(ਸਮਾਜ ਵੀਕਲੀ)
ਦੁਨੀਆਂ ਵਿੱਚ ਸੁੱਖੀ ਉਹੀ ਹੈ, ਜਿਸਨੇ ਪਹਿਲਾਂ ਇਹ ਸੱਚ ਜਾਣ ਲਿਆ ਤੇ ਫਿਰ ਅਨੁਭਵ ਕਰ ਲਿਆ ਕਿ ਆਪਣੇ ਸੁੱਖ-ਦੁੱਖ ਦਾ ਕਾਰਨ ਮੈਂ ਹੀ ਹਾਂ।
ਬੇਸ਼ਕ ਆਪਣੇ ਦੁੱਖਾਂ-ਸੁੱਖਾਂ ਲਈ ਦੂਜਿਆਂ ਨੂੰ ਦੋਸ਼ ਜਿਤਨਾ ਮਰਜ਼ੀ ਦੇਈ ਜਾਈਏ। ਇਹ ਸੱਚ ਸਾਨੂੰ ਸਵੀਕਾਰ ਕਰਨਾ ਚਾਹੀਦਾ ਹੈ ਕਿ ਕੋਈ ਨਾ ਮੈਨੂੰ ਦੁਖੀ ਕਰ ਸਕਦਾ ਹੈ ਤੇ ਨਾ ਹੀ ਸੁੱਖੀ?
ਮੇਰੇ ਆਪਣੇ ਕਰਮ (ਐਕਸ਼ਨ) ਹੀ ਮੇਰੀ ਕਿਸਮਤ ਬਣ ਕੇ ਮੇਰੇ ਸੁੱਖਾਂ-ਦੁੱਖਾਂ ਦਾ ਕਾਰਨ ਬਣਦੇ ਹਨ। ਕੋਈ ਰੱਬ ਜਾਂ ਸ਼ਕਤੀ ਸਾਡੀ ਨਾ ਕਿਸਮਤ ਬਣਾਉਂਦੀ ਹੈ ਤੇ ਨਾ ਹੀ ਵਿਗਾੜਦੀ ਹੈ, ਇਹ ਸਭ ਕੁਝ ਹੁਕਮ (ਰੱਬੀ ਨਿਯਮ) ਅਨੁਸਾਰ ਚੱਲ ਰਿਹਾ ਹੈ।
ਅਸੀਂ ਆਪਣੀ ਕਿਸਮਤ ਲਿਖਣ ਵਾਲੇ ਆਪ ਹੀ ਹਾਂ। ਭੁਲੇਖਾ ਇਤਨਾ ਕੁ ਹੀ ਹੈ ਕਿ ਅਸੀਂ ਇਸ ਜੀਵਨ ਨੂੰ ਹੀ ਆਰੰਭ ਤੇ ਅੰਤ ਮੰਨਦੇ ਹਾਂ। ਇਹ ਜੀਵਨ ਤਾਂ ਕੀ ਇੱਥੇ ਨਿਰਜੀਵ ਮੈਟਰ ਵੀ ਨਹੀਂ ਮਰ ਰਿਹਾ, ਉਹ ਵੀ ਮਰ-ਮਰ ਕੇ ਜੰਮ ਰਿਹਾ ਹੈ ਤੇ ਜੰਮ-ਜੰਮ ਕੇ ਮਰ ਰਿਹਾ ਹੈ, ਭਾਵ ਸਭ ਕੁਝ ਰੀਸਾਈਕਲ ਹੋ ਕੇ, ਮੁੜ-ਮੁੜ ਨਵੇਂ ਰੂਪ ਵਿੱਚ ਆ ਰਿਹਾ ਹੈ।
