ਹੁਸ਼ਿਆਰਪੁਰ (ਸਮਾਜ ਵੀਕਲੀ) (ਸਤਨਾਮ ਸਿੰਘ ਸਹੂੰਗੜਾ)
ਸ਼ਹਿਰ ਦੇ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਦੇ ਤਹਿਤ, ਹੁਸ਼ਿਆਰਪੁਰ ਨਗਰ ਨਿਗਮ ਨੇ ਹਾਲ ਹੀ ਵਿੱਚ ਵਾਟਰ ਸਪਲਾਈ, ਸੀਵਰ ਲਾਈਨਾਂ ਪਾਉਣ, ਅਤੇ ਪਾਰਕਾਂ ਦੇ ਸੁੰਦਰੀਕਰਨ ਲਈ 1088.45 ਲੱਖ ਰੁਪਏ ਦੇ ਮਤੇ ਪਾਸ ਕੀਤੇ ਹਨ। ਅੱਜ ਹੋਈ ਨਗਰ ਨਿਗਮ ਦੀ ਹਾਊਸ ਮੀਟਿੰਗ ਵਿੱਚ ਇਸ ਅਹਿਮ ਫੈਸਲੇ ਦੀ ਮੰਜ਼ੂਰੀ ਦਿੱਤੀ ਗਈ। ਨਗਰ ਨਿਗਮ ਦੇ ਮੇਅਰ ਸੁਰਿੰਦਰ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੀਟਿੰਗ ਵਿੱਚ ਡਾ. ਅਮਨਦੀਪ ਕੌਰ (ਪੀ.ਸੀ.ਐਸ), ਕਮਿਸ਼ਨਰ ਨਗਰ ਨਿਗਮ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ। ਇਸ ਤੋਂ ਇਲਾਵਾ ਮੀਟਿੰਗ ਵਿੱਚ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਲਤਾ ਸੈਣੀ, ਡਿਪਟੀ ਮੇਅਰ ਰਣਜੀਤ ਚੌਧਰੀ, ਚੇਅਰਮੈਨ ਵਿੱਤ ਠੇਕਾ ਕਮੇਟੀ ਅਤੇ ਮਿਉਂਸਪਲ ਕਾਉਂਸਲਰ ਵਾਰਡ ਨੰਬਰ 10 ਬਲਵਿੰਦਰ ਕੁਮਾਰ ਬਿੰਦੀ, ਕਾਉਂਸਲਰ ਅਤੇ ਪੰਜਾਬ ਗਊ ਕਮਿਸ਼ਨ ਦੇ ਮੈਂਬਰ ਜਸਪਾਲ ਚੇਚੀ ਵੱਲੋਂ ਇਸ ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜਰ ਹੋ ਕੇ ਇਸ ਮੀਟਿੰਗ ਦੀ ਕਾਰਵਾਈ ਵਿੱਚ ਅਹਿਮ ਭੂਮਿਕਾ ਨਿਭਾਈ ਗਈ। ਇਹਨਾਂ ਸਖਸ਼ੀਅਤਾਂ ਤੋਂ ਇਲਾਵਾ ਨਗਰ ਨਿਗਮ ਦੇ ਵੱਖ ਵੱਖ ਵਾਰਡਾਂ ਦੇ ਕਾਉਂਸਲਰਾਂ ਵੱਲੋਂ ਇਸ ਮੀਟਿੰਗ ਵਿੱਚ ਭਾਗ ਲਿਆ ਗਿਆ। ਮੀਟਿੰਗ ਵਿੱਚ ਮੁੱਖ ਤੌਰ ‘ਤੇ ਸੀਵਰ ਲਾਈਨਾਂ ਪਾਉਣ ਅਤੇ ਸ਼ਹਿਰ ਦੇ ਵੱਖ-ਵੱਖ ਪਾਰਕਾਂ ਦੇ ਸੁੰਦਰਤਾ ਲਈ 645 ਲੱਖ ਰੁਪਏ ਖਰਚ ਕਰਨ ਦੇ ਮਤੇ ਪਾਸ ਕੀਤੇ ਗਏ। ਇਸ ਤੋਂ ਇਲਾਵਾ ਸ਼ਹਿਰ ਦੇ ਵੱਖ ਵੱਖ ਵਾਰਡਾਂ ਵਿੱਚ 3600 ਸਟ੍ਰੀਟ ਲਾਈਟਾਂ ਨੂੰ ਪਹਿਲ ਦੇ ਆਧਾਰ ‘ਤੇ ਲਗਾਉਣ ਦੀ ਮੰਜ਼ੂਰੀ ਦਿੱਤੀ ਗਈ। ਡੇਂਗੂ ਦੀ ਰੋਕਥਾਮ ਲਈ ਤੰਗ ਗਲੀਆਂ ਵਿੱਚ ਫੋਗਿੰਗ ਕਰਨ ਲਈ 1.50 ਲੱਖ ਰੁਪਏ ਦੀ ਲਾਗਤ ਨਾਲ 4 ਹੈਂਡੀ ਫੋਗਿੰਗ ਮਸ਼ੀਨਾਂ ਦੀ ਖਰੀਦ ਵੀ ਪ੍ਰਵਾਨ ਕੀਤੀ ਗਈ। ਉਪਰੰਤ, ਅੱਗ ਲੱਗਣ ਦੀਆਂ ਘਟਨਾਵਾਂ ਦੇ ਫੌਰੀ ਇਲਾਜ ਲਈ ਸ਼ਹਿਰ ਤੋਂ ਬਾਹਰ ਫਾਇਰ ਬ੍ਰਿਗੇਡ ਸੇਵਾ ਨੂੰ ਸ਼ਿਫਟ ਕਰਨ ਦਾ ਫੈਸਲਾ ਵੀ ਮੀਟਿੰਗ ਵਿੱਚ ਲਿਆ ਗਿਆ। ਸੀਵਰੇਜ ਦੀ ਬਲਾਕੇਜ ਨੂੰ ਖਤਮ ਕਰਨ ਅਤੇ ਬਲਾਕੇਜ ਨੂੰ ਫੌਰੀ ਤੌਰ ਤੇ ਹਟਾਉਣ ਲਈ ਸ਼ਹਿਰ ਵਿੱਚ ਵਿਛੀਆਂ ਹੋਈਆਂ ਵੱਖ ਵੱਖ ਸੀਵਰ ਲਾਈਨਾਂ ਦੀ ਗਾਰ ਕੱਢਣ ਲਈ 34.50/- ਲੱਖ ਰੁਪਏ ਦਾ ਖਰਚਾ ਪ੍ਰਵਾਨ ਕੀਤਾ ਗਿਆ। ਮੇਅਰ ਸੁਰਿੰਦਰ ਕੁਮਾਰ ਵੱਲੋੰ ਵਿਸ਼ੇਸ ਤੌਰ ਤੇ ਜਾਣਕਾਰੀ ਦਿੱਤੀ ਗਈ ਕਿ ਹਾਉਸ ਵੱਲੋੰ ਕੁਦਰਤੀ ਨਿਆਂ ਨੂੰ ਦੇਖਦੇ ਹੋਏ ਸ਼ਹਿਰ ਦੀ ਸਾਫ ਸਫਾਈ ਅਤੇ ਸੀਵਰੇਜ ਦੀ ਬਲਾਕੇਜ ਨੂੰ ਦੂਰ ਕਰਨ ਸਬੰਧੀ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ 174 ਸਫਾਈ ਕਰਮਚਾਰੀਆਂ ਅਤੇ 38 ਸੀਵਰਮੈਨ ਜੋ ਇਸ ਸਮੇਂ ਠੇਕੇ ਤੇ ਨਗਰ ਨਿਗਮ ਹੇਠ ਕੰਮ ਕਰ ਰਹੇ ਹਨ ਉਹਨਾਂ ਨੂੰ ਰੈਗੂਲਰ ਕਰਨ ਸਬੰਧੀ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly