ਜਨਤਕ ਅਦਾਰੇ ਖਤਮ ਕਰਨ ਦੇ ਰਾਹ ਤੁਰੀ ਕੇਂਦਰ ਸਰਕਾਰ, ਭਾਰਤ ਵਿਚ ਲੋਕਤੰਤਰ ਖ਼ਤਰੇ ਵਿਚ – ਸੁਸ਼ੀਲ ਰਿੰਕੂ 

ਜਲੰਧਰ (ਸਮਾਜ ਵੀਕਲੀ): ਵਰਤਮਾਨ ਕੇਂਦਰ ਸਰਕਾਰ ਭਾਰਤੀ ਲੋਕਤੰਤਰ ਨੂੰ ਖਤਮ ਕਰਕੇ ਇਥੇ ਡਿਕਟੇਟਰਸ਼ਿਪ ਲਾਗੂ ਕਰਨ ਅਤੇ ਬਾਬਾ ਸਾਹਿਬ ਡਾ. ਅੰਬੇਡਕਰ ਜੀ ਵੱਲੋਂ ਸਖ਼ਤ ਮੇਹਨਤ ਨਾਲ ਬਣਾਏ ਗਏ ਸਮਤਾ, ਸੁਤੰਤਰਤਾ ਅਤੇ ਭਾਈਚਾਰਕ ਸਾਂਝ ਤੇ ਅਧਾਰਿਤ ਭਾਰਤੀ ਸੰਵਿਧਾਨ ਨੂੰ ਮੁੱਕਮਲ ਤੌਰ ਤੇ ਸਮਾਪਤ ਕਰਨ ਦੇ ਰਾਹ ਤੁਰ ਪਈ ਹੈ. ਇਹ ਸ਼ਬਦ ਜਲੰਧਰ ਤੋਂ ਲੋਕ ਸਭਾ ਦੇ ਮੇਂਬਰ ਸ਼੍ਰੀ ਸੁਸ਼ੀਲ ਰਿੰਕੂ ਨੇ ਪੰਜਾਬ ਵਿਚ ਭਾਰਤੀ ਸੰਵਿਧਾਨ ਦੇ ਨਿਰਮਾਤਾ ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੀ ਅਕਤੂਬਰ 1951 ਦੀ ਇਤਿਹਾਸਕ ਯਾਤਰਾ ਨਾਲ ਜੁੜੇ ਸਥਾਨ ਅੰਬੇਡਕਰ ਭਵਨ ਵਿਖੇ ਆਪਣੀ ਸਦਭਾਵਨਾ ਫੇਰੀ ਦੌਰਾਨ ਅੰਬੇਡਕਰ ਭਵਨ ਟਰੱਸਟ, ਅੰਬੇਡਕਰ ਮਿਸ਼ਨ ਸੋਸਾਇਟੀ ਅਤੇ ਆਲ ਇੰਡੀਆ ਸਮਤਾ ਸੈਨਿਕ ਦਲ ਦੇ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਹੇ। ਉਨ੍ਹਾਂ ਕਿਹਾ ਕਿ ਭਾਰਤ ਵਿਚ ਅੱਜ ਲੋਕਤੰਤਰ ਖ਼ਤਰੇ ਵਿਚ ਹੈ। ਰੇਲਵੇ, ਏਅਰਪੋਰਟ, ਹਵਾਈ ਕੰਪਨੀਆਂ, ਕੋਲੇ ਦੀਆਂ ਖਾਨਾਂ , ਸਰਕਾਰੀ ਉਦਯੋਗ, ਸੜਕਾਂ, ਪਾਣੀ, ਬਿਜਲੀ, ਸਿਖਿਆ, ਸਿਹਤ, ਸੰਚਾਰ, ਸਿੰਚਾਈ, ਮੀਡੀਆ, ਬੈਂਕਾਂ, ਬੀਮਾ ਆਦਿ ਸਾਰੇ ਸਰਕਾਰੀ ਅਦਾਰਿਆਂ ਦਾ ਨਿਜੀਕਰਨ ਕੀਤਾ ਜਾ ਰਿਹਾ ਹੈ। ਅਰਥਾਤ ਪਬਲਿਕ ਸੈਕਟਰ ਦੇ ਸਮੁੱਚੇ ਅਦਾਰਿਆਂ ਨੂੰ ਕੇਵਲ ਗਿਣਤੀ ਦੇ ਕੁੱਝ ਇੱਕ ਲੋਕਾਂ ਨੂੰ ਔਣੇ-ਪੌਣੇ ਮੁੱਲ ਤੇ ਵੇਚਿਆ ਜਾ ਰਿਹਾ ਹੈ। ਸੁਸ਼ੀਲ ਰਿੰਕੂ ਨੇ ਕਿਹਾ ਕਿ ਸਰਕਾਰ ਦੇ ਇਸ ਤਾਨਾਸ਼ਾਹੀ ਵਤੀਰੇ ਵਿਰੁੱਧ ਸੰਸਦ ਵਿਚ ਆਵਾਜ਼ ਬੁਲੰਦ ਕਰਨ ਵਾਲੇ ਸੰਸਦ ਮੈਂਬਰਾਂ ਨੂੰ ਮੁਅੱਤਲ ਕਰਕੇ ਸਰਕਾਰ ਲੋਕਾਂ ਦੀ ਆਵਾਜ਼ ਨੂੰ ਦਬਾ ਰਹੀ ਹੈ। ਸਰਕਾਰੀ ਏਜੇਂਸੀਆਂ ਦੁਆਰਾ ਵਿਰੋਧੀ ਮੈਂਬਰਾਂ ਅਤੇ ਆਜ਼ਾਦ ਪੱਤਰਕਾਰਾਂ ਤੇ ਛਾਪੇ ਪੁਆਕੇ ਕੇਂਦਰ ਸਰਕਾਰ ਨੇ ਦੇਸ਼ ਵਿਚ ਡਰ ਦਾ ਅਜਿਹਾ ਮਾਹੌਲ ਪੈਦਾ ਕਰ ਦਿੱਤਾ ਹੈ ਕਿ  ਸਰਕਾਰ ਚਲਾ ਰਹੀ ਪਾਰਟੀ ਦੇ ਮੈਂਬਰ ਚਾਹੁੰਦੇ ਹੋਏ ਵੀ ਇਸ ਤਾਨਾਸ਼ਾਹੀ ਵਿਰੁੱਧ ਮੂੰਹ ਖੋਲਣ ਤੋਂ ਘਬਰਾਉਂਦੇ ਹਨ।
ਅੰਬੇਡਕਰ ਭਵਨ ਦੇ ਸੀਨੀਅਰ ਟਰੱਸਟੀ ਡਾ. ਰਾਮ ਲਾਲ ਜੱਸੀ ਨੇ ਸੁਸ਼ੀਲ ਰਿੰਕੂ ਅਤੇ ਬਾਕੀ ਸਭ ਦਾ ਧੰਨਵਾਦ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਦੀ ਆਰਥਿਕ ਸਲਾਹਕਾਰ ਕੌਂਸਲ ਦੇ ਮੁਖੀ ਬਿਬੇਕ ਦੇਬਰਾਏ ਨੇ ਜੋ  ‘ਨਵੇਂ ਸੰਵਿਧਾਨ’ ਦੀ ਮੰਗ ਕੀਤੀ ਹੈ, ਇਹ ਬਹੁਤ ਮੰਦਭਾਗਾ ਹੈ। ਇਸ ‘ਤੇ ਬਹਿਸ ਅਤੇ ਸੈਮੀਨਾਰ ਹੋਣੇ ਚਾਹੀਦੇ ਹਨ। ਇਸ ਸਮਾਗਮ ਵਿਚ ਚਰਨ ਦਾਸ ਸੰਧੂ ਦੀ ਕਲਮ ਤੋਂ ਸਤਿਕਾਰਯੋਗ ਲਾਹੌਰੀ ਰਾਮ ਬਾਲੀ ਜੀ ਦੇ ਪ੍ਰੀਨਿਰਵਾਣ ਤੇ ਲਿਖੀ ਹੋਈ ਅਤੇ ਫ਼ਿਲਮੀ ਸਿੰਗਰ ਸਨੀ ਸਲੀਮ ਦੁਆਰਾ ਆਵਾਜ਼ ਦਿੱਤੀ ਹੋਈ ਗ਼ਜ਼ਲ ‘ਕੰਮੀਆਂ ਦਾ ਸੂਰਜ’ ਵੀ ਮੈਂਬਰ ਪਾਰਲੀਮੈਂਟ ਸੁਸ਼ੀਲ ਰਿੰਕੂ ਦੁਆਰਾ ਰਿਲੀਜ਼ ਕੀਤੀ ਗਈ। ਟਰੱਸਟ ਦੇ ਜਨਰਲ ਸਕੱਤਰ ਡਾ. ਜੀ ਸੀ ਕੌਲ ਨੇ ਸਭ ਨੂੰ ਜੀ ਆਇਆਂ ਕਿਹਾ ਤੇ ਮੰਚ ਸੰਚਾਲਨ ਬਾਖੂਬੀ ਕੀਤਾ।
ਇਸ ਮੌਕੇ ਮੈਡਮ ਸੁਦੇਸ਼ ਕਲਿਆਣ, ਚਰਨ ਦਾਸ ਸੰਧੂ, ਹਰਮੇਸ਼ ਜੱਸਲ, ਬਲਦੇਵ ਰਾਜ ਭਾਰਦਵਾਜ, ਡਾ. ਮਹਿੰਦਰ ਸੰਧੂ, ਹਰਭਜਨ ਨਿਮਤਾ, ਰਾਮ ਸਰੂਪ ਬਾਲੀ,  ਨਿਰਮਲ ਬਿੰਜੀ, ਵਿਨੋਦ ਕਲੇਰ, ਡਾ. ਚਰਨਜੀਤ ਸਿੰਘ, ਕ੍ਰਿਸ਼ਨ ਕਲਿਆਣ, ਮਦਨ ਲਾਲ, ਚਰਨਜੀਤ ਸਿੰਘ ਮੱਟੂ, ਸਰਪੰਚ ਪਰਮਜੀਤ ਜੱਸਲ, ਲੇਖ ਰਾਜ ਜੱਸਲ,  ਮਲਕੀਤ ਸਿੰਘ, ਸੇਵਾ ਸਿੰਘ, ਮਾਸਟਰ ਅਜੀਤ ਰਾਮ, ਪਰਮਜੀਤ ਮਹੇ, ਅੰਬੈਸਡਰ ਰਮੇਸ਼ ਚੰਦਰ, ਮਨੋਹਰ ਲਾਲ ਮਹੇ, ਹਰੀ ਸਿੰਘ ਥਿੰਦ, ਹਰਬੰਸ ਸਿੰਘ ਚਮਿਆਰਾ, ਅਜੈ ਯਾਦਵ, ਗੁਰਦਿਆਲ ਜੱਸਲ, ਰਾਮ ਲਾਲ ਦਾਸ, ਦੇਵ ਰਾਜ  ਆਦਿ ਹਾਜ਼ਰ ਸਨ। ਇਹ ਜਾਣਕਾਰੀ ਅੰਬੇਡਕਰ ਭਵਨ ਟਰੱਸਟ (ਰਜਿ.) ਦੇ ਵਿੱਤ ਸਕੱਤਰ ਬਲਦੇਵ ਰਾਜ ਭਾਰਦਵਾਜ ਨੇ ਪ੍ਰੈੱਸ ਨੋਟ ਰਾਹੀਂ ਦਿੱਤੀ।
 ਬਲਦੇਵ ਰਾਜ ਭਾਰਦਵਾਜ 
ਵਿੱਤ ਸਕੱਤਰ
ਅੰਬੇਡਕਰ ਭਵਨ ਟਰੱਸਟ (ਰਜਿ.), ਜਲੰਧਰ.
ਫੋਟੋ ਕੈਪਸ਼ਨ: ਅੰਬੇਡਕਰ ਭਵਨ ਜਲੰਧਰ ਵਿਖੇ ਸੰਸਦ ਮੈਂਬਰ ਸੁਸ਼ੀਲ ਰਿੰਕੂ ਦੀ ਫੇਰੀ ਦੀਆਂ ਕੁਝ ਝਲਕੀਆਂ।
Previous articleHurricane Hilary sparks rare storm watch for US Southwest
Next articleकेंद्र सरकार सार्वजनिक संस्थानों को खत्म करने की राह पर, भारत में लोकतंत्र खतरे में – सुशील रिंकू