ਇਹ ਸਭ ਕੁਝ ਆਵਾਗਵਣ ਦੀ ਖੇਡ ਹੈ। ਅਗਿਆਨੀ ਧਰਮਵਾਦੀ ਤੇ ਅਗਿਆਨੀ ਵਿਗਿਆਨਵਾਦੀ ਹੀ ਕਿਸਮਤ ਹੈ ਜਾਂ ਨਹੀਂ ਦੇ ਭਰਮ ਭੁਲੇਖੇ ਖੜੇ ਕਰ ਰਹੇ ਹਨ। ਸਮਝਣ ਵਾਲੀ ਗੱਲ ਇਹ ਹੈ ਕਿ ਇਹ ਕਰਮ ਇਸ ਜਨਮ ਦੇ ਵੀ ਹੋ ਸਕਦੇ ਹਨ ਤੇ ਪਿਛਲੇ ਵੀ ਹੋ ਸਕਦੇ ਹਨ ਜਾਂ ਜਨੈਟੀਕਲੀ ਸਰੀਰ ਤੇ ਮਨ ਕਰਕੇ ਮਿਲੇ ਵੀ ਹੋ ਸਕਦੇ ਹਨ। ਇਹ ਕਰਮ ਹੀ ਸੰਸਕਾਰ ਬਣ ਕੇ ਜਨਮ-ਜਨਮ ਤੋਂ ਸਾਡੇ ਨਾਲ ਚੱਲ ਰਹੇ ਹਨ। ਕਰਮਾਂ ਦੇ ਬੱਝੇ ਹੀ ਅਸੀਂ ਇਸ ਮਾਇਆ ਦੀ ਖੇਡ, ਦੇ ਖਿਡਾਰੀ ਬਣ ਕੇ ਮੁੜ-ਮੁੜ ਆਉਂਦੇ ਹਾਂ ਤੇ ਦੁੱਖ-ਸੁੱਖ ਵਿੱਚ ਫਸੇ ਰਹਿੰਦੇ ਹਾਂ, ਪਰ ਸਾਡੇ ਜੀਵਨ ਦਾ ਮਕਸਦ ਦੁੱਖ-ਸੁੱਖ ‘ਚੋਂ ਨਿਕਲ ਕੇ ਆਨੰਦ ਦੀ ਪ੍ਰਾਪਤੀ ਹੈ।
ਗੁਰਬਾਣੀ ਵੀ ਸਾਨੂੰ ਇਹੀ ਸੁਨੇਹਾ ਦੇ ਰਹੀ ਹੈ ਕਿ ਕੁਦਰਤ ਦਾ ਰੱਬੀ ਨਿਜਾਮ ਬੜਾ ਬੇਅੰਤ ਹੈ, ਇੱਥੇ ਨਿਯਮਾਂ ਦੇ ਅੰਦਰ ਛੁਪੇ ਨਿਯਮਾਂ ਦੇ ਗੁੱਝੇ ਭੇਦ ਹਨ। ਜੋ ਜੀਵਨ ਦੇ ਇਸ ਸੱਚ ਨੂੰ ਜਾਣ ਲੈਂਦਾ ਹੈ, ਉਹ ਹੀ ਧੰਨ ਹੈ। ਮੈਂ ਉਨ੍ਹਾਂ ਮਹਾਨ ਪਰਮ ਮਨੁੱਖਾਂ ਦੇ ਪੈਂਰ ਚੁੰਮਦਾ ਹਾਂ, ਜਿਨ੍ਹਾਂ ਨੇ ਇਸ ਸੱਚ ਨੂੰ ਪਛਾਣ ਲਿਆ।
ਆਓ! ਅਸੀਂ ਵੀ ਸੁੱਖ-ਦੁੱਖ ‘ਦੇ ਚੱਕਰ ਚੋਂ ਨਿਕਲ ਕੇ ਆਨੰਦ ਦੀ ਪ੍ਰਾਪਤੀ ਲਈ ਯਤਨ ਕਰੀਏ।
ਹਰਚਰਨ ਸਿੰਘ ਪ੍ਰਹਾਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly