” ਅਸੀਂ ਪੇਂਡੂ ਨੀ ਦਿਲਾਂ ਦੇ ਮਾੜੇ

ਨਰਿੰਦਰ ਬੀਬਾ
27 ਜੂਨ ਪੰਜਾਬੀ ਗਾਇਕਾ ਨਰਿੰਦਰ ਬੀਬਾ ਦੀ ਬਰਸੀ ਤੇ ਵਿਸ਼ੇਸ਼
ਅਸੀਂ ਪੇਂਡੂ ਨੀ ਦਿਲਾਂ ਦੇ ਮਾੜੇ,
ਚੰਡੀਗੜ੍ਹ ਰਹਿਣ ਵਾਲੀਏ,
(ਸਮਾਜ ਵੀਕਲੀ) ਅੱਜ ਤੋਂ ਤਕਰੀਬਨ 40-50 ਸਾਲ ਪਹਿਲਾਂ ਨਰਿੰਦਰ ਬੀਬਾ ਦਾ ਗਾਇਆ ਇਹ ਦੋਗਾਣਾ ਰੇਡੀਓ ਤੋਂ ਆਮ ਹੀ ਸੁਣਿਆ ਜਾਂਦਾ ਸੀ ਇਹੋ ਜਿਹੇ ਸੈਂਕੜੇ ਸਦਾਬਹਾਰ ਪੰਜਾਬੀ ਲੋਕ ਗੀਤ ਪੰਜਾਬੀ ਬੋਲੀ ਦੀ ਝੋਲੀ ਪਾਉਣ ਵਾਲੀ ਗਾਇਕਾ ਨਰਿੰਦਰ ਬੀਬਾ ਨੇ ਪੰਜਾਬੀ ਲੋਕ ਗੀਤਾਂ ਅਤੇ ਪੰਜਾਬੀ ਮਾਂ ਬੋਲੀ ਨੂੰ ਉਸ ਵੇਲੇ ਸਿਖਰਾਂ ਤੇ ਪਹੁੰਚਾਇਆ ਜਦੋਂ ਕੁੜੀਆਂ ਵਾਸਤੇ ਗਾਣਾ ਤਾਂ ਦੂਰ ਦੀ ਗੱਲ ਘਰ ਦੀ ਦਹਿਲੀਜ਼ ਲੰਘਣਾ ਵੀ ਮੁਸ਼ਕਲ ਸੀ ਉਨ੍ਹਾਂ ਦੀ ਖੁਲਦਿਲੀ ,ਦਲੇਰੀ ਅਤੇ ਗਾਇਕੀ ਦੇ ਸ਼ੌਕ ਦਾ ਅੰਦਾਜ਼ਾ ਸਹਿਜੇ ਹੀ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਔਰਤ ਦੀ ਗੁਲਾਮੀ ਵਾਲੇ ਸਮਿਆਂ ਵਿੱਚ ਵੀ ਬੀਬਾ ਜੀ ਨੇ ਮਰਦ ਗਾਇਕਾਂ ਵਾਂਗ ਅਲਗੋਜ਼ਿਆਂ ਨਾਲ ਲੰਮੀ ਹੇਕ ਵਾਲੇ ਲੋਕ ਗੀਤ ਗਾ ਕੇ ਨਾਮਨਾ ਖੱਟਿਆ। ਨਰਿੰਦਰ ਬੀਬਾ ਦਾ ਜਨਮ ਪਾਕਿਸਤਾਨ ਦੇ ਸਰਗੋਧਾ ਜ਼ਿਲ੍ਹੇ ਦੇ ਚੱਕ 120 ਵਿਖੇ ਪਿਤਾ ਫ਼ਤਹਿ ਸਿੰਘ ਦੇ ਗ੍ਰਹਿ ਵਿਖੇ 1941 ਨੂੰ ਹੋਇਆ ਸੀ। ਬਚਪਨ ਤੋਂ ਹੀ ਗਾਇਕੀ ਦਾ ਸ਼ੌਕ ਰੱਖਣ ਵਾਲੀ ਬੀਬਾ ਨੂੰ ਗਾਇਕੀ ਵਿਰਸੇ ਵਿੱਚੋਂ ਨਹੀਂ ਮਿਲੀ ਸੀ ਸਗੋਂ ਉਨ੍ਹਾਂ ਆਪਣੀ ਮਿਹਨਤ ਤੇ ਰਿਆਜ਼ ਨਾਲ ਇਹ ਮੁਕਾਮ ਹਾਸਲ ਕੀਤਾ ਸੀ। ਸ੍ਰੀ ਲਾਲ ਚੰਦ ਯਮਲਾ ਜੱਟ ਉਨ੍ਹਾਂ ਦੇ ਉਸਤਾਦ ਸਨ। ਨਰਿੰਦਰ ਬੀਬਾ ਨੇ ਲੋਕ ਗਾਇਕੀ ਦੀ ਤਾਲੀਮ ਉਨ੍ਹਾਂ ਤੋਂ ਲਈ ਅਤੇ ਕਲਾਸੀਕਲ ਸੰਗੀਤ ਦੀ ਸਿੱਖਿਆ ਮਾਸਟਰ ਹਰੀ ਦੇਵ ਤੋਂ ਹਾਸਲ ਕੀਤੀ। ਉਨ੍ਹਾਂ ਨੇ ਹਰ ਕਿਸਮ ਦੇ ਗੀਤ ਗਾ ਕੇ ਆਪਣੀ ਮੁਹਾਰਤ ਦਾ ਸਬੂਤ ਦਿੱਤਾ, ਫਿਰ ਭਾਵੇਂ ਉਹ ਦਰਦ ਤੇ ਵਿਛੋੜੇ ਦੇ ਗੀਤ ਹੋਣ, ਵਿਆਹ ਮੌਕੇ ਗਾਏ ਜਾਣ ਵਾਲੀਆਂ ਘੋੜੀਆਂ ਜਾਂ ਧਮਾਲਾਂ ਹੋਣ। ਗਾਇਕੀ ਦੇ ਪਾਰਖੂਆਂ ਦੇ ਦੱਸਣ ਮੁਤਾਬਕ ਸਾਢੇ ਤਿੰਨ ਮਿੰਟ ਲੰਮੀ ਹੇਕ ਦਾ ਰਿਕਾਰਡ ਬੀਬਾ ਨੇ ਬਣਾਇਆ ਸੀ। ਨਰਿੰਦਰ ਬੀਬਾ ਨੇ ਆਪਣੀ ਸਭ ਤੋਂ ਪਹਿਲੀ ਜੋੜੀ ਗਾਇਕ ਜਗਤ ਸਿੰਘ ਜੱਗਾ ਨਾਲ ਬਣਾਈ ਅਤੇ ਫਿਰ ਹੋਰ ਗਾਇਕਾਂ ਨਾਲ ਰਲ ਕੇ ਉਨ੍ਹਾਂ ਦੋਗਾਣੇ ਗਾਏ। ਕਈ ਗਾਇਕਾਂ ਨੇ ਉਨ੍ਹਾਂ ਨਾਲ ਗਾ ਕੇ ਆਪਣੀ ਪਹਿਚਾਣ ਬਣਾਈ। ਉਨ੍ਹਾਂ ਕਈ ਗੀਤਕਾਰਾਂ ਦੇ ਗੀਤ ਗਾ ਕੇ ਉਨ੍ਹਾਂ ਨੂੰ ਲੋਕ ਗੀਤਾਂ ਦਾ ਦਰਜਾ ਦਿਵਾਇਆ। ਇੱਕ ਅੰਦਾਜ਼ੇ ਮੁਤਾਬਕ ਬੀਬਾ ਨੇ 5500 ਤੋਂ ਵੱਧ ਗੀਤਾਂ ਨੂੰ ਆਵਾਜ਼ ਦਿੱਤੀ। ਉਨ੍ਹਾਂ ਇਨ੍ਹਾਂ ਗੀਤਾਂ ਨੂੰ ਗਾਇਆ ਹੀ ਨਹੀਂ ਸਗੋਂ ਅਮਰ ਕਰ ਦਿੱਤਾ। ਸਭ ਤੋਂ ਪਹਿਲਾਂ ਉਨ੍ਹਾਂ ਦੇ ਗੀਤ ਪ੍ਰਸਿੱਧ ਕੰਪਨੀ ਐੱਚ.