬ ਲੋਕਾਂ ਨੂੰ ਗੈਸ ਕੁਨੈਕਸ਼ਨ, ਘਰ ਤੇ ਪਖਾਨਿਆਂ ਦੀ ਸਹੂਲਤ ਮਿਲ ਰਹੀ ਹੈ। ਉਨ੍ਹਾਂ ਦੇ ਆਪਣੇ ਬੈਂਕ ਖਾਤੇ ਹਨ। ਪਰ ਬਦਕਿਸਮਤੀ ਨੂੰ ਵੀ ਅਜੇ ਵੀ ਕੁਝ ਲੋਕਾਂ ਦੇ ਦਿਮਾਗ 2014 ਵਿੱਚ ਹੀ ਫਸੇ ਹੋਏ ਹਨ…ਸਾਨੂੰ ਆਪਣੇ ਛੋਟੇ ਕਿਸਾਨਾਂ ਨੂੰ ਮਜ਼ਬੂਤ ਬਣਾਉਣ ਦੀ ਲੋੜ ਹੈ। ਸਾਡਾ ਸਾਰਾ ਧਿਆਨ ਉਨ੍ਹਾਂ ਵੱਲ ਕੇਂਦਰਤ ਹੈ। ਪਰ ਜਿਨ੍ਹਾਂ ਲੋਕਾਂ ਨੂੰ ਛੋਟੇ ਕਿਸਾਨਾਂ ਦੀ ਪੀੜ ਦਾ ਅਹਿਸਾਸ ਨਹੀਂ ਹੈ, ਉਨ੍ਹਾਂ ਨੂੰ ਕਿਸਾਨਾਂ ਦੇ ਨਾਮ ’ਤੇ ਸਿਆਸਤ ਕਰਨ ਦਾ ਕੋਈ ਅਧਿਕਾਰ ਨਹੀਂ ਹੈ।’’ ਸ੍ਰੀ ਮੋਦੀ ਨੇ ਧੰਨਵਾਦ ਮਤੇ ’ਤੇ ਬਹਿਸ ਨੂੰ ਸਮੇਟਦਿਆਂ ਲਤਾ ਮੰਗੇਸ਼ਕਰ ਨੂੰ ਵੀ ਸ਼ਰਧਾਂਜਲੀ ਦਿੱਤੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articlePicasso’s anti-war tapestry back at UN HQ in New York
Next articleਜਲੰਧਰ: ਚੰਨੀ ਦਾ ਭਾਣਜਾ ਹਨੀ ਅਦਾਲਤ ’ਚ ਪੇਸ਼