(ਸਮਾਜ ਵੀਕਲੀ)
ਅਸੀਂ ਵੀ ਪੰਜਾਬ ਦੇ ਕਰਮਚਾਰੀ ਹਾਂ ,
ਕੰਪਿਊਟਰ ਟੀਚਰਜ਼ ਹੈ ਸਾਡਾ ਨਾਓ ।
ਕਿਸੇ ਵੀ ਸਰਕਾਰ ਨੇ ਉੱਨੀਂ ਸਾਲ ਤੋਂ ,
ਕਰੀ ਨਈਓਂ ਸਾਡੇ ਸਿਰਾਂ ‘ਤੇ ਛਾਂਓ ।
ਅਸੀਂ ਪੈਂਤੀ ਤੇ ਪੰਤਾਲੀ਼ ਸੌ ਵਿੱਚ ,
ਸਬਰ ਸ਼ੁਰੂ ਵਿੱਚ ਕਰਿਆ ਸੀ ।
ਪਿੱਛੋਂ ਹੱਕ ਮਿਲਿਆ ਸੀ ਉਸ ਵੇਲ਼ੇ ,
ਜਦੋਂ ਸਿਰ ਤਲ਼ੀਆਂ ‘ਤੇ ਧਰਿਆ ਸੀ ।
ਸਾਡੀ ਗਿਣਤੀ ਛਿਆਹਟ ਸੌ ਚਾਲ਼ੀ ਹੈ ,
ਅਤੇ ਬੱਸ ਇੱਕੋ ਹੈ ਮੰਗ ।
ਸਾਨੂੰ ਸੁਸਾਇਟੀ ਮੁਲਾਜ਼ਮ ਕਹਿ ਕਹਿ ਕੇ,
ਸਰਕਾਰਾਂ ਕਰਨ ਨਾ ਤੰਗ ।
ਅਸੀਂ ਪਿਛਲੀਆਂ ਚਹੁੰ ਸਰਕਾਰਾਂ ਸਮੇਂ ,
ਸਬਰਾਂ ਦੇ ਪਿਆਲੇ ਪੀਤੇ ਸੀ ।
ਸਾਨੂੰ ਵੀ ਸਰਕਾਰੀ ਮੰਨਣਾਂ ਪਊ ,
ਸਾਡੇ ਨਾਲ਼ ਜੋ ਵਾਅਦੇ ਕੀਤੇ ਸੀ ।
ਤੁਸੀਂ ਹੋਰਾਂ ਵਾਂਗੂੰ ਵੀਹ ਸੌ ਬਾਈ ਵਿੱਚ ,
ਮੱਦਦ ਲਈ ਸੀ ਸਾਡੀ ।
ਇਹ ਵੀ ਆਖਿਆ ਸੀ ਸਰਕਾਰ ਬਣਨ ‘ਤੇ ,
ਪੂਰੀ ਕਰਾਂਗੇ ਮੰਗ ਤੁਹਾਡੀ ।
ਮਗਰੋਂ ਅਫ਼ਸਰ ਸ਼ਾਹੀ ਭਾਰੂ ਪੈਣ ‘ਤੇ ,
ਖੜ੍ਹੇ ਈ ਮੁੱਕਰ ਗਏ ਥਾਂ ‘ਤੇ ।
ਐਪਰ ਅਸੀਂ ਤਾਂ ਭਰੋਸਾ ਕਰ ਲਿਆ ਸੀ ,
ਜਿੰਨਾਂ ਹੁੰਦਾ ਏ ਅਪਣੀ ਮਾਂ ‘ਤੇ ।
ਅਸੀਂ ਲੋਕ ਸਭਾ ਦੀ ਚੋਣ ਵੇਲ਼ੇ ਵੀ ,
ਥੋਡੀਆਂ ਗੱਲਾਂ ਵਿੱਚ ਆ ‘ਗੇ ਸੀ ।
ਕਰ ਲਿਆ ਸੀ ਭਰੋਸਾ ਝੂਠਿਆਂ ‘ਤੇ ,
ਏਸੇ ਗੱਲ ਤੋਂ ਧੋਖਾ ਖਾ ‘ਗੇ ਸੀ ।
ਕਈ ਤਾਂ ਸੇਵਾ ਮੁਕਤ ਹੋ ਚੁੱਕੇ ਨੇ ,
ਕਈ ਕੂਚ ਜਹਾਨੋਂ ਕਰ ਗਏ ਨੇ ।
ਅਸੀਂ ਕਰਦੇ ਹਾਂ ਵਿਸ਼ਵਾਸ਼ ਆਏ ,
ਤੁਸੀਂ ਸੋਚ ਲਿਆ ਕਿ ਡਰ ਗਏ ਨੇ ।
ਸਾਡੀ ਇੱਕ ਹੀ ਮੰਗ ਹੈ ਮੁੱਢ ਕਦੀਮੋਂ ,
ਕਿ ਸਿੱਖਿਆ ਵਿਭਾਗ ‘ਚ ਮਰਜ ਕਰੋ ,
ਹੁਣ ਮਰਦਿਆਂ ਨੇ ਅੱਕ ਚੱਬਿਆ ਹੈ ,
ਕੁੱਝ ਕਰੋ ਨਹੀਂ ਤਾਂ ਜੂਝ ਮਰੋ ।
ਹੁਣ ਜਿਮਨੀ ਚੋਣ ਦੀਆਂ ਵੋਟਾਂ ਵਿੱਚ ,
ਤੁਸੀਂ ਹੱਥ ਵੇਖ ਲਿਓ ਸਾਡੇ ਵੀ ।
ਮੂੰਹ ਦੇ ਪਰਨੇ ਡਿਗਦੇ ਵੇਖ ਲਿਓ ,
ਚਾਰੇ ਕੈਂਡੀਡੇਟ ਤੁਹਾਡੇ ਵੀ ।
ਅਸੀਂ ਘਰ ਘਰ ਦੇ ਵਿੱਚ ਜਾਵਾਂਗੇ ,
ਗੱਲ ਬਾਤ ਕਰਾਂਗੇ ਲੋਕਾਂ ਨਾਲ਼ ।
ਇਹ ਹੁਣ ਆਮ ਆਦਮੀ ਨਹੀਂ ਰਹੇ ,
ਖੜ੍ਹ ‘ਗੇ ਨੇ ਜਾ ਕੇ ਜੋਕਾਂ ਨਾਲ਼ ।
ਜਿਹੜਾ ਕਰ ਜਾਂਦੈ ਵਿਸ਼ਵਾਸ਼ ਘਾਤ ,
ਹੁੰਦਾ ਲੋਕਾਂ ਨੂੰ ਮਨਜ਼ੂਰ ਨਹੀਂ ।
ਜੇਕਰ ਇੱਕ ਅੱਧਾ ਕੋਈ ਜਿੱਤ ਵੀ ਗਿਆ ,
ਫ਼ਿਰ ਵੀਹ ਸੌ ਸਤਾਈ ਦੂਰ ਨਹੀਂ ।
ਮੂਲ ਚੰਦ ਸ਼ਰਮਾ
9914836037