ਸੂਬੇ ’ਚੋਂ ਨਸ਼ਿਆਂ ਅਤੇ ਭ੍ਰਿਸ਼ਟਾਚਾਰ ਦਾ ਖਾਤਮਾ ਕਰਾਂਗੇ: ਰਾਜਪਾਲ

 

  • ਬੇਅਦਬੀ ਦੀਆਂ ਘਟਨਾਵਾਂ ਦੀ ਵਿਆਪਕ ਜਾਂਚ ਦਾ ਕੀਤਾ ਵਾਅਦਾ
  • ਸ਼ਹੀਦ ਹੋਣ ਵਾਲੇ ਫ਼ੌਜੀਆਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ

ਚੰਡੀਗੜ੍ਹ (ਸਮਾਜ ਵੀਕਲੀ):  ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਕਿਹਾ ਹੈ ਕਿ ‘ਆਪ’ ਸਰਕਾਰ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਵਾਅਦੇ ਨਿਭਾਉਣ, ਸੂਬੇ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਅਤੇ ਕਾਨੂੰਨ ਵਿਵਸਥਾ ਲਾਗੂ ਕਰਨ ’ਤੇ ਜ਼ੋਰ ਦੇਵੇਗੀ। ਉਨ੍ਹਾਂ ਨਸ਼ਿਆਂ ਦੇ ਖਾਤਮੇ ਅਤੇ ਬੇਅਦਬੀ ਦੀਆਂ ਘਟਨਾਵਾਂ ਦੀ ਜਾਂਚ ਕਰਵਾਉਣ ਦੀ ਗੱਲ ਵੀ ਆਖੀ। ਵਿਧਾਨ ਸਭਾ ’ਚ ਪਲੇਠੇ ਭਾਸ਼ਨ ਵਿੱਚ ਰਾਜਪਾਲ ਵੱਲੋਂ ਇੱਕ ਤਰ੍ਹਾਂ ਨਾਲ ‘ਆਪ’ ਦੀ ਨਵੀਂ ਹਕੂਮਤ ਦੇ ਪੰਜ ਸਾਲਾਂ ਦਾ ਖਾਕਾ ਪੇਸ਼ ਕੀਤਾ ਗਿਆ। ਭਾਸ਼ਨ ਵਿੱਚ ਰਾਜਪਾਲ ਨੇ ਸੂਬੇ ਵਿੱਚ ਅਕਾਲੀ ਦਲ ਅਤੇ ਕਾਂਗਰਸ ਸਰਕਾਰ ਦੇ ਕੁਸ਼ਾਸਨ ਦੀ ਗੱਲ ਕਰਦਿਆਂ ਸੂਬੇ ਨੂੰ ਕਰਜ਼ਾਈ ਬਣਾਉਣ, ਨੌਜਵਾਨਾਂ ’ਚ ਨਿਰਾਸ਼ਾ ਪੈਦਾ ਕਰਨ, ਖੇਤੀ, ਸਿਹਤ, ਸਿੱਖਿਆ ਅਤੇ ਹੋਰ ਖੇਤਰਾਂ ’ਚ ਨਿਘਾਰ ਲਿਆਉਣ ਲਈ ਵੀ ਜ਼ਿੰਮੇਵਾਰ ਦੱਸਿਆ।

ਸ੍ਰੀ ਪੁਰੋਹਿਤ ਨੇ ਵਿਧਾਨ ਸਭਾ ਚੋਣਾਂ ’ਚ ਸੱਤਾਧਾਰੀ ਧਿਰ ਦੀ ਜਿੱਤ ਦੀ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਬਦਲਾਅ ਲਈ ਵੋਟ ਦੀ ਵਰਤੋਂ ਕਰਦਿਆਂ ਨਵੀਂ ਆਸ ਤੇ ਦਿਸ਼ਾ ’ਚ ਭਰੋਸਾ ਪ੍ਰਗਟਾਇਆ ਹੈ। ਇਸ ਲਈ ਪੰਜਾਬ ਦਾ ਗੌਰਵ ਬਹਾਲ ਕਰਨਾ ਹੀ ਸਰਕਾਰ ਦੀ ਪ੍ਰਮੁੱਖਤਾ ਹੋਵੇਗਾ। ਉਨ੍ਹਾਂ ਸਿਆਸੀ ਬਦਲਾਖੋਰੀ ਦਾ ਅੰਤ ਕਰਨ ਅਤੇ ਸਿਆਸੀ ਵਿਰੋਧੀਆਂ ਦੇ ਕਿਰਦਾਰਕੁਸ਼ੀ ਦੇ ਸੱਭਿਆਚਾਰ ਨੂੰ ਬੰਦ ਕਰਨ ਦਾ ਹਵਾਲਾ ਵੀ ਆਪਣੇ ਭਾਸ਼ਨ ਵਿੱਚ ਦਿੱਤਾ। ਰਾਜਪਾਲ ਨੇ ਕਿਹਾ,‘‘ਲੋਕਤੰਤਰ ਵਿੱਚ ਅਸਲ ਤਾਕਤ ਲੋਕਾਂ ਦੇ ਹੱਥ ਹੁੰਦੀ ਹੈ ਇਸ ਲਈ ‘ਆਪ’ ਸਰਕਾਰ ਇਸ ਸਿਧਾਂਤ ’ਤੇ ਪਹਿਰਾ ਦੇਵੇਗੀ ਜਦੋਂ ਕਿ ਪਹਿਲਾਂ ਵਾਲੇ ਸਾਸ਼ਕ ਆਪਣੇ ਆਪ ਨੂੰ ਮਾਲਕ ਅਤੇ ਲੋਕਾਂ ਨੂੰ ਗੁਲਾਮ ਸਮਝਣ ਲੱਗ ਪਏ ਸਨ। ਸਰਕਾਰੀ ਤੰਤਰ ਵਿੱਚ ਭ੍ਰਿਸ਼ਟਾਚਾਰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ।’’ ਰਾਜਪਾਲ ਨੇ ਟਰਾਂਸਪੋਰਟ ਮਾਫੀਆ, ਸ਼ਰਾਬ ਮਾਫੀਆ ਅਤੇ ਰੇਤ ਮਾਫੀਆ ਦਾ ਭੋਗ ਪਾਉਣ ਦੀ ਗੱਲ ਵੀ ਕਹੀ। ਉਨ੍ਹਾਂ ਕਿਹਾ ਕਿ ਗੈਰ ਸਮਾਜਿਕ ਤੱਤਾਂ ਨੇ ਪਿਛਲੇ ਸਮੇਂ ਦੌਰਾਨ ਪੰਜਾਬ ਦੇ ਸਰਮਾਏ ਨੂੰ ਲੁੱਟ ਕੇ ਸੂਬੇ ਨੂੰ ਭਾਰੀ ਮਾਲੀ ਨੁਕਸਾਨ ਪਹੁੰਚਾਇਆ ਹੈ।

ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ‘ਆਪ’ ਵੱਲੋਂ ਕੀਤੇ ਗਏ ਵਾਅਦੇ ਨਿਭਾਉਣ ਦੀ ਗੱਲ ਕਰਦਿਆਂ ਸ੍ਰੀ ਪੁਰੋਹਿਤ ਨੇ ਕਿਹਾ ਕਿ 18 ਸਾਲ ਉਮਰ ਤੋਂ ਉਪਰ ਦੀ ਹਰ ਮਹਿਲਾ ਨੂੰ 1 ਹਜ਼ਾਰ ਰੁਪਏ ਦੀ ਮਾਲੀ ਇਮਦਾਦ ਦਿੱਤੀ ਜਾਵੇਗੀ। ਬੁਢਾਪਾ ਪੈਨਸ਼ਨ ਲੈ ਰਹੀਆਂ ਔਰਤਾਂ ਨੂੰ ਪੈਨਸ਼ਨ ਦੇ ਨਾਲ 1 ਹਜ਼ਾਰ ਰੁਪਇਆ ਦਿੱਤਾ ਜਾਵੇਗਾ। ਇਸੇ ਤਰ੍ਹਾਂ ਹਰ ਘਰ ਨੂੰ ਬਿਜਲੀ ਦੀਆਂ 300 ਯੂਨਿਟਾਂ ਮੁਫ਼ਤ ਦੇਣ ਦੇ ਵਾਅਦੇ ’ਤੇ ਵੀ ਅਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਫੈਸਲੇ ਦੇ ਲਾਗੂ ਹੋਣ ਨਾਲ 80 ਫੀਸਦੀ ਘਰਾਂ ਵਿੱਚ ਬਿਜਲੀ ਦਾ ਬਿਲ ਖ਼ਤਮ ਹੋ ਜਾਵੇਗਾ। ਰਾਜਪਾਲ ਨੇ ਸਰਕਾਰੀ ਭਰਤੀ ਵਿੱਚ ਠੇਕੇ ਦੇ ਆਧਾਰ ’ਤੇ ਨੌਕਰੀਆਂ ਖ਼ਤਮ ਕਰਨ ਦਾ ਐਲਾਨ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਖਾਲੀ ਅਸਾਮੀਆਂ ’ਤੇ ਪੱਕੀ ਭਰਤੀ ਕਰੇਗੀ ਅਤੇ ਪਹਿਲਾਂ ਤੋਂ ਠੇਕਾ ਆਧਾਰਿਤ ਜਾਂ ਆਊਟਸੋਰਸ ਰਾਹੀਂ ਭਰਤੀ ਕੀਤੇ ਗਏ ਮੁਲਾਜ਼ਮਾਂ ਦੀਆਂ ਸੇਵਾਵਾਂ ਪੱਕੀਆਂ ਕੀਤੀਆਂ ਜਾਣਗੀਆਂ।

ਉਨ੍ਹਾਂ ਕਿਹਾ ਕਿ ਸਿੱਖਿਆ ਵਿੱਚ ਗੁਣਵੱਤਾ ਲਿਆਉਣ ਲਈ ਅਧਿਆਪਕਾਂ ਨੂੰ ਫਿਨਲੈਂਡ, ਕੈਨੇਡਾ, ਅਮਰੀਕਾ ਅਤੇ ਇੰਗਲੈਂਡ ਆਦਿ ਮੁਲਕਾਂ ਵਿੱਚ ਅਧਿਆਪਨ ਵਿਧੀਆਂ ਦੀ ਸਿਖਲਾਈ ਲਈ ਭੇਜਿਆ ਜਾਵੇਗਾ। ਉਨ੍ਹਾਂ ਫਸਲੀ ਵਿਭਿੰਨਤਾ ਅਪਣਾ ਕੇ ਕਿਸਾਨੀ ਦਾ ਪੱਧਰ ਉਚਾ ਚੁੱਕਣ ਅਤੇ ਜ਼ਮੀਨ ਹੇਠਲਾ ਪਾਣੀ ਬਚਾਉਣ ਦੇ ਉਪਰਾਲੇ ਕਰਨ ਦੀ ਗੱਲ ਵੀ ਕਹੀ। ਦੇਸ਼ ਲਈ ਕੁਰਬਾਨ ਹੋਣ ਵਾਲੀ ਫੌਜੀ ਸ਼ਹੀਦਾਂ ਦੇ ਪਰਿਵਾਰਾਂ ਨੂੰ 1 ਕਰੋੜ ਰੁਪਏ ਦੀ ਸਹਾਇਤਾ ਰਾਸ਼ੀ ਦੇਣ ਦਾ ਵਚਨ ਦਿੱਤਾ। ਰਾਜਪਾਲ ਨੇ ਮੈਡੀਕਲ ਕਾਲਜਾਂ ਵਿੱਚ ਡਾਕਟਰੀ ਸਿੱਖਿਆ ਦੀਆਂ ਸੀਟਾਂ ਵਧਾਉਣ ਅਤੇ ਮੈਡੀਕਲ ਸਿੱਖਿਆ ਸਸਤੀ ਕਰਨ ਦਾ ਵਾਅਦਾ ਵੀ ਕੀਤਾ। ਜਲੰਧਰ ਵਿੱਚ ਖੇਡ ਯੂਨੀਵਰਸਿਟੀ ਅਤੇ ਅੰਤਰਾਸ਼ਟਰੀ ਪੱਧਰ ਦਾ ਹਵਾਈ ਅੱਡਾ ਸਥਾਪਤ ਕਰਨ ਦਾ ਵਾਅਦਾ ਵੀ ਕੀਤਾ ਗਿਆ। ਲੋਕਾਂ ਦੀ ਸਹੂਲਤ ਲਈ ‘ਡੋਰਸਐਪ ਡਿਲੀਵਰੀ ਸੇਵਾਵਾਂ’ ਅਪਣਾਉਣ ਦੀ ਗੱਲ ਕਰਦਿਆਂ ਵਿਆਹ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਰਾਸ਼ਨ ਕਾਰਡ ਅਤੇ ਹੋਰ ਸਹੂਲਤਾਂ ਘਰ ਬੈਠਿਆਂ ਦੇਣ ਦੀ ਗੱਲ ਵੀ ਕੀਤੀ।

ਆਂਗਨਵਾੜੀ ਤੇ ਆਸ਼ਾ ਵਰਕਰਾਂ ਦਾ ਮਿਹਨਤਾਨਾ ਦੁੱਗਣਾ ਕਰਨ ਦਾ ਐਲਾਨ ਵੀ ਰਾਜਪਾਲ ਦੇ ਭਾਸ਼ਨ ਵਿੱਚ ਕੀਤਾ ਗਿਆ ਹੈ। ਇਸੇ ਤਰ੍ਹਾਂ ਪੁਲੀਸ ਅਫ਼ਸਰਾਂ ਦੀਆਂ ਤਾਇਨਾਤੀਆਂ ਵਿੱਚ ਸਿਫਾਰਸ਼ੀ ਸੱਭਿਆਚਾਰ ਦਾ ਖਾਤਮਾ ਕਰਨ ਦਾ ਵਾਅਦਾ ਕਰਦਿਆਂ ਤਾਇਨਾਤੀਆਂ ਯੋਗਤਾ ਦੇ ਆਧਾਰ ’ਤੇ ਭ੍ਰਿਸ਼ਟਾਚਾਰ ਰਹਿਤ ਕਰਨ, ਵੀਆਈਪੀ ਸੱਭਿਆਚਾਰ ਖ਼ਤਮ ਕਰਨ, ਕੌਮਾਂਤਰੀ ਸਰਹੱਦਾਂ ਦੀ ਰਾਖੀ ਕਰਨ ਦੀ ਗੱਲ ਵੀ ਕੀਤੀ ਗਈ। ਪੰਜਾਬ ਨੂੰ ਛੇ ਮਹੀਨਿਆਂ ’ਚ ਨਸ਼ਾ ਮੁਕਤ ਬਣਾਉਣ ਅਤੇ ਬੀਤੇ ਸਮੇਂ ਦੌਰਾਨ ਬੇਕਸੂਰ ਵਿਅਕਤੀਆਂ ’ਤੇ ਦਰਜ ਮਾਮਲੇ ਰੱਦ ਕਰਨ ਦਾ ਐਲਾਨ ਵੀ ਕੀਤਾ ਗਿਆ। ਟਰਾਂਸਪੋਰਟ ਮਾਫੀਆ ਨੂੰ ਖ਼ਤਮ ਕਰਨ ਲਈ 10 ਤੋਂ 15 ਮੈਂਬਰੀ ਕਮਿਸ਼ਨ ਦੇ ਗਠਨ ਦਾ ਐਲਾਨ ਕਰਦਿਆਂ ਨਵੀਂ ਟਰਾਂਸਪੋਰਟ ਨੀਤੀ ਲਿਆਉਣ ਦੀ ਗੱਲ ਵੀ ਆਖੀ ਗਈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਭਾਰਤ ਤੇ ਅਮਰੀਕਾ ਵੱਲੋਂ ਯੂਕਰੇਨ ਦੇ ਹਾਲਾਤ ਬਾਰੇ ਚਰਚਾ
Next article‘ਆਪ’ ਨੇ ਨੌਂ ਸੂਬਿਆਂ ਲਈ ਅਹੁਦੇਦਾਰ ਐਲਾਨੇ, ਸੰਦੀਪ ਪਾਠਕ ਨੂੰ ਪੰਜਾਬ ਦਾ ਸਹਿ-ਇੰਚਾਰਜ ਲਾਇਆ