ਅਸੀਂ ਜੋਕਰ ਬਣਨ ਨਹੀਂ ਆਏ?

ਹਰਚਰਨ ਸਿੰਘ ਪ੍ਰਹਾਰ
ਹਰਚਰਨ ਸਿੰਘ ਪ੍ਰਹਾਰ 
(ਸਮਾਜ ਵੀਕਲੀ) ਜ਼ਰਾ ਸੋਚੋ! ਜੇ ਗੁਰੂ ਨਾਨਕ ਸਾਹਿਬ ਆਪਣੇ ਪਿਤਾ ਪੁਰਖਿਆਂ ਦੇ ਧਰਮ ਤੇ ਮਰਿਯਾਦਾ ਨੂੰ ਬੀਬਾ ਬੱਚਾ ਬਣ ਕੇ ਨਿਭਾਉਂਦੇ ਰਹਿੰਦੇ ਤਾਂ ਕੀ ਫਿਰ ਨਾਨਕ, ਗੁਰੂ ਨਾਨਕ ਬਣ ਪਾਉਂਦੇ?
ਫਿਰ ਅਸੀਂ ਕਿਉਂ ਚਾਹੁੰਦੇ ਹਾਂ ਕਿ ਸਾਡੇ ਬੱਚੇ, ਸਾਡੇ ਵਾਲ਼ਾ ਧਰਮ ਮੰਨਣ, ਉਸ ਦੀਆਂ ਮਰਿਯਾਦਾਵਾਂ ਨਿਭਾਉਣ? ਉਨ੍ਹਾਂ ਨੂੰ ਵੀ ਜੋ ਮੰਨਣ ਨੂੰ ਦਿਲ ਕਰਦਾ ਮੰਨਣ ਦਿਉ, ਜੇ ਮੰਨਣ ਨੂੰ ਦਿਲ ਨਹੀ ਕਰਦਾ ਤਾਂ ਆਪਣੇ ਝੂਠੇ ਹੰਕਾਰ ਲਈ ਮੰਨਣ ਲਈ ਮਜਬੂਰ ਕਰਕੇ ਜੋਕਰ ਨਾ ਬਣਾਉ। ਉਨ੍ਹਾਂ ਨੂੰ ਆਪਣੀ ਸੋਚ ਅਨੁਸਾਰ ਖੁੱਲ੍ਹੇ ਅਕਾਸ਼ ਵਿੱਚ ਉਡਾਰੀਆਂ ਮਾਰਨ ਦਿਉ? ਉਨ੍ਹਾਂ ਨੂੰ ਆਪਣੇ ਜੀਵਨ ਦੇ ਫ਼ੈਸਲੇ ਕਰਨ ਦੀ ਅਜ਼ਾਦੀ ਦਿਉ ?
ਦੁਨੀਆਂ ਵਿੱਚ ਜੰਮਣ ਵਾਲ਼ਾ ਬੱਚਾ ਆਪਣੇ ਆਪ ‘ਚ ਵਿਲੱਖਣ ਹੈ। ਕੋਈ ਕਿਸੇ ਵਰਗਾ ਨਹੀਂ ਹੈ। ਅਸੀਂ ਜੋ ਹਾਂ, ਉਹ ਬਣਨ ਦੀ ਕੋਸ਼ਿਸ਼ ਕਰੀਏ। ਆਪਣੀ ਵਿਲੱਖਣਤਾ ਨੂੰ ਪਹਿਚਾਣੀਏ। ਆਪਣੇ ਬੱਚਿਆਂ ਨੂੰ ਉਨ੍ਹਾਂ ਦੀ ਵਿਲੱਖਣ ਪ੍ਰੀਤਭਾ ਤੇ ਸਖਸ਼ੀਅਤ ਨੂੰ ਪਹਿਚਾਨਣ ਵਿੱਚ ਮੱਦਦ ਕਰੀਏ, ਨਾ ਕਿ ਕਿਸੇ ਮਹਾਨ ਸਖਸ਼ੀਅਤ ਦੀ ਕਾਪੀ ਬਣਾਉਣ ਦੀ ਕੋਸ਼ਿਸ਼ ਕਰੀਏ। ਜਿਹੜੇ ਮਹਾਨ ਹਨ, ਉਹ ਇਸੇ ਕਰਕੇ ਮਹਾਨ ਹਨ ਕਿ ਉਨ੍ਹਾਂ ਨੇ ਆਪਣੀ ਵਿਲੱਖਣਤਾ ਨੂੰ ਪਹਿਚਾਣ ਕਰਕੇ ਕੁਝ ਨਵਾਂ ਕਰ ਦਿਖਾਇਆ ਤਾਂ ਹੀ ਉਹ ਮਹਾਨ ਬਣ ਸਕੇ।