ਐੱਮ.ਵੀ. ਨੇ ਰਿਕਾਰਡ ਕੀਤੇ ਜਿਨ੍ਹਾਂ ’ਚੋਂ ਗੁਰਦੇਵ ਸਿੰਘ ਮਾਨ ਦਾ ਲਿਖਿਆ ਗੀਤ ‘ਰਾਤੀਂ ਸੀ ਉਡੀਕਾਂ ਤੇਰੀਆਂ’ ‘ਸੁੱਤੇ ਪਲ ਨਾ ਹਿਜਰ ਦੇ ਮਾਰੇ’ ਕਾਫੀ ਚਰਚਿਤ ਹੋਏ ਅਤੇ ਧਾਰਮਿਕ ਗੀਤ “ਚੰਨ ਮਾਤਾ ਗੁਜਰੀ ਦਾ,ਸੁਤਾ ਕੰਢਿਆਂ ਦੀ ਸੇਜ਼ ਵਿਛਾਈ” ਵੀ ਬਹੁਤ ਚਰਚਿਤ ਰਿਹਾ ਉਸ ਤੋਂ ਬਾਅਦ ਤਾਂ ਹਰ ਗੀਤ ਨਵੀਂ ਤਾਰੀਖ ਬਣਦਾ ਗਿਆ। ਉਨ੍ਹਾਂ ਦੇ ਗੀਤਾਂ ਵਿੱਚੋਂ ‘ਆਹ ਲੈ ਮਾਏ ਸਾਂਭ ਕੁੰਜੀਆਂ’, ‘ਗੜਵਾ ਲੈ ਕੇ ਚਾਂਦੀ ਦਾ’, ‘ਹੱਥੀਂ ਤੋਰੇ ਸੱਜਣਾਂ ਨੂੰ’, ‘ਮੈਨੂੰ ਰੇਸ਼ਮੀ ਰੁਮਾਲ ਵਾਂਗੂ ਰੱਖ ਮੁੰਡਿਆ’, ‘ਕਿੱਕਰ ’ਤੇ ਕਾਟੋ ਰਹਿੰਦੀ’, ‘ਛੰਨਾ ਵੇਚ ਕੇ ਲਿਆ ਦੇ ਗਹਿਣੇ ਮੁੰਡਿਆ’ ਨੇ ਮਕਬੂਲੀਅਤ ਦੀਆਂ ਸਿਖਰਾਂ ਨੂੰ ਛੂਹਿਆ। ਇਸ ਤੋਂ ਇਲਾਵਾ ਬੀਬਾ ਨੇ ਚਰਨ ਸਿੰਘ ਸਫ਼ਰੀ ਦੇ ਧਾਰਮਿਕ ਗੀਤਾਂ ਨੂੰ ਗਾ ਕੇ ਵੀ ਬੜੀ ਵਾਹਵਾ ਖੱਟੀ। ਬੀਬਾ ਨੇ ਆਪਣੇ ਰਵਾਇਤੀ ਲੋਕ ਸਾਜ਼ਾਂ ਦਾ ਸਾਥ ਨਹੀਂ ਛੱਡਿਆ। ‘ਅਲਗੋਜ਼ਾ ਉਨ੍ਹਾਂ ਦੇ ਸੰਗੀਤ ਵਿੱਚ ਇੱਕ ਖ਼ਾਸ ਸਾਜ਼ ਸੀ। ਅਲਗੋਜ਼ਾ ਮਾਸਟਰ ਬੇਲੀ ਰਾਮ ਨੇ ਉਨ੍ਹਾਂ ਨਾਲ 30 ਸਾਲ ਸੰਗਤ ਕੀਤੀ। ਉਨ੍ਹਾਂ ਪੰਜਾਬੀ ਫ਼ਿਲਮਾਂ ‘ਤੇਰੀ ਮੇਰੀ ਇੱਕ ਜਿੰਦੜੀ’, ‘ਦਾਜ’ ਅਤੇ ‘ਪੁੱਤ ਜੱਟਾਂ ਦੇ’ ਵਿੱਚ ਵੀ ਗਾਇਆ। ਨਰਿੰਦਰ ਬੀਬਾ ਨੇ ਜਗਤ ਸਿੰਘ ਜੱਗਾ, ਫਕੀਰ ਸਿੰਘ ਫਕੀਰ, ਕਰਨੈਲ ਸਿੰਘ ਗਿੱਲ, ਦੀਦਾਰ ਸੰਧੂ, ਹਰਚਰਨ ਗਰੇਵਾਲ, ਵੀਰ ਚੰਦ ਗੋਪੀ, ਰਾਮੇਸ਼ ਰੰਗੀਲਾ, ਗੁਰਦਿਆਲ ਨਿਰਮਾਣ, ਮੁਹੰਮਦ ਸਦੀਕ, ਹਿੰਦੀ ਫ਼ਿਲਮ ਜਗਤ ਦੇ ਪ੍ਰਸਿੱਧ ਗਾਇਕ ਮੁਹੰਮਦ ਰਫ਼ੀ ਤੇ ਮਹਿੰਦਰ ਕਪੂਰ ਨਾਲ ਵੀ ਦੋਗਾਣੇ ਗਾਏ ਤੇ ਪ੍ਰਸਿੱਧ ਗੀਤਕਾਰਾਂ ਚਰਨ ਸਿੰਘ ਸਫਰੀ, ਗੁਰਦੇਵ ਮਾਨ, ਮਾਨ ਮਰਾੜ੍ਹਾਂ ਵਾਲਾ, ਚੰਨ ਗੁਰਾਇਆਂ ਵਾਲਾ, ਦੀਪਕ ਜੈਤੋਈ ਤੇ ਹੋਰ ਗੀਤਕਾਰਾਂ ਦੇ ਗੀਤਾਂ ਨੂੰ ਗਾਇਆ। ਨਰਿੰਦਰ ਬੀਬਾ ਨੇ ਆਪਣੀ ਜ਼ਿੰਦਗੀ ਵਿੱਚ ਕਈ ਮੁਸ਼ਕਿਲਾ ਅਤੇ ਦੁਸ਼ਵਾਰੀਆਂ ਦਾ ਖਿੜੇ ਮੱਥੇ ਸਾਹਮਣਾ ਕੀਤਾ। ਉਨ੍ਹਾਂ ਦੇ ਪਤੀ ਜਸਪਾਲ ਸਿੰਘ ਪਾਲੀ ਜੋ ਖ਼ੁਦ ਇੱਕ ਚੰਗੇ ਕਲਾਕਾਰ ਅਤੇ ਸਟੇਜ ਅਨਾਊਂਸਰ ਸਨ, ਇਨ੍ਹਾਂ ਨੂੰ ਬੇਵਕਤ ਵਿਛੋੜਾ ਦੇ ਗਏ ਸਨ, ਜਿਸ ਨੇ ਨਰਿੰਦਰ ਬੀਬਾ ਨੂੰ ਝੰਜੋੜ ਕੇ ਰੱਖ ਦਿੱਤਾ ਸੀ ਪਰ ਉਨ੍ਹਾਂ ਹੌਸਲਾ ਨਾ ਹਾਰਿਆ ਬੇਸ਼ੱਕ ਬੀਬਾ ਜੀ ਨੇ ਆਪਣੇ ਪਤੀ ਪਾਲੀ ਦੀ ਮੌਤ ਤੋਂ ਪਹਿਲਾਂ ਉਨ੍ਹਾਂ ਲਈ ਵੀ ਇੱਕ ਗੀਤ ਗਾਇਆ ਸੀ
ਕਾਹਨੂੰ ਮਾਰਦੈ ਚੰਦਰਿਆ ਛਮਕਾਂ
ਮੈਂ ਕੱਚ ਦੇ ਗਲਾਸ ਵਰਗੀ
ਫੇਰ ਰੋਏਗਾ ਢਿੱਲੇ ਜਿਹੇ ਬੁੱਲ ਕਰਕੇ
