ਪਾਣੀ ਦੀ ਕਹਾਣੀ

(ਸਮਾਜ ਵੀਕਲੀ)
ਵਿਹੜੇ ਵਿੱਚ ਇੱਕ ਖੂਹ ਹੁੰਦਾ ਸੀ।
ਸਾਰੇ ਘਰਾਂ ਦੀ ਰੂਹ ਹੁੰਦਾ ਸੀ।
ਬੇਬੇ, ਭੂਆ, ਚਾਚੀਆਂ, ਤਾਈਆਂ।
ਭਤੀਜੀਆਂ ਤੇ ਨਣਦਾਂ-ਭਰਜਾਈਆਂ।
ਬੰਨ੍ਹ ਬੰਨ੍ਹ ਲੱਜਾਂ ਬਾਲਟੀਆਂ ਥਾਣੀ।
ਸਭਨਾਂ ਰਲ਼ਕੇ ਭਰਨਾ ਪਾਣੀ।
ਦੂਰੋਂ ਛੱਡ ਬਾਲਟੀ ਸੁੱਟ ਕੇ।
ਤੇ ਫਿਰ ਲੱਜ ਹੱਥਾਂ ਘੁੱਟ ਕੇ।
ਸ਼ੁਰੂ ਹੁੰਦੀ ਸੀ ਖਿੱਚ-ਖਿਚਾਈ।
ਖੂਬ ਪਾਉਂਦੀ ਸੀ ਭੌਂਣ ਦੁਹਾਈ।
ਢੋਂਹਦੀਆਂ ਸੀ ਘੜਿਆਂ ਵਿੱਚ ਭਰ ਕੇ।
ਕੁੱਝ ਸਿਰ ਤੇ ਕੁੱਝ ਲੱਕ ਤੇ ਧਰ ਕੇ।
ਡੰਗਰ-ਪਸ਼ੂਆਂ ਲਈ ਚੁਬੱਚੇ।
ਪਿਆਸ ਬੁਝਾਉਦੇਂ ਖੂਹ ਦੇ ਉੱਤੇ।
ਚੁਗਲੀਆਂ, ਖ਼ਬਰਾਂ, ਮਿਹਣੇ, ਪਿਆਰ।
ਖੂਹ ਦੀ ਮੋਣ ਸੀ ਮਿਲਦਾ ਸਾਰ।
ਸਿੱਟ ਸਿੱਟ ਛਿੱਟੇ ਸੀ ਕਰਦੀਆਂ ਖੇਲਾਂ।
ਨਿੱਤ ਦਿਨ ਸੀ ਇਹ ਭਰਦਾ ਮੇਲਾ।
ਫਿਰ! ਸੁੱਕਦਾ ਸੁੱਕਦਾ ਸੁੱਕ ਗਿਆ ਖੂਹ।
ਲੈ ਗਿਆ ਨਾਲ ਰੌਣਕਾਂ ਧੂਹ।
ਸਭਨੇ ਆਪੋ ਆਪਣੇ ਨਲ਼ਕੇ।
ਲਏ ਲਵਾ ਬਾਊੰਡਰੀ ਵਲ਼ਕੇ।
ਸਭ ਬੰਦ ਅੰਦਰ ਵੜਕੇ ਹੋ ਗਏ।
ਆਪੋ-ਆਪਣੇ ਖੜਕੇ ਹੋ ਗਏ।
ਫਿਰ ਵੀ ਕਈਂ ਗਰਜ ਦੇ ਮਾਰੇ।
ਇੱਕ ਦੂਜੇ ਦੇ ਰਹੇ ਸਹਾਰੇ।
ਆਇਆ ਫਿਰ ਹਰਾ ਇਨਕਲਾਬ।
ਨਲ਼ਕੇ ਵੀ ਦੇ ਗਏ ਜਵਾਬ।
ਐਸੇ ਅਸੀ ਲਾਲਚਾਂ ਘੇਰੇ।
ਪਾਣੀ ਹੁੰਦੇ ਗਏ ਡੁੰਘੇਰੇ।
ਕਰ ਕਰ ਫੇਰ ਸਮਰਸੀ ਬੋਰ।
ਕੀਤੀਆਂ ਅਸੀ ਤਰੱਕੀਆਂ ਹੋਰ।
ਦੱਬ ਦੱਬ ਸੁੱਚ ਮੋਟਰਾਂ ਚੱਲੀਆਂ।
ਘਰ ਦੀਆਂ ਛੱਤਾਂ ਟੈਂਕੀਆਂ ਮੱਲੀਆਂ।
ਇੱਕ, ਦੋ, ਤਿੰਨ, ਚਾਰ ਸੋ ਫੁੱਟ।
ਹਾਏ.! ਬਿਲਕੁਲ ਹੱਥੋਂ ਜਾਵੇ ਨਾ ਛੁੱਟ।
ਪਾਣੀ ਪਿਤਾ ਨੂੰ ਰੱਖੀਏ ਯਾਦ।
ਵਾਧੂ ਨਾ ਕਰੀਏ ਬਰਬਾਦ।
ਪਿੰਡ ਘੜਾਮੇਂ ਧਰੀਏ ਧਿਆਨ।
ਲੈ ਰੋਮੀ ਬਾਬਿਆਂ ਤੋਂ ਗਿਆਨ।
ਜਿਤੁ ਅੰਤ ਪਛੋਤਾਈਐ ਵਾਲੀ ਗੱਲ ਕਿਤੇ ਨਾ ਹੋਏ।।
ਕਿਉਂਕਿ:-
ਪਹਿਲਾਂ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।
ਪਹਿਲਾਂ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।
ਪਹਿਲਾਂ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ।।
ਰੋਮੀ ਘੜਾਮੇਂ ਵਾਲਾ। 
 98552-81105
Previous articleEAGLES SOARING AFTER SOUTH-EAST LONDON CUP WIN
Next articleਮਿੰਨੀ ਕਹਾਣੀ ਕਿੰਨੇ ਭਗਵਾਨ