ਸਾਡੇ ਧਾਰਮਿਕ ਪ੍ਰਚਾਰਕ, ਵਿਦਵਾਨ ਆਪਣੇ ਪ੍ਰਚਾਰ ਰਾਹੀ ਜੋਕਰ ਬਣਾਉਣਾ ਚਾਹੁੰਦੇ ਹਨ। ਇਸੇ ਕਰਕੇ ਕਿਸੇ ਧਰਮ ਨੇ ਕਦੇ ਬੁੱਧ, ਜੀਸਸ, ਮੁਹੰਮਦ, ਨਾਨਕ ਪੈਦਾ ਨਹੀ ਕਰ ਸਕਿਆ ਕਿਉਂਕਿ ਇਵੇਂ ਕੋਈ ਮਹਾਨ ਵਿਅਕਤੀ ਪੈਦਾ ਨਹੀਂ ਹੁੰਦੇ? ਧਰਮਾਂ ਦੀ ਵਿਚੰਬਣਾ ਇਹ ਹੈ ਕਿ ਇੱਕ ਪਾਸੇ ਕਹਿੰਦੇ ਹਨ ਕਿ ਆਪਣੇ ਗੁਰੂ ਪੈਗੰਬਰ ਵਰਗੇ ਬਣੋ ਤੇ ਜੇ ਕੋਈ ਐਲਾਨ ਕਰ ਦੇਵੇ ਕਿ ਮੈਂ ਜੀਸਸ, ਮੁਹੰਮਦ, ਬੁੱਧ, ਨਾਨਕ ਹਾਂ ਤਾਂ ਉਸਨੂੰ ਮਾਰਨ ਤੱਕ ਜਾਂਦੇ ਹਨ ਕਿ ਕੋਈ ਸਾਡੇ ਗੁਰੂ ਵਰਗਾ ਕਿਵੇਂ ਹੋ ਸਕਦਾ ਜਾਂ ਉਸਦੀ ਬਰਾਬਰੀ ਕਿਵੇਂ ਕਰ ਸਕਦਾ। ਜਿਹੜੇ ਲੋਕ ਆਪ ਹੀ ਦੁਬਿਧਾ ਦਾ ਸ਼ਿਕਾਰ ਹਨ, ਉਹ ਤੁਹਾਡਾ ਕੀ ਸੰਵਾਰ ਸਕਦੇ ਹਨ।
ਤੁਸੀਂ ਕਿਸੇ ਫਿਰਕੇ ਜਾਂ ਮਹਾਨ ਵਿਅਕਤੀ ਦੀ ਸੋਚ ਨਾਲ਼ ਬੱਝਣ ਦੀ ਥਾਂ ਸਭ ਨੂੰ ਪੜ੍ਹੋ, ਸਮਝੋ ਤੇ ਆਪਣੀ ਸਮਝ ਤੇ ਯੋਗਤਾ ਅਨੁਸਾਰ ਫੈਸਲਾ ਕਰੋ ਕਿ ਤੁਹਾਨੂੰ ਕੀ ਠੀਕ ਲੱਗਦਾ ਹੈ। ਉਹ ਹੀ ਤੁਹਾਡੀ ਵਿਲੱਖਣਤਾ ਦੀ ਪਹਿਚਾਣ ਬਣੇਗਾ। ਜਥੇਬੰਦਕ ਧਾਰਮਿਕ ਫਿਰਕੇ ਤੇ ਕਿਸੇ ਰਾਜਸੀ ਵਿਚਾਰਧਾਰਾ ਨੂੰ ਸਮਰਪਿਤ ਲੋਕ ਤੁਹਾਨੂੰ ਆਪਣੀ ਸੋਚ ਦੇ ਗੁਲਾਮ ਬਣਾ ਕੇ ਆਪਣੇ ਖੁੰਡੇ ਨਾਲ਼ ਬੰਨ੍ਹ ਕੇ ਰੱਖਣਾ ਚਾਹੁੰਦੇ ਹਨ। ਤੁਸੀਂ ਅਜ਼ਾਦ ਜੰਮੇ ਸੀ ਤੇ ਗੁਲਾਮ ਹੋ ਕੇ ਨਾ ਮਰਨਾ, ਅਜ਼ਾਦ ਹੀ ਜਾਣਾ…।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article*ਪੰਜਾਬੀ ਗ਼ਜ਼ਲ ਦੇ ਨਕਸ਼’ ਦਾ ਸਮਾਜਿਕ ਪਰਿਪੇਖ*
Next articleਕੁੜੀਆਂ