ਪਾਲੀ ਜਦੋਂ ਬੀਬਾ ਮਰਗੀ।
ਪਰ ਉਨ੍ਹਾਂ ਪਤਾ ਨਹੀਂ ਸੀ ਕਿ ਉਨ੍ਹਾਂ ਦੇ ਪਤੀ ਪਾਲੀ ਨੇ ਉਨ੍ਹਾਂ ਤੋਂ ਪਹਿਲਾਂ ਤੁਰ ਜਾਣਾ। ਉਨ੍ਹਾਂ ਨੂੰ ਲੋਕ ਇੱਕ ਚੰਗੀ ਸ਼ਖ਼ਸੀਅਤ ਵਜੋਂ ਵੀ ਯਾਦ ਕਰਦੇ ਹਨ ਕਿਉਂਕਿ ਉਨ੍ਹਾਂ ਦੇ ਚਿਹਰੇ ਤੋਂ ਹਮੇਸ਼ਾ ਨਿਮਰਤਾ ਪ੍ਰਤੱਖ ਝਲਕਦੀ ਸੀ। ਹਰੇਕ ਨੂੰ ਪਿਆਰ ਨਾਲ ਬੁਲਾਉਣਾ, ਹਮਦਰਦੀ ਅਤੇ ਮਿੱਠਾ ਬੋਲਣਾ ਉਨ੍ਹਾਂ ਦੀ ਸ਼ਖ਼ਸੀਅਤ ਦੇ ਵਿਸ਼ੇਸ਼ ਗੁਣ ਸਨ। ਅਖੀਰ 27 ਜੂਨ 1997 ਨੂੰ ਸਰੋਤਿਆਂ ਦੇ ਦਿਲਾਂ ’ਤੇ ਰਾਜ ਕਰਨ ਵਾਲੀ  ਮਹਾਨ ਪੰਜਾਬੀ ਲੋਕ ਗਾਇਕਾ  ਨਰਿੰਦਰ ਬੀਬਾ ਜੀ ਲੁਧਿਆਣਾ ਵਿਖੇ ਆਪਣੇ ਪਰਿਵਾਰ ਅਤੇ ਸਰੋਤਿਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ। ਹਰ ਸਾਲ 27 ਜੂਨ ਨੂੰ ਸਰੋਤਿਆਂ ਵੱਲੋਂ ਨਰਿੰਦਰ ਬੀਬਾ ਜੀ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕੀਤਾ ਜਾਂਦਾ ਹੈ।
ਕੁਲਦੀਪ ਸਿੰਘ ਸਾਹਿਲ
9417990040
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੱਥ ਵਿੱਚ ਗੱਲਾਂ ਹੁੰਦੀਆਂ
Next articleਮੱਕੀ ਦੀ ਫ਼ਸਲ ਦੀ ਰਹਿੰਦ – ਖੂਹੰਦ (ਨਾੜ) ਨੂੰ ਅੱਗ ਲਾ ਕੇ ਕਿਸਾਨ ਵਾਤਾਵਰਣ ਨੂੰ ਅਸ਼ੁੱਧ ਅਤੇ ਤਾਪਮਾਨ ਵਿਚ ਹੋਰ ਵਾਧਾ ਕਰ ਰਹੇ ਹਨ- ਸੰਤ ਸੀਚੇਵਾਲ