ਹੱਕ ਲੈਣ ਲਈ ‘ਪੱਥਰ ਜਾਂ ਬੰਦੂਕਾਂ’ ਨਹੀਂ ਸ਼ਾਂਤੀ ਨਾਲ ਲੜਨ ਦੀ ਲੋੜ: ਮਹਿਬੂਬਾ

ਜੰਮੂ (ਸਮਾਜ ਵੀਕਲੀ):  ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਅੱਜ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਕੇਂਦਰ ਵੱਲੋਂ ਕਸ਼ਮੀਰ ਦੇ ‘ਖੋਹੇ’ ਗਏ ਹੱਕ ਬਹਾਲ ਕਰਵਾਉਣ ਲਈ ਉਹ ਸ਼ਾਂਤੀਪੂਰਨ ਸੰਘਰਸ਼ ਕਰਨ, ਕਿਉਂ ਅੱਗੇ ਰਸਤਾ ‘ਪੱਥਰਬਾਜ਼ੀ ਜਾਂ ਹਥਿਆਰਾਂ’ ਦਾ ਨਹੀਂ ਬਲਕਿ ਅਹਿੰਸਾ ਦਾ ਹੈ।

ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਕੋਲ ਦਹਿਸ਼ਤਗਰਦਾਂ ਵੱਲੋਂ ਆਮ ਲੋਕਾਂ ਦੀ ਹੱਤਿਆ ਕੀਤੇ ਜਾਣ ਸਬੰਧੀ ਖ਼ੁਫੀਆ ਜਾਣਕਾਰੀ ਪਹਿਲਾਂ ਤੋਂ ਹੀ ਸੀ, ਪਰ ਉਸ ਨੇ ਇਸ ਨੂੰ ਰੋਕਣ ਲਈ ਜਾਣਬੁੱਝ ਕੇ ਕਦਮ ਨਹੀਂ ਚੁੱਕੇ।

ਮਹਿਬੂਬਾ ਨੇ ਸਰਹੱਦੀ ਜ਼ਿਲ੍ਹੇ ਰਾਜੌਰੀ ਵਿੱਚ ਇੱਕ ਯੂਥ ਸੰਮੇਲਨ ’ਚ ਕਿਹਾ, ‘‘ਤੁਹਾਨੂੰ ਸਥਿਤੀ ਸਮਝਣੀ ਪਵੇਗੀ ਅਤੇ ਸਾਡੀ ਆਵਾਜ਼ ਬਣਨਾ ਪਵੇਗਾ… ਜੇਕਰ ਅੱਜ ਤੁਸੀਂ ਹੌਸਲਾ ਨਹੀਂ ਦਿਖਾਓਗੇ ਤਾਂ ਆਉਣ ਵਾਲੀਆਂ ਪੀੜੀਆਂ ਸਵਾਲ ਚੁੱਕਣਗੀਆਂ ਕਿ ਸਾਡੀ ਜ਼ਮੀਨ, ਨੌਕਰੀਆਂ ਅਤੇ ਇੱਥੋਂ ਤੱਕ ਖਣਿਜ ਵੀ ਬਾਹਰੀ ਲੋਕਾਂ ਕੋਲ ਜਾ ਰਹੇ ਹਨ। ਇਸ ਕਰਕੇ ਸਾਡੇ ਲਈ ਖੜ੍ਹੇ ਹੋਣਾ ਅਤੇ ਆਪਣੇ ਹੱਕਾਂ ਲਈ ਲੜਨਾ ਜ਼ਰੂੁਰੀ ਹੈ।’’

ਉਨ੍ਹਾਂ ਕਿਹਾ, ‘‘ਮੈਂ ਤੁਹਾਨੂੰ ਕਦੇ ਵੀ ਪੱਥਰ ਜਾਂ ਬੰਦੂਕ ਚੁੱਕਣ ਲਈ ਨਹੀਂ ਆਖਾਂਗੀ। ਮੈਂ ਜਾਣਦੀ ਹਾਂ ਕਿ ਉਨ੍ਹਾਂ ਕੋਲ ਇਸ ਰਸਤੇ ’ਤੇ ਚੱਲਣ ਵਾਲਿਆਂ ਲਈ ਇੱਕ ਗੋਲੀ ਤਿਆਰ ਹੈ। ਤੁਹਾਨੂੰ ਆਪਣੀ ਆਵਾਜ਼ ਬੁਲੰਦ ਕਰਨੀ ਪਵੇਗੀ ਅਤੇ ਆਪਣੇ ਖੋਹੇ ਹੋਏ ਹੱਕਾਂ ਲਈ ਸਾਡੇ ਜਮਹੂਰੀ ਸੰਘਰਸ਼ ਵਿੱਚ ਸ਼ਾਮਲ ਹੋਣਾ ਪਵੇਗਾ।’’

ਇਸੇ ਦੌਰਾਨ ਉਨ੍ਹਾਂ ਇਹ ਵੀ ਕਿਹਾ, ‘‘ਜਿਹੜੇ ਮਾਰੇ ਗਏ, ਉਹ ਸਾਡੇ ਆਪਣੇ ਲੋਕ ਸਨ, ਪਰ 900 ਕਸ਼ਮੀਰੀ ਨੌਜਵਾਨ ਗ੍ਰਿਫ਼ਤਾਰ ਕੀਤੇ ਗਏ ਹਨ। ਜਦੋਂ ਗ੍ਰਹਿ ਮੰਤਰੀ ਨੇ (ਪਿਛਲੇ ਮਹੀਨੇ) ਜੰਮੂ-ਕਸ਼ਮੀਰ ਦੌਰਾ ਕੀਤਾ ਤਾਂ ਉਦੋਂ 1,000 ਨੌਜਵਾਨਾਂ ਨੂੰ ਚੁੱਕਿਆ ਗਿਆ ਸੀ। ਸਾਰੀ ਜੇਲ੍ਹ ਪੂਰੀ ਤਰ੍ਹਾਂ ਭਰੀ ਹੋਈ ਹੈ ਅਤੇ ਇਸ ਕਰਕੇ ਗ੍ਰਿਫ਼ਤਾਰ ਕੀਤੇ ਗਏ ਲੋਕਾਂ ਨੂੰ ਹੁਣ ਆਗਰਾ ਜੇਲ੍ਹ ’ਚ ਤਬਦੀਲ ਕੀਤਾ ਜਾ ਰਿਹਾ ਹੈ।’’

ਮਹਿਬੂਬਾ ਨੇ ਨੌਜਵਾਨਾਂ ਨੂੰ ਕਿਹਾ, ‘‘ਜੇਕਰ, ਕਿਸਾਨ ਸ਼ਾਂਤੀਪੂਰਨ ਸੰਘਰਸ਼ ਨਾਲ ਕੇਂਦਰ ਸਰਕਾਰ ਤੋਂ ਤਿੰਨ ਖੇਤੀ ਕਾਨੂੰਨ ਰੱਦ ਕਰਵਾ ਸਕਦੇ ਹਨ ਤਾਂ ‘‘30 ਸਾਲਾਂ ਵਿੱਚ ਹਜ਼ਾਰਾਂ ਕੁਰਬਾਨੀਆਂ’ ਵਾਲੇ ਕਸ਼ਮੀਰ ਮੁੱਦੇ ਨੂੰ ਸ਼ਾਂਤੀ ਨਾਲ ਕਿਉਂ ਨਹੀਂ ਸੁਲਝਾਇਆ ਜਾ ਸਕਦਾ।’’ ਹੱਦਬੰਦੀ ਸਬੰਧੀ ਪੁੱਛੇ ਇੱਕ ਸਵਾਲ ਦਾ ਜਵਾਬ ਦਿੰਦਿਆਂ ਪੀਡੀਪੀ ਸੁਪਰੀਮੋ ਮਹਿਬੂਬਾ ਨੇ ਕਿਹਾ ਕਿ ਉਸ ਨੂੰ ਹੱਦਬੰਦੀ ਕਮਿਸ਼ਨ ’ਤੇ ਕੋਈ ਭਰੋਸਾ ਨਹੀਂ ਕਿਉਂਕਿ ਉਹ ਭਾਜਪਾ ਦੇ ਏਜੰਡੇ ਤਹਿਤ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਉਸ ਦੀ ਪਾਰਟੀ ਦਾ ਮਨੋਬਲ ਡੇਗਣ ਲਈ ਐੱਨਆਈੲੇ ਅਤੇ ਈਡੀ ਦੀ ਦੁਰਵਰਤੋਂ ਕਰ ਰਹੀ ਹੈ ਕਿਉਂਕਿ ਉਹ ਭਗਵਾਂ ਪਾਰਟੀ ਦੇ ‘ਝੂਠੇ ਬਿਰਤਾਂਤ’ ਦਾ ਪਰਦਾਫਾਸ਼ ਕਰਦੀ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਭਾਜਪਾ ਦੇ ਅਜਿਹੇ ਕਦਮਾਂ ਤੋਂ ਡਰਨ ਵਾਲੀ ਨਹੀਂ।

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਹਿੰਦੂਤਵਵਾਦੀ ਗੰਗਾ ਵਿੱਚ ਇਕੱਲਿਆਂ ਇਸ਼ਨਾਨ ਕਰਦਾ ਹੈ: ਰਾਹੁਲ ਗਾਂਧੀ
Next articleਸੁਪਰੀਮ ਕੋਰਟ ਦੇ ਸਾਬਕਾ ਜੱਜ ਨਾਨਾਵਤੀ ਦਾ ਦੇਹਾਂਤ